ਫ਼ਤਹਿਗੜ੍ਹ ਸਾਹਿਬ – “ਬੀਤੇ ਦਿਨੀਂ ਇਕ ਸਿੱਖ ਬੀਬੀ ਨਾਲ ਬਹੁਗਿਣਤੀ ਨਾਲ ਸੰਬੰਧਤ ਪਰਿਵਾਰ ਨੇ ਦਿੱਲੀ ਵਿਖੇ ਜੋ ਉਸ ਨਾਲ ਜ਼ਬਰ-ਜ਼ਨਾਹ ਕਰਦੇ ਹੋਏ ਉਸ ਬੀਬੀ ਦੇ ਸਿਰ ਦੇ ਵਾਲ ਕੱਟਕੇ ਕੁੱਟਮਾਰ ਕਰਕੇ ਤਾਡਵ ਨਾਚ ਕੀਤਾ ਹੈ, ਉਹ ਸੈਟਰ ਦੀ ਬੀਜੇਪੀ ਹਕੂਮਤ, ਦਿੱਲੀ ਦੀ ਸ੍ਰੀ ਕੇਜਰੀਵਾਲ ਹਕੂਮਤ ਅਤੇ ਇਨ੍ਹਾਂ ਮੁਤੱਸਵੀ ਹੁਕਮਰਾਨਾਂ ਦੇ ਮੱਥੇ ਉਤੇ ਇਕ ਅਤਿ ਸ਼ਰਮਨਾਕ ਕਾਲਾ ਕਲੰਕ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹੋਇਆ ਹਿੰਦੂਤਵ ਹੁਕਮਰਾਨਾਂ ਨੂੰ ਖਬਰਦਾਰ ਕਰਦਾ ਹੈ ਕਿ ਜਿਸਨੇ ਵੀ ਇਹ ਘਿਣੋਨੀ ਦੁੱਖਦਾਇਕ ਤੇ ਸਿੱਖ ਕੌਮ ਦੇ ਮਨਾਂ ਨੂੰ ਡੂੰਘਾਂ ਦੁੱਖ ਪਹੁੰਚਾਉਣ ਵਾਲੀ ਕਾਰਵਾਈ ਕੀਤੀ ਹੈ, ਉਸਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖਤ ਤੋ ਸਖਤ ਸਜ਼ਾ ਦਿੱਤੀ ਜਾਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਿੱਲੀ ਵਰਗੇ ਵੱਡੇ ਸ਼ਹਿਰ ਅਤੇ ਸੈਂਟਰ ਦੇ ਹੁਕਮਰਾਨਾਂ, ਦਿੱਲੀ ਦੀ ਕੇਜਰੀਵਾਲ ਉਹ ਸਰਕਾਰ ਜੋ ਪੰਜਾਬ ਵਿਚ ਆ ਕੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਵੱਡੇ-ਵੱਡੇ ਵਾਅਦੇ ਤੇ ਦਾਅਵੇ ਕਰ ਰਹੀ ਹੈ, ਇਸ ਕਾਰਵਾਈ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਬਰਾਬਰਤਾ ਦੇ ਆਧਾਰ ਤੇ ਉਸੇ ਤਰ੍ਹਾਂ ਕਾਨੂੰਨੀ ਸਜ਼ਾ ਦੇਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਦਰਦਨਾਕ ਬੇਸ਼ਰਮੀ ਵਾਲੀ ਘਟਨਾ ਨੇ ਇਕ ਵਾਰੀ ਸਿੱਖ ਕੌਮ ਨੂੰ ਫਿਰ 1984 ਦੇ ਸਿੱਖ ਕਤਲੇਆਮ ਦੇ ਦਰਦਨਾਕ ਯਾਦ ਨੂੰ ਦੁਹਰਾਕੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਇਹ ਜਾਲਮ ਤੇ ਫਿਰਕੂ ਜਮਾਤਾਂ ਬੀਜੇਪੀ-ਆਰ.ਐਸ.ਐਸ, ਕਾਂਗਰਸ, ਆਮ ਆਦਮੀ ਪਾਰਟੀ ਵਿਚੋ ਕੋਈ ਵੀ ਪੰਜਾਬੀਆਂ ਜਾਂ ਸਿੱਖ ਕੌਮ ਦੀ ਅਣਗਹਿਲੀ ਜਾਂ ਗੁਸਤਾਖੀ ਕਾਰਨ ਪੰਜਾਬ ਸੂਬੇ ਵਿਚ ਆ ਗਈ ਤਾਂ ਇਸ ਗੱਲ ਤੋ ਕੋਈ ਇਨਕਾਰ ਨਹੀਂ ਕਰ ਸਕੇਗਾ ਕਿ ਇਹ ਫਿਰਕੂ ਤੇ ਹਿੰਦੂਤਵ ਸੋਚ ਰੱਖਣ ਵਾਲੇ ਹੁਕਮਰਾਨ ਪੰਜਾਬ ਦੀ ਅਮਨਮਈ ਫਿਜਾ ਨੂੰ ਅਜਿਹੀਆ ਫਿਰਕੂ ਤੇ ਗੈਰ-ਇਨਸਾਨੀਅਤ ਕਾਰਵਾਈਆ ਰਾਹੀ ਵਿਸਫੋਟਕ ਬਣਾ ਦੇਣਗੇ ਅਤੇ ਇਹ ਆਉਣ ਵਾਲੇ ਸਮੇ ਵਿਚ ਵੀ ਅਜਿਹੀ ਸੋਚ ਮਨੁੱਖਤਾ ਵਿਰੋਧੀ ਸੋਚ ਉਤੇ ਹੀ ਅਮਲ ਕਰਨਗੇ । ਇਸ ਲਈ ਪੰਜਾਬੀਆ ਤੇ ਸਿੱਖ ਕੌਮ ਨੂੰ ਅਸੀ ਅਤਿ ਸੰਜ਼ੀਦਾ ਅਪੀਲ ਕਰਦੇ ਹਾਂ ਕਿ ਪੰਜਾਬ ਵਿਚ ਇਹ ਫਿਰਕੂ ਅਤੇ ਹਿੰਦੂਤਵ ਜਮਾਤਾਂ ਜੋ ਚੋਣਾਂ ਦੇ ਨਾਮ ਤੇ ਗੁੰਮਰਾਹ ਕਰਕੇ ਇਥੇ ਰਾਜ ਕਰਨ ਦੇ ਸੁਪਨੇ ਲੈ ਰਹੀਆ ਹਨ, ਇਨ੍ਹਾਂ ਨੂੰ ਕੋਈ ਵੀ ਪੰਜਾਬੀ ਅਤੇ ਸਿੱਖ ਵੋਟ ਨਾ ਪਾਉਣ ਕਿਉਂਕਿ ਇਨ੍ਹਾਂ ਨੇ ਸਿਆਸੀ ਤਾਕਤ ਪ੍ਰਾਪਤ ਕਰਕੇ ਪੰਜਾਬ ਸੂਬੇ, ਪੰਜਾਬੀਆਂ ਦੇ ਖਜਾਨਿਆ ਨੂੰ ਲੁੱਟਣ ਤੋ ਬਾਜ ਨਹੀ ਆਉਣਾ । ਬਲਕਿ ਸਾਡੇ ਅਮੀਰ ਵਿਰਸੇ-ਵਿਰਾਸਤ, ਸੱਭਿਆਚਾਰ, ਬੋਲੀ-ਭਾਸਾ ਸਭ ਨਾਲ ਖਿਲਵਾੜ ਕਰਦੇ ਹੋਏ ਸਾਡੇ ਕੁਦਰਤੀ ਸਾਧਨਾਂ ਦੀ ਵੀ ਲੁੱਟ-ਖਸੁੱਟ ਕਰਨੀ ਹੈ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਜਦੋ ਦਿੱਲੀ ਵਿਚ ਜ਼ਬਰ-ਜ਼ਨਾਹ ਦਾ ਨਿਰਭੈਆ ਦੁੱਖਦਾਇਕ ਕਾਂਡ ਵਾਪਰਿਆ ਸੀ ਤਾਂ ਕੇਵਲ ਦਿੱਲੀ ਵਿਚ ਹੀ ਨਹੀ ਬਲਕਿ ਪੂਰੇ ਮੁਲਕ ਵਿਚ ਇਸ ਗੈਰ ਇਖਲਾਕੀ ਅਮਲ ਵਿਰੁੱਧ ਆਵਾਜ ਵੀ ਉੱਠੀ ਸੀ । ਲੇਕਿਨ ਹੁਣ ਉਹੀ ਬੇਸ਼ਰਮੀ ਵਾਲੀ ਕਾਰਵਾਈ ਜਦੋ ਇਕ ਨਿਰਦੋਸ਼, ਮਾਸੂਮ ਬੇਕਸੂਰ ਸਿੱਖ ਬੀਬੀ ਨਾਲ ਦਿੱਲੀ ਦੇ ਬਦਮਾਸ਼ਾਂ ਨੇ ਮਿੱਥਕੇ ਇਸ ਦੁੱਖਦਾਇਕ ਘਟਨਾ ਨੂੰ ਅੰਜਾਮ ਦਿੱਤਾ ਹੈ, ਤਾਂ ਦਿੱਲੀ ਵਿਚ ਅਤੇ ਮੁਲਕ ਵਿਚ ਇਸ ਗੈਰ ਇਖਲਾਕੀ ਅਮਲ ਵਿਰੁੱਧ ਆਵਾਜ਼ ਕਿਉ ਨਹੀ ਉੱਠੀ ?
ਸ. ਮਾਨ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਿੱਲੀ ਸਟੇਟ ਦੇ ਪ੍ਰਧਾਨ ਸ. ਸੰਸਾਰ ਸਿੰਘ ਅਤੇ ਉਨ੍ਹਾਂ ਦੀ ਜਥੇਬੰਦੀ ਨੂੰ ਇਸ ਅਤਿ ਗੰਭੀਰ ਅਤੇ ਸਿੱਖ ਵਿਰੋਧੀ ਸ਼ਰਮਨਾਕ ਅਮਲ ਤੋਂ ਪੀੜ੍ਹਤ ਸਿੱਖ ਪਰਿਵਾਰ ਨਾਲ ਹੋਈ ਜਿਆਦਤੀ ਦੇ ਤੱਥਾਂ ਦੀ ਸਮੁੱਚੀ ਜਾਣਕਾਰੀ ਪ੍ਰਾਪਤ ਕਰਨ ਅਤੇ ਉਸ ਪਰਿਵਾਰ ਨੂੰ ਮਿਲਕੇ ਉਨ੍ਹਾਂ ਦੀ ਹਰ ਤਰ੍ਹਾਂ ਮਦਦ ਕਰਨ ਦੀ ਹਦਾਇਤ ਦਿੰਦੇ ਹੋਏ ਕਿਹਾ ਕਿ ਇਹ ਘਟਨਾ ਇਕ ਸਿੱਖ ਪਰਿਵਾਰ ਤੇ ਨਹੀਂ ਬਲਕਿ ਸਮੁੱਚੀ ਸਿੱਖ ਕੌਮ ਉਤੇ ਅਤਿ ਸ਼ਰਮਨਾਕ ਸਾਜਸੀ ਹਮਲਾ ਹੈ । ਜਿਸ ਵਿਰੁੱਧ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕਾਨੂੰਨੀ ਪ੍ਰਕਿਰਿਆ ਕਰਨ ਤੋ ਪਿੱਛੇ ਨਹੀਂ ਹਟੇਗਾ । ਇਸ ਸੰਬੰਧੀ ਪਾਰਟੀ ਵੱਲੋ ਕੌਮਾਂਤਰੀ ਜਥੇਬੰਦੀ ਯੂ.ਐਨ.ਓ, ਯੂਐਸ ਕਮਿਸ਼ਨ ਓਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ, ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਕੌਮੀਤਰੀ ਜਥੇਬੰਦੀਆਂ, ਏਸੀਆ ਵਾਂਚ ਹਿਊਮਨਰਾਈਟਸ, ਅਮਨੈਸਟੀ ਇੰਟਰਨੈਸਨਲ, ਮਨਿਊਰਟੀ ਰਾਈਟਸ ਗਰੁੱਪ ਇੰਟਨੈਸਨਲ, ਇੰਟਰਨੈਸ਼ਨਲ ਅਲਾਈਸ ਫਾਰ ਵੂਮੈਨ ਨੂੰ ਵੀ ਇਸ ਗੰਭੀਰ ਵਿਸ਼ੇ ਤੇ ਪੱਤਰ ਲਿਖੇ ਜਾ ਰਹੇ ਹਨ । ਉਨ੍ਹਾਂ ਸਮੁੱਚੀ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਵੀ ਸੰਜ਼ੀਦਾ ਅਪੀਲ ਕੀਤੀ ਕਿ ਜਦੋ ਕੌਮੀ ਅਤੇ ਸੂਬੇ ਦੀ ਅਣਖ-ਗੈਰਤ ਦੀ ਗੱਲ ਆਉਦੀ ਹੈ, ਤਾਂ ਸਾਡੇ ਵਿਚ ਹਰ ਤਰ੍ਹਾਂ ਦੇ ਵਿਚਾਰਾਂ ਦੇ ਵਖਰੇਵਿਆ ਨੂੰ ਪਾਸੇ ਰੱਖਕੇ ਇਕ ਮਜਬੂਤ ਆਵਾਜ ਉਠਾਉਦੇ ਹੋਏ ਇਸ ਅਤਿ ਦੁੱਖਦਾਇਕ ਤੇ ਸ਼ਰਮਨਾਕ ਘਟਨਾ ਨੂੰ ਕੌਮਾਂਤਰੀ ਪੱਧਰ ਤੇ ਉਜਾਗਰ ਕਰਦੇ ਹੋਏ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਅਤੇ ਉਨ੍ਹਾਂ ਪਿੱਛੇ ਕੰਮ ਕਰ ਰਹੀਆ ਹਿੰਦੂਤਵ ਤਾਕਤਾਂ ਨੂੰ ਕੌਮਾਂਤਰੀ ਚੌਰਾਹੇ ਵਿਚ ਨੰਗਾਂ ਕਰਨ ਦੀ ਜ਼ਿੰਮੇਵਾਰੀ ਨਿਭਾਉਣਾ ਹਰ ਪੰਜਾਬੀ ਤੇ ਸਿੱਖ ਦਾ ਫਰਜ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜਿਥੇ ਸਮੁੱਚੇ ਪੰਜਾਬੀ ਅਤੇ ਸਿੱਖ ਕੌਮ ਇਸ ਵਿਸ਼ੇ ਤੇ ਇਕੱਤਰ ਹੋ ਕੇ ਆਵਾਜ ਉਠਾਉਣਗੇ, ਉਥੇ ਹਿੰਦੂਤਵ ਫਿਰਕੂ ਸੋਚ ਵਾਲੀਆ ਜਮਾਤਾਂ ਬੀਜੇਪੀ-ਆਰ.ਐਸ.ਐਸ, ਕਾਂਗਰਸ ਅਤੇ ਆਮ ਆਦਮੀ ਪਾਰਟੀ ਜੋ ਦਿੱਲੀ ਵਿਚ ਰਾਜ ਕਰ ਰਹੀ ਹੈ, ਇਨ੍ਹਾਂ ਤਾਕਤਾਂ ਨੂੰ ਪੰਜਾਬ ਵਿਚ ਹਾਰ ਦੇਕੇ ਇਸ ਪਵਿੱਤਰ ਧਰਤੀ ਤੇ ਕੋਈ ਵੀ ਮਨੁੱਖਤਾ ਵਿਰੋਧੀ ਜਾਂ ਕਾਨੂੰਨ ਵਿਰੋਧੀ ਅਮਲ ਕਰਨ ਦੀ ਇਜਾਜਤ ਨਹੀਂ ਦੇਣਗੇ ।