ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ‘ਵੀਰ ਬਾਲ ਦਿਵਸ’ ਹਰ ਵਰ੍ਹੇ 26 ਦਸੰਬਰ ਨੂੰ ਮਨਾਏ ਜਾਣ ਦਾ ਅਧਿਕਾਰਿਕ ਐਲਾਨ ਕੀਤੇ ਜਾਣ ਦੀ ਸ਼ਲਾਘਾ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਪੀਲ ਕੀਤੀ ਕਿ ਅਗਾਮੀ ਵਿਦਿਅਕ ਸੈਸ਼ਨ ’ਚ ਕੌਮੀ ਰਾਜਧਾਨੀ ਦੇ ਸਕੂਲੀ ਪਾਠਕ੍ਰਮ ’ਚ ਚਾਰ ਸਾਹਿਬਜ਼ਾਦਿਆਂ ਦੇ ਇਤਿਹਾਸ ਨੂੰ ਸ਼ਾਮਿਲ ਕੀਤਾ ਜਾਵੇ ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲਿਖੇ ਪੱਤਰ ’ਚ ਦਿੱਲੀ ਗੁਰਦੁਆਰਾ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋਂ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੇ ਕਿੰਝ ਦੇਸ਼ ਅਤੇ ਕੌਮ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੱਤੀ ਜਿਸ ਦੀ ਮਿਸਾਲ ਦੁਨੀਆਂ ’ਚ ਕਿਤੇ ਹੋਰ ਨਹੀਂ ਹੈ । ਇਸ ਲਈ ਦਿੱਲੀ ਸਰਕਾਰ ਦੇ ਸਕੂਲਾਂ ਦੀ ਪਾਠ-ਪੁਸਤਕਾਂ ’ਚ ਚਾਰ ਸਾਹਿਬਜ਼ਾਦਿਆਂ ਦੀ ਜੀਵਨੀ ਅਤੇ ਸ਼ਹਾਦਤ ਨਾਲ ਸੰਬੰਧਤ ਇਕ ਅਧਿਆਇ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਨਵੀਂ ਪਨੀਰੀ ਨੂੰ ਪ੍ਰੇਰਣਾ ਮਿਲੇ ਅਤੇ ਉਹ ਇਕ ਚੰਗੇ ਨੈਤਿਕ ਚਰਿੱਤਰ ਦਾ ਨਿਰਮਾਣ ਕਰ ਸਕਣ ।
ਦੋਵਾਂ ਸਿੱਖ ਆਗੂਆਂ ਨੇ ਆਪਣੇ ਪੱਤਰ ’ਚ ਇਹ ਅਪੀਲ ਵੀ ਕੀਤੀ ਕਿ ਦਿੱਲੀ ਫਤਿਹ ਦਿਵਸ ’ਤੇ ਆਧਾਰਿਤ ਇਕ ਤੱਥ ਭਰਪੂਰ ਅਧਿਆਇ ਦਿੱਲੀ ਸਰਕਾਰ ਦੇ ਸਕੂਲੀ ਪਾਠਕ੍ਰਮ ’ਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਵਿਦਿਆਰਥੀਆਂ ਨੂੰ ਭਾਰਤ ਦੇ ਗੌਰਵਮਈ ਇਤਿਹਾਸ ਦੀ ਜਾਣਕਾਰੀ ਦਿੱਤੀ ਜਾ ਸਕੇ ਕਿ ਕਿੰਝ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਜੱਸਾ ਸਿੰਘ ਰਾਮਗੜ੍ਹੀਆ ਅਤੇ ਹੋਰ ਸਿੱਖ ਜਰਨੈਲਾਂ ਦੀ ਅਗਵਾਈ ’ਚ 1783 ਈ. ’ਚ ਵਿਦੇਸ਼ੀ ਹੁਕਮਰਾਨ ਮੁਗਲ ਬਾਦਸ਼ਾਹ ਸ਼ਾਹ ਆਲਮ-।। ਨੂੰ ਹਰਾ ਕੇ ਦਿੱਲੀ ’ਤੇ ਜਿੱਤ ਪ੍ਰਾਪਤ ਕੀਤੀ ਅਤੇ ਗੁਲਾਮੀ ਦੀਆਂ ਜੰਜ਼ੀਰਾਂ ਨੂੰ ਤੋੜਿਆ । ਇਹ ਭਾਰਤ ਦੇ ਇਤਿਹਾਸ ’ਚ ਇਕ ਗੌਰਵਮਈ ਇਤਿਹਾਸਕ ਘਟਨਾ ਸੀ ਜਿਸ ਨੂੰ ਸਾਡੇ ਬੱਚਿਆਂ ਨੂੰ ਜ਼ਰੂਰ ਪੜ੍ਹਾਇਆ ਜਾਣਾ ਚਾਹੀਦਾ ਹੈ ।