ਸਿਆਸੀ ਨੇਤਾ ‘ਤੇ ਅਖੌਤੀ ਧਾਰਮਿਕ ਲੁਟੇਰੇ ਜਨਤਾ ਨੂੰ ਕਰ ਰਹੇ ਗੁੰਮਰਾਹ

ਭਾਰਤ ਦੇਸ਼ ਦੁਨੀਆ ਤੇ ਇੱਕੋ ਇੱਕ ਇਹੋ ਜਿਹਾ ਦੇਸ਼ ਸੀ ਜਿੱਥੇ ਸਰਬ ਧਰਮਾਂ ਦੇ ਖ਼ਾਸਕਰ ਉਹ ਚਾਰ ਧਰਮਾਂ ਦੇ ਲੋਕ ”ਹਿੰਦੂ, ਮੁਸਲਿਮ, ਸਿੱਖ ਤੇ ਇਸਾਈ” ਇਕੱਠੇ ਮੋਹ ਦੀਆਂ ਤੰਦਾਂ ਨਾਲ ਬੰਨੇ ਹੋਏ ਸਨ। ਹਰ-ਇੱਕ ਤਿਉਹਾਰ ਨੂੰ ਲੰਘੇ ਪੁਰਾਤਨ ਸਮਿਆਂ ਵਿਚ ਸਾਂਝੇ ਤੌਰ ਤੇ ਪਿਆਰ ਮੁਹੱਬਤ ਨਾਲ ਮਨਾ ਆਪਣੀ ਜ਼ਿੰਦਗੀ ਨੂੰ ਹੱਸਦਿਆਂ ਹੱਸਦਿਆਂ ਬਤੀਤ ਕਰਦੇ ਸਨ। ਤਾਂਹਿਉ ਤਾਂ ਇਹ ਸੁਣ ਕੇ ਸ਼ਾਇਦ ਹੁਣ ਦੀ ਅਜੋਕੀ ਪੀੜੀ ਹੈਰਾਨ ਹੁੰਦੀ ਹੋਵੇਗੀ ਆਉਣ ਵਾਲੇ ਭਵਿੱਖ ਵਿਚ ਤਾਂ ਇਸ ਗੱਲ ਦਾ ਯਕੀਨ ਹੀ ਨਹੀਂ ਆਵੇਗਾ । ਇਸ ਸਾਂਝੇ ਪਿਆਰ ਨੂੰ ਦੇਖ ਕੇ ਦੁਨੀਆ ਭਰ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਆਗੂ  ਹੈਰਾਨ ਹੁੰਦੇ ਸਨ  ਤੇ ਇਸ ਦੀ ਚਰਚਾ – ਸਿੱਖਿਆ ਦੇ ਵਜੋਂ ਵੀ ਆਪਣੇ ਕੀਮਤੀ ਬੋਲਾਂ ਰਾਹੀ ਉੱਥੋਂ ਦੀ ਜਨਤਾ ਨੂੰ ਪਿਆਰ ਮੁਹੱਬਤ ਨਾਲ ਰਹਿਣ ਲਈ ਪੇ੍ਰਰਨਾ ਦਿੰਦੇ ਰਹਿੰਦੇ ਸਨ ਪਰ ਅਫ਼ਸੋਸ  ਭੈੜੀ ਨਜ਼ਰ ਨੇ ਇਸ ਦੀਆਂ ਖੁੱਸੀਆਂ ਨੂੰ ਖੋਹ ਲਿਆ ਲੱਗਦਾ ਹੈ । ਅਜੋਕੇ ਸਮੇਂ ਵਿਚ ਤਾਂ ਕਿਧਰੇ ਪਿਆਰ ਮੁਹੱਬਤ ਦੇ ਦ੍ਰਿਸ਼ ਤਾਂ ਦੂਰ ਦੀ ਗੱਲ ਹੈ ਲੜਾਈਆਂ, ਤੁਹਮਤਾਂ, ਵਹਿਸ਼ੀਆਨਾ ਹਰਕਤਾਂ, ਕਤਲੇਆਮ,  ਦੇਸ਼ ਦੀ ਇੱਜ਼ਤ ਦੀ ਪੱਤ ਬੇਪੱਤ ਹੋ ਰਹੀ ਹੈ, ਜੋ ਸੁਪਨੇ ਵਿਚ ਸੋਚਿਆ ਵੀ ਨਹੀਂ ਉਨ੍ਹਾਂ ਜ਼ੁਲਮਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇਨ੍ਹਾਂ ਦਰਦਨਾਕ ਹੋ ਰਹੀਆਂ ਵਾਰਦਾਤਾਂ ਤੋਂ ਇਲਾਵਾ ਹੋਰ ਕੁੱਝ ਦਿਖਾਈ ਤੇ ਸੁਣਾਈ ਹੀ ਨਹੀਂ ਦੇ ਰਿਹਾ।

ਵਿਸਥਾਰ ਨਾਲ ਗੱਲ ਕੀਤੀ ਜਾਵੇ ਜੇ ਮੇਰੇ ਦੋਸਤੋ ਤਾਂ ਸਿਆਸਤ ਤੇ ਧਰਮ ਦੀ ਆੜ ਵਿਚ ਜਨਤਾ ਨੂੰ ਲੁੱਟ ਕੇ ਸ਼ੁਹਰਤਾਂ ਤੇ ਨਾਮਣਾ ਖੱਟਣ ਦਾ ਕਾਰੋਬਾਰ ਜ਼ੋਰਾਂ ਤੇ ਹੈ ਇਨ੍ਹਾਂ ਦੇ ਸਹਾਰੇ ਅਣਭੋਲ ਜਨਤਾ ਨੂੰ ਕਠਪੁਤਲੀਆਂ ਵਾਂਗ ਨਚਾਇਆ ਜਾ ਰਿਹਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਦੋ ਪਹਿਲੂ ਅਹਿਮ ਹਨ ਪਹਿਲਾ ਗੰਧਲੀ ਸਿਆਸਤ ਤੇ ਦੂਜਾ ਧਰਮ ਦੇ ਨਾਮ ਤੇ ਲੁੱਟ ਮਚਾ ਰਹੇ ਅਖੌਤੀ ਸਾਧ ਤੇ ਇਨ੍ਹਾਂ ਦੇ ਚੇਲਿਆਂ ਦਾ ਵਗ ਜੋ ਗਿਆਨ ਵਹੀਣੋਂ ਤਾਂ ਹੈ ਹੀ ਹਨ ਆਪਣੇ ਝੂਠੇ ਮਨਮਤ ਪ੍ਰਚਾਰ ਰਾਹੀ ਮਨੁੱਖਤਾ ਦਾ ਘਾਣ ਕਰ ਰਹੇ ਹਨ। ਮੰਨਦੇ ਹਾਂ ਕਿ ਜ਼ਿੰਦਗੀ ਸੰਘਰਸ਼ ਦਾ ਨਾਮ ਹੈ ਇਸ ਵਿਚ ਧਾਰਮਿਕ ਹੋਣਾ ਤੇ ਇਸ ਉੱਪਰ ਆਸਥਾ ਤੇ ਸ਼ਰਧਾ ਦਾ ਹੋਣਾ ਵੀ ਅਤਿ ਜ਼ਰੂਰੀ ਹੈ ਪਰ ਉਸ ਉੱਪਰ ਅੱਖਾਂ ਬੰਦ ਕਰ ਬਗੈਰ ਵਿਚਾਰ ਕੀਤੇ ਯਕੀਨ ਕਰਨਾ ਮੂਰਖਤਾ ਦੀ ਨਿਸ਼ਾਨੀ ਹੈ ਜੋ ਅੱਜ ਕੱਲ੍ਹ ਕੀਤੀ ਜਾ ਰਹੀ ਹੈ। ਦੂਜੇ ਪਹਿਲੂ ਤੇ ਝਾਤ ਮਾਰੀਏ ਤਾਂ ਵੱਡੇ ਹੋ ਕੇ ਸ਼ੁਹਰਤਾਂ ਪਾਉਣ ਤੇ ਨਾਮ ਖੱਟਣ ਦੇ ਸੁਪਨੇ ਤਾਂ ਹਰ ਕੋਈ ਬਚਪਨ ਤੋਂ ਹੀ ਦੇਖਦਾ ਹੈ ਤੇ ਹੌਲੀ ਹੌਲੀ ਇਹਨਾਂ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਲਾਲਚ ਦੇ ਤੌਰ ਤੇ ਪ੍ਰਬਲ ਹੋ ਉੱਠਦੀ ਹੈ, ਤੇ ਇਹ ਲਾਲਚ ਹੀ ਆਪਣੀ ਤੇ ਹੋਰਾਂ ਦੀ ਜ਼ਿੰਦਗੀਆਂ ਨੂੰ ਵਿਨਾਸ਼ ਵੱਲ ਲੈ ਕੇ ਜਾ ਰਹੀ ਹੈ।

ਜੇਕਰ ਬਚਪਨ ਵੱਲ ਚਾਤ ਮਾਰੀ ਜਾਵੇ ਤਾਂ ਉਦੋਂ ਵੀ ਲਾਲਚ ਤਾਂ ਹੁੰਦਾ ਤਾਂ ਸੀ ਪਰ ਕਿਸੇ ਦੂਜੇ ਨੂੰ ਦੁੱਖ ਦੇ ਕੇ ਪ੍ਰਾਪਤ ਕੀਤੀ ਖੁੱਸੀ ਨਾਲ ਨਹੀਂ………..। ਪਰ ਜਿਉਂ ਜਿਉਂ ਉਮਰ ਵਧਦੀ ਜਾਂਦੀ ਹੈ ਤੇ ਪੜਾਅ ਸਿਆਣੀ ਸੋਚ ਵੱਲ  ਨੂੰ ਹੋ ਜਾਂਦਾ ਹੈ…….. ਮੇਰਾ ਮਤਲਬ ਬੁਢਾਪੇ ਵੱਲ…. ਤੇ ਦੇਖੋ ਅੱਜ ਦੇਸ਼ ਦੀ ਵਾਗਡੋਰ ਤੇ ਵੀ ਹੱਥ ਬੁਢਾਪੇ ਦਾ ਹੀ ਹੈ…..। ਤੇ ਇਸ ਵਿਚ ਝੁਠਲਾਉਣਾ ਵਾਲੀ ਕੋਈ ਗੱਲ ਵੀ ਨਹੀਂ ਹੈ ਕਿ ਕਿਸੇ ਹੋਰ ਦਾ ਫ਼ਾਇਦਾ ਹੋਵੇ ਜਾਂ ਨਾ ਹੋਵੇ ਆਪਣਾ ਤੇ ਆਪਣੀ ਕੌਮ ਧਰਮ ਦਾ ਫ਼ਾਇਦਾ ਪਹਿਲ ਦੇ ਆਧਾਰ ਕੀਤਾ ਜਾ ਰਿਹਾ ਹੈ।

ਹਾਲ ਤਾਂ ਇਹ ਹੋ ਗਿਆ ਹੈ ਕਿ ਹੁਣ ਭਾਰਤ ਦੇਸ਼ ਤੋਂ ਵਿਦੇਸ਼ਾਂ ਵਿਚ ਗਏ ਤੇ ਉੱਥੇ ਪੱਕੇ ਤੌਰ ਤੇ ਵੱਸਦੇ ਲੋਕ ਆਪਣੇ ਆਪ ਨੂੰ ਭਾਰਤ ਦੇਸ਼ ਦੇ ਵਾਸੀ ਕਹਿਣ ਤੇ ਵੀ ਸ਼ਰਮ ਮਹਿਸੂਸ ਕਰਨ ਲੱਗੇ ਹਨ ਤੇ ਉਹ ਆਪਣੇ ਬੱਚਿਆਂ ਨੂੰ ਭਾਰਤ ਘੁੰਮਣ ਲੈ ਕੇ ਆਉਣ ਤੋਂ ਕਤਰਾਉਣ ਲੱਗੇ ਹਨ। ਵਿਦੇਸ਼ਾਂ ਦੀ ਕੀ ਗੱਲ ਕਰੀਏ ਹੁਣ ਤਾਂ ਭਾਰਤ ਵਿਚ ਰਹਿੰਦੇ ਲੋਕ ਵੀ ਆਪਣੇ ਆਪ ਨੂੰ ਭਾਰਤੀ ਕਹਿਣ ਤੇ ਗੁਰੇਜ਼ ਕਰਨ ਲੱਗ ਪਏ ਹਨ। ਜੇਕਰ ਕੋਈ ਕਹਿ ਵੀ ਦਿੰਦਾ ਹੈ ਕਿ ”ਹੁਣ ਤਾਂ ਆਹ ਤੇ ਉਹ ਜ਼ੁਲਮ ਦੇਖ ਕਿ ਸਾਨੂੰ ਸ਼ਰਮ ਆਉਂਦੀ ਹੈ ਕਿ ਅਸੀਂ ਇਹੋ ਜਿਹੇ ਦੇਸ਼ ਦੇ ਵਾਸੀ ਹਾਂ ਜਿਸ ਦੇਸ਼ ਵਿਚ ਪੀੜਤ ਨੂੰ ਇੰਨਸਾਫ ਤਾਂ ਦੂਰ ਦੀ ਗੱਲ ਦੀ ਹੈ ਸੁਣਵਾਈ ਵੀ ਜ਼ੁਲਮੀ ਵੱਲ ਹੁੰਦੀ ਹੈ ” ਇਹ ਕਹਿਣ ਦੀ ਦੇਰ ਹੁੰਦੀ ਹੈ ਕਿ ਉਸ ਉੱਪਰ ਕਾਨੂੰਨੀ ਕਾਰਵਾਈ ਤੁਰੰਤ ਕਰ ਦਿੱਤੀ ਜਾਂਦੀ ਹੈ ਤੇ ਉਸ ਨੂੰ ਦੇਸ਼-ਧ੍ਰੋਹੀ ਕਿਹਾ ਜਾਂਦਾ ਹੈ ਜਦ ਕਿ ਕਾਨੂੰਨਨ ਆਪਣਾ ਹੱਕ ਤੇ ਬੋਲ ਰੱਖਣ ਦੇ ਫੋਕੇ ਅਧਿਕਾਰ ਵੀ ਮਾਣਯੋਗ ਅਦਾਲਤਾਂ ਦੀਆਂ ਕਾਨੂੰਨੀ ਕਿਤਾਬਾਂ ਵਿਚ ਦਰਜ ਹਨ। ਇੱਕ ਸੱਚ ਤਾਂ ਇਹ ਵੀ ਹੈ ਕਿ ਹਿੰਦੂ ਧਰਮ ਦੀ ਲੋਕਾਂ ਦੀ ਗਿਣਤੀ ਭਾਰਤ ਵਿਚ ਬਹੁਤਾਤ ਵਿਚ ਹੋਣ ਕਰ ਕੇ ਸ਼ਾਇਦ ਭਾਰਤ ਨੂੰ ਹਿੰਦੁਸਤਾਨ ਵੀ ਬੇਰੋਕ ਇਸੇ ਲਈ ਕਿਹਾ ਜਾਂਦਾ ਹੈ। ਚਾਹੇ ਦੁਨੀਆ ਦੇ ਰਚਨਹਾਰ ਅਵਤਾਰ ਅਤੇ ਹਰੇਕ ਧਰਮਾਂ ਦੇ ਸੰਸਥਾਪਕਾਂ ਦੇ ਮੁਤਾਬਿਕ ”ਮਨੁੱਖਤਾ ਦੀ ਭਲਾਈ ਅਤੇ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ”  ਅਤੇ ਗੁਰਬਾਣੀ ਵਿਚ ਦਰਜ ਸ਼ਬਦ ”ਮਾਨਸ ਕੀ ਜਾਤ ਸਭੈ, ਏਕੈ ਪਹਿਚਾਨਬੋ॥” ਦੇ ਆਧਾਰ ਤਾਂ ਮਨੁੱਖਤਾ ਦੀ ਸਿਰਫ਼ ਇੱਕੋ ਹੀ ਜਾਤ ਹੈ ਤੇ ”ਏਕੁ ਪਿਤਾ ਏਕਸ ਕੇ ਹਮ ਬਾਰਿਕ” ਵਰਗੇ ਮਹਾਨ ਪਵਿੱਤਰ ਵਾਕਾਂ ਨੂੰ ਵਿਸਾਰ ਦਿੱਤਾ ਗਿਆ ਹੈ ।

ਮੈਨੂੰ ਇਹ ਕਹਿਣ ਤੋਂ ਕੋਈ ਗੁਰੇਜ਼ ਨਹੀਂ ਕਿ ਭਾਰਤ ਵਿਚ ਵੱਸਦੇ ਧਰਮਾਂ ਵਿਚੋਂ ਵੱਡਾ ਹਿੰਦੂ ਧਰਮ ਦੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਇਸੇ ਕਰ ਕੇ ਘੱਟ ਗਿਣਤੀਆਂ ਵਾਲੀਆਂ ਕੌਮਾਂ ਤੇ ਇਨ੍ਹਾਂ ਦਾ ਜ਼ੋਰ ਵੀ ਜ਼ਿਆਦਾ ਹੈ ਇਸ ਕਰ ਕੇ ਸਿਆਸੀ ਤੇ ਧਾਰਮਿਕ ਤੌਰ ਤੇ ਵੀ ਦੱਬ ਦਬਾ ਵੀ ਬਣਿਆ ਹੋਇਆ ਹੈ।   ਜਿਸ ਦੇ ਪ੍ਰਮਾਣ ਵਜੋਂ ਪੰਜਾਬ ਦੇ ਲੋਕਾਂ ਤੇ  ਸਿਆਸਤ ਅਤੇ ਧਾਰਮਿਕ ਤੌਰ ਵਰਤਾਏ ਗਏ ਬੇਅੰਤ ਕਹਿਰ ਤੇ ਦਰਦਨਾਕ ਘਟਨਾਵਾਂ ਹੋਈਆਂ ਨੇ ਜਿਸ ਤੋਂ ਅੱਜ ਤੱਕ ਉਨ੍ਹਾਂ ਘਟਨਾਵਾਂ ਦੇ ਸ਼ਿਕਾਰ ਹੋਏ ਲੋਕ ਫਿਰ ਆਰਥਿਕ ਤੇ ਮਾਨਸਿਕ ਤੌਰ ਤੇ ਉੱਠ ਨਹੀਂ ਸਕੇ। ਦੁੱਖ ਦੀ ਗੱਲ ਤਾਂ ਇਹ ਹੈ ਕਿ ਕਈਆਂ ਨੂੰ ਅੱਜ ਤੱਕ ਇਨਸਾਫ਼ ਵੀ ਨਹੀਂ ਮਿਲਿਆ। ਫਿਰ ਮੈਂ ਪੁੱਛਦਾ ਹਾਂ ਉਹ ਲੋਕ ਕਿੰਜ ਕਹਿ ਦੇਣ ਕੇ ਅਸੀਂ ਉਸ ਦੇਸ਼ ਦੇ ਵਾਸੀ ਹੈ ਜਿਸ ਦੇਸ਼ ਨੂੰ ਹਿੰਦੁਸਤਾਨ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਦੇਸ਼ ਭਰ ਵਿਚ ਵੀ ਕਈ ਘੱਟ ਗਿਣਤੀਆਂ ਵਾਲੀਆਂ ਹੋਰ ਕੌਮਾਂ ਨਾਲ ਦਰਦਨਾਕ ਘਟਨਾਵਾਂ ਹੋਈਆਂ ਨੇ ਤੇ ਇੰਨਸਾਫ ਦੀ ਉਡੀਕ ਵਿਚ ਆਪਣੀਆਂ ਜ਼ਿੰਦਗੀਆਂ ਖ਼ੁਦ ਹੀ ਮਜਬੂਰਨ ਖ਼ਤਮ ਕਰ ਚੁੱਕੇ ਨੇ………….ਇੰਨਾ ਵਿਚ ਉਹ ਲੋਕ ਬੇਅੰਤ ਹਨ ਜਿਨ੍ਹਾਂ ਦੇ ਬਜ਼ੁਰਗਾਂ ਨੇ ਆਪਣਾ ਸਾਰਾ ਜੀਵਨ ਦੇਸ਼ ਦੀ ਆਜ਼ਾਦੀ ਲਈ ਵਾਰ ਦਿੱਤਾ ਹੋਵੇ।

ਹੁਣੇ ਜਿਹੇ ਉੱਠਿਆ ਤਾਜ਼ਾ ਵਿਵਾਦ ”ਭਾਰਤ ਮਾਤਾ ਕੀ ਜੈ” ਵਾਲਾ ਵੀ ਇਨ੍ਹਾਂ ਹੋਈਆਂ ਵਾਰਦਾਤਾਂ ਦੀ ਤਾਜ਼ਾ ਮਿਸਾਲ ਹੈ ਇਸ ਵਿਵਾਦ ਨੂੰ ਦੇਖ ਸੁਣ ਕੇ ਹੋਰਾਂ ਮੁਲਕਾਂ ਦੇ ਲੋਕ ਸ਼ਾਇਦ ਇਹੀ ਸੋਚਦੇ ਹੋਣਗੇ ਕਿ ਸ਼ਾਇਦ ਇਹੋ ਜਿਹੀ ਪ੍ਰਾਪਤੀ ਕਰਨ ਵਾਲਾ ਦੇਸ਼ ਹਿੰਦੁਸਤਾਨ ਇਸ ਉਪਲਬਧੀ ਨੂੰ ਪ੍ਰਾਪਤ ਕਰਨ ਵਾਲਾ ਪਹਿਲਾ ਦੇਸ਼ ਹੈ ਜਿਸ ਦੀ ਜਨਤਾ ਦੁਖੀ ਹੋ ਕੇ ਖ਼ੁਦ ਉਸ ਦੇਸ਼ ਤੋਂ ਨਿਕਲਣ ਅਤੇ ਦੇਸ਼-ਧ੍ਰੋਹ ਵਰਗੇ ਕੇਸਾਂ ਨੂੰ ਆਪਣੇ ਉੱਪਰ ਪਵਾਉਣਾ ਚਾਹੁੰਦੀ ਹੋਵੇ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ!

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>