ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਬੰਧਕੀ ਬੋਰਡ ਦੀ ਪਲੇਠੀ ਇਕੱਤ੍ਰਤਾ ਪਹਿਲੀ ਮਾਰਚ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਹੋਈ। ਇਕੱਤ੍ਰਤਾ ਵਿਚ ਅਕਾਡਮੀ ਦੇ ਨਵ-ਨਿਯੁਕਤ ਅਹੁਦੇਦਾਰਾਂ ਅਤੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ਼ਾਮਲ ਹੋਏ। ਇਕੱਤ੍ਰਤਾ ਵਿਚ ਕਰੋਨਾ ਸਮੇਂ ਦੌਰਾਨ ਅਕਾਡਮੀ ਦੇ ਵਿਛੜ ਚੁੱਕੇ ਮੈਂਬਰਾਂ ਅਤੇ ਮੈਂਬਰਾਂ ਦੇ ਸਕੇ ਸੰਬੰਧੀਆਂ ਬਾਰੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਮੀਟਿੰਗ ਦੌਰਾਨ 2021 ਵਿਚ ਭਾਰਤੀ ਸਾਹਿਤ ਅਕਾਡਮੀ ਵੱਲੋਂ ਅਕਾਡਮੀ ਦੇ ਜੀਵਨ ਮੈਂਬਰ ਜਨਾਬ ਖ਼ਾਲਿਦ ਹੁਸੈਨ ਨੂੰ ਉਨ੍ਹਾਂ ਦੀ ਕਹਾਣੀਆਂ ਦੀ ਪੁਸਤਕ ‘ਸੂਲਾ ਦਾ ਸਾਲਣ’’’ਤੇ ਪੁਰਸਕਾਰ ਦੇਣ ਤੇ ਅਕਾਡਮੀ ਵੱਲੋਂ ਵਧਾਈ ਦਿੱਤੀ ਗਈ ਅਤੇ ਪੰਜਾਬ ਕਲਾ ਪਰਿਸ਼ਦ ਵੱਲੋਂ ਸਾਹਿਤਕਾਰਾਂ, ਕਲਾ ਪ੍ਰੇਮੀਆਂ ਨੂੰ ਗੌਰਵ ਪੰਜਾਬ ਦਾ ਪੁਰਸਕਾਰ ਮਿਲਣ ’ਤੇ ਵਧਾਈ ਦਿੱਤੀ ਗਈ।
2022-2024 ਦੋ ਸਾਲਾਂ ਲਈ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀਆਂ ਗਤੀ ਵਿਧੀਆਂ, ਸਰਗਰਮੀਆਂ, ਸੈਮੀਨਾਰ, ਕਾਨਫ਼ੰਰਸ, ਸਾਹਿਤ ਉਤਸਵ, ਰੂ-ਬ-ਰੂ ਸਮਾਗਮਾਂ ਲਈ ਸਰਬਸੰਮਤੀ ਨਾਲ ਕਮੇਟੀਆਂ ਦਾ ਗਠਿਨ ਕੀਤਾ ਗਿਆ ਤੇ ਕਮੇਟੀਆਂ ਦੇ ਕਨਵੀਨਰ ਥਾਪ ਕੇ ਉਨ੍ਹਾਂ ਨੂੰ ਯੋਜਨਾਬੱਧ ਤਰੀਕੇ ਨਾਲ ਅਕਾਡਮੀ ਦੇ ਪ੍ਰੋਗਰਾਮ ਕਰਨ ਲਈ ਬੇਨਤੀ ਕੀਤੀ ਗਈ।
ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਜੀ ਨੇ ਪ੍ਰਬੰਧਕੀ ਬੋਰਡ ਲਈ ਸਾਹਿਤ ਅਤੇ ਸਭਿਆਚਾਰ ਨਾਲ ਜੁੜੀਆਂ ਤਿੰਨ ਸ਼ਖ਼ਸੀਅਤਾਂ ਡਾ. ਸ. ਪ. ਸਿੰਘ ਜੀ ਸਾਬਕਾ ਉਪ-ਕੁਲਪਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਸ੍ਰੀ ਸਤਨਾਮ ਮਾਣਕ ਜੀ ਰੋਜ਼ਾਨਾ ਅਜੀਤ, ਨਾਮਵਰ ਕਹਾਣੀ ਲੇਖਕ ਸ੍ਰੀ ਸੁਖਜੀਤ ਜੀ ਨੂੰ ਦੋ ਸਾਲ ਲਈ ਨਾਮਜ਼ਦ ਕੀਤਾ ਗਿਆ ਅਤੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਦੀ ਸਿਫ਼ਾਰਸ਼ ’ਤੇ ਪ੍ਰਬੰਧਕੀ ਬੋਰਡ ਨੇ ਸਰਬਸੰਮਤੀ ਨਾਲ ਤਿੰਨ ਸਕੱਤਰ ਡਾ. ਗੁਰਚਰਨ ਕੌਰ ਕੋਚਰ, ਸ. ਬਲਦੇਵ ਸਿੰਘ ਝੱਜ ਸਕੱਤਰ, ਸ੍ਰੀ ਕੇ. ਸਾਧੂ ਸਿੰਘ ਨਾਮਜ਼ਦ ਕੀਤਾ ਗਿਆ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਕੰਮਕਾਜ ਅਤੇ ਗਤੀ ਵਿਧੀਆਂ ਨੂੰ ਉਸਾਰੂ ਰੂਪ ਨਾਲ ਚਲਾਉਣ ਲਈ ਪ੍ਰਬੰਧਕੀ ਬੋਰਡ ਵੱਲੋਂ ਨਿੱਗਰ ਸੁਝਾਅ ਦਿੱਤੇ ਗਏ ਅਤੇ ਅਕਾਡਮੀ ਦੇ ਖੁੱਲ੍ਹੇ ਰੰਗਮੰਚ ’ਚ ਹਰ ਮਹੀਨੇ ਇਕ ਪੰਜਾਬੀ ਨਾਟਕ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਅਕਾਡਮੀ ਨੂੰ ਸਕੂਲਾਂ, ਕਾਲਜਾਂ ਅਤੇ ਪਿੰਡਾਂ ਵਿਚ ਪ੍ਰੋਗਰਾਮ ਕਰਕੇ ਲੋਕਾਂ ਨੂੰ ਨਾਲ ਜੋੜਨਾ ਚਾਹੀਦਾ ਹੈ। ਇਸ ਲਈ ਠੋਸ ਪ੍ਰੋਗਰਾਮ ਉਲੀਕੇ ਗਏ। ਇਸ ਸੰਬੰਧ ਵਿਚ 19 ਮਾਰਚ 2022, ਦਿਨ ਸ਼ਨੀਵਾਰ ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ‘ਪੰਜਾਬੀ ਮਾਤ ਭਾਸ਼ਾ ਮੇਲੇ’ ਦਾ ਆਯੋਜਿਨ ਕੀਤਾ ਜਾ ਰਿਹਾ ਹੈ ਜਿਸ ਵਿਚ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ ਦੇ ਸਾਹਿਤਕ ਮੁਕਾਬਲੇ ਕਰਵਾਏ ਜਾਣਗੇ ਅਤੇ ਉਨ੍ਹਾਂ ਨੂੰ ਸਰਟੀਫਿਕੇਟਸ, ਇਨਾਮਾਂ ਦੇ ਨਾਲ ਨਾਲ ‘ਮਾਤ ਭਾਸ਼ਾ ਟਰਾਫ਼ੀ’ ਪ੍ਰਦਾਨ ਕੀਤੀ ਜਾਵੇਗੀ।
ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਲਈ ਇਕੱਤ੍ਰਤਾ ਮੌਕੇ ਇੱਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦੇ ਨਾਲ ਨਾਲ ਇੱਕ ਲੱਖ ਰੁਪਏ ਦੇ ਹੋਰ ਖਰਚੇ ਨਾਲ ਅਕਾਡਮੀ ਵਿਚ ਸੀ ਸੀ ਟੀ ਵੀ ਕੈਮਰੇ ਲਗਵਾਉਣ ਦਾ ਸਹਿਯੋਗ ਦੇਣ ਦਾ ਐਲਾਨ ਕੀਤਾ।