ਗੱਲ ਫੈਲ ਗਈ
ਜੰਗਲ ਵਿਚ
ਅੱਗ ਵਾਂਗ
ਬੀਮਾਰ ਹੋਣ ਦੀ
ਬੱਬਰ ਸ਼ੇਰ ਦੇ।
ਬੱਬਰ ਸ਼ੇਰ
ਪਿਆ ਸੀ ਨਿਢਾਲ
ਬੇਬੱਸ
ਚੁੱਪ-ਚਾਪ
ਆਲਾ-ਦੁਆਲਾ ਦੇਖੀ ਜਾਂਦਾ
ਬੇਅਰਥ
ਜੰਗਲ ਵੱਲ
ਉਸ ਜੰਗਲ ਵੱਲ
ਜਿਹੜਾ ਕੰਬ ਕੰਬ ਜਾਂਦਾ
ਉਹਦੀ ਦਹਾੜ ਤੋਂ।
ਉਹਦੀ ਦਹਾੜ
ਦੂਰ ਪਹਾੜਾਂ ਨਾਲ ਟਕਰਾਉਂਦੀ
ਸਾਰਾ ਜੰਗਲ ਦਹਿਲ ਜਾਂਦਾ।
ਹੁਣ ਉਹ ਪਿਆ ਸੀ ਨਿਢਾਲ
ਚੁੱਪ-ਚਾਪ
ਬੇਬੱਸ
ਸ਼ੇਰ-ਬੱਚੇ ਦੇਖਦੇ
ਤਰਸ ਭਰੀਆਂ ਨਜ਼ਰਾਂ ਨਾਲ
ਅੱਗੋਂ ਉਹਨਾਂ ਦੇ ਪੁੱਤਰ-ਧੀਆਂ
ਨੇੜੇ ਆ ਆ ਸਹਿਲਾਉਂਦੇ
ਤਪਾਕ ਨਾਲ
ਮੋਹ ਨਾਲ
ਭੱਜੇ-ਨੱਠੇ ਫਿਰਦੇ
ਓੜ੍ਹ-ਪੋੜ੍ਹ ਕਰਦੇ।
ਬੱਬਰ ਸ਼ੇਰ
ਨਿਹਾਰਦਾ
ਆਪਣੇ ਪ੍ਰੀਵਾਰ ਨੂੰ,
ਭਰੋਸਾ ਸੀ ਬੱਬਰ ਸ਼ੇਰ ਨੂੰ
ਸ਼ੇਰ-ਬੱਚਿਆਂ
ਸ਼ੇਰ-ਬੱਚੀਆਂ ਉੱਤੇ
ਅੱਗੋਂ ਉਹਨਾਂ ਦੇ
ਪੁੱਤਰਾਂ-ਧੀਆਂ ਉੱਤੇ
ਦੋਹਤੇ-ਦੋਹਤੀਆਂ ਉੱਤੇ।
ਦਹਾੜਨਗੇ ਜੰਗਲ ਵਿਚ
ਉਹਦੇ ਵਾਂਗ
ਤੁਰਨਗੇ ਮੜਕ ਨਾਲ
ਉਹਦੇ ਵਾਂਗ
ਤਨੀ ਛਾਤੀ ਨਾਲ
ਤਿੱਖੀ ਨਜ਼ਰ ਨਾਲ।
ਬੱਬਰ ਸ਼ੇਰ
ਬੇਫਿਕਰ ਸੀ
ਬਹੁਤ ਬੇਫਿਕਰ
ਜੰਗਲ ਰਹੇਗਾ ਸੁਰੱਖਿਅਤ
ਬਹੁਤ ਸੁਰੱਖਿਅਤ
ਉਹਨਾਂ ਦੇ ਹੱਥਾਂ ਵਿਚ
ਮਜ਼ਬੂਤ ਹੱਥਾਂ ਵਿਚ।