“ਕਿਹੜੇ ਰਾਹਾਂ ਤੇ ਤੁਰ ਪਈ ਹੈ ਪੰਜਾਬੀਆਂ ਦੀ ਖੇਡ ਕਬੱਡੀ “

1647767389088.resized.resizedਸਰਕਲ ਸਟਾਈਲ ਖੇਡ ਕਬੱਡੀ ਪੰਜਾਬੀਆਂ ਦਾ ਇੱਕ ਜਨੂੰਨ ਹੈ, ਇਕ ਵਗਦੀ ਲਹਿਰ ਹੈ। ਪੰਜਾਬੀ ਜਿੱਥੇ ਜਿੱਥੇ ਵੀ ਗਏ ਕਬੱਡੀ ਖੇਡ ਨੂੰ  ਵੀ ਨਾਲ ਹੀ ਲੈਕੇ ਗਏ। ਪੰਜਾਬੀਆਂ ਦਾ ਕਬੱਡੀ ਬਿਨਾਂ ਕਬੱਡੀ ਦਾ ਪੰਜਾਬੀਆਂ ਤੋਂ ਬਿਨਾਂ ਗੁਜ਼ਾਰਾ ਨਹੀਂ  ਹੈ। ਜਦੋਂ ਕੋਈ ਵੀ ਲਹਿਰ ਚੱਲਦੀ ਹੈ ਭਾਵੇਂ ਉਹ ਹੋਵੇ , ਧਾਰਮਿਕ ਹੋਵੇ,ਸਮਾਜਿਕ ਹੋਵੇ ਭਾਵੇਂ ਉਹ ਸੱਭਿਆਚਾਰਕ ਹੋਵੇ ਭਾਵੇਂ ਉਹ ਕਿਸੇ ਖੇਡ ਨਾਲ ਜੁੜੀ ਹੋਵੇ ਉਸ ਵਿਚ ਗਲਤ ਅਨਸਰਾਂ ਦੀ ਘੁਸਪੈਠ ਹੋਣੀ ਹੀ ਹੁੰਦੀ ਹੈ। ਕਿਓਂਕਿ ਇਹ ਦੁਨੀਆਂ ਮਤਲਬ ਖੋਰਾਂ ਦੀ ਹੈ।ਇੱਕ ਮਤਲੱਬੀ ਅਤੇ ਸਮਰਪਿਤ ਇਨਸਾਨ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ।1984 ਵਿੱਚ ਦਰਬਾਰ ਸਾਹਿਬ ਤੇ ਹਮਲਾ ਹੋਇਆਂ ਰੋਸ ਵਜੋਂ ਜ਼ਜਬਾਤਾ ਦੇ ਬਹਿਣ ਵਿੱਚ ਇੱਕ ਇਨਸਾਫ਼ ਲੈਣ ਲਈ ਨੌਜਵਾਨਾਂ ਵਿੱਚ ਇੱਕ ਗੁੱਸੇ ਦੀ ਲਹਿਰ ਚੱਲੀ , ਸਮਾਜ ਦੀ ਹਮਦਰਦੀ ਨਾਲ ਸੀ ਪਰ ਗਲਤ ਅਨਸਰਾਂ ਦੀ ਘੁੱਸਪੈਠ ਅਤੇ ਕੋਈ ਇੱਕ ਮਾਈ ਬਾਪ ਨਾਂ ਹੋਣ ਕਾਰਨ ਦੋਹਾਂ ਪਾਸਿਆਂ ਤੋਂ ਘਰਾਂ ਦੇ ਘਰ ਓੁਜੜ ਗਏ , ਮਾਵਾਂ ਬਿਲਕ ਦੀਆਂ ਹੀ ਰਹਿ ਗਈਆਂ ,ਅੱਜ ਵੀ ਬਰਬਾਦੀ ਦੀ ਤਪਸ ਝੱਲਣ ਵਾਲਿਆਂ ਦੇ ਚੁੱਲਿਆ ਵਿੱਚ ਕੱਖ ਓੁੱਗੇ ਪਏ ਹਨ।

ਅੱਜ ਕਬੱਡੀ ਖੇਡ ਦੀ ਲਹਿਰ  ਅਤੇ ਲੋਕਾਂ ਦਾ ਮੋਹ ਸਿਖਰਾਂ ਤੇ ਹੈ। ਕਬੱਡੀ  ਦੇ ਮੈਦਾਨ  ਵਿੱਚ ਗਲੈਡੀਏਟਰ ਵਜੋਂ  ਜਾਣੇ ਜਾਂਦੇ ਸੰਦੀਪ ਨੰਗਲ ਅੰਬੀਆਂ ਦਾ ਦਿਨ ਦਿਹਾੜੇ ਗੋਲੀਆਂ ਲੱਗਣ ਨਾਲ ਕਤਲ ਹੋ ਗਿਆ ਹੈ , ਹੁਣ ਅੱਗੇ ਕੀ ਹੋਵੇਗਾ 4,5 ਦਿਨ ਦਾ ਰੋਣਾ ਧੋਣਾ ਹੋਵੇਗਾ, ਰਾਜਨੀਤਿਕ ਅਤੇ ਪ੍ਰਸ਼ਾਸਨ ਦੀ ਇਨਸਾਫ਼ ਦੇਣ ਦੀ ਬਿਆਨਬਾਜੀ ਹੋਵੇਗੀ, ਕਾਤਲ ਫੜੇ ਵੀ ਜਾਣਗੇ, ਪਰ ਮਰੇ ਮੁੱਕਰੇ ਦਾ ਕੋਈ ਗਵਾਹ ਨਹੀਂ ਹੁੰਦਾ, ਕਾਤਲਾ ਦਾ ਕੋਈ  ਰਾਹ ਨਹੀਂ ਹੁੰਦਾ  , ਕੁੱਝ ਦਿਨ ਦੀ ਹਮਦਰਦੀ, ਫੇਰ ਦੁਨੀਆਂ ਆਪਣੀ ਚਾਲ ਚੱਲੇਗੀ, ਜੇਕਰ ਕੋਈ ਨੰਗਲ ਅੰਬੀਆਂ ਦੀ ਮੌਤ ਦਾ ਨਰਕ ਅਤੇ ਸੰਤਾਪ ਭੋਗੇਗਾ ਓਹ ਓੁਸਦੇ 2 ਯਤੀਮ ਹੋਏ ਨੰਨੇ ਮੁੰਨੇ ਬੱਚੇ, ਪਤਨੀ ਅਤੇ ਮਾਪੇ। ਮੇਰਾ ਖਿਆਲ ਹੈ ਕਿ ਸੰਦੀਪ ਸਿੰਘ ਨੰਗਲ ਅੰਬੀਆਂ ਕਸੂਰ ਇੰਨ੍ਹਾਂ ਹੀ ਸੀ ਕਿ ਓਹ ਕਬੱਡੀ ਦਾ ਇੱਕ ਸੁਪਰ ਸਟਾਰ ਖਿਡਾਰੀ ਸੀ। ਇੱਕ ਪ੍ਰਬੰਧਕ ਬਣਕੇ ਕਬੱਡੀ ਖੇਡ  ਨੂੰ  ਅੱਗੇ ਲਿਜਾਣਾ ਚਾਹੁੰਦਾ ਸੀ। ਪਰ ਸੁਪਰ ਸਟਾਰ ਬਨਣ ਦੇ ਰੁਤਬੇ ਤੱਕ ਪਹੁੰਚਣ ਲਈ ਜਿੰਦਗੀ ਵਿੱਚ ਕਿੰਨੀ ਕੁ ਘਾਲਣਾ ਘਾਲਣੀ ਪੈੰਦੀ ਹੈ। ਸਾਇਦ ਇਹ ਓੁਸਦੇ ਕਾਤਲਾ ਨੂੰ ਵੀ ਨਾਂ ਪਤਾ ਹੋਵੇ। ਪਿਸਟਲ, ਰਾਈਫਲਾ ਦੀਆਂ ਗੋਲੀਆਂ ਚਲਾਉਣ ਦਾ ਧੰਦਾ ਕਰਨਾ ਕੋਈ ਔਖਾ ਕੰਮ ਨਹੀਂ, ਪਰ ਇਕ ਖਿਡਾਰੀ ਬਣਨਾ ਜਾਂ ਇੱਕ ਖਿਡਾਰੀ ਬਣਾਉਣਾ  ਰੱਬ ਪਾਉਣ ਦੀ ਤਪੱਸਿਆ ਕਰਨ ਦੇ ਬਰਾਬਰ ਹੁੰਦਾ ਹੈ । ਫੇਰ ਇੰਨੀ ਤਪੱਸਿਆ ਕਰਕੇ ਵੀ , ਕਬੱਡੀ ਖੇਡ  ਖਿਡਾਰੀਆਂ ਲਈ ਇੱਕ  ਵਰਦਾਨ ਹੋਣ ਦੀ ਬਜਾਏ  ਸਰਾਪ ਕਿਓੁਂ ਸਾਬਿਤ ਹੋ ਰਹੀ ਹੈ ?

ਇਸ ਦਾ ਵੱਡਾ ਕਾਰਨ ਕਬੱਡੀ ਵਿੱਚ  ਮਣਾਂ ਮੂੰਹੀਂ ਪੈਸੇ ਦੀ ਆਮਦ ,ਫਿਰ ਪੈਸੇ ਦੀ ਦੁਰਵਰਤੋਂ ,ਫਿਰ ਝੂਠੇ ਮਾਣ ਸਨਮਾਨਾਂ ਦੇ ਚੱਕਰ , ਆਪੋ ਆਪਣੀ ਹਉਮੈ ਨੂੰ ਪੱਠੇ , ਮੈਂ ਦਾ ਹੰਕਾਰ , ਤੂੰ ਕੌਣ ਆਂ ? ਖੇਡ ਦਾ ਕੋਈ ਵਿਧੀ ਵਿਧਾਨ ਨਾ ਹੋਣਾ , ਇੱਕ ਆਲਮੀ ਪੱਧਰ ਦੀ ਸੰਸਥਾ ਦਾ ਨਾਂ  ਬਨਣਾ , ਮਾਨਤਾ ਪ੍ਰਾਪਤ ਖੇਡ ਬਨਾਉਣ ਵੱਲ ਓੁਕਾ ਹੀ ਧਿਆਨ ਨਾਂ  ਦੇਣਾ, ਹਰ ਘੜੰਮ ਚੌਧਰੀ ਦਾ ਆਪਣੇ  ਆਪ ਵਿੱਚ ਕਬੱਡੀ ਦਾ ਰਖਵਾਲਾ ਅਖਵਾਓੁਣਾ,ਨਸ਼ਿਆ ਦੀ ਭਰਮਾਰ, ਕਦੇ ਰਾਜਨੀਤਕ ਲੋਕਾਂ ਦੇ ਰਹਿਮੋ ਕਰਮ ਤੇ ,ਕਦੇ ਜੇਲ੍ਹਾਂ ਵਿੱਚ ਬੈਠੇ ਅਪਰਾਧੀਆਂ ਦੀ ਛਤਰ ਛਾਇਆ ਹੇਠ ਕਬੱਡੀ ਦਾ ਚੱਲਣਾ ਹੀ  ਖਿਡਾਰੀਆਂ ਲਈ ਖੇਡ ਕਬੱਡੀ  ਵਰਦਾਨ ਹੋਣ ਦੀ ਬਜਾਏ ਸਰਾਪ ਸਾਬਤ ਹੋ ਰਹੀ ਹੈ । ਇਸੇ ਕਰਕੇ ਅੱਜ ਕੋਈ ਕਬੱਡੀ ਖਿਡਾਰੀ ਜਾਂ  ਆਮ ਬੰਦਾ ਵੀ ਆਪਣੇ ਬੱਚੇ ਨੂੰ ਕਬੱਡੀ ਖਿਡਾਰੀ  ਨਹੀਂ  ਬਣਾਉਣਾ ਚਾਹੁੰਦਾ।

ਜਿਸ ਤਰ੍ਹਾਂ ਦਾ ਗੱਡੀ ਚਲਾਓੁਣ ਵਾਲਾ ਡਰਾਈਵਰ ਹੋਵੇਗਾ , ਓੁਸੇਤਰਾ ਦੇ ਨਤੀਜੇ , ਖਿਡਾਰੀਆਂ ਤੇ ਗੋਲੀਆਂ ਪਹਿਲਾਂ ਵੀ ਚੱਲੀਆਂ , ਸੰਦੀਪ ਤੇ ਵੀ ਚੱਲੀਆਂ , ਅੱਗੇ ਵੀ ਚੱਲਣਗੀਆਂ ਅਜੇ ਹੋਰ ਪਤਾ ਨਹੀਂ  ਕਿੰਨੀਆਂ ਕੁ ਮਾਵਾਂ ਦੇ ਪੁੱਤ ਅਤੇ ਨਾਮੀ ਖਿਡਾਰੀ ਕਾਤਲਾਂ ਦੇ ਗੋਲੀਆਂ ਦੇ ਸ਼ਿਕਾਰ ਹੋ ਜਾਣੇ ਹਨ।ਮੇਰੇ ਵਰਗੇ ਸੱਚ ਲਿਖਣ ਵਾਲੇ ਅਤੇ ਹੋਰ ਬੋਲਣ ਵਾਲੇ ਵੀ ਬਖਸ਼ੇ ਨਹੀਂ ਜਾਣੇ ਕਿਓਂਕਿ ਸਰਕਾਰਾਂ ਦੀ ਕਬੱਡੀ ਖੇਡ ਕੋਈ ਗੰਭੀਰਤਾ ਨਹੀਂ , ਕਬੱਡੀ ਦੇ ਰਖਵਾਲੇ ਸਹਿਮੇ ਬੈਠੇ ਨੇ,  ਕਬੱਡੀ ਦਾ ਕੋਈ ਮਾਈ ਬਾਪ ਨਹੀਂ ,ਜੋ ਖੇਡ ਨੂੰ ਸਹੀ ਤਰੀਕੇ ਨਾਲ ਸੰਭਾਲ ਸਕੇ ।

ਕਬੱਡੀ ਖਿਡਾਰੀਆਂ  ਦੇ ਕਤਲ ਕਰਨ ਵਾਲਿਆਂ ਨੂੰ ਵੀ ਮੇਰੀ ਇਹ ਸਲਾਹ ਹੈ ਕਿ ਕਿਸੇ ਵੀ  ਇਨਸਾਨ ਦਾ ਕਤਲ ਕਿਸੇ ਵੀ ਸਮੱਸਿਆ  ਦਾ ਹੱਲ ਨਹੀਂ , ਤੁਹਾਡੇ ਆਪਸੀ  ਵਿਚਾਰਾਂ ਦੇ ਵਖਰੇਵੇਂ ਹੋ ਸਕਦੇ ਹਨ, ਪੈਸੇ ਦਾ ਲੈਣ ਦੇਣ ਹੋ ਸਕਦਾ, ਇੱਕ ਦੂਜੇ ਤੋਂ ਵੱਡੇ ਹੋਣ ਦਾ ਹੰਕਾਰ ਹੋ ਸਕਦਾ ਪਰ ਫੇਰ ਵੀ ਹਰ ਸਮੱਸਿਆ ਦਾ ਹੱਲ ਗੱਲਬਾਤ ਅਤੇ ਧੀਰਜ ਮਤੇ ਨਾਲ ਨਿਬੜ ਜਾਂਦਾ ਹੈ।  ਦੁਨੀਆਂ ਦੇ ਵੱਡੇ ਆਫਗਨਿਸਤਾਨ ਦੇ ਕਾਤਲ ਲੋਕ ਤਾਲੇਬਾਨਾ ਨੂੰ  ਵੀ ਆਪਣੀ ਸਮੱਸਿਆ  ਹੱਲ ਕਰਨ ਲਈ ਆਖਿਰ ਟੇਬਲ ਟਾਕ ਤੇ ਹੀ ਆਓੁਣਾ ਪਿਆ।  ਬੇਨਤੀ ਆਂ ਤੁਹਾਨੂੰ, ਕਬੱਡੀ ਖੇਡ ਤੁਹਾਡੀ ਜਗੀਰ ਨਹੀਂ ,ਇਹ ਸਮੂਹ ਪੰਜਾਬੀਆਂ ਦੀ ਇੱਕ ਚਹੇਤੀ ਖੇਡ ਆਂ , ਮਾਂ ਸਮਾਨ ਆ, ਮਾਂ  ਦੇ ਕਾਤਲ ਨਾਂ ਬਣੋ, ਇਤਿਹਾਸ ਦੇ ਕਲੰਕੀ ਨਾਂ ਬਣੋ, ਕਬੱਡੀ ਨੂੰ ਇੱਕ ਖੇਡ ਹੀ ਰਹਿਣ ਦਿਓ, ਜੇ ਹੁਣ ਵੀ ਨਾਂ ਸੰਭਲੇ ਫੇਰ ਕਬੱਡੀ ਖੇਡ ਬੰਦਿਆਂ ਦੇ ਵੱਸ ਤੋਂ ਬਾਹਰ ਦੀ ਖੇਡ ਬਣ ਜਾਵੇਗੀ । ਮੇਰੀ ਤਾਂ  ਇਹੋ ਦੁਆ ” ਓ ਮੇਰਿਆਂ ਰੱਬਾ ਬਚਾ ਲਾ ਸਾਡੀ ਖੇਡ ਕਬੱਡੀ ਨੂੰ , ਦੇਦੇੰ ਓਨਾ  ਨੂੰ ਸੁਮੱਤ, ਜਿਹੜੇ ਰੋਕਣ ਨੂੰ ਫਿਰਦੇ ਕਬੱਡੀ ਦੇ ਜਾਨੂੰਨ ਦੀ ਗੱਡੀ ਨੂੰ ” ਕਬੱਡੀ ਦਾ ਰੱਬ ਰਾਖਾ !

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>