ਦਿੱਲੀ ਦੀ ਸਿੱਖ ਸਿਆਸਤ ‘ਚ ਭਾਰੀ ਭੁਚਾਲ ਕਿਉਂ ?

ਲੰਬੀ ਜਦੋਜਹਿਦ ਤੋਂ ਉਪਰੰਤ ਹੋਂਦ ‘ਚ ਆਇਆ ‘ਦਿੱਲੀ ਸਿੱਖ ਗੁਰੂਦੁਆਰਾ ਐਕਟ 1971’ ਸਿੱਖ ਪੰਥ ਦੀ ਇਕ ਅਹਿਮ ਪ੍ਰਾਪਤੀ ਵਜੌਂ ਦੇਖਿਆ ਜਾਂਦਾ ਹੈ ਕਿਉਂਕਿ ਇਸ ਐਕਟ ਦੀ ਬਦੋਲਤ ਹੀ ਦਿੱਲੀ ਦੇ ਗੁਰੂਧਾਮਾਂ ਦਾ ਪ੍ਰਬੰਧ ਦਿੱਲੀ ਦੇ ਸਥਾਨਕ ਵੋਟਰਾਂ ਦੇ ਹੱਥਾਂ ‘ਚ ਸੋਂਪਿਆ ਗਿਆ ਸੀ। ‘ਸਿੱਖ ਗੁਰਦੁਆਰਾ ਐਕਟ 1925’ ਦੇ ਤਹਿਤ ਜੂਨ 1926 ‘ਚ ਹੋਂਦ ‘ਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਮ੍ਰਿਤਸਰ ਸਾਹਿਬ ਤੋਂ ਬਾਅਦ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਸਿਖਾਂ ਦੀ ਦੂਜੇ ਨੰਬਰ ‘ਤੇ ਆਉਣ ਵਾਲੀ ਇਕ ਵੱਡੀ ਧਾਰਮਿਕ ਸੰਸਥਾ ਹੈ, ਜਿਸਦਾ ਗਠਨ ਪਾਰਲੀਆਮੈਂਟ ਰਾਹੀ ਪਾਸ ਕੀਤੇ ਦਿੱਲੀ ਸਿੱਖ ਗੁਰੂਦੁਆਰਾ ਐਕਟ 1971 ਦੇ ਤਹਿਤ 28 ਅਪ੍ਰੈਲ 1975 ਨੂੰ ਕੀਤਾ ਗਿਆ ਸੀ, ਜਿਸਦਾ ਮੁੱਖ ਮਨੋਰਥ ਦਿੱਲੀ ਦੇ ਗੁਰੂਦੁਆਰਿਆਂ ‘ਤੇ ਉਨ੍ਹਾਂ ਦੀ ਜਾਇਦਾਦਾਂ ਦੀ ਸੇਵਾ-ਸੰਭਾਲ ਕਰਨਾ ਹੈ। ਦਿੱਲੀ ਗੁਰਦੁਆਰਾ ਕਮੇਟੀ ‘ਤੇ ਸਮੇਂ-ਸਮੇਂ ‘ਤੇ ਸਿੱਧੇ ‘ਤੇ ਅਸਿੱਧੇ ਤੋਰ ‘ਤੇਂ ਸਿਆਸੀ ਦਖਲਅੰਦਾਜੀ ਦੇ ਦੋਸ਼ ਲਗਦੇ ਰਹੇ ਹਨ ‘ਤੇ ਇਹ ਜਗਜਾਹਿਰ ਹੈ ਕਿ ਮੋਕੇ ਦੀ ਸਰਕਾਰਾਂ ਨੂੰ ਆਪਣੇ ਵੋਟ ਬੈਂਕ ਦੀ ਖਾਤਿਰ ਧਾਰਮਿਕ ਸਟੇਜਾਂ ਦੀ ਲੋੜ੍ਹ ਹੁੰਦੀ ਹੈ ਜਦਕਿ ਆਪਣੇ ਨਿਜੀ ਮੁਫਾਦਾਂ ਦੇ ਕਾਰਨ ਕੁੱਝ ਮੋਕਾਪ੍ਰਸਤ ਧਾਰਮਿਕ ਆਗੂ ਧਰਮ ਦੀ ਆੜ੍ਹ ‘ਚ ਸਿਆਸਤ ਕਰਨ ਤੋਂ ਬਾਜ ਨਹੀ ਆਉਂਦੇ ਹਨ।

ਮੌਜੂਦਾ ਸਮੇਂ ਦਿੱਲੀ ਦੀ ਸਿੱਖ ਸਿਆਸਤ ‘ਚ ਇਕ ਵਾਰੀ ਫਿਰ ਭਾਰੀ ਉਥਲ-ਪੁੱਥਲ ਦੇਖਣ ਨੂੰ ਮਿਲ ਰਹੀ ਹੈ। ਇਕ ਪਾਸੇ ਦਿੱਲੀ ਗੁਰੂਦੁਆਰਾ ਕਮੇਟੀ ‘ਤੇ ਕਾਬਿਜ ਸਾਲ 2021 ਦੀ ਆਮ ਚੋਣਾਂ ‘ਚ ਜੇਤੂ 30 ਮੈਂਬਰਾਂ ਦੇ ਧੜ੍ਹੇ ਵਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਕਿਨਾਰਾ ਕਰਕੇ ‘ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ’ ਦੇ ਨਾਮ ਤੇ ਨਵਾਂ ਦਲ ਬਣਾਉਨ ਦਾ ਐਲਾਨ ਕੀਤਾ ਗਿਆ ਹੈ, ਉਥੇ ਦੂਜੇ ਪਾਸੇ ਵਿਰੋਧੀ ਧਿਰਾਂ ਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਅਚਨਚੇਤ ਜਾਗਿਆ ਮੋਹ ਹੈਰਾਨ ਕਰਨ ਵਾਲਾ ਹੈ। ਬੀਤੇ ਦਿੱਨੀ ਜਾਗੋ ਪਾਰਟੀ ਵਲੋਂ ਸੱਦੀ ਮੀਟਿੰਗ ‘ਚ ਪਾਰਟੀ ਦੇ ਕਾਰਕੁੰਨਾਂ ਨੇ ਪਾਰਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਸੰਭਾਲਣ ਦਾ ਹੁੰਗਾਰਾ ਦਿੱਤਾ ਹੈ ਜਦਕਿ ਇਸ ਮੁਹਿੰਮ ‘ਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਵੀ ਇਕ ਕਦਮ ਅਗੇ ਵੱਧਦੇ ਹੋਏ ਬੀਤੇ ਦਿਨੀ ਲੁਧਿਆਣਾ ਵਿਖੇ ਸਿੱਖ ਬੁੱਧੀਜੀਵੀਆਂ ਦੀ ਮੀਟਿੰਗ ਸੱਦ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਡਿਗਦੇ ਮਿਆਰ ਨੂੰ ਸਵਾਰਣ ਦੀ ਅਪੀਲ ਕੀਤੀ ਹੈ।ਦਿੱਲੀ ਦੀ ਸਿੱਖ ਸਿਆਸਤ ‘ਚ ਵਿੱਚਰ ਰਹੇ ਇਹਨਾਂ ਵਿਰੋਧੀ ਪਾਰਟੀਆਂ ਨੂੰ ਇਕ ਸਵਾਲ ਹੈ ਕਿ ਉਹਨਾਂ ਨੂੰ ਹੁਣ ਅਚਨਚੇਤ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਸੰਭਾਲਣ ਦਾ ਵਿਚਾਰ ਕਿਵੇਂ ਆਇਆ ਜਦਕਿ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਪੱਧਰ ਬੀਤੇ ਲੰਬੇ ਸਮੇਂ ਤੋਂ ਲਗਾਤਾਰ ਡਿਗਦਾ ਜਾ ਰਿਹਾ ਹੈ। ਵਿਰੋਧੀ ਧਿਰ ਆਪਣੀ ਹੋਂਦ ਨੂੰ ਖਤਮ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹੋਂਦ ਨੂੰ ਕਾਇਮ ਰਖਣ ਲਈ ਤਰਲੋਂ-ਮੱਛੀ ਹੋ ਰਹੇ ਹਨ, ਜਦਕਿ ਇਹ ਜਗਜਾਹਿਰ ਹੈ ਕਿ ਆਪਣੇ ਹਉਮੇ ਨੂੰ ਤਿਆਗ ਕੇ ਨਾਂ ਤਾ ਕੋਈ ਵਿਰੋਧੀ ਧਿਰ ਇਕਜੁਟ ਹੋਣ ਲਈ ਰਾਜੀ ਹੋਵੇਗਾ ‘ਤੇ ਨਾਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਸੋਖੇ ਤਰੀਕੇ ਨਾਲ ਵਿਰੋਧੀ ਧਿਰ ਆਪਣੇ ਹੱਥਾਂ ‘ਚ ਲੈ ਸਕਣਗੇ ਕਿਉਂਕਿ ਬਾਦਲ ਦਲ ਨੇ ਇਹਨਾਂ ਨਾਜੁਕ ਹਾਲਾਤਾਂ ਦੀ ਪੜ੍ਹਚੋਲ ਲਈ ਆਪਣੇ ਤਜੁਰਬੇਕਾਰ ਆਗੂ ਜੱਥੇਦਾਰ ਅਵਤਾਰ ਸਿੰਘ ਹਿੱਤ ਦੀ ਕਮਾਨ ਹੇਠ 21 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਹੈ।

ਇਹ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ ਧੜ੍ਹਾ) ‘ਤੇ ਜਾਗੋ ਪਾਰਟੀ ਵਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ ਧੜ੍ਹੇ) ਨਾਲ ਗਠਜੋੜ੍ਹ ਕਰਕੇ ਦਿੱਲੀ ਗੁਰਦੁਆਰਾ ਕਮੇਟੀ ‘ਤੇ ਕਾਬਿਜ ਹੋਣ ਦੀ ਕੋਸ਼ਿਸ਼ਾਂ ਨੂੰ ਹਾਲ ‘ਚ ਹੀ ਬੀ.ਜੇ.ਪੀ. ‘ਚ ਗਏ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਸਮਰਥਕ ਮੈਂਬਰਾਂ ਨੇ ਨਾਕਾਮਯਾਬ ਕਰਕੇ ਕਮੇਟੀ ਦੇ ਕਾਰਜਕਾਰੀ ਬੋਰਡ ਦੀ ਚੋਣਾਂ ‘ਚ ਇਕ ਤਰਫਾ ਜਿੱਤ ਹਾਸਿਲ ਕਰ ਲਈ ਸੀ, ਜਿਸਦੇ ਚਲਦੇ ਹੁਣ ਨਵੀ ਧੜ੍ਹੇਬੰਦੀ ਸ਼ੁਰੂ ਹੋ ਗਈ ਹੈ। ਪਰੰਤੂ ਹੁਣ ਇਹ ਦੇਖਣਾ ਹੋਵੇਗਾ ਕਿ ਇਹ ਨਵੇਂ ਗਠਜੋੜ੍ਹ ਦਿੱਲੀ ਦੀ ਸਿੱਖ ਸਿਆਸਤ ਨੂੰ ਕਿਥੇ ਲੈਕੇ ਜਾਂਦੇ ਹਨ। ਦਿੱਲੀ ਗੁਰੂਦੁਆਰਾ ਕਮੇਟੀ ‘ਚ ਸਿਆਸੀ ਦਖਲਅੰਦਾਜੀ ‘ਤੇ ਗੁਟਬਾਜੀ ਇਕ ਮੁੱਖ ਕਾਰਨ ਹੋ ਸਕਦਾ ਹੈ ਜਿਸ ਨਾਲ ਕਮੇਟੀ ਦੇ ਵਿਦਿਅਕ ਅਦਾਰੇ ਬੰਦ ਹੋਣ ਦੇ ਕਗਾਰ ‘ਤੇ ਹਨ ‘ਤੇ ਸਮੇਂ-ਸਮੇਂ ‘ਤੇ ਕਮੇਟੀ ਦੇ ਪ੍ਰਬੰਧਕਾਂ ਦੇ ਖਿਲਾਫ ਗੁਰੂਦੁਆਰਾ ਫੰਡਾਂ ਦੀ ਦੁਰਵਰਤੋਂ ਕਰਨ ਦੇ ਗੰਭੀਰ ਇਲਜਾਮ ਲਗ ਰਹੇ ਹਨ ਜੋ ਦਿੱਲੀ ਗੁਰੁਦੁਆਰਾ ਕਮੇਟੀ ਦੇ ਕੰਮ-ਕਾਜ ਨੂੰ ਸਵਾਲਾਂ ਦੇ ਘੇਰੇ ‘ਚ ਖੜ੍ਹਾ ਕਰਦੇ ਹਨ। ਇਸ ਪ੍ਰਕਾਰ ਗੁਰੁ ਦੀ ਗੋਲਕ ਦਾ ਘਾਣ ਹੋ ਰਿਹਾ ਹੈ ਜਦਕਿ ਸੰਗਤਾਂ ਵਲੋਂ ਦਿੱਤੀ ਤਿਲ-ਫੁਲ ਭੇਟਾਂ ਕੇਵਲ ਧਾਰਮਿਕ ਕਾਰਜਾਂ ਲਈ ਇਸਤੇਮਾਲ ਕੀਤੀ ਜਾਣੀ ਚਾਹੀਦੀ ਹੈ। ਸੰਗਤਾਂ ਵਲੋਂ ਚੁਣੇ ਦਿੱਲੀ ਕਮੇਟੀ ਦੇ ਇਨ੍ਹਾਂ ਨੁਮਾਇੰਦਿਆਂ ਨੂੰ ਆਪਣੇ ਨਿਜੀ ਮੁਫਾਦਾ ‘ਤੇ ਸਿਆਸਤ ਨੂੰ ਦਰਕਿਨਾਰ ਕਰਕੇ ਸਿੱਖ ਕੋਮ ਦੀ ਚੜ੍ਹਦੀਕਲਾ ‘ਤੇ ਨਿਰੋਮ ਧਾਰਮਿਕ ਪ੍ਰਚਾਰ ਕਰਨ ਵਲ ਤਵੱਜੋ ਦੇਣੀ ਚਾਹੀਦੀ ਹੈ ਨਹੀ ਤਾਂ ਉਹ ਦਿਨ ਦੂਰ ਨਹੀ ਜਦੋਂ ਦਿੱਲੀ ਦੇ ਧਾਰਮਿਕ ਸਥਾਨਾਂ ਨੂੰ ਸਿਆਸੀ ਰੰਗਤ ਤੋਂ ਮੁਕਤ ਕਰਵਾਉਣ ਲਈ ਮਰਜੀਵੜ੍ਹੇ ਕੁਰਬਾਨੀਆਂ ਦੇਣ ਤੋਂ ਗੁਰੇਜ ਨਹੀ ਕਰਣਗੇ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>