ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸੋਚ ‘ਤੇ ਪਹਿਰਾ ਦੇਣ ਦੀ ਲੋੜ

index (1).resizedਕਈ ਵਿਅਕਤੀਆਂ ਨੂੰ ਜਿਉਂਦੇ ਸਮੇਂ ਅਣਡਿਠ ਕੀਤਾ ਜਾਂਦਾ ਹੈ ਪ੍ਰੰਤੂ ਉਨ੍ਹਾਂ ਦੇ ਇਸ ਸੰਸਾਰ ਤੋਂ ਤੁਰ ਜਾਣ ਤੋਂ ਬਾਅਦ ਸਮਾਜ ਨੂੰ ਉਨ੍ਹਾਂ ਦੀ ਘਾਟ ਮਹਿਸੂਸ ਹੋਣ ਲੱਗਦੀ ਹੈ। ਭਾਵ ਜਿਉਂਦੇ ਜੀਅ ਕੱਖ ਦੇ ਨਹੀਂ ਸਮਝਿਆ ਜਾਂਦਾ ਪ੍ਰੰਤੂ ਮਰਨ ਤੋਂ ਬਾਅਦ ਲੱਖਾਂ ਦੇ ਹੋ ਜਾਂਦੇ ਹਨ। ਬਿਲਕੁਲ ਇਸੇ ਤਰ੍ਹਾਂ ਵਰਤਮਾਨ ਸਮੇਂ ਜਦੋਂ ਪੰਥ ਦੀ ਹੋਂਦ ਖ਼ਤਰੇ ਵਿੱਚ ਪੈ ਗਈ ਤਾਂ ਜਥੇਦਾਰ ਟੌਹੜਾ ਦੀ ਘਾਟ ਸਿੱਖ ਪੰਥ ਨੂੰ ਖਟਕ ਹੋ ਰਹੀ ਹੈ। ਪੰਥ ਦੀ ਅਗਵਾਈ ਕਰਨ ਲਈ ਜਥੇਦਾਰ ਗੁਰਚਰਨ ਸਿੰਘ ਵਰਗੇ ਪੰਥਕ ਸੋਚ ਦੇ ਧਾਰਨੀ ਨੇਤਾ ਦੀ ਲੋੜ ਹੈ। ਪੰਥ ਦੀ ਮਾਇਆਨਾਜ਼ ਹਸਤੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਅਕਾਲ ਪੁਰਖ ਦੇ ਚਰਨਾ ਵਿੱਚ ਜਾਣ ਤੋਂ 18 ਸਾਲ ਬਾਅਦ ਵੀ ਉਨ੍ਹਾਂ ਦੀ ਯਾਦ ਗੁਰਮਿਤ ਦੇ ਧਾਰਨੀ ਸਿੱਖ ਜਗਤ ਲਈ ਤਾਜਾ ਹੈ। ਪੰਥਕ ਵਿਚਾਰਧਾਰਾ ਵਾਲੇ ਸਿੱਖ ਜਗਤ ਨੂੰ ਪੰਥ ਦੀ ਵਰਤਮਾਨ ਤਰਸਯੋਗ ਹਾਲਤ ਨੂੰ ਮਹਿਸੂਸ ਕਰਦਿਆਂ ਜਥੇਦਾਰ ਟੌਹੜਾ ਦੀ ਯਾਦ ਸਤਾ ਰਹੀ ਹੈ। ਉਨ੍ਹਾਂ ਦੀ ਬੇਦਾਗ਼ ਸ਼ਖ਼ਸੀਅਤ ਸਿੱਖ ਸਮਦਾਇ ਲਈ ਹਮੇਸ਼ਾ ਧਰੂ ਤਾਰੇ ਦੀ ਤਰ੍ਹਾਂ ਰੌਸ਼ਨੀ ਦਿੰਦੀ ਰਹੇਗੀ। ਵਰਤਮਾਨ ਸਮੇਂ ਵਿੱਚ ਪੰਥ ਦੀ ਬੇਬਾਕ ਅਤੇ ਧੜੱਲੇਦਾਰ ਹਸਤੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ, ਜਦੋਂ ਸਿੱਖ ਪੰਥ ਦੀ ਅਗਵਾਈ ਕਰਨ ਵਾਲਾ ਕੋਈ ਯੋਗ  ਕਰਮਯੋਗੀ ਗੁਰਮਤਿ ਵਿਚਾਰਧਾਰਾ ਨੂੰ ਸਮਝਣ ਅਤੇ ਉਸ ‘ਤੇ ਪਹਿਰਾ ਦੇਣ ਵਾਲਾ ਮੌਜੂਦ ਹੀ ਨਾ ਹੋਵੇ। ਜਥੇਦਾਰ ਗੁਰਚਰਨ ਸਿੰਘ ਟੌਹੜਾ ਪੰਥਕ ਸੋਚ ਦੇ ਪਹਿਰੇਦਾਰ ਬਣਕੇ 27 ਸਾਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹਿਨਮਾਈ ਕਰਦੇ ਰਹੇ। ਅਧਿਆਤਮਿਕਤਾ ਅਤੇ ਸਿਆਸਤ ਦਾ ਸੁਮੇਲ ਟਾਵੇਂ ਟਾਵੇਂ ਵਿਅਕਤੀਆਂ ਵਿਚ ਹੁੰਦਾ ਹੈ। ਇਹ ਮਾਣ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਜਾਂਦਾ ਹੈ, ਜਿਨ੍ਹਾਂ ਦੀ ਵਿਦਵਤਾ ਦਾ ਸਿੱਕਾ ਪੰਥਕ ਸੋਚ ਵਾਲੀ ਸੰਗਤ ‘ਤੇ ਚਲਦਾ ਸੀ। ਭਾਵੇਂ ਉਨ੍ਹਾਂ ਕੋਲ ਸ਼ਰੋਮਣੀ ਅਕਾਲੀ ਦਲ ਦਾ ਵੱਡਾ ਅਹੁਦਾ ਨਹੀਂ ਸੀ ਪ੍ਰੰਤੂ ਉਨ੍ਹਾਂ ਦਾ ਅਕਾਲੀ ਦਲ ਦੀ ਸਰਕਾਰ ‘ਤੇ ਦਬਦਬਾ ਇਤਨਾ ਹੁੰਦਾ ਸੀ ਕਿ ਛੇਤੀ ਕੀਤਿਆਂ ਸਰਕਾਰ ਉਨ੍ਹਾਂ ਦੀ ਰਾਏ ਨੂੰ ਅਣਡਿਠ ਕਰਨਾ ਅਸੰਭਵ ਹੋ ਜਾਂਦਾ ਸੀ। ਕਿਉਂਕਿ ਉਹ ਪੰਥ ਦੀ ਚੜ੍ਹਦੀ ਕਲਾ ਦੇ ਲਖਾਇਕ ਸਨ। ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਜ਼ਿੰਮੇਵਾਰੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਰ ਹੁੰਦੀ ਹੈ। ਇਸ ਧਾਰਮਿਕ ਸੰਸਥਾ ਦੀ ਪ੍ਰਧਾਨਗੀ ਸਭ ਤੋਂ ਲੰਮਾ ਸਮਾਂ ਕਰਨ ਦਾ ਮਾਣ ਸਿਖਾਂ ਦੇ ਰੌਸ਼ਨ ਦਿਮਾਗ਼ ਦੇ ਤੌਰ ਤੇ ਜਾਣੇ ਜਾਂਦੇ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਜਾਂਦਾ ਹੈ। ਉਹ ਸਿਆਸਤਦਾਨ ਨਾਲੋਂ ਧਾਰਮਿਕ ਵਿਅਕਤੀ ਜ਼ਿਆਦਾ ਸਨ। ਉਹ ਮੀਰੀ ਪੀਰੀ ਦੇ ਸਿਧਾਂਤ ਦੇ ਪਹਿਰੇਦਾਰ ਸਨ, ਜਿਹੜੇ ਸਿਆਸੀ ਸਰਪਰਸਤੀ ਦੀ ਛਤਰ ਛਾਇਆ ਹੇਠ ਧਰਮ ਦੀ ਪ੍ਰਫੁਲਤਾ ਚਾਹੁੰਦੇ ਸਨ। ਪ੍ਰੰਤੂ ਧਰਮ ਨੂੰ ਸਿਆਸਤਦਾਨਾ ਦੇ ਅਧੀਨ ਨਹੀਂ ਬਣਨ ਦੇਣਾ ਚਾਹੁੰਦੇ ਸਨ, ਜਿਸਦਾ ਇਵਜ਼ਾਨਾ ਉਨ੍ਹਾਂ ਨੂੰ ਭੁਗਤਣਾ ਪਿਆ, ਜਦੋਂ ਉਨ੍ਹਾਂ ਨੂੰ 1999 ਵਿੱਚ ਸਿੱਖ ਸਾਜਨਾ ਦੇ 300 ਸਾਲਾ ਸਮਾਗਮਾ ਸਮੇਂ ਅਕਾਲੀ ਦਲ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਮਜ਼ਬੂਰ ਹੋ ਕੇ ਕਿਨਾਰਾ ਕਰਨਾ ਪਿਆ। ਉਹ ਹਰ ਸਿੱਖ ਅਤੇ ਸਿੱਖ ਧਰਮ ਦੇ ਮੁੱਦਈ ਨੂੰ ਆਪਣੇ ਧਰਮ ਵਿੱਚ ਰਹਿਤ ਮਰਿਆਦਾ ਅਨੁਸਾਰ ਪਰਪੱਕ ਰਹਿਣ ਦੀ ਪ੍ਰੇਰਨਾ ਦਿੰਦੇ ਸਨ। ਉਨ੍ਹਾਂ ਵਿੱਚ ਇਕ ਹੋਰ ਗੁਣ ਸੀ ਕਿ ਉਹ ਸਾਰੇ ਧਰਮਾ ਦੇ ਅਨੁਆਈਆਂ ਨੂੰ ਆਪੋ ਆਪਣੇ ਧਰਮਾ ਦੇ ਸਿਧਾਂਤਾਂ ਅਨੁਸਾਰ ਜੀਵਨ ਬਸਰ ਕਰਨ ਲਈ ਕਹਿੰਦੇ ਸਨ। ਕੁਝ ਲੋਕ ਉਨ੍ਹਾਂ ਨੂੰ ਕੱਟੜਵਾਦੀ ਦਾ ਖ਼ਿਤਾਬ ਦਿੰਦੇ ਸਨ ਜੋ ਬਿਲਕੁਲ ਗ਼ਲਤ ਸੀ। ਉਹ ਧਾਰਮਿਕ ਸਿਧਾਂਤਾਂ ਦੀ ਅਵੱਗਿਆ ਦੇ ਵਿਰੁੱਧ ਸਨ। ਉਹ ਸਿੱਖ ਸੰਗਤਾਂ ਅਤੇ ਖਾਸ ਤੌਰ ‘ਤੇ ਨੌਜਵਾਨਾ ਨੂੰ ਪ੍ਰੇਰਨਾ ਦੇ ਕੇ ਗੁਰੂ ਦੇ ਲੜ ਲਾਉਣ ਦੀ ਸਮਰੱਥਾ ਰੱਖਦੇ ਸਨ। ਜੇ ਇਉਂ ਕਹਿ ਲਈਏ ਕਿ ਉਹ ਸਿਖੀ ਨੂੰ ਪ੍ਰਣਾਏ ਹੋ ਇਨਸਾਨ ਸਨ ਤਾਂ ਇਸ ਵਿਚ ਵੀ ਕੋਈ ਅਤਕਥਨੀ ਨਹੀਂ, ਜਿਨ੍ਹਾਂ ਆਪਣੀ ਸਾਰੀ ਉਮਰ ਇਮਾਨਦਾਰੀ, ਸਾਦਗੀ ਅਤੇ ਦਿਆਨਤਦਾਰੀ ਨਾਲ ਸਿਖ ਪਰੰਪਰਾਵਾਂ ਤੇ ਪਹਿਰਾ ਹੀ ਨਹੀਂ ਦਿੱਤਾ, ਸਗੋਂ ਨੌਜਵਾਨ ਪੀੜ੍ਹੀ ਨੂੰ ਸਿਖੀ ਨਾਲ ਜੋੜ ਕੇ ਰੱਖਣ ਵਿਚ ਸਫਲਤਾ ਵੀ ਪ੍ਰਾਪਤ ਕੀਤੀ। ਮੈਂ ਪਟਿਆਲਾ ਜਿਲ੍ਹੇ ਵਿੱਚ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਰਿਹਾ ਹਾਂ। ਉਨ੍ਹਾਂ ਦੇ ਪਿੰਡ ਟੌਹੜਾ ਵਿਖੇ ਸਵਖਤੇ ਹੀ ਉਨ੍ਹਾਂ ਨੂੰ ਮਿਲਣ ਵਾਲਿਆਂ ਦੀਆਂ ਕਤਾਰਾਂ ਲੱਗ ਜਾਂਦੀਆਂ ਸਨ। ਸੰਤੁਸ਼ਟੀ ਅਤੇ ਤਸੱਲੀ ਦੀ ਗੱਲ ਹੈ ਕਿ ਉਨ੍ਹਾਂ ਨੂੰ ਮਿਲਣ ਵਾਲੇ ਘੰਟਿਆਂ ਬੱਧੀ ਇੰਤਜ਼ਾਰ ਕਰਦੇ ਰਹਿੰਦੇ ਸਨ ਅਤੇ ਲਗਪਗ ਸਾਰੇ ਹੀ ਸੰਤੁਸ਼ਟ ਹੋ ਕੇ ਵਾਪਸ ਪ੍ਰਤਦੇ ਸਨ। ਉਹ ਸੱਚੇ ਸੁੱਚੇ ਖ਼ਰੀ ਗੱਲ ਮੂੰਹ ‘ਤੇ ਕਹਿਣ ਦੀ ਹਿੰਮਤ ਰੱਖਣ ਵਾਲੇ ਵਿਅਕਤੀ ਸਨ।

ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਜਨਮ 24 ਸਤੰਬਰ 1924 ਨੂੰ ਦਲੀਪ ਸਿੰਘ ਦੇ ਘਰ ਮਾਤਾ ਬਸੰਤ ਕੌਰ ਦੀ ਕੁਖੋਂ ਪਟਿਆਲਾ ਜਿਲ੍ਹੇ ਦੇ ਪਿੰਡ ਟੌਹੜਾ ਵਿਖੇ ਹੋਇਆ। ਉਨ੍ਹਾਂ ਦਾ ਬਚਪਨ ਤੋਂ ਹੀ ਸਿਖੀ ਵਲ ਰੁਝਾਨ ਸੀ ਕਿਉਂਕਿ ਉਨ੍ਹਾਂ ਦੇ ਮਾਤਾ ਪਿਤਾ ਵੀ ਪੂਰਨ ਗੁਰਸਿਖ ਸਨ। ਇਸ ਲਈ ਉਨ੍ਹਾਂ ਨੇ 13 ਸਾਲ ਦੀ ਉਮਰ ਵਿਚ 1937 ਵਿਚ ਅੰਮ੍ਰਿਤ ਪਾਨ ਕਰਕੇ ਗੁਰੂ ਦੇ ਲੜ ਲੱਗ ਗਏ । ਉਹ ਲਗਪਗ 18 ਸਾਲ ਸਿਖੀ ਅਤੇ ਸਿਖ ਵਿਚਾਰਧਾਰਾ ਦੇ ਪ੍ਰਚਾਰਕ ਦੇ ਤੌਰ ਤੇ ਵਿਚਰਦੇ ਹੋਏ ਸਾਰੀ ਉਮਰ ਸਿਖ ਵਿਚਾਰਧਾਰਾ ਨੂੰ ਸਮਰਪਤ ਰਹੇ। ਉਨ੍ਹਾਂ ਨੇ ਬਹੁਤੀ ਵਿਦਿਆ ਪ੍ਰਾਪਤ ਨਹੀਂ ਕੀਤੀ ਪ੍ਰੰਤੂ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਿਆਨੀ ਦੀ ਪ੍ਰੀਖਿਆ ਪਾਸ ਕਰ ਲਈ ਅਤੇ ਥੋੜ੍ਹਾ ਸਮਾਂ ਸੰਸਕ੍ਰਿਤ ਵਿਦਿਆਲਿਆ ਵਿਚ ਪੜ੍ਹਾਈ ਕੀਤੀ। ਮਹਿਜ਼ 14 ਸਾਲ ਦੀ ਉਮਰ ਵਿਚ ਸ਼ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਕੇ ਆਪਣਾ ਸਿਆਸੀ ਜੀਵਨ ਸ਼ੁਰੂ ਕਰ ਲਿਆ। ਉਨ੍ਹਾਂ ਨੇ ਅਕਾਲੀ ਮੋਰਚੇ ਵਿਚ 20 ਸਾਲ ਦੀ ਉਮਰ ਵਿੱਚ 1944 ਵਿਚ ਹਿੱਸਾ ਲਿਆ ਅਤੇ ਜੇਲ੍ਹ ਯਾਤਰਾ ਵੀ ਕੀਤੀ। ਉਨ੍ਹਾਂ ਨੂੰ ਪਹਿਲੀ ਵਾਰ 1948 ਵਿਚ ਰਿਆਸਤੀ ਅਕਾਲੀ ਦਲ ਦਾ ਸਕੱਤਰ ਬਣਾਇਆ ਗਿਆ। 1952 ਵਿਚ ਜਿਲ੍ਹਾ ਅਕਾਲੀ ਜੱਥਾ ਫਤਿਹਗੜ੍ਹ ਸਾਹਿਬ ਦੇ ਜਥੇਦਾਰ ਬਣੇ। ਪਟਿਆਲਾ ਰਿਆਸਤ ਦੇ ਪੰਜਾਬ ਵਿਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੂੰ 1957 ਵਿਚ ਜਿਲ੍ਹਾ ਅਕਾਲੀ ਜੱਥਾ ਪਟਿਆਲਾ ਦਾ ਪ੍ਰਧਾਨ ਬਣਾਇਆ ਗਿਆ। ਅਕਾਲੀ ਦਲ ਦੀ ਸਿਆਸਤ ਵਿਚ ਉਹ ਅਕਾਲੀ ਦਲ ਦੇ ਮਾਸਟਰ ਤਾਰਾ ਸਿੰਘ ਧੜੇ ਵਿਚ ਸ਼ਾਮਲ ਹੋ ਗਏ ਅਤੇ ਮਾਸਟਰ ਤਾਰਾ ਸਿੰਘ ਨੇ 1959 ਵਿਚ ਸ਼ਰੋਮਣੀ ਅਕਾਲੀ ਦਲ ਪੰਜਾਬ ਦਾ ਉਪ ਪ੍ਰਧਾਨ ਬਣਾ ਦਿੱਤਾ। 1960 ਵਿਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਗਏ ਅਤੇ ਲਗਾਤਾਰ ਉਸ ਤੋਂ ਬਾਅਦ ਆਪਣੀ ਮੌਤ 1 ਅਪ੍ਰੈਲ 2004 ਤੱਕ 44 ਸਾਲ ਇਸਦੇ ਮੈਂਬਰ ਰਹੇ। ਉਹ 6 ਜਨਵਰੀ 1973 ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ ਅਤੇ ਇਸ ਤੋਂ ਬਾਅਦ ਲਗਾਤਾਰ 27 ਵਾਰ ਪ੍ਰਧਾਨ ਚੁਣੇ ਜਾਂਦੇ ਰਹੇ। 14 ਅਪ੍ਰੈਲ 1999 ਨੂੰ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਨੇ 30 ਮਈ 1999 ਨੂੰ ਸਰਬ ਹਿੰਦ ਅਕਾਲੀ ਦਲ ਦੀ ਸਥਾਪਨਾ ਕੀਤੀ ਅਤੇ ਉਸਦੇ ਪ੍ਰਧਾਨ ਬਣ ਗਏੇ , ਜਦੋਂ ਉਨ੍ਹਾਂ ਦੋਹਾਂ ਲੀਡਰਾਂ ਦਾ ਆਪਸ ਵਿਚ ਸਮਝੌਤਾ ਹੋ ਗਿਆ ਤਾਂ ਫਿਰ ਉਨ੍ਹਾਂ ਨੂੰ ਦੁਬਾਰਾ 20 ਜੁਲਾਈ 2003 ਵਿਚ ਪ੍ਰਧਾਨ ਬਣਾ ਦਿੱਤਾ।

ਉਹ 1969-76, 80-88 ਅਤੇ 98-2004 ਵਿਚ ਰਾਜ ਸਭਾ ਦੇ ਮੈਂਬਰ ਚੁਣੇ ਗਏ ਅਤੇ 1977 ਤੋਂ 79 ਤੱਕ ਪਟਿਆਲਾ ਤੋਂ ਲੋਕ ਸਭਾ ਦੇ ਮੈਂਬਰ ਰਹੇ। ਮਾਰਚ 2004 ਵਿਚ ਵੀ ਉਹ ਰਾਜ ਸਭਾ ਦੇ ਮੈਂਬਰ ਚੁਣੇ ਗਏ ਸਨ ਪ੍ਰੰਤੂ ਸਹੁੰ ਚੁਕਣ ਤੋਂ ਪਹਿਲਾਂ ਹੀ ਸਵਰਗ ਸਿਧਾਰ ਗਏ। ਜਥੇਦਾਰ ਟੌਹੜਾ ਹਮੇਸ਼ਾ ਹੀ ਕੰਡਿਆਲੇ ਰਾਹਾਂ ਦੇ ਪਾਂਧੀ ਰਹੇ ਹਨ ਪ੍ਰੰਤੂ ਕਦੇ ਲੜਖੜਾਏ ਨਹੀਂ ਸਿਰਫ ਆਪਣੀ ਜ਼ਿੰਦਗੀ ਦੇ ਅਖੀਰੀ ਦਿਨਾਂ ਵਿਚ ਪਰਿਵਾਰਿਕ ਮਜ਼ਬੂਰੀਆਂ ਕਰਕੇ ਉਸ ਨੂੰ ਥਿੜ੍ਹਕਣਾ ਪਿਆ। ਉਨ੍ਹਾਂ ਦਾ ਵਿਆਹ ਸਰਦਾਰਨੀ ਜੋਗਿੰਦਰ ਕੌਰ ਨਾਲ ਹੋਇਆ ਜੋ ਸਿਖ ਵਿਚਾਰਧਾਰਾ ਨਾਲ ਪਰੁਚੀ ਹੋਈ ਸੀ। ਉਨ੍ਹਾਂ ਦੀ ਇੱਕ ਗੋਦ ਲਈ ਹੋਈ ਲੜਕੀ ਕੁਲਦੀਪ ਕੌਰ ਹੈ ਜੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਰਹੇ ਹਨ। ਉਨ੍ਹਾਂ ਦਾ ਜਵਾਈ ਹਰਮੇਲ ਸਿੰਘ ਪੰਜਾਬ ਦਾ ਮੰਤਰੀ ਰਿਹਾ ਹੈ।

ਦੁੱਖ ਦੀ ਗੱਲ ਹੈ ਕਿ ਸਿੱਖ ਸਿਆਸਤ ਦੇ ਬਾਬਾ ਬੋਹੜ ਅਤੇ ਸ਼ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ 27 ਸਾਲ ਲਗਾਤਰ ਪਰਧਾਨਗੀ ਕਰਨ ਵਾਲੇ ਸੁਘੜ-ਸੂਝਵਾਨ- ਸਿਆਣੇ ਅਤੇ ਸਿੱਖ ਸਿਆਸਤ ਦੀ ਗੂੜ੍ਹੀ ਜਾਣਕਾਰੀ ਰੱਖਣ ਵਾਲੇ ਬਹੁਚਰਚਿਤ ਸਿਆਸਤਦਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਉਨ੍ਹਾਂ ਦੀ ਆਪਣੀ ਪਿਤਰੀ ਪਾਰਟੀ ਅਕਾਲੀ ਦਲ ਨੇ ਭੁਲਾਕੇ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਰੁਲਾਕੇ ਰੱਖ ਦਿੱਤਾ ਹੈੈ। ਜਿਸ ਪਾਰਟੀ ਵਿਚ ਉਸਨੇ ਬਚਪਨ ਤੋਂ ਹੀ ਤਨਦੇਹੀ ਨਾਲ ਕੰਮ ਕਰਕੇ ਅਨੇਕਾਂ ਪਰਾਣੀਆਂ ਨੂੰ ਗੁਰੂ ਦੇ ਲੜ ਲਾਇਆ ਸੀ। ਉਨ੍ਹਾਂ ਦੇ ਜੀਵਨ ਦੇ ਅਖ਼ੀਰਲੇ ਦਿਨਾ ਵਿਚ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ ਜਦੋਂ ਅਕਾਲੀ ਦਲ ਨੇ ਉਨ੍ਹਾਂ ਨੂੰ ਸ਼ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਹਟਾ ਦਿੱਤਾ ਸੀ।

ਉਨ੍ਹਾਂ ਨੇ ਆਪਣਾ ਕਿਰਦਾਰ ਅਤੇ ਅਕਸ ਸਾਫ ਸੁਥਰਾ ਰੱਖਿਆ। ਉਨ੍ਹਾਂ ਦੀ ਇਮਾਨਦਾਰ ਦਾ ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਹੈ ਕਿ ਜਿਹੜੀ ਜਾਇਦਾਦ ਪਿਤਾ ਪੁਰਖੀ ਵਿਰਾਸਤ ਵਿਚ ਮਿਲੀ ਸੀ, ਉਸ ਵਿਚ ਇੱਕ ਧੇਲੇ ਦਾ ਵੀ ਵਾਧਾ ਨਹੀਂ ਕੀਤਾ। ਇਤਨੇ ਵੱਡੇ ਅਹੁਦਿਆਂ ‘ਤੇ ਰਹਿੰਦਿਆਂ ਵੀ ਉਸੇ ਪੁਰਾਣੇ ਘਰ ਵਿੱਚ ਨਿਵਾਸ ਕਰਦੇ ਰਹੇ। ਸਿੱਖ ਪੰਥ ਅੱਜ ਉਨ੍ਹਾਂ ਯਾਦ ਕਰਕੇ ਆਪਣੀ ਸ਼ਰਧਾ ਦੇ ਘੁੱਲ ਭੇਂਟ ਕਰ ਰਿਹਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>