ਭਾਈ ਬਾਲੇ ਬਾਰੇ ਸੱਚ ਦੀ ਖੋਜ: ਅਮਨਜੋਤ ਸਿੰਘ ਸਢੌਰਾ

ਸਭ ਨੇ ਅਕਸਰ ਹੀ ਗੁਰੂ ਨਾਨਕ ਸਾਹਿਬ ਦੀ ਇਕ ਪ੍ਰਚਲਿਤ ਤਸਵੀਰ ਵੇਖੀ ਹੋਵੇਗੀ – ਜਿਸ ਵਿਚ ਇਕ ਦਰਖਤ ਥੱਲੇ ਗੁਰੂ ਨਾਨਕ ਸਾਹਿਬ, ਗੁਰੂ ਜੀ ਦੇ ਸੱਜੇ ਪਾਸੇ ਭਾਈ ਮਰਦਾਨਾ ਜੀ ਤੇ ਖੱਬੇ ਪਾਸੇ ਇਕ ਹੋਰ ‘ਵਿਅਕਤੀ’ ਬੈਠੇ ਹਨ। ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨੇ ਤੋਂ ਇਲਾਵਾ ਇਹ ਵਿਅਕਤੀ ਕੌਣ ਹੈ? ਇਸ ਲੇਖ ‘ਚ ‘ਇਸ ਵਿਅਕਤੀ’ ਬਾਰੇ ਜਾਣਨ ਦਾ ਯਤਨ ਕਰਾਂਗੇ – ਪ੍ਰਚਲਿਤ ਸਾਖੀਆਂ ਮੁਤਾਬਿਕ ਇਹ ਵਿਅਕਤੀ ਗੁਰੂ ਨਾਨਕ ਸਾਹਿਬ ਦਾ ਅਨਿੰਨ ਸਿੱਖ ‘ਭਾਈ ਬਾਲਾ’ ਹੈ। ‘ਗੁਰੂ ਨਾਨਕ ਪ੍ਰਕਾਸ਼’ ਤੇ ‘ਭਾਈ ਬਾਲੇ ਵਾਲੀ ਜਨਮਸਾਖੀ’ ਅਨੁਸਾਰ ਭਾਈ ਬਾਲਾ, ਰਾਇ ਭੋਇ ਕੀ ਤਲਵੰਡੀ (ਨਨਕਾਣਾ ਸਾਹਿਬ) ਦੇ ਨਿਵਾਸੀ ਚੰਦ੍ਰਭਾਨ ਸੰਧੂ ਜੱਟ ਦਾ ਸਪੁੱਤਰ ਸੀ ਜੋ ਚਾਰੋਂ ਪ੍ਰਚਾਰਕ ਦੌਰਿਆਂ ਸਮੇਂ ਬਾਬੇ ਨਾਨਕ ਨਾਲ ਰਿਹਾ। ਇਸ ਦਾ ਜਨਮ 1466 ਈ. ਨੂੰ ਅਤੇ ਦੇਹਾਂਤ 1552 ਈ. ਨੂੰ ਹੋਇਆ। ਇਸ ਨੇ ਹੀ ਦੂਜੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਨੂੰ ਗੁਰੂ ਨਾਨਕ ਜੀ ਦਾ ਜੀਵਨ ਚਰਿਤ੍ਰ ਸੁਣਾਇਆ, ਜਿਸ ਨੂੰ ਭਾਈ ਪੈੜੇ ਮੌਖੇ ਨੇ ਕਲਮਬੰਦ ਕੀਤਾ ਸੀ। ਇਹ ਲਿਖਤ ‘ਭਾਈ ਬਾਲੇ ਵਾਲੀ ਜਨਮਸਾਖੀ’ ਦੇ ਨਾਂ ‘ਤੇ ਪ੍ਰਚਲਿਤ ਹੈ।

ਅੱਜਕਲ੍ਹ ਭਾਈ ਬਾਲੇ ਦੀ ਹੋਂਦ-ਅਣਹੋਂਦ ‘ਤੇ ਸਵਾਲ ਚੁੱਕੇ ਜਾ ਰਹੇ ਹਨ। ਇਨ੍ਹਾਂ ਸਵਾਲਾਂ ਦੇ ਉੱਤਰ ਲੱਭ ਕੇ ਇਸ ਵਿਵਾਦ ਨੂੰ ਸੁਲਝਾਉਣਾ ਬਹੁਤ ਜ਼ਰੂਰੀ ਹੈ। ਇਹ ਵਿਵਾਦ ਸਿਰਫ ਖੋਜ ਤੇ ਪੜਚੋਲ ਰਾਹੀਂ ਹੀ ਸੁਲਝਾਇਆ ਜਾ ਸਕਦਾ ਹੈ। ਖੋਜ ਅਤੇ ਪੜਚੋਲ ਨਾਲ ਨਵੀਆਂ ਗੱਲਾਂ ਲੱਭਦੀਆਂ ਹਨ ਜਿਸ ਨਾਲ ਇਤਿਹਾਸ ਨੂੰ ਵਧੇਰੇ ਚੰਗਾ ਤੇ ਗੁਣਕਾਰੀ ਬਣਾਇਆ ਜਾ ਸਕਦਾ ਹੈ। ਸੰਨ 1886 ਈ. ਵਿੱਚ ਪ੍ਰੋ. ਗੁਰਮੁਖ ਸਿੰਘ ਜੀ ਨੇ ਆਪਣੇ ਮਾਸਕ ਪੱਤਰ ‘ਸੁਧਾਰਕ’ ‘ਚ ਛਪੇ ‘ਜਨਮ ਕੁੰਡਲੀਆਂ’ ਨਾਮੀ ਲੇਖ ਰਾਹੀਂ ਇਸ ਵਿਸ਼ੇ ‘ਤੇ ਕਈਂ ਤੱਥ ਪੇਸ਼ ਕੀਤੇ ਅਤੇ ਸੰਨ 1912 ਈ. ‘ਚ ਸ. ਕਰਮ ਸਿੰਘ ਹਿਸਟੋਰੀਅਨ ਨੇ ਵੀ ਇਸ ਵਿਸ਼ੇ ‘ਤੇ ਖੋਜ ਕਰਕੇ ਆਪਣੀ ਕਿਤਾਬ ‘ਕੱਤਕ ਕਿ ਵੈਸਾਖ’ ਰਾਹੀਂ ਭਾਈ ਬਾਲੇ ਨੂੰ ਕਲਪਿਤ ਪਾਤਰ ਮੰਨਿਆ ਹੈ। ਇਨ੍ਹਾਂ ਵਲੋਂ ਦਿੱਤੇ ਤੱਥਾਂ ਦੀ ਪੜਚੋਲ ਅਤੇ ਨਵੀਨ ਖੋਜਾਂ ਰਾਹੀਂ ਭਾਈ ਬਾਲੇ ਦੀ ਹੋਂਦ-ਅਣਹੋਂਦ ਦੇ ਵਿਵਾਦ ਨੂੰ ਸੁਲਝਾਉਣ ਦਾ ਇਸ ਲੇਖ ਦੁਆਰਾ ਯਤਨ ਕੀਤਾ ਜਾ ਰਿਹਾ ਹੈ।

ਭਾਈ ਗੁਰਦਾਸ ਜੀ ਗੁਰੂ ਨਾਨਕ ਸਾਹਿਬ ਦੇ ਧਰਮ-ਪ੍ਰਚਾਰ ਦੌਰਿਆਂ ਬਾਰੇ ਆਪਣੀ ਪਹਿਲੀ ਵਾਰ ਦੀ 35ਵੀਂ ਪਉੜੀ ‘ਚ ਲਿਖਦੇ ਹਨ -

‘ਬਾਬਾ ਗਿਆ ਬਗਦਾਦ ਨੂੰ ਬਾਹਿਰ ਜਾਇ ਕੀਆ ਅਸਥਾਨਾ।
ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ।’

ਉਪਰੋਕਤ ਪੰਕਤੀਆਂ ‘ਚ ਸਿਰਫ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਦਾ ਹੀ ਜ਼ਿਕਰ ਆਇਆ ਹੈ ਪਰ ਤੀਜੇ ਸਾਥੀ ਭਾਈ ਬਾਲੇ ਦਾ ਜ਼ਿਕਰ ਨਹੀਂ ਆਇਆ। ਇਸ ਤੋਂ ਸਿੱਧ ਹੁੰਦਾ ਹੈ ਕਿ ਚਾਰ ਪ੍ਰਚਾਰਕ ਯਾਤਰਾਵਾਂ ਦੌਰਾਨ ਭਾਈ ਬਾਲਾ ਗੁਰੂ ਨਾਨਕ ਸਾਹਿਬ ਨਾਲ ਨਹੀਂ ਸੀ।

ਤਾਰੂ ਪੋਪਟੁ ਤਾਰਿਆ ਗੁਰਮੁਖਿ ਬਾਲ ਸੁਭਾਇ ਉਦਾਸੀ।
ਮੂਲਾ ਕੀੜੁ ਵਖਾਣੀਐ ਚਲਿਤੁ ਅਚਰਜ ਲੁਭਿਤ ਗੁਰਦਾਸੀ।
ਪਿਰਥਾ ਖੇਡਾ ਸੋਇਰੀ ਚਰਣ ਸਰਣ ਸੁਖ ਸਹਜਿ ਨਿਵਾਸੀ।
ਭਲਾ ਰਬਾਬ ਵਜਾਇੰਦਾ ਮਜਲਸ ਮਰਦਾਨਾ ਮੀਰਾਸੀ।
ਪਿਰਥੀ ਮਲੁ ਸਹਗਲੁ ਭਲਾ ਰਾਮਾ ਡਿਡੀ ਭਗਤਿ ਅਭਿਆਸੀ।
ਦਉਲਤ ਖਾਂ ਲੋਦੀ ਭਲਾ ਹੋਆ ਜਿੰਦ ਪੀਰੁ ਅਬਿਨਾਸੀ।
ਮਾਲੋ ਮਾਂਗਾ ਸਿਖ ਦੁਇ ਗੁਰਬਾਣੀ ਰਸਿ ਰਸਿਕ ਬਿਲਾਸੀ।
ਸਨਮੁਖ ਕਾਲੂ ਆਸ ਧਾਰ ਗੁਰਬਾਣੀ ਦਰਗਹ ਸਾਬਾਸੀ।
ਗੁਰਮਤਿ ਭਾਉ ਭਗਤਿ ਪਰਗਾਸੀ॥ ੧੩॥

ਭਗਤੁ ਜੋ ਭਗਤਾ ਓਹਰੀ ਜਾਪੂਵੰਸੀ ਸੇਵ ਕਮਾਵੈ।
ਸੀਹਾਂ ਉਪਲ ਜਾਣੀਐ ਗਜਣੁ ਉਪਲੁ ਸਤਿਗੁਰ ਭਾਵੈ।
ਮੈਲਸੀਹਾਂ ਵਿਚਿ ਆਖੀਐ ਭਾਗੀਰਥੁ ਕਾਲੀ ਗੁਨ ਗਾਵੈ।
ਜਿਤਾ ਰੰਧਾਵਾ ਭਲਾ ਹੈ ਬੂੜਾ ਬੁਢਾ ਇਕ ਮਨਿ ਧਿਆਵੈ।
ਫਿਰਣਾ ਖਹਿਰਾ ਜੋਧੁ ਸਿਖੁ ਜੀਵਾਈ ਗੁਰੁ ਸੇਵ ਸਮਾਵੈ।
ਗੁਜਰੁ ਜਾਤਿ ਲੁਹਾਰੁ ਹੈ ਗੁਰ ਸਿਖੀ ਗੁਰਸਿਖ ਸੁਣਾਵੈ।
ਨਾਈ ਧਿੰਙ ਵਖਾਣੀਐ ਸਤਿਗੁਰ ਸੇਵਿ ਕੁਟੰਬੁ ਤਰਾਵੈ।
ਗੁਰਮੁਖਿ ਸੁਖ ਫਲ ਅਲਖ ਲਖਾਵੈ।।੧੪।। (ਭਾਈ ਗੁਰਦਾਸ – ਵਾਰ 11ਵੀਂ)

ਉਪਰੋਕਤ ਦੋਵੇਂ ਪਉੜੀਆਂ ‘ਚ ਗੁਰੂ ਨਾਨਕ ਸਾਹਿਬ ਦੇ ਕਰੀਬੀ ਸਿੱਖਾਂ ਦੇ ਨਾਮ ਆਏ ਹਨ ਪਰ ਅਚਰਜ ਵਾਲੀ ਗੱਲ ਹੈ ਕਿ ਭਾਈ ਬਾਲੇ ਦਾ ਨਾਂ ਨਹੀਂ ਆਇਆ। ਅਨੋਖੀ ਗੱਲ ਹੈ ਕਿ ਭਾਈ ਬਾਲਾ ਗੁਰੂ ਜੀ ਦੇ ਬਹੁਤ ਨਿਕਟਵਰਤੀ ਸਿੱਖ ਹੋਣ ਅਤੇ ਭਾਈ ਗੁਰਦਾਸ ਜੀ ਨੂੰ ਉਸ ਬਾਰੇ ਪਤਾ ਨਾ ਲੱਗਿਆ ਹੋਵੇ।

‘ਪੁਰਾਤਨ ਜਨਮਸਾਖੀ’, ‘ਹਾਫਜਾਬਾਦ ਵਾਲੀ ਜਨਮਸਾਖੀ’, ‘ਮਿਹਰਬਾਨ ਵਾਲੀ ਜਨਮਸਾਖੀ’, ‘ਜਨਮ ਪਤ੍ਰੀ ਬਾਬੇ ਜੀ ਕੀ’, ‘ਸਾਖੀ ਮਹਲੁ ਪਹਿਲੇ ਕੀ’ ਸਮੇਤ ਕਈਂ ਪੁਰਾਤਨ ਲਿਖਤਾਂ ‘ਚ ਭਾਈ ਮਰਦਾਨੇ ਦਾ ਨਾਂਅ ਥਾਂ-ਥਾਂ ਮਿਲ ਜਾਂਦਾ ਹੈ ਪਰ ਭਾਈ ਬਾਲੇ ਦਾ ਤਾਂ ਨਾਮੋ-ਨਿਸ਼ਾਂ ਨਹੀਂ ਮਿਲਦਾ।

ਇਸ ਤੋਂ ਅਗਾਂਹ ਸਾਨੂੰ ਅੱਜ ਤੀਕ ਪ੍ਰਾਪਤ ਹੋਈਆਂ ਤਸਵੀਰਾਂ ਦਾ ਹਵਾਲਾ ਮਿਲਦਾ ਹੈ। ਸ੍ਰ. ਕਰਮ ਸਿੰਘ ਹਿਸਟੋਰੀਅਨ ਅਨੁਸਾਰ ਗੁਰੂ ਕਾਲ ਦੀ ਇੱਕ ਇਮਾਰਤ ਲਹਿੰਦੇ ਪੰਜਾਬ ਦੇ ਲਾਹੌਰ ਜ਼ਿਲ੍ਹੇ ਦੇ ,ਮਾਣਕ ਪਿੰਡ ‘ਚ ਮਿਲਦੀ ਹੈ ਅਤੇ ਗੁਰੂ ਸਾਹਿਬ ਦੇ ਸਮੇਂ ਦੇ ਇੱਕ ਸਿੱਖ ਭਾਈ ਲਖਪਤਿ ਨੇ ਗੁਰੂ ਨਾਨਕ ਜੀ ਦੀ ਇੱਕ ਯਾਦਗਾਰ ਬਣਵਾਕੇ ਉਸਦੇ ਕੋਲ ਇਕ ਆਲੀਸ਼ਾਨ ਮਕਾਨ ਬਣਵਾਇਆ। ਇਨ੍ਹਾਂ ਦੋਵਾਂ ਸਮੇਤ ਗੁਰੂ ਕਾਲ ਦੀਆਂ ਕਈਂ ਇਮਾਰਤਾਂ ‘ਤੇ ਦਸਾਂ ਪਾਤਸ਼ਾਹੀਆਂ ਦੀ ਤਸਵੀਰ ਨਾਲ ਕੇਵਲ ਭਾਈ ਮਰਦਾਨੇ ਦੀ ਤਸਵੀਰ ਹੈ, ਭਾਈ ਬਾਲੇ ਦੀ ਨਹੀਂ।

ਇਹ ਗੱਲ ਹੋਈ ਪੁਰਾਤਨ ਤਸਵੀਰਾਂ ਦੀ, ਨਵੀਨ ਤਸਵੀਰਾਂ ‘ਚ ਗੁਰੂ ਨਾਨਕ ਸਾਹਿਬ ਨਾਲ ਭਾਈ ਮਰਦਾਨਾ ਜੀ ਰਬਾਬ ਅਤੇ ਭਾਈ ਬਾਲਾ ਮੋਰ ਪੰਖ ਲੈ ਕੇ ਬੈਠੇ ਹਨ। ਭਾਈ ਮਰਦਾਨਾ ਜੀ ਤਾਂ ਰਬਾਬ ਨਾਲ ਕੀਰਤਨ ਕਰਦੇ ਸਨ ਪਰ ਭਾਈ ਬਾਲਾ ਮੋਰ ਪੰਖ ਦਾ ਕੀ ਕਰਦਾ ਸੀ? ਮਿਥਿਹਾਸ ਅਨੁਸਾਰ ਭਾਈ ਬਾਲਾ ਮੋਰ ਪੰਖ ਨਾਲ ਗੁਰੂ ਸਾਹਿਬ ‘ਤੇ ਚੌਰ ਕਰਦਾ ਸੀ। ਚੌਰ ਅਕਸਰ ਰਾਜਿਆਂ-ਮਹਾਰਾਜਿਆਂ ‘ਤੇ ਕੀਤੀ ਜਾਂਦੀ ਸੀ ਜੋ ਵੀ. ਆਈ. ਪੀ. ਕਲਚਰ ਦਾ ਪ੍ਰਤੀਕ ਹੈ। ਗੁਰੂ ਸਾਹਿਬ ਨੇ ਆਪਣਾ ਸਾਰਾ ਜੀਵਨ ਧਰਮ ਪ੍ਰਚਾਰ ਲਈ ਲਾ ਦਿੱਤਾ। ਆਪਣੀਆਂ ਧਰਮ ਪ੍ਰਚਾਰ ਯਾਤਰਾਵਾਂ ਸਮੇਂ ਗੁਰੂ ਜੀ ਨੇ ਭਾਈ ਲਾਲੋ, ਜਿਸ ਨੂੰ ਸਮਾਜ ਨੀਵੀਂ ਜਾਤ ਦਾ ਸਮਝਦਾ ਸੀ, ਦੇ ਘਰ ਜਾ ਕੇ ਭੋਜਨ ਕਰਕੇ ਬਰਾਬਰਤਾ ਕਾਇਮ ਕੀਤੀ। ਗੁਰੂ ਜੀ ਨੇ ਆਪਣੀ ਬਾਣੀ ‘ਚ ਆਪਣੇ ਆਪ ਨੂੰ ਨੀਚ ਤੇ ਛੋਟਾ ਕਿਹਾ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਕੀ ਉਹੀ ਬਾਬਾ ਨਾਨਕ ਆਪਣੇ ਨਾਲ ਕੋਈ ਵਿਅਕਤੀ ਵਿਸ਼ੇਸ਼ ਲੈ ਕੇ ਆਪਣੇ ‘ਤੇ ਚੌਰ ਕਰਾਉਣਗੇ! ਦੂਜਾ ਪਹਿਲੂ ਵੇਖਦੇ ਹਾਂ ਕਿ ਇਸ ਤਸਵੀਰ ‘ਚ ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਜੀ ਦਾ ਦਾੜ੍ਹਾ ਬਿਲਕੁਲ ਸਫੈਦ ਹੈ ਤੇ ਭਾਈ ਬਾਲੇ ਦਾ ਦਾੜ੍ਹਾ ਇਕਦਮ ਕਾਲਾ ਪਰ ‘ਜਨਮਸਾਖੀ’ ਮੁਤਾਬਿਕ ਭਾਈ ਬਾਲਾ ਗੁਰੂ ਸਾਹਿਬ ਤੋਂ ਤਿੰਨ ਵਰ੍ਹੇ ਵੱਡਾ ਹੈ ਤੇ ਦਾੜ੍ਹੇ ‘ਚ ਇਨਾਂ ਜ਼ਿਆਦਾ ਫਰਕ! ਇਸ ਲਈ ਲੱਗਦਾ ਹੈ ਕਿ ਕਿਸੇ ਨੇ ਭਾਈ ਬਾਲੇ ਨੂੰ ਗੁਰੂ ਜੀ ਨਾਲ ਜ਼ਬਰਦਸਤੀ ਜੋੜਨ ਦੀ ਕੋਸ਼ਿਸ਼ ਕੀਤੀ ਹੈ, ਨਹੀਂ ਤਾਂ ਐਸੀ ਭੁੱਲ ਕਦੇ ਨਾ ਹੁੰਦੀ। ਜਦ ‘ਭਾਈ ਬਾਲੇ ਵਾਲੀ ਜਨਮਸਾਖੀ’ ਦਾ ਪ੍ਰਚਾਰ ਹੋਇਆ ਤਾਂ ਕਿਸੇ ਨੇ ਇਹ ਤਸਵੀਰ ਬਣਾ ਦਿੱਤੀ ਪਰ ਉਮਰ ਦਾ ਖਿਆਲ ਨਾ ਕੀਤਾ। ਇਸ ਤੋਂ ਸਿੱਧ ਹੁੰਦਾ ਹੈ ਕਿ ਭਾਈ ਬਾਲਾ ਇਕ ਕਾਲਪਨਿਕ ਪਾਤਰ ਹੈ।

ਅੱਜ ਤੱਕ ਅਸੀਂ ਜਿੰਨੀਆਂ ਵੀ ਗੁਰੂ ਨਾਨਕ ਸਾਹਿਬ ਬਾਰੇ ਸਾਖੀਆਂ ਸੁਣੀਆਂ ਹਨ, ਹਰ ਥਾਂ ਸਾਨੂੰ ਇਹ ਸੁਣਨ ਨੂੰ ਮਿਲਿਆ ਹੈ ਕਿ ਗੁਰੂ ਸਾਹਿਬ ਹਰ ਵਾਰ ਭਾਈ ਮਰਦਾਨੇ ਨੂੰ ਹੀ ਹਰ ਕੰਮ ਲਈ ਕਹਿੰਦੇ ਹਨ। ਕੋਈ ਵੀ ਸਾਖੀ ਐਸੀ ਨਹੀਂ ਜਿਸ ‘ਚ ਭਾਈ ਬਾਲੇ ਨੂੰ ਕਿਸੇ ਕੰਮ ਲਈ ਕਿਹਾ ਹੋਵੇ।

ਉਪਰੋਕਤ ਦਿੱਤੇ ਸਾਰੇ ਹਵਾਲਿਆਂ ਤੋਂ ਇਹ ਸਿੱਧ ਹੁੰਦਾ ਹੈ ਕਿ ਭਾਈ ਬਾਲਾ ਨਾ ਹੀ ਗੁਰੂ ਨਾਨਕ ਸਾਹਿਬ ਦਾ ਸੇਵਕ ਸੀ ਤੇ ਨਾ ਹੀ ਉਨ੍ਹਾਂ ਨਾਲ ਚਾਰੋਂ ਧਰਮ ਪ੍ਰਚਾਰ ਦੌਰਿਆਂ ਸਮੇਂ ਨਾਲ ਰਿਹਾ।

ਇਸ ਸਭ ਤੋਂ ਬਾਅਦ ਇੱਕ ਸਵਾਲ ਉੱਠਦਾ ਹੈ ਕਿ ਜੇ ਭਾਈ ਬਾਲਾ ਹੈ ਹੀ ਨਹੀਂ ਸੀ ਤਾਂ ਗੁਰੂ ਅੰਗਦ ਸਾਹਿਬ ਦੀ ਹਜੂਰੀ ‘ਚ ਭਾਈ ਪੈੜੇ ਮੌਖੇ ਦੁਆਰਾ ਲਿਖੀ ‘ਭਾਈ ਬਾਲੇ ਵਾਲੀ ਜਨਮਸਾਖੀ’ ਦਾ ਖੇਲ ਕੀ ਹੈ?

ਆਮ ਹੀ ਸੁਣਨ ਨੂੰ ਮਿਲਦਾ ਹੈ ਕਿ ਗੁਰੂ ਨਾਨਕ ਜੀ ਦੇ ਜੋਤੀ-ਜੋਤਿ ਸਮਾਉਣ ਮਗਰੋਂ ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਜੀ ਦਾ ਜੀਵਨ ਸੁਣਨ ਦੀ ਇੱਛਾ ਪ੍ਰਗਟ ਕੀਤੀ। ਭਾਈ ਬਾਲਾ ਆਇਆ ਤੇ ਸਾਖੀਆਂ ਸੁਣਾਈਆਂ ਜੋ ਭਾਈ ਪੈੜਾ ਮੌਖੇ ਨੇ ਕਲਮਬੰਦ ਕੀਤੀਆਂ। ਇਹ ਕਹਾਣੀ ‘ਭਾਈ ਬਾਲੇ ਦੀ ਜਨਮਸਾਖੀ’ ਦੀ ਅਰੰਭਤਾ ‘ਚ ਵੀ ਮਿਲਦੀ ਹੈ ਪਰ ਇਹ ਗੱਲ ਗੁਰਮਤਿ ਫਲਸਫੇ ਅਨੁਸਾਰ ਠੀਕ ਨਹੀਂ ਜਾਪਦੀ। ਗੁਰੂ ਸਾਹਿਬਾਨ ਦਾ ਫੁਰਮਾਣ ਹੈ ਕਿ ਸੁਖ-ਦੁੱਖ ਇਕ ਕਰਕੇ ਜਾਣੋ ਅਤੇ ਮੌਤ ਇੱਕ ਅਟੱਲ ਸੱਚਾਈ ਹੈ ਤੇ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਜੀ ਦੇ ਜੋਤੀ ਜੋਤਿ ਸਮਾਉਣ ਬਾਅਦ ਵੈਰਾਗ ‘ਚ ਨਹੀਂ ਆ ਸਕਦੇ।
ਭਾਈ ਬਾਲੇ ਵਾਲੀ ਜਨਮਸਾਖੀ ‘ਚ ਬਹੁਤ ਜਗ੍ਹਾ ਬਾਬੇ ਨਾਨਕ ਦੀ ਬਾਣੀ ਦਾ ਮੂਲ ਸਰੂਪ ਵਿਗਾੜਿਆ ਗਿਆ, ਕਿਧਰੇ ਆਪਣੇ ਵਲੋਂ ਤੁੱਕਬੰਦੀ ਕੀਤੀ ਗਈ ਤੇ ਕਿਧਰੇ ਗੁਰੂ ਸਾਹਿਬ ਦੇ ਨਾਂਅ ‘ਤੇ ਮਨਘੜੰਤ ਸ਼ਬਦ ਰਚੇ ਗਏ। ਇਹ ਗੱਲ ਬਿਲਕੁਲ ਵੀ ਮੰਣਨ ਯੋਗ ਨਹੀਂ ਹੈ ਕਿ ਗੁਰੂ ਅੰਗਦ ਸਾਹਿਬ ਬਾਣੀ ਦਾ ਸਰੂਪ ਵਿਗਾੜਨ ਦੀ ਇਜ਼ਾਜਤ ਦੇਣ। ਇਸ ਜਨਮਸਾਖੀ ‘ਚ ਗੁਰੂ ਨਾਨਕ ਸਾਹਿਬ ਦੀ ਸ਼ਖਸੀਅਤ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਗੁਰੂ ਅੰਗਦ ਸਾਹਿਬ ਕਦੀ ਨਾ ਹੋਣ ਦਿੰਦੇ। ਮੁੱਖ ਗੱਲ, ਗੁਰੂ ਸਾਹਿਬਾਂ ਨੇ ਜਾਤ-ਪਾਤ ਦੇ ਭੇਦ-ਭਾਵ ਨੂੰ ਖ਼ਤਮ ਕੀਤਾ ਪਰ ਇਸ ਜਨਮਸਾਖੀ ‘ਚ ਥਾਂ-ਥਾਂ ਜਾਤ-ਗੌਤ ਦੇ ਨਾਂਅ ਲਿਖੇ ਮਿਲਦੇ ਹਨ। ਇਸ ਜਨਮਸਾਖੀ ‘ਚ ਕਈਂ  ਐਸੀਆਂ ਅਯੋਗ ਗੱਲਾਂ ਲਿਖੀਆਂ ਹਨ ਜਿਸਨੂੰ ਕੋਈ ਵੀ ਪਾਠਕ ਸਹਿਜੇ ਹੀ ਪਛਾਣ ਜਾਵੇਗਾ ਕਿ ਇਹ ਸਿਰਫ ਗਪੋੜ ਦਾ ਭੰਡਾਰ ਹੈ। ਇਸ ਜਨਮਸਾਖੀ ਦੀ ਆਰੰਭਤਾ ‘ਚ ਜਨਮਸਾਖੀ ਲਿਖਣ ਦਾ ਵਰ੍ਹਾ 1525 ਈ. ਲਿਖਿਆ ਹੈ ਜੋ ਬਿਲਕੁਲ ਅਯੋਗ ਹੈ ਕਿਉਂਕਿ 1532 ਈ. ‘ਚ ਤਾਂ ਭਾਈ ਲਹਿਣਾ ਜੀ ਦਾ ਗੁਰੂ ਨਾਨਕ ਸਾਹਿਬ ਨਾਲ ਮੇਲ ਹੋਇਆ ਅਤੇ 1539 ਈ. ‘ਚ ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਬਣੇ। ਸਤੰਬਰ 1539 ‘ਚ ਗੁਰੂ ਨਾਨਕ ਸਾਹਿਬ ਜੋਤੀ-ਜੋਤਿ ਸਮਾਏ ਤੇ ਜਨਮਸਾਖੀ ‘ਚ ਲਿਖਿਆ ਹੈ ਕਿ ਇਹ ਸਾਖੀ ਗੁਰੂ ਨਾਨਕ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਬਾਅਦ ਲਿਖੀ ਗਈ ਹੈ।
ਸ੍ਰ. ਕਰਮ ਸਿੰਘ ਹਿਸਟੋਰੀਅਨ ਇਸ ਜਨਮਸਾਖੀ ਬਾਰੇ ਲਿਖਦੇ ਹਨ – “ਪਾਠਕ ਜੀ ! ਮੈਂ ਭਾਈ ਗੁਰਮੁਖ ਸਿੰਘ ਜੀ ਸਵਰਗਵਾਸੀ ਨਾਲ ਇਕ ਸੁਰ ਹੋ ਦੁਹਾਈ ਦੇ ਕੇ ਆਖਦਾ ਹਾਂ ਕਿ ‘ਇਹ (ਭਾਈ ਬਾਲੇ ਵਾਲੀ) ਸਾਖੀ ਸ਼ੁਰੂ ਤੋਂ ਲੈ ਕੇ ਅਖੀਰ ਤਕ ਜਾਲ ਹੈ, ਝੂਠੀ ਹੈ, ਬਣਾਉਟੀ ਹੈ, ਨਿੰਦਿਆ ਨਾਲ ਭਰੀ ਪਈ ਹੈ, ਸੁਣਨ ਦੇ ਯੋਗ ਨਹੀਂ, ਦੇਖਣ ਦੇ ਕੰਮ ਨਹੀਂ, ਮੰਨਣ ਦੇ ਲੈਕ ਨਹੀਂ, ਏਸ ਨੂੰ ਬੰਨ੍ਹ ਕੇ ਅਜਿਹੇ ਥਾਂ ਪੁਚਾਉਣਾ ਚਾਹੀਏ ਜਿਥੋਂ ਇਸ ਦਾ ਖੁਰਾ ਖੋਜ ਨਾ ਮਿਲੇ।”

ਅਖੀਰ ‘ਚ ਸਵਾਲ ਆਉਂਦਾ ਹੈ ਕਿ ਜੇ ‘ਭਾਈ ਬਾਲੇ ਵਾਲੀ ਜਨਮਸਾਖੀ’ ਗੁਰੂ ਅੰਗਦ ਸਾਹਿਬ ਨੇ ਨਹੀਂ ਲਿਖਵਾਈ ਤਾਂ ਇਹ ਜਨਮਸਾਖੀ ਕਦੋਂ ਤੇ ਕਿਸਨੇ ਲਿੱਖੀ ਤੇ ਭਾਈ ਬਾਲੇ ਦਾ ਪਾਤਰ ਕਿਸਨੇ ਤਿਆਰ ਕੀਤਾ?

ਭਾਈ ਬਾਲੇ ਵਾਲੀ ਜਨਮਸਾਖੀ ‘ਚ ਤੀਜੇ, ਚੌਥੇ ਤੇ ਪੰਜਵੇਂ ਪਾਤਸ਼ਾਹ ਦੇ ਸ਼ਬਦ ਦਰਜ਼ ਹਨ, ਜਿਵੇਂ ਕਸ਼ਮੀਰ ਦੇ ਪਾਲੀ ਵਾਲੀ ਸਾਖੀ ‘ਚ ਤੀਜੇ ਪਾਤਸ਼ਾਹ ਦਾ ਸ਼ਬਦ ‘ਗੁਰਿ ਮਿਲਿਐ ਮਨੁ ਰਹਸੀਐ….।’ ਮਿਲਦਾ ਹੈ। ਇਸ ਜਨਮਸਾਖੀ ‘ਚ ਸਲੋਕ ਤੇ ਪਉੜੀਆਂ ਉਸੇ ਤਰਤੀਬ ਅਨੁਸਾਰ ਪ੍ਰਾਪਤ ਹੁੰਦੇ ਹਨ ਜਿਵੇਂ ਪੰਜਵੇਂ ਪਾਤਸ਼ਾਹ ਨੇ ਆਦਿ ਗ੍ਰੰਥ ਦੀ ਸੰਪਾਦਨਾ ਵੇਲੇ ਤਰਤੀਬ ਦਿੱਤੀ ਸੀ। ਇਸ ਜਨਮਸਾਖੀ ‘ਚ ਵਾਹਿਗੁਰੂ, ਮਸੰਦ, ਏਮਨਾਬਾਦ, ਤਰਖਾਣ, ਆਦਿਕ ਸ਼ਬਦ ਆਏ ਜੋ ਪੰਜਵੇਂ ਪਾਤਸ਼ਾਹ ਸਮੇਂ ਇਜ਼ਾਦ ਹੋਏ ਸਨ। ਇਨ੍ਹਾਂ ਕਾਰਣਾਂ ਕਾਰਣ ਇਹ ਜਨਮਸਾਖੀ ਪੰਚਮ ਪਾਤਸ਼ਾਹ ਦੇ ਬਾਅਦ ਲਿਖੀ ਜਾਪਦੀ ਹੈ।

ਭਾਈ ਬਾਲੇ ਵਾਲੀ ਜਨਮਸਾਖੀ ਦਾ ਲਿਖਾਰੀ ਗੁਰੂ ਕਾ ਜੰਡਿਆਲਾ ਦਾ ਮਸੰਦ ਹੰਦਾਲ ਦਾ ਪੁੱਤਰ ਬਿਧੀ ਚੰਦ ਹੈ। ਅਸਲ ਵਿਚ ਬਿਧੀ ਚੰਦ ਨੇ ਆਪਣੇ ਪਿਤਾ ਹੰਦਾਲ ਤੇ ਵੱਡੇ ਭਰਾ ਬਾਲ ਚੰਦ ਦੇ ਦੇਹਾਂਤ ਬਾਅਦ ਬਾਲ ਚੰਦ ਨੂੰ ਹੀ ਭਾਈ ਬਾਲਾ ਬਣਾ ਕੇ ਗੁਰੂ ਨਾਨਕ ਸਾਹਿਬ ਦਾ ਸੇਵਕ ਤੇ ਹਮਸਫ਼ਰ ਬਣਾ ਦਿੱਤਾ ਅਤੇ ਭਾਈ ਬਾਲੇ ਦੇ ਨਾਂ ‘ਤੇ ਜਨਮਸਾਖੀ ਤਿਆਰ  ਕਰਵਾ ਕੇ ਗੁਰੂ ਨਾਨਕ ਸਾਹਿਬ ਦੀ ਸ਼ਖਸੀਅਤ ਡੇਗਣ ਦੀ ਕੋਸ਼ਿਸ਼ ਕੀਤੀ।

ਉਪਰੋਕਤ ਸਾਰੇ ਸਬੂਤਾਂ ਤੋਂ ਸਾਨੂੰ ਮੰਣਨਾ ਹੀ ਪਵੇਗਾ ਕਿ ਭਾਈ ਬਾਲਾ ਇਕ ਕਾਲਪਨਿਕ ਪਾਤਰ ਹੈ। ਭਾਈ ਬਾਲੇ ਵਾਲੀ ਜਨਮਸਾਖੀ ਗੁਰੂ ਅੰਗਦ ਸਾਹਿਬ ਨੇ ਨਹੀਂ ਸਗੋਂ ਹੰਦਾਲ ਦੇ ਪੁੱਤਰ ਬਿਧੀ ਚੰਦ ਨੇ ਲਿਖਵਾਈ ਸੀ ਜੋ ਝੂਠ ਦਾ ਭੰਡਾਰ ਹੈ ਪਰ ਇਸਨੂੰ ਪੂਰਾ ਪੰਥ ਕਈਂ ਵਰ੍ਹਿਆਂ ਤੋਂ ਇਤਿਹਾਸ ਦਾ ਪ੍ਰਮਾਣਿਕ ਸਰੋਤ ਮੰਨਦਾ ਰਿਹਾ ਅਤੇ ਗੁਰੂਘਰਾਂ ‘ਚ ਸਵੇਰੇ-ਸ਼ਾਮ ਇਸ ਜਨਮਸਾਖੀ ਦੀ ਕਥਾ ਵੀ ਹੁੰਦੀ ਰਹੀ। ਸਾਨੂੰ ਇਹੋ ਜਿਹੀਆਂ ਮਨਘੜੰਤ ਸਾਖੀਆਂ ਵਾਲੇ ਗ੍ਰੰਥਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਜੋ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸ਼ਬਦ ਗੁਰੂ ਅਤੇ ਗੁਰਮਤਿ ਵਿਚਾਰਧਾਰਾ ਤੋਂ ਨਿਖੇੜਦੀਆਂ ਹਨ। ਗੁਰੂ ਸਾਹਿਬ ਸਾਨੂੰ ਸ਼ਬਦ ਗੁਰੂ ਦੇ ਲੜ ਲਗਾ ਕੇ ਗਏ ਹਨ ਅਤੇ ਗੁਰੂ ਗ੍ਰੰਥ ਸਾਹਿਬ ਦੇ ਰੂਪ ‘ਚ ਬਾਣੀ ਦਾ ਅਨਮੋਲ ਖਜਾਨਾ ਦੇ ਕੇ ਗਏ ਹਨ। ਗੁਰੂ ਸਾਹਿਬਾਨ ਨੇ ਬਾਣੀ ਸੰਭਾਲੀ, ਨਾ ਕਿ ਸਾਖੀਆਂ। ਸੋ, ਸਾਨੂੰ ਇਸ ਤਰ੍ਹਾਂ ਦੀਆਂ ਮਨਘੜੰਤ ਸਾਖੀਆਂ ‘ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਬਾਬਾ ਨਾਨਕ ਦੀ ਨਿਰੋਲ ਗੁਰਮਤਿ ਵਿਚਾਰਧਾਰਾ ਨਾਲ ਜੋੜਨ ਦਾ ਯਤਨ ਕਰਨਾ ਚਾਹੀਦਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>