ਡਾ. ਹਰਕੇਸ਼ ਸਿੰਘ ਸਿੱਧੂ ਦੀ ਮੇਰੇ ਸੁਪਨੇ ਮੇਰੇ ਗੀਤ ਪੁਸਤਕ : ਨਵਾਂ ਸਮਾਜ ਸਿਰਜਣ ਦੀ ਹੂਕ ਉਜਾਗਰ ਸਿੰਘ

IMG_8429.resizedਡਾ. ਹਰਕੇਸ਼ ਸਿੰਘ ਸਿੱਧੂ ਆਸ਼ਾਵਾਦੀ ਸ਼ਾਇਰ ਹੈ। ਉਨ੍ਹਾਂ ਦੀ ਵਿਰਾਸਤ ਧਾਰਮਿਕ ਰੰਗ ਵਿੱਚ ਰੰਗੀ ਹੋਈ ਹੈ। ਇਸ ਕਰਕੇ ਉਨ੍ਹਾਂ ਦੀ ਹਰ ਸਾਹਿਤਕ ਰਚਨਾ ਵਿਚੋਂ ਸਿੱਖ ਧਰਮ ਦੀਆਂ ਪਰੰਪਰਾਵਾਂ, ਸਿਧਾਂਤਾਂ ਅਤੇ ਸਿਖਿਆਵਾਂ ਦੀ ਮਹਿਕ ਆਉਂਦੀ ਹੈ। ਉਨ੍ਹਾਂ ਦਾ ਸਾਰਾ ਜੀਵਨ ਵੀ ਜਦੋਜਹਿਦ ਦੀ ਚਾਸ਼ਣੀ ਵਿੱਚੋਂ ਨਿਕਲਕੇ ਸਾਫ਼ਗੋਈ ਵਾਲਾ ਬਣਿਆਂ ਹੋਇਆ ਹੈ। ਉਨ੍ਹਾਂ ਦੇ ਮਨ ਵਿੱਚ ਅਜੋਕੇ ਪ੍ਰਦੂਸ਼ਤ ਸਮਾਜਿਕ ਅਤੇ ਰਾਜਨੀਤਕ ਪ੍ਰਣਾਲੀ ਦੀ ਥਾਂ ਨਵਾਂ ਸਮਾਜ ਸਿਰਜਣ ਦੀ ਭਾਵਨਾ ਪ੍ਰਬਲ ਹੋਈ ਹੈ। ਇਹ ਸੰਗ੍ਰਹਿ ਵੀ ਉਸੇ ਦਿ੍ਰਸ਼ਟੀਕੋਣ ਨਾਲ ਲਿਖਿਆ ਗਿਆ ਲਗਦਾ ਹੈ। ਉਨ੍ਹਾਂ ਦਾ ਇਹ ਨਵਾਂ ਕਾਵਿ ਸੰਗ੍ਰਹਿ ‘ ਮੇਰੇ ਸੁਪਨੇ ਮੇਰੇ ਗੀਤ’ ਵੀ ਉਸੇ ਰੰਗ ਵਿੱਚ ਰੰਗਿਆ ਹੋਇਆ ਹੈ। ਇਸ ਕਾਵਿ ਸੰਗ੍ਰਹਿ ਦੀਆਂ ਬਹੁਤੀਆਂ ਕਵਿਤਾਵਾਂ ਹੱਕ ਤੇ ਸੱਚ ‘ਤੇ ਪਹਿਰਾ ਦੇਣ ਦਾ ਸੰਕਲਪ ਕਰਦੀਆਂ ਹੋਈਆਂ ਨਵਾਂ ਸਮਾਜ ਸਿਰਜਣ ਦੀ ਪ੍ਰੇਰਨਾ ਦਿੰਦੀਆਂ ਹਨ, ਜਿਸ ਵਿੱਚ ਇਨਸਾਫ਼ ਦਾ ਤਰਾਜੂ ਇਮਾਨਦਾਰ ਲੋਕਾਂ ਦੇ ਹੱਥਾਂ ਵਿੱਚ ਹੋਵੇ। ਮਨੁੱਖੀ ਅਧਿਕਾਰਾਂ ਦੇ ਲੋਕ ਪਹਿਰੇਦਾਰ ਬਣਕੇ ਵਿਚਰਦੇ ਹੋਏ ਸਮਾਜਿਕ ਤਾਣੇ ਬਾਣੇ ਦੇ ਭਾਈਚਾਰਕ ਸੰਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਆਪਣਾ ਯੋਗਦਾਨ ਪਾਉਣ। ਕਾਵਿ ਸੰਗ੍ਰਹਿ ਦੀ ਪਹਿਲੀ ਕਵਿਤਾ ਹੀ ਮੰਗਲਾਚਰਣ ਤੋਂ ਕਵੀ ਦੀ ਭਾਵਨਾ ਦਾ ਪ੍ਰਗਟਾਵਾ ਹੋ ਜਾਂਦਾ ਹੈ, ਜਦੋਂ ਉਹ ਗੁਰਬਾਣੀ ਦਾ ਆਸਰਾ ਲੈਂਦਾ ਹੋਇਆ ਮਾਨਵਤਾ ਦੇ ਭਲੇ ਅਤੇ ਬਰਾਬਰਤਾ ਦਾ ਪ੍ਰਣ ਕਰਦਾ ਹੈ। ਉਨ੍ਹਾਂ ਦੇ ਕਾਵਿ ਸੰਗ੍ਰਹਿ ਦਾ ਅਧਿਐਨ ਕਰਨ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਵਰਤਮਾਨ ਸਮਾਜ ਵਿਚ ਫ਼ੈਲੀਆਂ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਸਭਿਆਚਾਰਕ ਲਾਹਣਤਾਂ ਨੂੰ ਦੂਰ ਕਰਨਾ ਉਨ੍ਹਾਂ ਦਾ ਮੁੱਖ ਆਧਾਰ ਹੈ।  ਕੈਂਸਰ, ਦਾਜ, ਪਰਵਾਸ, ਆਤਮ ਹੱਤਿਆਵਾਂ, ਕਿਰਤੀਆਂ ਦਾ ਦਰਦ, ਭਰੂਣ ਹੱਤਿਆਵਾਂ, ਭਰਿਸ਼ਟਾਚਾਰ ਅਤੇ ਰੁਜ਼ਗਾਰ ਦੀਆਂ ਸਮੱਸਿਆਵਾਂ ਉਨ੍ਹਾਂ ਦੀ ਬਹੁਤੀਆਂ ਕਵਿਤਾਵਾਂ ਦਾ ਧੁਰਾ ਹਨ, ਜਿਨ੍ਹਾਂ ਨੇ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ।  ਇਸ ਕਾਵਿ ਸੰਗ੍ਰਹਿ ਦੀ ਹਰ ਕਵਿਤਾ ਬਹੁਤ ਹੀ ਸਾਰਥਿਕ ਸੁਨੇਹੇ ਦਿੰਦੀ ਹੋਈ ਮਾਨਵਤਾ ਨੂੰ ਆਪਣੇ ਹੱਕਾਂ ਲਈ ਲਾਮਬੰਦ ਹੋਣ ਦੀ ਤਾਕੀਦ ਕਰਦੀ ਹੈ। ਕਵਿਤਾਵਾਂ ਦਾ ਇਕ-ਇਕ ਸ਼ਬਦ ਅਤੇ ਇੱਕ-ਇਕ ਸਤਰ ਅਰਥ ਭਰਪੂਰ ਸੁਨੇਹੇ ਦਿੰਦੀ ਹੈ।  ਇਨ੍ਹਾਂ ਕਵਿਤਾਵਾਂ ਦੇ ਸੁਨੇਹੇ ਤੇ ਗੀਤ ਸਿਰਫ ਕਵੀ ਦੇ ਹੀ ਨਹੀਂ ਸਗੋਂ ਇਹ ਲੋਕਾਈ ਦੇੇ ਦਰਦ ਦੀ ਵੇਦਨਾ ਦੇ ਗੀਤ ਹਨ। ਕਵੀ ਆਪਣੀਆਂ ਕਵਿਤਾਵਾਂ ਨੂੰ ਲੋਕਾਈ ਦੀਆਂ ਕਵਿਤਾਵਾਂ ਬਣਾਉਣ ਵਿੱਚ ਸਫਲ ਹੋਇਆ ਹੈ। ਜੇ ਕਹਿ ਲਿਆ ਜਾਵੇ ਕਿ ਇਸ ਕਾਵਿ ਸੰਗ੍ਰਹਿ ਦੀਆਂ ਸਾਰੀਆਂ ਕਵਿਤਾਵਾਂ ਹੀ ਇਨਕਲਾਬੀ ਸੋਚ ਦੀਆਂ ਪ੍ਰਤੀਕ ਹਨ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ਮਾਨਵਤਾ ਨੂੰ ਆਪਣੇ ਹੱਕਾਂ ਲਈ ਜੂਝਣ ਦੀ ਸੰਦੇਸ਼ ਦਿੰਦੀਆਂ ਹਨ। ‘ਮੈਂ ਜੁਗਨੂੰ ਹਾਂ’ ਕਵਿਤਾ ਬਹੁਤ ਕੁਝ ਕਹਿ ਰਹੀ ਹੈ:

ਮੈਂ ਜੁਗਨੂੰ ਹਾਂ, ਜੁਗਨੂੰ ਰਹਾਂਗਾ, ਖ਼ੁਦ ਹਨੇਰੇ ਵਿੱਚ, ਰੁਸ਼ਨਾਵਾਂਗਾ।
ਕਾਲ਼ੇ ਭੂੰਡ, ਜੋ ਫੁੱਲਾਂ ਦਾ ਰਸ ਚੂਸਦੇ, ਉਨ੍ਹਾਂ ਭੂੰਡਾਂ ਦੀ ਸ਼ਾਮਤ ਲਿਆਵਾਂਗਾ।
ਅੰਧਘੋਰ, ਵਿੱਚ ਲੋੜ ਹੈ ਜੁਗਨੂੰਆਂ ਦੀ, ਜੁਗਨੂੰ ਬਣਕੇ, ਲਹਿਰ ਚਲਾਵਾਂਗਾ।

ਇਸੇ ਤਰ੍ਹਾਂ ਇਕ ਹੋਰ ਜੁਗਨੂੰ ਸਿਰਲੇਖ ਵਾਲੀ ਕਵਿਤਾ ਵਿੱਚ ਕਵੀ ਲੋਕਾਈ ਦੀ ਹਨ੍ਹੇਰੇ ਦੂਰ ਕਰਨ ਲਈ ਕੀਤੀ ਜਦੋਜਹਿਦ ਦਾ ਪ੍ਰਗਟਾਵਾ ਕਰਦਾ ਹੋਇਆ ਕਹਿੰਦਾ ਹੈ ਕਿ ਸਮਾਜ ਦੀ ਹੱਕ-ਸੱਚ ਅਤੇ ਇਨਸਾਫ਼ ਦੀ ਲੜਾਈ ਉਤਨੀ ਦੇਰ ਚਲਦੀ ਰਹੇਗੀ ਜਿਤਨੀ ਦੇ ਮੰਜ਼ਿਲ ਦੀ ਪ੍ਰਾਪਤੀ ਨਹੀਂ ਹੋ ਜਾਂਦੀ। ‘ਕਾਨੀ ਸਮੇਂ ਦੀ’ ਕਿਰਤੀਆਂ ਨੂੰ ਆਪਣੇ ਹੱਕਾਂ ਲਈ ਕੁਰੇਦਦੀ ਹੋਈ ਇਕਮੁੱਠ ਹੋਣ ਦੀ ਪ੍ਰੇਰਨਾ ਕਰਦੀ ਹੈ। ਉਹ ਸਾਹਿਤਕਾਰ ਜਾਂ ਲੇਖਕ ਦਾ ਕੀ ਲਾਭ ਜਿਹੜਾ ਲੋਕਾਈ ਦੇ ਹਿਤਾਂ ਲਈ ਕਲਮ ਦੀ ਵਰਤੋਂ ਨਹੀਂ ਕਰਦਾ, ਸਗੋਂ ਕਵੀ ਅਜਿਹੀ ਕਾਨੀ ਨੂੰ ਤੋੜਨ ਦੀ ਗੱਲ ਕਰਦਾ ਹੈ, ਜਿਹੜੀ ਲੋਕਾਂ ਦੇ ਹੱਕਾਂ ‘ਤੇ ਪਹਿਰਾ ਨਹੀਂ ਦਿੰਦੀ। ਭੱਠ ਪਿਆ ਸੋਨਾ ਜਿਹੜਾ ਕੰਨਾ ਨੂੰ ਖਾਵੇ। ਕਵੀ ਲਿਖਦਾ ਹੈ:

ਉਸ ਕਾਨੀ ਤਾਈਂ ਤੋੜ ਕੇ ਭੱਠ ਪਾਈਏ, ਜਿਨ੍ਹੇ ਬੁੱਝੀ ਨਾ ਗੱਲ, ਪਰਵਾਨਿਆਂ ਦੀ।

 

IMG_8428.resized‘ਚੁੱਪ’ ਕਵਿਤਾ ਵਿੱਚ ਕਵੀ ਲਿਖਦੇ ਹਨ ਕਿ ਲੋਕ ਕਿਤਨਾ ਚਿਰ ਚੁੱਪ ਚੁੱਪੀਤੇ ਜ਼ਬਰ ਸਹਿੰਦੇ ਰਹਿਣਗੇ। ਇੱਕ ਨਾ ਇੱਕ ਦਿਨ ਲੋਕਾਂ ਨੂੰ ਲਹਿਰ ਬਣਾਕੇ ਉਠਣਾ ਪਵੇਗਾ। ਕਵੀਆਂ, ਸਾਹਿਤਕਾਰਾਂ, ਵਿਦਵਾਨਾ ਨੂੰ ਵੰਗਾਰਦੇ ਹਨ ਕਿ ਮੂੰਹ ਖੋਲ੍ਹੋ ਨਹੀਂ ਸਮਾਂ ਤੁਹਾਨੂੰ ਮੁਆਫ਼ ਨਹੀਂ ਕਰੇਗਾ। ਏਸੇ ਤਰ੍ਹਾਂ ‘ਚਲਕੋਰ’ ਕਵਿਤਾ ਵਿੱਚ ਕਿਰਤੀਆਂ ਨੂੰ ਵੰਗਾਰਦੇ ਹੋਏ ਕਹਿੰਦੇ ਹਨ ਕਿ  ਬੇਈਮਾਨ ਅਤੇ ਚੋਰ ਵਹੀਰਾਂ ਘੱਤੀ ਫਿਰਦੇ ਹਨ, ਹੁਣ ਸਮਾਂ ਆ ਗਿਆ ਹੈ ਕਿ ਉਨ੍ਹਾਂ ਨੂੰ ਧੌਣ ਤੋਂ ਫੜ ਕੇ ਸਿੱਧੇ ਰਸਤੇ ਪੈਣ ਲਈ ਮਜ਼ਬੂਰ ਕਰੀਏ। ਖ਼ੁਦਕਸ਼ੀਆਂ, ਕਰਜ਼ੇ ਅਤੇ ਨਸ਼ੇਖ਼ੋਰੀਆਂ ਸੁਖੀ ਜੀਵਨ ਜਿਓਣ ਲਈ ਕੋਈ ਹੱਲ ਨਹੀਂ ਹਨ। ਇਨ੍ਹਾਂ ਤੋਂ ਕਿਨਾਰਾਕਸ਼ੀ ਸਮੇਂ ਅਤੇ ਹਾਲਾਤ ਦੀ ਜ਼ਰੂਰਤ ਹੈ। ਕਵੀ ਨੇ ਸਮਾਜ ਵਿਰੋਧੀ ਅਨਸਰਾਂ ਲਈ ਬੜੀ ਸਖ਼ਤ ਸ਼ਬਦਾਵਲੀ ਵਿੱਚ ਲੋਕਾਂ ਦੀਆਂ ਭਾਵਨਾਵਾਂ ਨੂੰ ਪ੍ਰਗਟ ਕੀਤਾ ਹੈ ਕਿਉਂਕਿ ਲੋਕਾਈ ਵਰਤਮਾਨ ਸਥਿਤੀ ਤੋਂ ਅਤਿਅੰਤ ਦੁੱਖੀ ਹੈ। ‘ਹੱਥ ਪਰਾਏ ਵਣਜ ਨਾ ਛੱਡੀਏ’ ਵਿੱਚ ਰੇਤ ਬਜ਼ਰੀ ਦੇ ਮਾਫ਼ੀਏ ਤੇ ਕਿੰਤੂ ਪ੍ਰੰਤੂ ਕਰਦੇ ਹਨ, ਜਿਸਨੇ ਭਰਿਸ਼ਟਾਚਾਰ ਨੂੰ ਬੜਾਵਾ ਦੇ ਕੇ ਸਮਾਜ ਵਿੱਚ ਆਰਥਿਕ ਅਸਮਾਨਤਾ ਪੈਦਾ ਕੀਤੀ ਹੈ। ‘ਇਨਕਲਾਬ ਦੀਆਂ ਗੱਲਾਂ’ ਵਿੱਚ ਮੁੱਦਿਆਂ ਦੀ ਸਿਆਸਤ ਕਰਨ ‘ਤੇ ਜ਼ੋਰ ਦੇ ਰਹੇ ਹਨ। ਸਿਹਤ, ਸਿਖਿਆ ਅਤੇ ਰੁਜ਼ਗਾਰ ਸਮੇਂ ਦੀ ਮੁੱਖ ਮੰਗ ਹੈ। ਬਾਕੀ ਮੁੱਦੇ ਪਿਛੇ ਰਹਿ ਗਏ ਹਨ। ‘ਲਾਹਨਤ’ ਅਤੇ ‘ਪਰਖ’ ਕਵਿਤਾਵਾਂ ਵਿੱਚ ਅਖ਼ੌਤੀ ਸਾਧਾਂ ਫ਼ਕੀਰਾਂ ਅਤੇ ਧਰਮ ਦੇ ਠੇਕੇਦਾਰਾਂ ਨੂੰ ਆੜੇ ਹੱਥੀਂ ਲੈਂਦਿਆਂ ਟਕੋਰਾਂ ਮਾਰੀਆਂ ਹਨ। ਵਿਗਿਆਨ ਦੀ ਮਹੱਤਤਾ ਨੂੰ ਵੀ ਸਮਝਣਾ ਸਮੇਂ ਜ਼ਰੂਰਤ ਹੈ। ‘ਚਿੜੀਆਂ ਦਾ ਚਹਿਕਣ’,  ‘ਫ਼ਤਿਹਾ’ ਅਤੇ ‘ਅੰਨੇ੍ਹ, ਗੂੰਗੇ, ਬਹਿਰੇ’ ਕਵਿਤਾਵਾਂ ਵਿਚ ਰਿਸ਼ਤਿਆਂ ਵਿੱਚ ਆਈ ਗਿਰਾਵਟ, ਪੁਲਿਸ ਦਾ ਰੋਲ, ਅਧਿਕਾਰੀਆਂ ਦੀ ਕਾਰਗਜ਼ਾਰੀ, ਭਰਿਸ਼ਟਾਚਾਰੀਆਂ ਅਤੇ ਮੌਕੇ ਦੇ ਹਾਕਮਾਂ ਨੂੰ ਸਖ਼ਤ ਸ਼ਬਦਾਵਲੀ ਵਿੱਚ ਨਿੰਦਿਆ ਹੈ। ਕਾਰਜਕਾਰੀ, ਨਿਆਇਕ ਅਤੇ ਰਾਜਨੀਤਕ ਲੋਕਾਂ ਦੀ ਮਿਲੀਭੁਗਤ ਦੇ ਨਤੀਜੇ ਆਮ ਲੋਕਾਂ ਨੂੰ ਭੁਗਤਣੇ ਪੈ ਰਹੇ ਹਨ। ‘ਪੌਣ ਪਾਣੀ’, ‘ਤਖ਼ਤਾਂ ਦੇ ਵਾਰਿਸ’ ਅਤੇ ‘ਖ਼ੁਦਗਰਜ਼ੀ ਦੇ ਰਿਸ਼ਤੇ’ ਕਵਿਤਾਵਾਂ ਵਿੱਚ ਕਵੀ ਨੇ ਭੂਮੀ ਦੀ ਦੁਰਵਰਤੋਂ, ਰੁੱਖਾਂ ਦੀ ਕਟਾਈ, ਜ਼ਹਿਰੀਆਂ ਗੈਸਾਂ ਦੀ ਅੰਨ੍ਹੇਵਾਹ ਵਰਤੋਂ, ਮਜ਼ਹਬ, ਜ਼ਾਤ ਪਾਤ ਅਤੇ ਭਰਿਸ਼ਟਾਚਾਰ ਦਾ ਭਾਂਡਾ ਭੰਨਿਆਂ ਹੈ। ‘ਅਦਾਲਤਾਂ’,  ‘ਸੱਚ ਦਾ ਸੁਕਰਾਤ’ ਅਤੇ ‘ਝੂਠ ਦੀ ਦੁਕਾਨ’ ਵਿੱਚ ਅਦਾਲਤਾਂ ਦੇ ਨਿਆਂ ਦਾ ਪਰਦਾ ਫ਼ਾਸ਼ ਕੀਤਾ ਅਤੇ ਕਾਨੂੰਨ ਦੇ ਰਾਜ ਦੀ ਪੋਲ ਖੋਲ੍ਹੀ ਹੈ। ਇਨਸਾਫ ਦਾ ਤਰਾਜੂ ਡਾਵਾਂਡੋਲ ਹੋ ਗਿਆ ਹੈ। ‘ਛੁਪਦੇ ਨਹੀਂ ਛੁਪਾਇਆਂ ਤੋਂ’ ਕਵਿਤਾ ਵਿੱਚ ਲੋਕ ਭੈੜੀਆਂ ਆਦਤਾਂ ਤੋਂ ਮਜ਼ਬੂਰ ਦੱਸੇ ਹਨ। ‘ਹਾਜੀ ਕਿਉਂ ਚਲਿਆ ਕਾਅਬੇ ਨੂੰ’ ਕਵਿਤਾ ਵਿੱਚ  ਦੱਸਿਆ ਕਿ ਇਨਸਾਨ ਜੋ ਚੰਗਾ ਜਾਂ ਮਾੜਾ ਕਰਦਾ ਹੈ, ਉਸਨੂੰ ਉਸਦੇ ਨਤੀਜੇ ਭੁਗਤਣੇ ਪੈਂਦੇ ਹਨ। ਜੋ ਕਰੋਗੇ ਸੋ ਭਰੋਗੇ ਦਾ ਸੰਕਲਪ ਦੁਹਰਾਇਆ ਅਤੇ ‘ਦੁੱਖ ਦੀ ਭਾਜੀ’ ਲੋਕਾਂ ਨੂੰ ਰਲ਼ ਮਿਲ਼ ਕੇ ਜ਼ਿੰਦਗੀ ਬਸਰ ਕਰਨ ਅਤੇ ਦੁੱਖ ਵੰਡਾਉਣ ਦੀ ਸਲਾਹ ਦਿੰਦੀ ਹੈ। ‘ਬੋਲਬਾਣੀ-ਵੱਡਾ ਸਲੀਕਾ’, ‘ਪੈਸਾ’, ‘ਸ਼ੋਹਰਤ’, ‘ਲਾਲਚ’ ਅਤੇ ‘ਮੁਕਤੀ’ ਕਵਿਤਾਵਾਂ ਸਲੀਕੇ ਨਾਲ ਵਿਵਹਾਰ ਕਰਨ ਅਤੇ ਮਾਵਾਂ ਭੈਣਾਂ ਨੂੰ ਬੁਰੀ ਨਿਗਾਹ ਨਾਲ ਵੇਖਣ ਅਤੇ ਮਜ਼ਹਬਾਂ ਦੇ ਠੇਕੇਦਾਰਾਂ ਦੀ ਪੋਲ੍ਹ ਖੋਲ੍ਹਦੀਆਂ ਹਨ। ‘ਘਪਲੇ’, ‘ਪਿੰਡ ਦੇ ਪੰਚੋ ਸਰਪੰਚੋ’ ਸਰਕਾਰੇ ਦਰਬਾਰੇ ਭਰਿਸ਼ਟਾਚਾਰ, ਕੀੜੇਮਾਰ ਦਵਾਈਆਂ ਦੀ ਬੇਲੋੜੀ ਵਰਤੋਂ ਪੰਚਾਇਤਾਂ ਵੱਲੋਂ ਆਪਣੇ ਫਰਜ਼ਾਂ ਵਿੱਚ ਕੋਤਾਹੀ ਦੇ ਭੈੜੇ ਸਿੱਟਿਆਂ ਬਾਰੇ ਲਿਖਿਆ ਹੈ। ਪਰਜਤੰਤਰ ਦਾ ਲਾਭ ਉਠਾਉਣ ਦੀ ਥਾਂ ਦੁਰਵਰਤੋਂ ‘ਤੇ ਚਿੰਤਾ ਪ੍ਰਗਟ ਕੀਤੀ ਹੈ। ‘ਖੋਜੀ ਨਾਲੋਂ ਵਾਦੀ ਚੰਗਾ’ ਕਵਿਤਾ ਨੀਮ ਹਕੀਮ ਖ਼ਤਰਾ ਜਾਨ ਦੀ ਗੱਲ ਕਰਦੀ ਹੈ ਕਿਉਂਕਿ ਬਹੁਤੇ ਪੜ੍ਹੇ ਲਿਖੇ ਅਸਲੀਅਤ ਨੂੰ ਸਮਝਣ ਦੀ ਥਾਂ ਕਿਤਾਬੀ ਗੱਲਾਂ ਤੇ ਯਕੀਨ ਕਰਦੇ ਹਨ। ਕਵੀ ਦੀਆਂ ਪਹਿਲਾਂ ਹੀ ਚਾਰ ਪੁਸਤਕਾਂ ਪਿੰਡਾਂ ਵਿੱਚੋਂ ਪਿੰਡ ਸੁਣੀਂਦਾ (ਲੋਕ ਬੋਲੀਆਂ), ਸਾਚ ਕਾਹੋਂ (ਗਲਪ ਰਚਨਾ), ਵਕਤ ਦੀ  ਬੇੜੀ (ਗਲਪ ਰਚਨਾ) ਅਤੇ ਮੱਸਿਆ ਦੀ ਖ਼ੀਰ (ਗਲਪ ਰਚਨਾ )ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਹ ਪੰਜਵਾਂ ਕਾਵਿ ਸੰਗ੍ਰਹਿ ਮੇਰੇ ਸੁਪਨੇ ਮੇਰੇ ਗੀਤ ਹੈ। 168 ਪੰਨਿਆਂ, 136 ਕਵਿਤਾਵਾਂ, 150 ਰੁਪਏ ਕੀਮਤ ਵਾਲਾ ਕਾਵਿ ਸੰਗ੍ਰਹਿ  ਪ੍ਰੀਤ ਪਬਲੀਕੇਸ਼ਨ ਨਾਭਾ ਨੇ ਪ੍ਰਕਾਸ਼ਿਤ ਕੀਤਾ ਹੈ। ਇਸ ਦੇ ਨਾਮ ਤੋਂ ਲਗਦਾ ਹੈ ਕਿ ਇਹ ਤਾਂ ਗੀਤਾਂ ਦੀ ਪੁਸਤਕ ਹੋਵੇਗੀ ਪ੍ਰੰਤੂ ਇਸ ਦੀਆਂ ਸਾਰੀਆਂ ਕਵਿਤਾਵਾਂ ਹਨ। ਇਸ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਪੜ੍ਹਕੇ ਮਹਿਸੂਸ ਹੁੰਦਾ ਹੈ ਕਿ ਕਵੀ ਦਾ ਭਵਿਖ ਸੁਨਹਿਰਾ ਹੋਵੇਗਾ, ਭਾਵ ਉਨ੍ਹਾਂ ਕੋਲੋਂ  ਹੋਰ ਵਧੇਰੇ ਵਧੀਆ ਕਵਿਤਾਵਾਂ ਲਿਖਣ ਦੀ ਆਸ ਕੀਤੀ ਜਾ ਸਕਦੀ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>