ਕਾਂਗਰਸ ਦਾ ਨਵਾਂ ਫਾਰਮੂਲਾ ਕੀ ਗੁਲ ਖਿਲਾਵੇਗਾ?

ਇਹ ਵੇਖਣ ਵਾਲੀ ਗੱਲ ਹੈ ਕਿ ਕਾਂਗਰਸ ਹਾਈ ਕਮਾਂਡ ਦਾ ਨਵਾਂ ਫਾਰਮੂਲਾ ਕੀ ਗੁਲ ਖਿਲਾਵੇਗਾ? ਇਕ ਨੌਜਵਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਕੇ ਕਾਂਗਰਸ ਪਾਰਟੀ ਨੇ ਇਕ ਨਵਾਂ ਪੈਂਤੜਾ ਖੇਡਿਆ ਹੈ। ਰਾਜਾ ਵੜਿੰਗ ਹੁਣ ਤੱਕ ਦੇ ਪੰਜਾਬ ਕਾਂਗਰਸ ਦੇ ਪ੍ਰਧਾਨਾ ਵਿੱਚੋਂ ਸਭ ਤੋਂ ਛੋਟੀ ਉਮਰ ਦਾ ਪ੍ਰਧਾਨ ਹੈ। ਨੌਜਵਾਨਾ ਵਿੱਚ ਜੋਸ਼ ਹੁੰਦਾ ਹੈ, ਪ੍ਰੰਤੂ ਹੋਸ਼ ਦੀ ਘਾਟ ਹੁੰਦੀ ਹੈ। ਰਾਜਾ ਵੜਿੰਗ ਵਿੱਚ ਜੋਸ਼ ਦੇ ਨਾਲ ਹੋਸ਼ ਵੀ ਹੈ, ਜੋ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ। ਰਾਜਾ ਵੜਿੰਗ ਦੇ ਤਿੰਨ ਮਹੀਨੇ ਟਰਾਂਸਪੋਰਟ ਮੰਤਰੀ ਦੀ ਸਫਲਤਾ ਤੋਂ ਉਮੀਦ ਜਾਗਦੀ ਹੈ ਕਿ ਉਹ ਧੜਿਆਂ ਵਿੱਚ ਵੰਡੀ ਪੰਜਾਬ ਕਾਂਗਰਸ ਨੂੰ ਇਕਮੁਠ ਕਰਨ ਵਿੱਚ ਵੀ ਜ਼ਰੂਰ ਸਫਲ ਹੋਵੇਗਾ। ਰਾਜਾ ਵੜਿੰਗ ਲਈ ਵੀ ਪ੍ਰਧਾਨਗੀ ਇਕ ਵੰਗਾਰ ਹੋਵੇਗੀ ਕਿਉਂਕਿ 2024 ਦੀਆਂ ਲੋਕ ਸਭਾ ਚੋਣਾ ਵਿੱਚ ਪੰਜਾਬ ਕਾਂਗਰਸ ਦੀ ਕਾਰਗੁਜ਼ਾਰੀ ਦਾ ਪ੍ਰਮਾਣ ਦੇਣਾ ਪਵੇਗਾ।

ਵਿਧਾਨ ਸਭਾ ਚੋਣਾ ਵਿੱਚ ਕਾਂਗਰਸ ਪਾਰਟੀ ਦੀ ਨਮੋਸ਼ੀਜਨਕ ਹੋਈ ਹਾਰ ਨਾਲ ਨਮੋਸ਼ੀ ਵਿੱਚ ਆਏ ਵਰਕਰਾਂ ਨੂੰ ਲਾਮਬੰਦ ਕਰਕੇ ਸਰਗਰਮ ਕਰਨਾ ਸੌਖਾ ਨਹੀਂ ਹੋਵੇਗਾ। ਤਲਵਾਰ ਦੀ ਧਾਰ ‘ਤੇ ਤੁਰਨ ਵਰਗਾ ਹੋਵੇਗਾ ਕਿਉਂਕਿ ਘਾਗ ਸਿਆਸਤਦਾਨਾ ਨੂੰ ਨਾਲ ਲੈ ਕੇ ਚਲਣਾ ਕਠਨ ਡਗਰ ਹੋਵੇਗੀ। ਸਰਬ ਭਾਰਤੀ ਕਾਂਗਰਸ ਕਮੇਟੀ ਨੇ ਸੁਨੀਲ ਕੁਮਾਰ ਜਾਖੜ ਨੂੰ ਪ੍ਰਧਾਨਗੀ ਤੋਂ ਹਟਾਕੇ ਨਵਜੋਤ ਸਿੱਧੂ ਨੂੰ ਇਸ ਆਸ ਨਾਲ ਲਿਆਂਦਾ ਸੀ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਕਾਰਗੁਜ਼ਾਰੀ ਦੀ ਅਸਫਲਤਾ ਨੂੰ ਸਫਲਤਾ ਵਿੱਚ ਬਦਲ ਦਿੱਤਾ ਜਾਵੇਗਾ। ਪ੍ਰੰਤੂ ਨਵਜੋਤ ਸਿੰਘ ਸਿੱਧੂ ਦੇ ਫਾਰਮੂਲੇ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਣ ਤੋਂ ਬਾਅਦ ਜਿਹੜੇ ਨਵੇਂ ਫਾਰਮੂਲੇ ਅਧੀਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਰਤ ਭੂਸ਼ਣ ਆਸ਼ੂ ਨੂੰ ਪ੍ਰਧਾਨ ਅਤੇ ਕਾਰਜਕਾਰੀ ਪ੍ਰਧਾਨ ਬਣਾਇਆ ਹੈ, ਕੀ ਉਸ ਵਿੱਚ ਸਫਲ ਹੋਣਗੇ? ਨਵਜੋਤ ਸਿੱਧੂ ਦੇ ਫਾਰਮੂਲੇ ਵਿੱਚ ਚਾਰ ਕਾਰਜਕਾਰੀ ਪ੍ਰਧਾਨ ਲਾਉਣ ਤੋਂ ਬਾਅਦ ਵੀ ਪੰਜਾਬ ਕਾਂਗਰਸ ਦਾ ਕੁਨਬਾ ਇਕਮੁੱਠ ਨਹੀਂ ਹੋ ਸਕਿਆ ਸੀ। ਜਦੋਂ ਅਮਰਿੰਦਰ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਅੰਮਿ੍ਰਤਸਰ ਵਿਖੇ ਗਏ ਤਾਂ ਨਵਜੋਤ ਸਿੰਘ ਸਿੱਧੂ ਪਹਿਲਾਂ ਸਮਰਾਲੇ ਅਮਰੀਕ ਸਿੰਘ ਢਿਲੋਂ, ਫਿਰ ਲਾਲ ਸਿੰਘ ਅਤੇ ਸੁਨੀਲ ਜਾਖੜ ਨੂੰ ਮਿਲਣ ਲਈ ਚੰਡੀਗੜ੍ਹ ਚਲੇ ਗਏ। ਇਹ ਪਾਰਟੀ ਦੀ ਫੁੱਟ ਦੇ ਸੰਕੇਤ ਹਨ। ਕੀ ਹੁਣ ਇਕ ਕਾਰਜਕਾਰੀ ਪ੍ਰਧਾਨ ਵਾਲਾ ਫਾਰਮੂਲਾ ਪੰਜਾਬ ਕਾਂਗਰਸ ਵਿੱਚ ਇਕਜੁਟਤਾ ਲਿਆਉਣ ਵਿੱਚ ਸਫਲ ਹੋਵੇਗਾ? ਇਸ ਬਾਰੇ ਸਿਆਸੀ ਮਾਹਿਰਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ। ਇਸ ਨਵੇਂ ਫਾਰਮੂਲੇ ਵਿੱਚ ਪ੍ਰਧਾਨ ਅਤੇ ਕਾਰਜਕਾਰੀ ਪ੍ਰਧਾਨ ਦੋਵੇਂ ਟਕਸਾਲੀ ਕਾਂਗਰਸੀ ਪਰਿਵਾਰਾਂ ਵਿੱਚੋਂ ਹਨ। ਸੁਨੀਲ ਕੁਮਾਰ ਜਾਖੜ ਵੀ ਟਕਸਾਲੀ ਪਰਿਵਾਰ ਵਿੱਚੋਂ ਸੀ। ਕਾਂਗਰਸ ਹਾਈ ਕਮਾਂਡ ਨੇ ਮਹਿਸੂਸ ਕਰ ਲਿਆ ਲਗਦਾ ਹੈ ਕਿ ਦੂਜੀਆਂ ਪਾਰਟੀਆਂ ਵਿੱਚੋਂ ਦਲਬਦਲੀ ਕਰਕੇ ਆਏ ਵਿਅਕਤੀਆ ਨੂੰ ਪ੍ਰਧਾਨ ਬਣਾਉਣ ‘ਤੇ ਟਕਸਾਲੀ ਕਾਂਗਰਸੀ ਨੇਤਾ ਅਤੇ ਵਰਕਰ ਪਸੰਦ ਨਹੀਂ ਕਰਦੇ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ 18 ਸਾਲ ਦੇ ਕਾਂਗਰਸ ਪਾਰਟੀ ਤੋਂ ਬਨਵਾਸ ਲਏ ਤੋਂ ਬਾਅਦ ਕਾਂਗਰਸ ਵਿੱਚ ਆਉਣ ਤੋਂ ਤੁਰੰਤ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਸੀ। ਕੈਪਟਨ ਅਮਰਿੰਦਰ ਦਾ ਫਾਰਮੂਲਾ ਸਫਲ ਹੋਣ ਕਰਕੇ ਹੀ ਨਵਜੋਤ ਸਿੱਧੂ ਵਾਲਾ ਫਾਰਮੂਲਾ ਅਪਣਾਇਆ ਗਿਆ ਸੀ। ਨਵਜੋਤ ਸਿੰਘ ਸਿੱਧੂ ਦੇ ਆਉਣ ਨਾਲ ਪੰਜਾਬ ਕਾਂਗਰਸ ਵਿੱਚ ਧੜੇਬੰਦੀ ਸਿਖਰਾਂ ‘ਤੇ ਪਹੁੰਚ ਗਈ ਸੀ, ਜਿਸਦਾ ਇਵਜਾਨਾ ਕਾਂਗਰਸ ਪਾਰਟੀ ਨੂੰ ਵਿਧਾਨ ਸਭਾ ਚੋਣਾ ਵਿੱਚ ਭੁਗਤਣਾ ਪਿਆ। ਪ੍ਰਤਾਪ ਸਿੰਘ ਬਾਜਵਾ ਵੀ ਟਕਸਾਲੀ ਕਾਂਗਰਸੀ ਪਰਿਵਾਰ ਵਿੱਚੋਂ ਸਨ, ਉਨ੍ਹਾਂ ਨੂੰ ਹਟਾਕੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਆਂਦਾ ਸੀ।

ਕਾਂਗਰਸ ਪਾਰਟੀ ਦੇ ਜੇਕਰ ਇਤਿਹਾਸ ‘ਤੇ ਨਜ਼ਰ ਮਾਰੀਏ ਤਾਂ ਪਤਾ ਲਗਦਾ ਹੈ ਕਿ ਕੇਂਦਰੀ ਕਾਂਗਰਸ ਹਰ ਵਾਰ ਨਵੇਂ ਫਾਰਮੂਲੇ ਲਾਗੂ ਕਰਕੇ ਨਵੇਂ-ਨਵੇਂ ਤਜ਼ਰਬੇ ਕਰਨ ਦੀ ਆਦੀ ਹੈ। ਇਨ੍ਹਾਂ ਨਵੇਂ ਫਾਰਮੂਲਿਆਂ ਨਾਲ ਇਕ ਵਾਰੀ ਨੂੰ ਛੱਡਕੇ ਕਾਂਗਰਸ ਨੂੰ ਹਮੇਸ਼ਾ ਹਾਰ ਦਾ ਮੂੰਹ ਵੇਖਣਾ ਪਿਆ ਹੈ। 2002 ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸ਼ਮਸ਼ੇਰ ਸਿੰਘ ਦੂਲੋ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਕੇ ਦਲਿਤ ਵੋਟਾਂ ਵਟੋਰਨ ਲਈ ਤਜ਼ਰਬਾ ਕੀਤਾ ਸੀ। ਭਾਵ ਦਲਿਤ ਵੋਟਾਂ ਵਟੋਰਨ ਦੀ ਆਸ ਨਾਲ ਉਹ ਫਾਰਮੂਲਾ ਵਰਤਿਆ ਸੀ ਪ੍ਰੰਤੂ ਉਹ ਫਾਰਮੂਲਾ ਵੀ ਬੁਰੀ ਤਰ੍ਹਾਂ ਫੇਲ੍ਹ ਹੋ ਗਿਆ ਸੀ। 2007 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਚੋਣ ਹਾਰ ਗਈ ਸੀ। ਇਥੋਂ ਤੱਕ ਕਿ ਉਦੋਂ ਦੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਵੀ ਚੋਣ ਹਾਰ ਗਏ ਸਨ। ਇਸ ਵਾਰ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ‘ਤੇ ਸੁਨੀਲ ਕੁਮਾਰ ਜਾਖੜ ਨੂੰ ਪ੍ਰਧਾਨ ਤਾਂ ਬਣਾ ਦਿੱਤਾ ਸੀ ਪ੍ਰੰਤੂ ਉਨ੍ਹਾਂ ਨੂੰ ਚਾਰ ਸਾਲ ਕਾਰਜਕਾਰਨੀ ਹੀ ਨਹੀਂ ਬਣਾਉਣ ਦਿੱਤੀ ਸੀ। ਉਹ ਕੈਪਟਨ ਅਮਰਿੰਦਰ ਸਿੰਘ ਦੀ ਹਾਂ ਵਿੱਚ ਹਾਂ ਮਿਲਾਉਂਦੇ ਰਹੇ। ਭਾਵ ਹਮਖਿਆਲੀ ਪ੍ਰਧਾਨ ਅਤੇ ਮੁੱਖ ਮੰਤਰੀ ਵੀ ਸਫਲ ਨਾ ਹੋਏ। ਉਹ ਫਾਰਮੂਲਾ ਵੀ ਸਹੀ ਸਾਬਤ ਨਹੀਂ ਹੋਇਆ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਲੋਕ ਪੱਖੀ ਫ਼ੈਸਲਿਆਂ ਅਤੇ ਚੋਣ ਸਮੇਂ ਕੀਤੇ ਵਾਅਦਿਆਂ ਤੋਂ ਆਨਾ ਕਾਨੀ ਕਰਦੇ ਰਹੇ। ਸੁਨੀਲ ਕੁਮਾਰ ਜਾਖੜ ਦੀ ਜਾਂ ਤਾਂ ਸੁਣੀ ਨਹੀਂ ਗਈ ਜਾਂ ਉਹ ਜਾਣਕੇ ਚੁੱਪ ਬੈਠੇ ਰਹੇ। ਜਿਸ ਨਾਲ ਕਾਂਗਰਸੀ ਵਰਕਰਾਂ ਦਾ ਮਨੋਬਲ ਡਿਗ ਗਿਆ। ਫਿਰ ਸੁਨੀਲ ਕੁਮਾਰ ਜਾਖੜ ਦੀ ਥਾਂ ਨਵਜੋਤ ਸਿੰਘ ਸਿੱਧੂ ਦਾ ਫਾਰਮੂਲਾ ਲਾਗੂ ਕੀਤਾ। ਸੁਨੀਲ ਜਾਖ਼ੜ ਨੂੰ ਬੇਇਜ਼ਤ ਕਰਕੇ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਵਿਰੋਧਤਾ ਦੇ ਬਾਵਜੂਦ ਨਵਜੋਤ ਸਿੱਧੂ ਵਾਲਾ ਫਾਰਮੂਲਾ ਲਾਗੂ ਕੀਤਾ ਜੋ ਸਫਲ ਨਹੀਂ ਹੋਇਆ। ਹੁਣ ਟਕਸਾਲੀ ਕਾਂਗਰਸੀ ਨੇਤਾਵਾਂ ਨੂੰ ਪਾਰਟੀ ਦੀ ਵਾਗ ਡੋਰ ਦੇਣ ਦਾ ਭਾਵ ਕੇਂਦਰੀ ਕਾਂਗਰਸ ਪਾਰਟੀ ਨੇ ਆਪਣੀ ਗ਼ਲਤੀ ਮੰਨ ਲਈ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਮਾਲਵੇ ਨਾਲ ਸੰਬੰਧਤ ਹਨ, ਜਦੋਂ ਕਿ ਮਾਲਵੇ ਵਿੱਚੋਂ ਸਿਰਫ ਦੋ ਹੀ ਵਿਧਾਨਕਾਰ ਜਿੱਤੇ ਹਨ। ਰਾਜਾ ਵੜਿੰਗ ਨੌਜਵਾਨ ਹਨ, ਜੋਸ਼ ਨਾਲ ਪਾਰਟੀ ਨੂੰ ਲਾਮਬੰਦ ਕਰ ਸਕਦੇ ਹਨ ਪ੍ਰੰਤੂ ਸੀਨੀਅਰ ਕਾਂਗਰਸੀਆਂ ਵਿੱਚ ਘੁਸਰ ਮੁਸਰ ਹੋਣ ਲੱਗ ਪਈ ਹੈ। ਰਾਜਾ ਵੜਿੰਗ ਦਾ ਕਾਂਗਰਸ ਪਾਰਟੀ ਵਿੱਚ ਆਰਗੇਨਾਈਜੇਸ਼ਨ ਦਾ ਬਲਾਕ ਦੇ ਪ੍ਰਧਾਨ ਤੋਂ ਸ਼ੁਰੂ ਹੋ ਕੇ ਯੂਥ ਕਾਂਗਰਸ ਦੇ ਆਲ ਇੰਡੀਆ ਪ੍ਰਧਾਨ, ਵਿਧਾਨਕਾਰ ਅਤੇ ਪੰਜਾਬ ਦੇ ਮੰਤਰੀ ਹੋਣ ਕਰਕੇ ਵਿਸ਼ਾਲ ਤਜਰਬਾ ਹੈ। ਰਾਜਾ ਵੜਿੰਗ ਨੂੰ ਪ੍ਰਧਾਨ ਬਣਾਕੇ ਕਾਂਗਰਸ ਪਾਰਟੀ ਨੂੰ ਪਰਿਵਾਰਵਾਦ ‘ਚੋਂ ਬਾਹਰ ਕੱਢਣ ਦਾ ਮੈਸਜ ਦੇਣ ਦੀ ਕੋਸ਼ਿਸ਼ ਵੀ ਹੈ। ਵੇਖਣ ਵਾਲੀ ਗੱਲ ਹੈ ਕਿ ਉਹ ਆਪਣੇ ਇਸ ਤਜਰਬੇ ਨਾਲ ਖਖੜੀਆਂ ਹੋਈ ਪੰਜਾਬ ਕਾਂਗਰਸ ਨੂੰ ਇਕ ਪਲੇਟ ਫਾਰਮ ‘ਤੇ ਲਿਆਉਣ ਵਿੱਚ ਸਫਲ ਹੁੰਦੇ ਹਨ ਕਿ ਨਹੀਂ।

ਪੰਜਾਬ ਕਾਂਗਰਸ ਵਿੱਚ ਧੜੇਬੰਦੀ ਵੀ ਬਹੁਤ ਜ਼ਿਆਦਾ ਹੈ। ਇਸ ਤੋਂ ਇਲਾਵਾ ਜਿਹੜੇ ਪ੍ਰਧਾਨਗੀ ਦੇ ਉਮੀਦਵਾਰ ਸਨ ਕੀ ਉਹ ਵੀ ਰਾਜਾ ਵੜਿੰਗ ਦਾ ਸਾਥ ਦੇਣਗੇ ਕਿ ਆਪੋ ਆਪਣੀ ਡਫਲੀ ਵਜਾਉਂਦੇ ਰਹਿਣਗੇ? ਕਾਂਗਰਸ ਹਾਈ ਕਮਾਂਡ ਵੀ ਹੁਣ ਸਾਰਾ ਕੁਝ ਗੁਆ ਕੇ ਗੂੜ੍ਹੀ ਨੀਂਦ ਵਿਚੋਂ ਬਾਹਰ ਆ ਗਈ ਲਗਦੀ ਹੈ। ਅਨੁਸ਼ਾਸ਼ਨ ਭੰਗ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰ ਰਹੀ ਹੈ। ਹਾਈ ਕਮਾਂਡ ਦੀ ਇਸ ਕਾਰਵਾਈ ਨਾਲ ਰਾਜਾ ਵੜਿੰਗ ਨੂੰ ਤਾਕਤ ਮਿਲੇਗੀ ਕਿਉਂਕਿ ਛੇਤੀ ਕੀਤਿਆਂ ਹੁਣ ਕੋਈ ਨੇਤਾ ਖਾਮਖਾਹ ਬਿਆਨਬਾਜ਼ੀ ਵਿੱਚ ਨਹੀਂ ਪਵੇਗਾ। ਸੁਨੀਲ ਕੁਮਾਰ ਜਾਖ਼ੜ ਨੂੰ ਨੋਟਿਸ ਦੇਣਾ ਅਤੇ ਸੁਰਜੀਤ ਸਿੰਘ ਧੀਮਾਨ ਨੂੰ ਪਾਰਟੀ ਵਿੱਚੋਂ ਬਾਹਰ ਕੱਢਣ ਦੇ ਸਖਤ ਫ਼ੈਸਲੇ ਅਨੁਸ਼ਾਸ਼ਨ ਭੰਗ ਕਰਨ ਵਾਲਿਆਂ ਲਈ ਇਕ ਚੇਤਾਵਨੀ ਹੈ। ਬਾਕੀ ਨੇਤਾਵਾਂ ਰਾਣਾ ਗੁਰਜੀਤ ਸਿੰਘ ਜਿਸਨੇ ਆਪਣੇ ਪੁੱਤਰ ਨੂੰ ਕਾਂਗਰਸ ਦੇ ਵਿਧਾਇਕ ਨਵਜੋਤ ਸਿੰਘ ਚੀਮਾ ਵਿਰੁੱਧ ਹਿੱਕ ਠੋਕ ਕੇ ਖੜ੍ਹਾਂ ਕਰਕੇ ਜਿਤਾਇਆ ਹੈ, ਉਸ ਵਿਰੱਧ ਕੋਈ ਕਾਰਵਾਈ ਨਹੀਂ। ਇਸੇ ਤਰ੍ਹਾਂ ਮਹਾਰਾਣੀ ਪ੍ਰਨੀਤ ਕੌਰ ਨੇ ਆਪਣੇ ਪਤੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਪ੍ਰੰਤੂ ਅਜੇ ਤੱਕ ਕੋਈ ਕਾਰਵਾਈ ਨਹੀਂ। ਜਸਬੀਰ ਸਿੰਘ ਡਿੰਪਾ ਨੇ ਚੋਣ ਪ੍ਰਚਾਰ ਵਿੱਚ ਹਿੱਸਾ ਹੀ ਨਹੀਂ ਲਿਆ । ਕਾਂਗਰਸ ਪਾਰਟੀ ਧੜੇਬੰਦੀ ਨੂੰ ਖੁਦ ਉਤਸ਼ਾਹਤ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਤੋਂ ਪਹਿਲਾਂ ਕਾਂਗਰਸ ਨੇ ਸੀਨੀਅਰ ਨੇਤਾਵਾਂ ਤੋਂ ਕੈਪਟਨ ਦੇ ਵਿਰੁੱਧ ਬਿਆਨ ਖੁਦ ਦਿਵਾ ਕੇ ਅਨੁਸ਼ਾਸ਼ਨਹੀਣਤਾ ਨੂੰ ਉਤਸ਼ਾਹਤ ਕੀਤਾ ਸੀ। ਹੁਣ ਅਨੁਸ਼ਾਸ਼ਨ ਵਿੱਚ ਰਹਿਣ ਦਾ ਪਾਠ ਪੜ੍ਹਾ ਰਹੀ ਹੈ। ਕਾਂਗਰਸ ਆਪਣੀਆਂ ਗ਼ਲਤੀਆਂ ਦਾ ਨੁਕਸਾਨ ਉਠਾ ਰਹੀ ਹੈ। ਵੇਸੇ ਜੇਕਰ ਕਾਂਗਰਸ ਪਾਰਟੀ ਚੋਣਾਂ ਤੋਂ ਪਹਿਲਾਂ ਅਤੇ ਚੋਣਾ ਦੌਰਾਨ ਨੇਤਾਵਾਂ ਤੇ ਬਿਆਨਬਾਜ਼ੀ ਨਾ ਕਰਨ ਲਈ ਕੋਈ ਕਾਰਵਾਈ ਕਰਦੀ ਤਾਂ ਕਾਂਗਰਸ ਨੂੰ ਇਹ ਦਿਨ ਨਾ ਵੇਖਣੇ ਪੈਂਦੇ। ਹੁਣ ਤਾਂ ਕਾਂਗਰਸ ਸਹੇ ਦੇ ਨਿਕਲ ਜਾਣ ਤੋਂ ਬਾਅਦ ਰਾਹ ਨਪਦੀ ਫਿਰਦੀ ਹੈ। ਜਾਤ ਬਿਰਾਦਰੀ ਦਾ ਵੀ ਧਿਆਨ ਰੱਖਕੇ ਬੈਲੈਂਸ ਬਣਾਇਆ ਗਿਆ ਹੈ। ਰਾਜਾ ਵੜਿੰਗ ਜੱਟ ਸਿੱਖ ਪਰਿਵਾਰ ਵਿੱਚੋਂ ਅਤੇ ਭਾਰਤ ਭੂਸ਼ਣ ਆਸ਼ੂ ਬ੍ਰਾਹਮਣ ਹਿੰਦੂ ਨੇਤਾ ਹੋਣ ਕਰਕੇ ਲਏ ਗਏ ਹਨ। ਕੈਪਟਨ ਅਮਰਿੰਦਰ ਸਿੰਘ ਵਿਰੁੱਧ ਬਗਾਬਤ ਕਰਨ ਵਾਲੇ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਅੰਦਰੋ ਅੰਦਰੀ ਠੱਗੇ ਮਹਿਸੂਸ ਕਰ ਰਹੇ ਹਨ। ਇਨ੍ਹਾਂ ਦੋਹਾਂ ਨੇਤਾਵਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ।

ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਰਤ ਭੂਸ਼ਨ ਆਸ਼ੂ ਨੂੰ ਮਾਲਵੇ ਅਤੇਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਉਪ ਨੇਤਾ ਰਾਜ ਕੁਮਾਰ ਚਬੇਵਾਲ ਨੂੰ ਮਾਝੇ ਵਿੱਚੋਂ ਬਣਾਕੇ ਪ੍ਰਤੀਨਿਤਾ ਦਿੱਤੀ ਗਈ ਹੈ। ਰਾਜ ਕੁਮਾਰ ਚੱਬੇਵਾਲ ਨੂੰ ਬਣਾਕੇ ਅਨੁਸੂਚਿਤ ਜਾਤੀਆਂ ਨੂੰ ਸੰਤੁਸ਼ਟ ਕੀਤਾ ਗਿਆ ਹੈ। ਅਜਿਹੇ ਫਾਰਮੂਲੇ ਕਾਂਗਰਸ ਬਣਾ ਤਾਂ ਲੈਂਦੀ ਹੈ ਪ੍ਰੰਤੂ ਅਮਲੀ ਤੌਰ ਤੇ ਸਫਲ ਹੋਣ ਲਈ ਜਦੋਜਹਿਦ ਕਰਨੀ ਪੈਂਦੀ ਹੈ। ਤੇਲ ਵੇਖੋ ਅਤੇ ਤੇਲ ਦੀ ਧਾਰ ਵੇਖੋ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਪਾਰਟੀ ਨੂੰ ਮੰਝਧਾਰ ਵਿੱਚੋਂ ਕੱਢਣ ਵਿੱਚ ਕਿਤਨਾ ਕੁ ਸਫਲ ਹੁੰਦੇ ਹਨ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>