ਚੰਡੀਗੜ੍ਹ – ਕੋਵਿਡ-19 ਦੀ ਮਹਾਂਮਾਰੀ ਨੇ ਵਿਸ਼ਵਵਿਆਪੀ ਪੱਧਰ ’ਤੇ ਸਾਨੂੰ ਨਵੇਂ ਮੌਕਿਆਂ ਦੀ ਪੇਸ਼ਕਸ਼ ਤੋਂ ਇਲਾਵਾ ਨਵੀਂਆਂ ਚੀਜ਼ਾਂ ਦੇ ਨਿਰਮਾਣ ਲਈ ਪ੍ਰੋਤਸ਼ਾਹਿਤ ਕੀਤਾ ਹੈ। ਬਾਇਓਟੈਕਨਾਲੋਜੀ ਦੇ ਵਿਗਿਆਨ ’ਚ ਸੰਸਾਰ ਨੂੰ ਬਦਲਣ ਅਤੇ ਧਰਤੀ ਨੂੰ ਲੋਕਾਂ ਦੇ ਰਹਿਣ ਲਈ ਬਿਹਤਰ ਸਥਾਨ ਬਣਾਉਣ ਦੀ ਸਮਰੱਥਾ ਹੈ, ਜਿਸ ਨੂੰ ਕਿ ਮਹਾਂਮਾਰੀ ਦੇ ਸੰਕਟ ਦੌਰਾਨ ਭਲੀਭਾਂਤ ਵੇਖਿਆ ਗਿਆ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਸਿੱਧ ਨੋਬਲ ਪੁਰਸਕਾਰ ਜੇਤੂ ਬਾਇਓਕੈਮਿਸਟ ਅਤੇ ਅਣੂ ਜੀਵ ਵਿਗਿਆਨੀ ਸਰ ਰਿਚਰਡ ਜੌਨ ਰੌਬਰਟਸ ਨੇ ਕੀਤਾ। ਇਸ ਮੌਕੇ ਉਹ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਕੈਂਪਸ ਵਿਖੇ ਸਾਲਾਨਾ ਕਨਵੋਕੇਸ਼ਨ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ। ਸਰ ਰੌਬਰਟਸ ਨੇ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਗੁਣਵੱਤਾਪੂਰਨ ਸਿੱਖਿਆ ਅਤੇ ਆਉਣ ਵਾਲੇ ਨਵੇਂ ਸੁਨਹਿਰੀ ਭਵਿੱਖ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ। ਕਨਵੋਕੇਸ਼ਨ ਦੌਰਾਨ ਬੈਚ 2021 ਦੇ 10 ਕੰਪਿਊਟਿੰਗ ਅਤੇ ਸਾਇੰਸਜ਼ ਪ੍ਰੋਗਰਾਮਾਂ ਨਾਲ ਸਬੰਧਿਤ 1017 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਸ ਮੌਕੇ ਪ੍ਰੋ-ਚਾਂਸਲਰ ਡਾ. ਆਰ. ਐਸ ਬਾਵਾ ਅਤੇ ਪ੍ਰੋ. ਵਾਈਸ ਚਾਂਸਲਰ ਡਾ. ਸਤਵੀਰ ਸਿੰਘ ਸਹਿਗਲ ਸਮੇਤ ਹੋਰ ਵੀ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਸਰ ਰਿਸਚਰਡ ਦਾ ਆਨਰੇਰੀ ਡਿਗਰੀ ਪ੍ਰਦਾਨ ਕਰਕੇ ਸਨਮਾਨ ਕੀਤਾ ਗਿਆ।
ਕਨਵੋਕੇਸ਼ਨ ਤਕਰੀਰ ਦੌਰਾਨ ਸਰ ਰੌਬਰਟਸ ਨੇ ਕਿਹਾ ਕਿ ਕੋਵਿਡ-19 ਨੇ ਬਹੁਤ ਸਾਰੇ ਲੋਕਾਂ, ਖਾਸ ਤੌੌਰ ’ਤੇ ਬਾਇਓਟੈਕਨਾਲੋਜੀ ਖੇਤਰ ਨਾਲ ਜੁੜੇ ਲੋਕਾਂ ਨੂੰ ਵਧੀਆ ਮੌਕਾ ਪ੍ਰਦਾਨ ਕੀਤਾ ਹੈ। ਬਾਇਓਟੈਕਨਾਲੋਜੀ ਅਸਲ ਵਿੱਚ ਸੰਸਾਰ ਨੂੰ ਬਦਲਣ ਦਾ ਮੌਕਾ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਬਾਇਓਟੈਕਨਾਲੋਜੀ ਸਾਨੂੰ ਲੋੜੀਂਦੇ ਐਨਜ਼ਾਈਮ ਦਿੰਦੀ ਹੈ, ਜੋ ਐਮ.ਆਰ.ਐਨ.ਏ ਵੈਕਸੀਨ ਬਣਾਉਣ ਲਈ ਜ਼ਰੂਰੀ ਹੁੰਦੇ ਹਨ। ਇਸ ਤੋਂ ਇਲਾਵਾ ਇਹ ਸਾਨੂੰ ਜੈਨੇਟਿਕ ਤੌਰ ’ਤੇ ਸੰਸ਼ੋਧਿਤ ਜੀਵ ਪ੍ਰਦਾਨ ਕਰਦਾ ਹੈ, ਜੋ ਅਸਲ ਵਿੱਚ ਵਿਕਾਸਸ਼ੀਲ ਦੇਸ਼ਾਂ ਵਿੱਚ ਨਾਲ ਸਿਰਫ਼ ਲੋਕਾਂ ਨੂੰ ਭੋਜਨ ਦੇਣ ਦੀ ਸ਼ਕਤੀ ਰੱਖਦੇ ਹਨ, ਸਗੋਂ ਸਾਨੂੰ ਜਲਵਾਯੂ ਤਬਦੀਲੀ ਨਾਲ ਨਜਿੱਠਦ ਵਿੱਚ ਵੀ ਮਦਦ ਕਰਦੇ ਹਨ।
ਵਿਦਿਆਰਥੀਆਂ ਨੂੰ ਪ੍ਰੋਤਸ਼ਾਹਿਤ ਕਰਦਿਆਂ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਅਜਿਹੀ ਨੌਕਰੀ ਦੀ ਭਾਲ ਕਰਨਾ ਮਹੱਤਵਪੂਰਨ ਹੈ, ਜਿਸ ਪ੍ਰਤੀ ਉਹ ਰੁਚੀ ਰੱਖਦੇ ਹੋਣ ਅਤੇ ਜੋ ਕੰਮ ਨਾਲੋਂ ਇੱਕ ਸ਼ੌਕ ਵਜੋਂ ਹੋਵੇ। ਸਰ ਰੌਬਰਟਸ ਨੇ ਪਾਸ ਆਊਟ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਿੱਖਿਆ ਦਾ ਵੱਧ ਤੋਂ ਵੱਧ ਲਾਭ ਉਠਾਕੇ ਸੁਨਿਹਰਾ ਭਵਿੱਖ ਤਹਿ ਕਰਨ ਜੋ ਉਨ੍ਹਾਂ ਦੇ ਬਿਲਕੁਲ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਇਹੀ ਜਨੂੰਨ ਤੁਹਾਨੂੰ ਬਹੁਤ ਅੱਗੇ ਲੈ ਜਾਵੇਗਾ, ਜਿੱਥੇ ਤੁਹਾਡਾ ਸਫ਼ਲ ਅਤੇ ਖੁਸ਼ਹਾਲੀ ਭਰਪੂਰ ਜੀਵਨ ਹੋਵੇਗਾ। ਸਰ ਰੋਬਰਟਸ ਨੇ ਵਿਦਿਆਰਥੀਆਂ ਨੂੰ ਖੁਸ਼ਕਿਸਮਤ ਬ੍ਰੇਕ ਦਾ ਸੱਭ ਤੋਂ ਬਿਹਤਰੀਨ ਫਾਇਦਾ ਉਠਾਉਣ ਲਈ ਪ੍ਰੇਰਿਤ ਕੀਤਾ ਅਤੇ ਅੱਗੇ ਵਧਣ ਲਈ ਲੋੜੀਂਦੇ ਪਹਿਲੂਆਂ ’ਤੇ ਧਿਆਨ ਕੇਂਦਰਤ ਕਰਨ ਦੀ ਅਪੀਲ ਕੀਤੀ। ਇਸ ਗੱਲ ਨੂੰ ਰੇਖਾਂਕਿਤ ਕਰਦਿਆਂ ਕਿ ਜੀਵਨ ਵਿੱਚ ਅਸਫ਼ਲਤਾਵਾਂ ਬਹੁਤ ਮਹੱਤਵਪੂਰਨ ਹਨ, ਸਰ ਰੌਬਰਟਸ ਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਆਪਣੇ ਹਰ ਕੰਮ ਬਾਰੇ ਸਿੱਖਦੇ ਹਾਂ, ਉਹ ਹੈ ਅਸਫ਼ਲ ਹੋਣਾ। ਜ਼ਿਆਦਾਤਰ ਸਫ਼ਲ ਲੋਕ ਆਪਣੀਆਂ ਅਸਫ਼ਲਤਾਵਾਂ ’ਤੇ ਧਿਆਨ ਕੇਂਦਰਤ ਕਰਦਿਆਂ ਯਕੀਨੀ ਬਣਾਉਦੇ ਹਨ ਕਿ ਉਹ ਮੁੜ ਅਜਿਹੀ ਗਲਤੀ ਨਾਲ ਦੁਹਰਾਉਣ, ਜਿਸ ਨੇ ਮੈਨੂੰ ਉਹ ਬਣਾਇਆ ਹੈ, ਜੋ ਉਹ ਅੱਜ ਹਨ।ਉਨ੍ਹਾਂ ਕਿਹਾ ਕਿ ਅਸਲ ’ਚ ਮੇਰੀਆਂ ਅਸਫ਼ਲਤਾਵਾਂ ਸਨ, ਜਿਨ੍ਹਾਂ ਕਾਰਨ ਮੇਰੀ ਖੋਜ ਹੋਈ, ਜਿਸ ਕਾਰਨ ਮੈਨੂੰ ਨੋਬਲ ਪੁਰਸਕਾਰ ਮਿਲਿਆ।
ਜ਼ਿਕਰਯੋਗ ਹੈ ਕਿ ਸਰ ਰੌਬਰਟਸ ਨੂੰ 1993 ਵਿੱਚ ਯੂਕੇਰੀਓਟਿਕ ਡੀ.ਐਨ.ਏ ਵਿੱਚ ਇਨਟ੍ਰੋਨਸ ਦੀ ਖੋਜ ਅਤੇ ਜੀਨ-ਸਪਲਾਈਸਿੰਗ ਦੇ ਤੰਤਰ ਲਈ ਮੈਡੀਸਨ ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਵਰਤਮਾਨ ਵਿੱਚ ਉਹ ਨਿਊ ਇੰਗਲੈਂਡ ਬਾਇਓਲੈਬ ਵਿੱਚ ਮੁੱਖ ਵਿਗਿਆਨਕ ਅਧਿਕਾਰੀ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਸਰ ਰੌਬਰਟਸ ਵਿਗਿਆਨਕ ਗ਼ਲਤਫਹਿਮੀਆਂ ਨੂੰ ਠੀਕ ਕਰਨ ਅਤੇ ਮਾਨਵਤਾਵਾਦੀ ਕਾਰਨਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਨੋਬਲ ਪਹਿਲਕਦਮੀਆਂ ਦੇ ਆਯੋਜਨ ਵਿੱਚ ਸ਼ਾਮਲ ਰਹੇ ਹਨ। ਉਨ੍ਹਾਂ ਦੀ ਸਭ ਤੋਂ ਤਾਜ਼ਾ ਮੁਹਿੰਮ ਜੀ.ਐਸ.ਓਜ਼ ਮੁੱਦੇ ’ਤੇ ਰਹੀ ਹੈ, ਜਿੱਥੇ 159 ਨੋਬਲ ਪੁਰਸਕਾਰ ਜੇਤੂਆਂ ਨੇ ਪੌਦੇ ਦੇ ਪ੍ਰਜਨਨ ਅਭਿਆਸਾਂ ਨੂੰ ਬਿਹਤਰ ਬਣਾਉਣ ਲਈ ਤਕਨੀਕਾਂ ਦੀ ਵਰਤੋਂ ਦਾ ਸਮਰਥਨ ਕੀਤਾ ਹੈ ਜੋ ਵਿਕਾਸਸ਼ੀਲ ਸੰਸਾਰ ਸਾਰਥਿਕ ਸਿੱਧ ਹੋ ਸਕਦੀਆਂ ਹਨ।
ਇਸ ਤੋਂ ਪਹਿਲਾਂ, ਸਰ ਰੌਬਰਟਸ ਨੇ 2021 ਬੈਚ ਦੇ 1017 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ, ਜਿਨ੍ਹਾਂ ਵਿੱਚ 289 ਮਾਸਟਰਜ਼ ਪ੍ਰੋਗਰਾਮਾਂ ਅਤੇ 728 ਬੈਚਲਰ ਪ੍ਰੋਗਰਾਮਾਂ ਨਾਲ ਸਬੰਧਿਤ ਸਨ। ਇਸ ਦੌਰਾਨ ਵੱਖ-ਵੱਖ ਕੋਰਸਾਂ ਵਿੱਚ ਟਾਪ ਕਰਨ ਵਾਲੇ 10 ਹੋਣਹਾਰ ਵਿਦਿਆਰਥੀਆਂ ਨੂੰ ਗੋਲਡ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ’ਚ ਯੇਰਾਗੱਲਾ ਰਜਿਤ ਕੁਮਾਰ, ਮੁਹੰਮਦ ਤਾਰਿਕ, ਵਰਿੰਦਾ ਪੰਵਾਰ, ਕੋਮਲ ਭਯਾਨਾ, ਸ਼ਿਵਰਾਜ ਸਿੰਘ, ਐਡਮ ਕਿ੍ਰਸਟੋਫਰ ਇਮਾਮ, ਨਵਲੀਨ ਕੌਰ, ਸਾਕਸ਼ੀ ਮਹਿਰਾ, ਪਿ੍ਰਆ ਕੁਮਾਰੀ ਅਤੇ ਨੀਲੇਸ਼ ਕੁਮਾਰ ਦੇ ਨਾਮ ਸ਼ਾਮਲ ਹਨ।
ਡਿਗਰੀ ਵੰਡ ਸਮਾਗਮ ਦੌਰਾਨ ਬੈਚਲਰ ਆਫ਼ ਕੰਪਿਊਟਰ ਐਪਲੀਕੇਸ਼ਨਜ਼ (ਬੀ.ਸੀ.ਏ.) ਦੇ 193 ਵਿਦਿਆਰਥੀਆਂ ਨੂੰ ਜਦਕਿ ਮਾਸਟਰ ਆਫ਼ ਕੰਪਿਊਟਰ ਐਪਲੀਕੇਸ਼ਨ (ਐਮ.ਸੀ.ਏ.) ਦੇ 243 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ, ਜਿਨ੍ਹਾਂ ’ਚ ਮਾਸਟਰ ਆਫ਼ ਸਾਇੰਸ-ਐਗਰੋਨੋਮੀ ਦੇ 31 ਅਤੇ ਮਾਸਟਰ ਆਫ਼ ਫਾਰਮੇਸੀ ਫਾਰਮਾਸਿਊਟਿਕਸ ਦੇ 15 ਵਿਦਿਆਰਥੀਆਂ ਸਮੇਤ ਮਾਸਟਰ ਡਿਗਰੀ ਪ੍ਰਾਪਤ ਕਰਨ ਵਾਲੇ 46 ਵਿਦਿਆਰਥੀਆਂ ਨੂੰ ਵੀ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਸ ਤੋਂ ਇਲਾਵਾ ਸਾਇੰਸਜ਼ ਦੇ 6 ਬੈਚਲਰ ਕੋਰਸਾਂ ਦੇ ਵਿਦਿਆਰਥੀਆਂ ਨੂੰ ਵੀ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ, ਜਿਨ੍ਹਾਂ ’ਚ ਬੀ.ਐਸ.ਸੀ. ਕੰਪਿਊਟਰ ਸਾਇੰਸ ਦੇ 31, ਬੀ.ਐਸ.ਸੀ. ਹੋਟਲ ਅਤੇ ਹੋਸਪਿਟੈਲਿਟੀ ਮੈਨੇਜਮੈਂਟ ਦੇ 247, ਬੀ.ਐਸ.ਸੀ. ਟ੍ਰੈਵਲ ਐਂਡ ਟੂਰਿਜ਼ਮ ਮੈਨੇਜਮੈਂਟ ਦੇ 92, ਬੀ.ਐਸ.ਸੀ. ਏਅਰਲਾਈਨਜ਼ ਅਤੇ ਏਅਰਪੋਰਟ ਮੈਨੇਜਮੈਂਟ ਤੋਂ 111, ਰੈਸਟੋਰੈਂਟ ਅਤੇ ਕੇਟਰਿੰਗ ਮੈਨੇਜਮੈਂਟ ਦੇ 16 ਅਤੇ ਬੀ.ਐਸ.ਈ ਰਿਜੋਰਟ ਅਤੇ ਇਵੈਂਟ ਮੈਨੇਜਮੈਂਟ 32 ਵਿਦਿਆਰਥੀ ਸ਼ਾਮਲ ਸਨ।
ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ. ਚਾਂਸਲਰ ਡਾ. ਆਰ.ਐਸ ਬਾਵਾ ਨੇ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਆਪਣਾ ਪੇਸ਼ੇਵਰ ਜੀਵਨ ਦੀ ਸ਼ੁਰੂਆਤ ਕਰਦੇ ਹੋ ਤਾਂ ਤੁਹਾਡੇ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਤੁਸੀਂ ਆਪਣੇ ਗਿਆਨ ਦੀ ਵਰਤੋਂ ਆਪਣੇ ਜਨੂੰਨ ਨੂੰ ਹੋਰ ਵਧਾਉਣ ਅਤੇ ਬਿਹਤਰੀਨ ਚੀਜ਼ਾਂ ਬਣਾਉਣ ਲਈ ਕਰੋਗੇ, ਤਾਂ ਜੋ ਸਮੁੱਚੇ ਵਿਸ਼ਵ ਨੂੰ ਰਹਿਣ ਲਈ ਬਿਹਤਰ ਸਥਾਨ ਬਣਾਉਗੇ। ਉਨ੍ਹਾਂ ਉਮੀਦ ਪ੍ਰਗਟਾਈ ਕਿ ਯੂਨੀਵਰਸਿਟੀ ਦੇ ਪਾਸਆਊਟ ਵਿਦਿਆਰਥੀ ਆਪਣੀ ਲਗਨ, ਪ੍ਰਤਿਭਾ ਅਤੇ ਸਖਤ ਮਿਹਨਤ ਨਾਲ ਦੇਸ਼ ਦੇ ਵਿਕਾਸ ’ਚ ਯੋਗਦਾਨ ਪਾਉਣਗੇ।