ਦਿੱਲੀ ਦੇ ਦਿਸ਼ਾਹੀਣ ਸਿੱਖ ਆਗੂ ਸੰਗਤ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹਨ ?

ਦਿੱਲੀ ਸਿੱਖ ਗੁਰੂਦੁਆਰਾ ਐਕਟ 1971 ਰਾਹੀ ਦਿੱਲੀ ਦੇ ਗੁਰੂਧਾਮਾਂ ਦਾ ਪ੍ਰਬੰਧ ਦਿੱਲੀ ਦੇ ਸਥਾਨਕ ਵੋਟਰਾਂ ਦੇ ਹੱਥਾਂ ‘ਚ ਸੋਂਪਿਆ ਗਿਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਮ੍ਰਿਤਸਰ ਤੋਂ ਬਾਅਦ ਅਪ੍ਰੈਲ 1975 ‘ਚ ਗਠਨ ਕੀਤੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤ ‘ਚ ਸਿਖਾਂ ਦੀ ਦੂਜੇ ਨੰਬਰ ‘ਤੇ ਆਉਣ ਵਾਲੀ ਇਕ ਵੱਡੀ ਧਾਰਮਿਕ ਸੰਸਥਾ ਹੈ, ਜਿਸ ਦੇ ਕੁਲ 55 ਮੈਂਬਰਾਂ ‘ਚ ਦਿੱਲੀ ਦੇ ਵੱਖ-ਵੱਖ ਵਾਰਡਾਂ ਤੋਂ ਚੁਣੇ ਗਏ 46 ਮੈਂਬਰ ‘ਤੇ 9 ਨਾਮਜਦ ਮੈਂਬਰ ਸ਼ਾਮਿਲ ਹੁੰਦੇ ਹਨ, ਜਿਹਨਾਂ ‘ਚ ਤਖਤ ਸ੍ਰੀ ਦਮਦਮਾ ਸਾਹਿਬ ਸਾਹਿਬ, ਤਲਵੰਡੀ ਸਾਬੋ ਪੰਜਾਬ ਨੂੰ ਛੱਡ ਕੇ ਬਾਕੀ 4 ਤਖਤਾਂ ਦੇ ਜੱਥੇਦਾਰ ਸਾਹਿਬਾਨ ਵੀ ਦਿੱਲੀ ਕਮੇਟੀ ‘ਚ ਨਾਮਜਦ ਕੀਤੇ ਜਾਂਦੇ ਹਨ । ਗੁਰਦੁਆਰਾ ਨਿਯਮਾਂ ਮੁਤਾਬਿਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਮਨੋਰਥ ਦਿੱਲੀ ਦੇ ਗੁਰਧਾਮਾਂ ‘ਤੇ ਉਨ੍ਹਾਂ ਦੀ ਜਾਇਦਾਦਾਂ ਦੀ ਸੇਵਾ-ਸੰਭਾਲ ਕਰਨਾ ਹੈ, ਜਦਕਿ ਇਸ ਧਾਰਮਿਕ ਸੰਸਥਾ ‘ਚ ਕਿਸੀ ਪ੍ਰਕਾਰ ਦੇ ਸਿਆਸੀ ਦਖਲਅੰਦਾਜੀ ਦੀ ਸਖਤ ਮਨਾਹੀ ਹੈ। ਇਸ ਲਈ ਕਮੇਟੀ ਦੇ ਅਹੁਦੇਦਾਰਾਂ ‘ਤੇ ਮੈੰਬਰਾਂ ਪਾਸੋਂ ਆਸ ਕੀਤੀ ਜਾਂਦੀ ਹੈ ਕਿ ਉਹ ਤਨਦੇਹੀ ਨਾਲ ਸਿੱਖੀ ਸਿਧਾਂਤਾਂ ‘ਤੇ ਪਹਿਰਾ ਦਿੰਦਿਆਂ ਨਿਰੋਲ ਧਾਰਮਿਕ ਫਲਸਫੇ ਨੂੰ ਪ੍ਰਫੁਲੱਤ ਕਰਨ ‘ਚ ਆਪਣੇ ਯੋਗਦਾਨ ਦੇਣਗੇ। ਪਰੰਤੂ ਅਜੋਕੇ ਸਮੇਂ ‘ਚ ਹੋ ਰਹੀ ਉਥਲ-ਪੁਥਲ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਤਕਰੀਬਨ 50 ਸਾਲਾਂ ਦੇ ਸਫਰ ‘ਚ ਇਕ ਅਨੋਖਾ ਇਤਿਹਾਸ ਰਚਿਆ ਹੈ ।

ਇਥੇ ਇਹ ਦਸੱਣਯੋਗ ਹੈ ਕਿ ਬੀਤੇ ਅਗਸਤ 2021 ‘ਚ ਨੇਪਰੇ ਚੜ੍ਹੀਆਂ ਆਮ ਗੁਰਦੁਆਰਾ ਚੋਣਾਂ ਤੋਂ ਉਪਰੰਤ ਬਾਦਲ ਧੜ੍ਹੇ ਪਾਸ 30 ਮੈਂਬਰ ‘ਤੇ ਬਾਕੀ ਧੜ੍ਹਿਆਂ ਪਾਸ ਕੁਲ ਮਿਲਾ ਕੇ 21 ਮੈਂਬਰ ਮੌਜੂਦ ਸਨ, ਜਿਸ ਕਾਰਨ ਬੀਤੇ 22 ਜਨਵਰੀ 2022 ਨੂੰ ਕਾਰਜਕਾਰੀ ਬੋਰਡ ਦੀਆਂ ਚੋਣਾਂ ‘ਚ ਬਾਦਲ ਧੜ੍ਹਾ ਦਿੱਲੀ ਗੁਰਦੁਆਰਾ ਕਮੇਟੀ ‘ਤੇ ਕਾਬਿਜ ਹੋਣ ‘ਚ ਸਫਲ ਹੋ ਗਿਆ ਸੀ। ਪਰੰਤੂ ਹੈਰਾਨੀ ਦੀ ਗਲ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਚੋਣ ਨਿਸ਼ਾਨ ਤੋਂ ਜਿਤ ਕੇ ਆਏ ਸਾਰੇ ਮੈਂਬਰਾਂ ਨੇ ਇਕਜੁਟ ਹੋ ਕੇ ਬਾਦਲ ਪਾਰਟੀ ਤੋਂ ਕਿਨਾਰਾ ਕਰਕੇ ਇਕ ਨਵੀ ਪਾਰਟੀ ‘ਸ਼੍ਰੋਮਣੀ ਅਕਾਲੀ ਦਲ, ਦਿੱਲੀ ਸਟੇਟ’ ਦਾ ਗਠਨ ਕਰ ਲਿਆ ‘ਤੇ ਇਸ ਪਾਰਟੀ ਨੇ ਗੁਰਦੁਆਰਾ ਰਕਾਬ ਗੰਜ ਸਾਹਿਬ ਦੀ ਹਦੂਦ ‘ਚ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ‘ਤੇ ਜਬਰਨ ਕਬਜਾ ਵੀ ਕਰ ਲਿਆ, ਜਿਸ ਨੂੰ ਬੀਤੇ 18 ਅਪ੍ਰੈਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਨਵੇਂ ਨਿਯੁਕਤ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਹਿਤ ਨੇ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਜਿੰਦਰੇ ਤੋੜ੍ਹ ਕੇ ਵਾਪਿਸ ਕਬਜਾ ਕਰ ਲਿਆ । ਇਸ ਦਫਤਰ ਦੇ ਕਬਜਾ ਵਾਪਸੀ ਦੇ ਮੋਕੇ ਰੱਖੇ ਸ੍ਰੀ ਅਖੰਡ-ਪਾਠ ਸਾਹਿਬ ਦੇ ਭੋਗ ਬੀਤੇ 20 ਅਪ੍ਰੈਲ ਨੂੰ ਪਾਏ ਗਏ, ਜਿਸ ‘ਚ ਸ਼੍ਰੋਮਣੀ ਅਕਾਲੀ ਦਲ ਦੇ ਕੋਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਦਿੱਲੀ ਇਕਾਈ ਦੇ ਮੁੱਖੀ ਬਲਵਿੰਦਰ ਸਿੰਘ ਭੁੰਦੜ੍ਹ ਤੋਂ ਇਲਾਵਾ ਸ੍ਰੋਮਣੀ ਅਕਾਲੀ ਦਲ ਦਿਲੀ (ਸਰਨਾ ਧੜਾ) ਦੇ ਮੈਂਬਰਾਂ ਦੇ ਕਾਰਕੁੰਨਾਂ ਨੇ ਵੀ ਸ਼ਿਰਕਤ ਕੀਤੀ ਸੀ। ਹਾਲਾਂਕਿ ਕਬਜਾ ਵਾਪਸੀ ਨੂੰ ਸਮਰਥਨ ਦੇਣ ਵਾਲੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ‘ਤੇ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤਾਂ ਸੁਖਬੀਰ ਸਿੰਘ ਬਾਦਲ ਤੋਂ ਦੂਰੀ ਬਣਾਉਂਦੇ ਹੋਏ ਇਸ ਸਮਾਗਮ ‘ਚ ਸ਼ਾਮਿਲ ਨਹੀ ਹੋਏ, ਪਰੰਤੂ ਇਸ ਮੋਕੇ ‘ਤੇ ਹਾਜਿਰ ਸਰਨਾ ਧੜ੍ਹੇ ਦੇ ਇਕ ਅਹੁਦੇਦਾਰ ਨੇ ਇਹ ਐਲਾਨ ਕਰ ਦਿੱਤਾ ਕਿ ਪੰਥਕ ਮਸਲਿਆਂ ‘ਚ ਸਰਨਾ ਧੜ੍ਹਾ ਬਾਦਲ ਪਾਰਟੀ ਨਾਲ ਮੋਢੇ ਨਾਲ ਮੋਢਾ ਜੋੜ੍ਹ ਕੇ ਨਾਲ ਖੜ੍ਹਾ ਹੈ, ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਦੇ ਕਬਜੇ ਦਾ ਮਾਮਲਾ ਕੋਈ ਪੰਥਕ ਮਸਲਾ ਨਹੀ ਸੀ।

ਹੁਣ ਸਵਾਲ ਉਠਣਾ ਲਾਜਮੀ ਹੈ ਕਿ ਸਰਨਾ ਭਰਾ ‘ਤੇ ਮਨਜੀਤ ਸਿੰਘ ਜੀ.ਕੇ. ਨੇ ਆਪਣਾ ਸਟੈਂਡ ਬਦਲ ਕੇ ਕੀ ਬਾਦਲ ਪਰਿਵਾਰ ਨੂੰ ਗੁਰੁ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲਿਆਂ ‘ਤੇ ਬਰਗਾੜ੍ਹੀ ਕਾਂਡ ‘ਚ ਕਲੀਨ ਚਿੱਟ ਦੇ ਦਿੱਤੀ ਹੈ ਤਾਂ ਹੀ ਉਹਨਾਂ ਇਸ ਸਮਾਗਮ ‘ਚ ਸ਼ਾਮਿਲ ਸੁਖਬੀਰ ਸਿੰਘ ਬਾਦਲ ਨੂੰ ਸਿਰੋਪਾਉ ਦੇਣ ‘ਤੇ ਲੈਣ ‘ਚ ਕੋਈ ਗੁਰੇਜ ਨਹੀ ਕੀਤਾ ? ਕੀ ਗੁਰਮੀਤ ਸਿੰਘ ਸੰਟੀ ‘ਤੇ ਸਰਨਾ ਭਰਾਵਾਂ ਵਲੌਂ ਮਨਜੀਤ ਸਿੰਘ ਜੀ.ਕੇ. ‘ਤੇ ਅਵਤਾਰ ਸਿੰਘ ਹਿਤ ਦੇ ਖਿਲਾਫ ਲਗਾਏ ਭ੍ਰਿਸ਼ਟਾਚਾਰ ਦੇ ਆਰੋਪ ਝੂਠੇ ਸਨ ? ਜੇਕਰ ਨਹੀ ਤਾਂ ਉਹਨਾਂ ਨੂੰ ਬਾਦਲ ਪਾਰਟੀ ਦੇ ਦਫਤਰ ਦੇ ਕਬਜੇ ਸਬੰਧੀ ਮਾਮੂਲੀ ਮਾਮਲੇ ‘ਚ ਵੱਧ-ਚੱੜ੍ਹ ਕੇ ਸ਼ਿਰਕਤ ਕਰਨ ਦੀ ਕੀ ਲੋੜ੍ਹ ਸੀ ? ਇਕ ਦੂਜੇ ਨੂੰ ਰੱਜ ਦੇ ਭੰਢਣ ‘ਤੇ ਮੇਲੇ ‘ਚ ਵਿਛੜ੍ਹੇ ਭਰਾਵਾਂ ਵਾਂਗੂ ਗਲਵਕੜ੍ਹੀ ਪਾ ਕੇ ਮਿਲਣ ‘ਤੇ ਇਕ ਦੂਜੇ ਨੂੰ ਦੁੱਧ-ਧੋਤਾ ਹੋਣ ਦਾ ਸਰਟੀਫਿਕੇਟ ਦੇ ਕੇ ਇਹ ਅਖੋਤੇ ਸਿੱਖ ਆਗੂ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ ? ਕੀ ਇਹ ਦੋਗਲੀ ਰਾਜਨੀਤੀ ਸਿੰਖ ਪੰਥ ਲਈ ਲਾਹੇਵੰਦ ਹੋ ਸਕਦੀ ਹੈ? ਦਿੱਲੀ ਕਮੇਟੀ ਦੀ ਇਕ ਬੀਬੀ ਮੈਂਬਰ ਰਣਜੀਤ ਕੋਰ ਦਾ ਕਿਰਦਾਰ ਤਾਂ ਸਮਝ ਤੋਂ ਪਰੇ ਹੈ ਕਿਉਂਕਿ ਉਸ ਮੁਤਾਬਿਕ ਉਹ ਪੰਥਕ ਮਾਮਲਿਆਂ ‘ਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈ, ਸਿਆਸੀ ਮਾਮਲਿਆਂ ‘ਚ ਉਹ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋਈ ਹੈ ‘ਤੇ ਵਿਰੋਧੀ ਹਰਮੀਤ ਸਿੰਘ ਸਿੰਘ ਕਾਲਕਾ ਦੀ ਪ੍ਰਧਾਨਗੀ ਹੇਠ ਬਣੀ ਦਿੱਲੀ ਗੁਰਦੁਆਰਾ ਕਮੇਟੀ ‘ਚ ਉਹ ਕਾਰਜਕਾਰੀ ਬੋਰਡ ਦੀ ਮੈਂਬਰ ਹੈ ? ਵਿਰੋਧੀ ਧਿਰਾਂ ਦੀ ਇਸ ਕਾਰਗੁਜਾਰੀ ਨਾਲ ਇਸ ਗਲ ਤੋਂ ਇੰਨਕਾਰ ਨਹੀ ਕੀਤਾ ਜਾ ਸਕਦਾ ਕਿ ਇਹ ਕੇਵਲ ਕੁਰਸੀ ਦੀ ਲਾਲਸਾ ‘ਤੇ ਦਿੱਲੀ ਕਮੇਟੀ ‘ਤੇ ਕਾਬਜ ਹੋਣ ਲਈ ਇਕ ਦੂਜੇ ਨਾਲ ਘਿਉ-ਖਿਚੜ੍ਹੀ ਹੋ ਰਹੇ ਹੈ, ਹੋਰ ਕੁੱਝ ਵੀ ਨਹੀ। ਕੀ ਇਹਨਾਂ ਨੇ ਅੱਜ ਤੱਕ ਇਕਜੁਟ ਹੋ ਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੋਜੂਦਾ ਅਹੁਦੇਦਾਰਾਂ ਵਲੋਂ ਬਾਣੀ ਦੀ ਨਿਰਾਦਰੀ ‘ਤੇ ਸਿੱਖ ਇਤਿਹਾਸ ਨੂੰ ਤੋੜ੍ਹ-ਮਰੋੜ੍ਹ ਕੇ ਪੇਸ਼ ਕਰਨ ਜਾਂ ਨਿਯਮਾਂ ਦੀ ਲਗਾਤਾਰ ਉਲੰਘਣਾ ਕਰਨ ‘ਤੇ ਦਿੱਲੀ ਕਮੇਟੀ ਦੇ ਵਿਦਿਅਕ ‘ਤੇ ਹੋਰਨਾਂ ਅਦਾਰਿਆਂ ਨੂੰ ਬੰਦ ਹੋਣ ਦੀ ਕਗਾਰ ‘ਤੇ ਪਹੁੰਚਾਉਣ ਦੇ ਖਿਲਾਫ ਕੋਈ ਠੋਸ ਕਦਮ ਚੁੱਕਿਆ ਹੈ ? ਇਹਨਾਂ ਸਾਰੀਆਂ ਪਾਰਟੀਆਂ ਨੂੰ ਅਪੀਲ ਹੈ ਕਿ ਉਹ ਆਪਣਾ ਏਜੰਡਾ ਜਨਤਕ ਕਰਨ ‘ਤੇ ਆਪਣੇ ਨਿਜੀ ਮੁਫਾਦਾਂ ਲਈ ਸੰਗਤਾਂ ਨੂੰ ਗੁਮਰਾਹ ਕਰਨ ਤੋਂ ਗੁਰੇਜ ਕਰਨ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>