ਈ ਦੀਵਾਨ ਸੁਸਾਇਟੀ ਵਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕੌਮਾਂਤਰੀ ਕਵੀ ਦਰਬਾਰ

Screenshot-( 3) 23 april kavi darbar.resizedਕੈਲਗਰੀ: ਈ- ਦੀਵਾਨ ਸੋਸਾਇਟੀ ਕੈਲਗਰੀ ਵਲੋਂ, 23 ਅਪ੍ਰੈਲ ਦਿਨ ਸ਼ਨਿਚਰਵਾਰ ਨੂੰ, ਆਪਣੇ ਹਫਤਾਵਾਰ ਸਮਾਗਮ ਵਿੱਚ, ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ, ਔਨਲਾਈਨ ਕੌਮਾਂਤਰੀ ਕਵੀ ਦਰਬਾਰ ਕਰਾਇਆ ਗਿਆ- ਜਿਸ ਵਿੱਚ ਦੇਸ਼ ਵਿਦੇਸ਼ ਤੋਂ ਮਹਾਨ ਪੰਥਕ ਕਵੀ/ ਕਵਿੱਤਰੀਆਂ ਨੇ ਸ਼ਿਰਕਤ ਕੀਤੀ। ਇਹ ਸੰਸਥਾ ਖਾਸ ਦਿਹਾੜਿਆਂ ਤੇ ਕਵੀ ਦਰਬਾਰ ਕਰਾ ਕੇ, ਦਸ਼ਮੇਸ਼ ਪਿਤਾ ਦੀ ਚਲਾਈ ਹੋਈ ਇਸ ਪਰੰਪਰਾ ਨੂੰ ਅੱਗੇ ਤੋਰਨ ਵਿੱਚ ਵਿਸ਼ੇਸ਼ ਯੋਗਦਾਨ ਪਾ ਰਹੀ ਹੈ।

ਸਮਾਗਮ ਦੇ ਸ਼ੁਰੂ ਵਿੱਚ, ਸੰਸਥਾ ਦੇ ਸੰਸਥਾਪਕ ਤੇ ਸੰਚਾਲਕ- ਡਾ. ਬਲਰਾਜ ਸਿੰਘ ਨੇ, ਨਵੀਂ ਸੰਗਤ ਨੂੰ ਸਭਾ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ- ਇਸ ਸੰਸਥਾ ਨਾਲ, ਦੇਸ਼ ਵਿਦੇਸ਼ ਤੋਂ ਸੰਗਤ ਜੁੜੀ ਹੋਈ ਹੈ। ਹਰ ਵੀਕਐਂਡ ਤੇ ਵਿਦਵਾਨਾਂ ਵਲੋਂ, ਗੁਰਬਾਣੀ ਦੀ ਵਿਚਾਰਧਾਰਾ ਤੇ ਅਧਾਰਿਤ, ਵੱਖ ਵੱਖ ਵਿਸ਼ਿਆਂ ਤੇ ਲੈਕਚਰ ਕਰਵਾਏ ਜਾਂਦੇ ਹਨ- ਜੋ ਬਾਅਦ ਵਿੱਚ ‘ਸੰਗਤੀ ਵਿਚਾਰ’ ਯੁਟਿਊਬ ਚੈਨਲ ਤੇ ਪਾ ਦਿੱਤੇ ਜਾਂਦੇ ਹਨ। ਹਰ ਸਮਾਗਮ ਦੇ ਸ਼ੁਰੂ ਤੇ ਅਖੀਰ ਵਿੱਚ ਬੱਚਿਆਂ ਵਲੋਂ ਕੀਰਤਨ ਕੀਤਾ ਜਾਂਦਾ ਹੈ। ਸੋ ਇਸ ਸਮਾਗਮ ਦੀ ਸ਼ੁਰੂਆਤ ਵੀ- ਟੋਰੰਟੋ ਤੋਂ ਅਮਿਤੋਜ਼ ਕੌਰ ਤੇ ਅਨੁਰੀਤ ਕੌਰ ਨੇ ਸ਼ਬਦ ਨਾਲ ਕੀਤੀ।

Screenshot- 23 april kavi darbar.resizedਗੁਰਦੀਸ਼ ਕੌਰ ਨੇ ਮੰਚ ਸੰਚਾਲਨ ਦੀ ਸੇਵਾ ਸੰਭਾਲੀ। ਦੂਰ ਦੁਰਾਡੇ ਤੋਂ ਪਹੁੰਚੇ ਕਵੀਆਂ ਨੂੰ ‘ਜੀ ਆਇਆਂ’ ਕਿਹਾ ਅਤੇ ਕਵੀਆਂ ਦੀ ਜਾਣ ਪਛਾਣ ਕਰਾਉਂਦੇ ਹੋਏ, ਸਭ ਨੂੰ ਵਾਰੀ ਵਾਰੀ ਸੱਦਾ ਦਿੱਤਾ। ਸਮਾਗਮ ਦੇ ਸ਼ੁਰੂ ਵਿੱਚ, ਮਨਜੀਤ ਕੌਰ ਅੰਬਾਲਵੀ ਜੀ ਨੇ, ਦਸ਼ਮੇਸ਼ ਪਿਤਾ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਪਾਉਂਟਾ ਸਾਹਿਬ ਤੋਂ ਕਵੀ ਦਰਬਾਰ ਵਿੱਚ ਹਾਜ਼ਰੀ ਭਰੀ ਅਤੇ ਅਜੋਕੇ ਸਮੇਂ ਦੇ ਸਿੱਖਾਂ ਵਿੱਚ ਆਈਆਂ ਊਣਤਾਈਆਂ ਦਾ, ‘ਸਾਨੂੰ ਸਿੱਖ ਅਖਵਾਉਣਾ ਨਾ ਆਇਆ’ ਕਵਿਤਾ ਵਿੱਚ ਜ਼ਿਕਰ ਕੀਤਾ। ਗੁਰਜੀਤ ਕੌਰ ਅਜਨਾਲਾ (ਇੰਡੀਆ) ਨੇ ਆਪਣੀ ਬੁਲੰਦ ਆਵਾਜ਼ ਵਿੱਚ, ਖਾਲਸਾ ਪੰਥ ਦੀ ਸਾਜਨਾ ਤੇ ‘ਸਿੰਘੋ ਇੱਕ ਸੀਸ ਚਾਹੀਦਾ’ ਗੀਤ ਗਾ ਕੇ, ਰੰਗ ਬੰਨ੍ਹ ਦਿੱਤਾ। ਸਾਊਥ ਕੋਰੀਆ ਤੋਂ ਪਹੁੰਚੇ, ਅਮਨਬੀਰ ਸਿੰਘ ਧਾਮੀ ਨੇ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ ਨੂੰ ਬਿਆਨ ਕਰਦੀ ਭਾਵਪੂਰਤ ਕਵਿਤਾ ਨਾਲ ਹਾਜ਼ਰੀ ਲਵਾਈ। ਉਤਰਾਖੰਡ ਤੋਂ ਪਹੁੰਚੇ, ਸਰਬਜੀਤ ਕੌਰ ਸਰਬ ਨੇ ਬੈਂਤ ਛੰਦ ਵਿੱਚ ਲਿਖੀ ਆਪਣੀ ਕਵਿਤਾ ਸੁਣਾ ਕੇ, 1699 ਦੀ ਵਿਸਾਖੀ ਨੂੰ ਯਾਦ ਕੀਤਾ। ਯਮੁਨਾਨਗਰ ਤੋਂ ਪੁੱਜੇ, ਉਸਤਾਦ ਪੰਥਕ ਸ਼ਾਇਰ ਗੁਰਦਿਆਲ ਸਿੰਘ ਨਿਮਰ ਜੀ ਨੇ ਆਪਣੀ ਬੁਲੰਦ ਆਵਾਜ਼ ਰਾਹੀਂ, ਆਪਣੀ ਬੇਹਤਰੀਨ ਰਚਨਾ- ‘ਇੱਕ ਸੀਸ ਦੀ ਲੋੜ ਹੈ’ ਰਾਹੀਂ, ਪੰਜ ਪਿਆਰਿਆਂ ਦੀ ਚੋਣ ਦਾ ਬਾਖੂਬੀ ਦ੍ਰਿਸ਼ ਵਰਨਣ ਕਰਕੇ, ਵਾਹਵਾ ਖੱਟੀ। ਲੁਧਿਆਣਾ ਤੋਂ ਪੁੱਜੇ, ਲੇਖਕ ਤੇ ਗਾਇਕ, ਪਰਮਿੰਦਰ ਸਿੰਘ ਅਲਬੇਲਾ ਨੇ ਆਪਣੀ ਖੂਬਸੂਰਤ ਆਵਾਜ਼ ਵਿੱਚ, ‘ਕਲਗੀਧਰ ਜਿਹਾ ਪਰਉਪਕਾਰੀ, ਨਾ ਕੋਈ ਹੋਇਆ ਨਾ ਕੋਈ ਹੋਣਾ’ ਸੁਣਾ ਕੇ, ਸਭ ਨੂੰ ਮੰਤਰ ਮੁਗਧ ਕਰ ਦਿੱਤਾ।

ਕੋਰੀਆ ਤੇ ਇੰਡੀਆ ਤੋਂ ਬਾਅਦ, ਕੈਨੇਡਾ ਦੇ ਕਵੀਆਂ ਦੀ ਵਾਰੀ ਆਈ। ਟੋਰੰਟੋ ਤੋਂ ਆਏ, ਨਾਮਵਰ ਗੀਤਕਾਰ ਸੁਜਾਨ ਸਿੰਘ ਸੁਜਾਨ ਨੇ ਆਪਣੀ ਬੁਲੰਦ ਆਵਾਜ਼ ਵਿੱਚ, ‘ਦਾਤ ਅਨੋਖੀ ਅੰਮ੍ਰਿਤ ਦੀ’ ਗੀਤ ਗਾ ਕੇ, ‘ਪਾਹੁਲ ਖੰਡੇ’ ਦੀ ਦਾਤ ਦੀ ਅਲੌਕਿਕ ਸ਼ਕਤੀ ਦਾ ਵਰਨਣ ਕੀਤਾ। ਪਰਮਜੀਤ ਸਿੰਘ ਟੋਰੰਟੋ ਵਾਲਿਆਂ ਨੂੰ, ਆਪਣੇ ਮਾਤਾ ਜੀ ਦੇ ਅਚਾਨਕ ਅਕਾਲ ਚਲਾਣੇ ਕਾਰਨ ਇੰਡੀਆ ਜਾਣਾ ਪਿਆ ਅਤੇ ਉਹ ਕਵੀ ਦਰਬਾਰ ਵਿੱਚ ਹਾਜ਼ਰ ਨਹੀਂ ਹੋ ਸਕੇ- ਜਿਸ ਦਾ ਬਹੁਤ ਅਫਸੋਸ ਹੋਇਆ। ਸਰੀ ਬੀ.ਸੀ. ਤੋਂ ਆਏ, ਪਲਵਿੰਦਰ ਸਿੰਘ ਰੰਧਾਵਾ ਨੇ, ਖਾਲਸੇ ਤੇ ਲਿਖਿਆ ਗੀਤ- ‘ਨਿਆਰਾ ਖਾਲਸਾ’ ਸੁਰੀਲੀ ਆਵਾਜ਼ ਵਿੱਚ ਗਾ ਕੇ, ਸਮਾਂ ਬੰਨ੍ਹ ਦਿੱਤਾ। ਛੰਦਾਂ ਦੇ ਉਸਤਾਦ, ਕੈਲਗਰੀ ਨਿਵਾਸੀ ਜਸਵੰਤ ਸਿੰਘ ਸੇਖੋਂ ਨੇ ਵਿਸਾਖੀ ਨਾਲ ਜੁੜੀਆਂ ਇਤਿਹਾਸਕ ਘਟਨਾਵਾਂ ਦੀ ਜਾਣਕਾਰੀ ਦੇਣ ਉਪਰੰਤ, ਔੜਾ ਛੰਦ ਵਿੱਚ ਪੰਜ ਪਿਆਰਿਆਂ ਤੇ ਲਿਖੀ ਕਵੀਸ਼ਰੀ ਰਾਹੀਂ ਸਾਂਝ ਪਾਈ। ਅੰਤ ਤੇ ਹੋਸਟ ਗੁਰਦੀਸ਼ ਕੌਰ ਨੇ ਵੀ ਆਪਣੀ ਰਚਨਾ- ‘ਆ ਨੀ ਵਿਸਾਖੀਏ’ ਸੰਗਤ ਨਾਲ ਸਾਂਝੀ ਕੀਤੀ। ਸ. ਜਗਬੀਰ ਸਿੰਘ ਨੇ ਸੰਗਤ ਵਲੋਂ ਕਵੀ/ ਕਵਿੱਤਰੀਆਂ ਦਾ ਧੰਨਵਾਦ ਕੀਤਾ। ਅੰਤ ਤੇ ਸੰਗਤ ਵਿਚੋਂ ਜਸਬੀਰ ਕੌਰ ਗਿੱਲ ਨੇ ਪੰਜਾਬ ਦੀ ਹਾਲਤ ਨੂੰ ਬਿਆਨ ਕਰਦੀ ਹੋਈ ਕਵਿਤਾ ਪੜ੍ਹੀ। ਡਾ. ਸੁਰਜੀਤ ਸਿੰਘ ਭੱਟੀ ਨੇ, ਇਸ ਸੰਸਥਾ ਵਲੋਂ ਸ਼ੁਰੂ ਕੀਤੇ ਔਨਲਾਈਨ ਮਹੀਨਾਵਾਰ ਮੈਗਜ਼ੀਨ ‘ਸਾਂਝੀ ਵਿਰਾਸਤ’ ਦੀ ਜਾਣਕਾਰੀ ਦਿੰਦਿਆਂ ਹੋਇਆਂ, ਸਾਰੇ ਕਵੀਆਂ ਨੂੰ ਆਪਣੀਆਂ ਰਚਨਾਵਾਂ ਲਿਖਤੀ ਰੂਪ ਵਿੱਚ, ਇਸ ਮੈਗਜ਼ੀਨ ਲਈ ਭੇਜਣ ਦੀ ਬੇਨਤੀ ਕੀਤੀ।

ਦੋ ਘੰਟੇ ਚੱਲੇ ਇਸ ਕਵੀ ਦਰਬਾਰ ਦੀ, ਜੈਕਾਰਿਆਂ ਦੀ ਗੂੰਜ ਵਿੱਚ ਸਮਾਪਤੀ ਹੋਈ ਅਤੇ ਟੋਰੰਟੋ ਤੋਂ- ਪਰਨੀਤ ਕੌਰ ਤੇ ਸਿਮਰਲੀਨ ਕੌਰ ਨੇ ਸ਼ਬਦ ਦੀ ਹਾਜ਼ਰੀ ਭਰੀ ਜਦ ਕਿ ਕੈਲਗਰੀ ਤੋਂ ਬੱਚੇ- ਯੁਵਰਾਜ ਸਿੰਘ ਤੇ ਸਬੀਨਾ ਕੌਰ ਨੇ ਆਨੰਦ ਸਾਹਿਬ ਸਰਵਣ ਕਰਾਇਆ। ਉਪਰੰਤ ਅਰਦਾਸ ਕਰਕੇ ਹੁਕਮਨਾਮਾ ਲਿਆ ਗਿਆ। ਸੋ ਇਸ ਤਰ੍ਹਾਂ ਇਹ ਸਮਾਗਮ ਸਰੋਤਿਆਂ ਦੇ ਮਨਾਂ ਤੇ ਅਮਿੱਟ ਛਾਪ ਛੱਡ ਗਿਆ। ਵਧੇਰੇ ਜਾਣਕਾਰੀ ਲਈ- ਡਾ. ਬਲਰਾਜ ਸਿੰਘ 403 978 2419 ਨਾਲ ਜਾਂ ਜਗਬੀਰ ਸਿੰਘ ਨਾਲ 587 718 8100 ਤੇ ਸੰਪਰਕ ਕੀਤਾ ਜਾ ਸਕਦਾ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>