ਸ਼ਹਿਰ ਵਾਸੀਆਂ ਦੀ ਸਿਹਤਯਾਬੀ ਲਈ ਚੰਡੀਗੜ੍ਹ ਵੈਲਫ਼ੇਅਰ ਟਰੱਸਟ ਨੇ ਫੋਰਟਿਸ ਹਸਪਤਾਲ ਦੇ ਸਹਿਯੋਗ ਨਾਲ ਲਗਾਇਆ ਮੁਫ਼ਤ ਸਿਹਤ ਜਾਂਚ ਕੈਂਪ

Press Pic 1(19).resizedਚੰਡੀਗੜ੍ – ਸਿਟੀ ਬਿਊਟੀਫੁੱਲ ਦੇ ਸਰਬਪੱਖੀ ਵਿਕਾਸ ਲਈ ਸਥਾਪਿਤ ਕੀਤੀ ਗਈ ਸੰਸਥਾ ਚੰਡੀਗੜ੍ਹ ਵੈਲਫੇਅਰ ਟਰੱਸਟ ਵੱਲੋਂ ਪਹਿਲਾ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਗਿਆ। ਇਹ ਕੈਂਪ ਫੋਰਟਿਸ ਹਸਪਤਾਲ ਮੋਹਾਲੀ ਅਤੇ ਰੈਜ਼ੀਡੈਂਸ ਵੈਲਫੇਅਰ ਐਸੋਸੀਏਸ਼ਨ, ਚੰਡੀਗੜ੍ਹ ਦੇ ਸਹਿਯੋਗ ਨਾਲ ਲਗਾਇਆ ਗਿਆ। ਬੀ.ਐਮ.ਡੀ ਪਬਲਿਕ ਸਕੂਲ, ਸੈਕਟਰ 63, ਚੰਡੀਗੜ੍ਹ ਵਿਖੇ ਲਗਾਏ ਕੈਂਪ ਦੌਰਾਨ 300 ਤੋਂ ਵੱਧ ਲੋਕਾਂ ਨੇ ਮੁਫ਼ਤ ਮੈਡੀਕਲ ਕੈਂਪ ਦਾ ਲਾਭ ਉਠਾਇਆ, ਜਿਸ ’ਚ ਵੱਡੀ ਗਿਣਤੀ ਬਜ਼ੁਰਗ ਸ਼ਾਮਲ ਸਨ।ਕੈਂਪ ਦਾ ਉਦਘਾਟਨ ਨਗਰ ਨਿਗਮ ਚੰਡੀਗੜ੍ਹ ਦੀ ਮੇਅਰ ਸ਼੍ਰੀਮਤੀ ਸਰਬਜੀਤ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਚੰਡੀਗੜ੍ਹ ਵੈਲਫੇਅਰ ਟਰੱਸਟ ਦੇ ਸੰਸਥਾਪਕ ਸ. ਸਤਨਾਮ ਸਿੰਘ ਸੰਧੂ, ਰੈਜ਼ੀਡੈਂਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਸ਼ਵਨੀ ਕੌਸ਼ਲ, ਪੰਚਕੂਲਾ ਦੇ ਸਾਬਕਾ ਡਿਪਟੀ ਕਮਿਸ਼ਨਰ ਵਿਵੇਕ ਅਤਰੇ, ਵਾਰਡ ਨੰਬਰ 35 ਚੰਡੀਗੜ੍ਹ ਐਮ.ਸੀ ਰਜਿੰਦਰ ਸਿੰਘ ਅਤੇ ਐਸ.ਐਚ.ਓ ਸੈਕਟਰ 49 ਸੈਕਟਰ ਸ਼੍ਰੀ ਜੈ ਪ੍ਰਕਾਸ਼ ਸਿੰਘ ਉਚੇਚੇ ਤੌਰ ’ਤੇ ਹਾਜ਼ਰ ਸਨ।

ਜ਼ਿਕਰਯੋਗ ਹੈ ਕਿ ਇਹ ਕੈਂਪ ਐਮ.ਡੀ, ਡੀ.ਐਮ ਕਾਰਡੀਓਲੋਜੀ, ਪੀ.ਜੀ.ਆਈ ਚੰਡੀਗੜ੍ਹ, ਫੋਰਟਿਸ ਕਾਰਡੀਓਲੋਜੀ ਵਿਭਾਗ ਦੇ ਡਾਇਰੈਕਟਰ ਹੈੱਡ ਡਾ. ਰਾਕੇਸ਼ ਕੇ ਜਸਵਾਲ, ਐਮ.ਐਸ, ਐਫ਼.ਐਮ.ਏ.ਐਸ, ਐਫ਼.ਐਮ.ਏ.ਐਮ.ਬੀ.ਐਸ, ਐਫ਼.ਬੀ.ਐਮ.ਐਸ (ਤਾਈਵਾਨ) ਬੈਰਿਆਟਿ੍ਰਕ ਅਤੇ ਮੈਟਾਬੋਲਿਕ ਸਰਜਰੀ ਡਾ. ਅਮਿਤ ਗਰਗ, ਡਾਇਰੈਕਟਰ ਆਰਥੋਪੀਡਿਕਸ (ਸਪਰੋਟਸ ਮੈਡੀਸਨ) ਡਾ. ਰਵੀ ਗੁਪਤਾ, ਸਲਾਹਕਾਰ ਰੇਮੇਟੋਲੋਜਿਸਟ ਅਤੇ ਮੈਡੀਕਲ ਸਪੈਸ਼ਲਿਸਟ ਕੰਸਲਟੈਂਟ ਰੈਮੇਟੋਲੋਜੀ ਫੋਰਟਿਸ ਮੋਹਾਲੀ ਡਾ. ਸਤਬੀਰ ਕੌਰ, ਵਧੀਕ ਡਾਇਰੈਕਟਰ ਇੰਟਰਨਲ ਮੈਡੀਸਨ ਚਿਕਿਤਸਕ ਅਤੇ ਗੈਸਟਰੋਇੰਟੇਸਟਾਈਨਲ ਐਂਡੋਸਕੋਪਿਸਟ ਡਾ. ਮਨਜੀਤ ਸਿੰਘ ਤ੍ਰੇਹਨ ਅਤੇ ਉਨ੍ਹਾਂ ਦੀਆਂ ਟੀਮਾਂ ਦੀ ਨਿਗਰਾਨੀ ਹੇਠ ਲਗਾਇਆ ਗਿਆ। ਇਸ ਤੋਂ ਇਲਾਵਾ ਐਮ.ਐਲ.ਡੀ, ਡਾਇਟਿਕਸ ਐਂਡ ਨਿਊਟ੍ਰੀਏਸ਼ਨ, ਨਰਸਿੰਗ, ਓਪਟੋਮੈਟਰੀ ਅਤੇ ਫਿਜ਼ੀਓਥਰੈਪੀ ਖੇਤਰਾਂ ’ਚ ਪੜ੍ਹਾਈ ਕਰ ਰਹੇ ਚੰਡੀਗੜ੍ਹ ਵੈਲਫ਼ੇਅਰ ਟਰੱਸਟ ਦੇ ਵਲੰਟੀਅਰਾਂ ਨੇ ਕੈਂਪ ਦੌਰਾਨ ਆਪਣੀਆਂ ਸੇਵਾਵਾਂ ਨਿਭਾਈਆਂ।ਵੱਡੀ ਗਿਣਤੀ ਵਲੰਟੀਅਰਾਂ ਵੱਲੋਂ ਆਏ ਹੋਏ ਮਰੀਜ਼ਾਂ ਦੀ ਪੂਰੀ ਤਨਦੇਹੀ ਨਾਲ ਦੇਖਭਾਲ ਕੀਤੀ ਗਈ।

Press Pic 2(9).resizedਸਿਹਤ ਜਾਂਚ ਕੈਂਪ ਦੌਰਾਨ 300 ਤੋਂ ਵੱਧ ਲੋਕਾਂ ਨੇ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਮੈਡੀਕਲ ਟੈਸਟ ਕਰਵਾਏ। ਇਸ ਦੌਰਾਨ ਮਰੀਜ਼ਾਂ ਦੇ ਹੱਡੀਆਂ ਦੇ ਰੋਗਾਂ ਸਬੰਧੀ ਬੀ.ਐਮ.ਡੀ ਟੈਸਟ, ਦਿਲ ਦੇ ਰੋਗਾਂ ਸਬੰਧੀ ਈ.ਸੀ.ਜੀ, ਬਲੱਡ ਪ੍ਰੈਸ਼ਰ, ਡਾਈਟ ਕਾਊਂਸਲਿੰਗ, ਵਜਨ ਘਟਾਉਣ ਸਬੰਧੀ ਮਾਰਗਦਰਸ਼ਨ, ਫਿਜ਼ੀਓਥਰੈਥੀ, ਖੂਨ ਦੇ ਟੈਸਟ ਬਿਲਕੁਲ ਮੁਫ਼ਤ ਕੀਤੇ ਗਏ।ਇਸ ਤੋਂ ਇਲਾਵਾ ਵੱਡੀ ਗਿਣਤੀ ਲੋਕਾਂ ਦੀਆਂ ਅੱਖਾਂ ਦੀ ਜਾਂਚ ਵੀ ਕੀਤੀ ਗਈ, ਜਿਨ੍ਹਾਂ ਵਿਚੋਂ 150 ਦੇ ਕਰੀਬ ਮਰੀਜ਼ਾਂ ਨੂੰ ਮੁਫ਼ਤ ਨਜ਼ਰ ਦੀਆਂ ਐਨਕਾਂ ਵੀ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਕੈਂਪ ਦੌਰਾਨ ਚੰਡੀਗੜ੍ਹ ਵੈਲਫੇਅਰ ਟਰੱਸਟ ਦੇ ਵਲੰਟੀਅਰਾਂ ਨੂੰ ਸੀ.ਪੀ.ਆਰ ਅਤੇ ਫਸਟ ਏਡ ਟ੍ਰੇਨਿੰਗ ਵੀ ਮੁਹੱਈਆ ਕਰਵਾਈ ਗਈ। ਜ਼ਿਕਰਯੋਗ ਹੈ ਕਿ ਕਾਰਡੀਓ ਪੁਲਮੋਨਰੀ ਰੀਸਸੀਟੇਸ਼ਨ (ਸੀ.ਪੀ.ਆਰ) ਐਮਰਜੈਂਸੀ ਵੇਲੇ ਜੀਵਨ ਬਚਾਉਣ ਵਾਲੀ ਮਹੱਤਵਪੂਰਨ ਤਕਨੀਕ ਹੈ, ਜੋ ਦਿਲ ਦਾ ਦੌਰਾ ਪੈਣ, ਡੁੱਬਣ ਸਮੇਂ, ਸਾਹ ਲੈਣ ’ਚ ਤਕਲੀਫ਼ ਅਤੇ ਦਿਲ ਦੀ ਧੜਕਣ ਰੁਕਣ ਵੇਲੇ ਲਾਭਦਾਇਕ ਕਰਾਰ ਦਿੱਤੀ ਗਈ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਨਗਰ ਨਿਗਮ ਚੰਡੀਗੜ੍ਹ ਦੀ ਮੇਅਰ ਸ਼੍ਰੀਮਤੀ ਸਰਬਜੀਤ ਕੌਰ ਨੇ ਕਿਹਾ ਕਿ ਮਨੁੱਖ ਨੂੰ ਆਪਣੇ ਜੀਵਨ ਵਿੱਚ ਸਮਾਜ ਭਲਾਈ ਦੇ ਕੰਮਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਅਤੇ ਨਰੋਏ ਸਮਾਜ ਦੀ ਸਿਰਜਣ ਕਰਨ ਵਿੱਚ ਆਪੋ-ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।ਚੰਡੀਗੜ੍ਹ ਵੈਲਫ਼ੇਅਰ ਟਰੱਸਟ ਦੀਆਂ ਪਹਿਲਕਦਮੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਟਰੱਸਟ ਨੇ ਜਿੱਥੇ ਸਿਟੀ ਬਿਊਟੀਫੁੱਲ ਵਜੋਂ ਚੰਡੀਗੜ੍ਹ ਦੀ ਲੋਪ ਹੋਈ ਮਾਨਤਾ ਨੂੰ ਮੁੜ ਸਥਾਪਿਤ ਕਰਨ ਦਾ ਬੀੜਾ ਚੁੱਕਿਆ ਹੈ ਉਥੇ ਹੀ ਹੁਣ ਮੈਡੀਕਲ ਕੈਂਪ ਦੇ ਮਾਧਿਅਮ ਰਾਹੀਂ ਸ਼ਹਿਰ ਵਾਸੀਆਂ ਦੀ ਸਿਹਤ ਸੰਭਾਲ ਲਈ ਮਹੱਤਵਪੂਰਨ ਕਦਮ ਚੁੱਕਿਆ ਹੈ।ਉਨ੍ਹਾਂ ਚੰਡੀਗੜ੍ਹ ਦੀ ਬਿਹਤਰੀ ਲਈ ਕਾਰਜਸ਼ੀਲ ਹੋਰਨਾਂ ਸੰਸਥਾਵਾਂ ਨੂੰ ਵੀ ਅੱਗੇ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਮੁੱਚੀਆਂ ਸਮਾਜ ਭਲਾਈ ਸੰਸਥਾਵਾਂ ਇੱਕ ਸਾਂਝੇ ਮੰਚ ’ਤੇ ਆ ਕੇ ਸ਼ਹਿਰ ਚੰਡੀਗੜ੍ਹ ਦੇ ਵਿਕਾਸ ’ਚ ਯੋਗਦਾਨ ਪਾਉਣ।

ਇਸ ਮੌਕੇ ਸ੍ਰੀ ਵਿਵੇਕ ਅਤਰੇ ਨੇ ਕਿਹਾ ਕਿ ਦੇਸ਼ ਭਰ ਵਿੱਚ ਮੈਡੀਕਲ ਹੱਬ ਵਜੋਂ ਉੱਭਰ ਚੁੱਕੇ ਸ਼ਹਿਰ ਚੰਡੀਗੜ੍ਹ ’ਚ ਮੈਡੀਕਲ ਸਹੂਲਤਾਂ ਦੀ ਕੋਈ ਕਮੀ ਨਹੀਂ ਹੈ, ਪਰ ਤਕਨਾਲੋਜੀ ਦੀ ਮਦਦ ਨਾਲ ਇਨ੍ਹਾਂ ਸੇਵਾਵਾਂ ਅਤੇ ਸਹੂਲਤਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਸਮੇਂ ਦੀ ਮੁੱਖ ਲੋੜ ਹੈ।ਉਨ੍ਹਾਂ ਕਿਹਾ ਕਿ ਮੈਡੀਕਲ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਇਸ ਵਿੱਚ ਬਹੁਤ ਅਹਿਮ ਭੂਮਿਕਾ ਹੈ ਜਦਕਿ ਗ਼ੈਰ ਸਰਕਾਰੀ ਸੰਸਥਾਵਾਂ (ਐਨ.ਜੀ.ਓਜ਼) ਲੋੜਵੰਦਾਂ ਅਤੇ ਬਜ਼ੁਰਗਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਅਹਿਮ ਯੋਗਦਾਨ ਪਾ ਰਹੀਆਂ ਹਨ।

ਇਸ ਮੌਕੇ ਗੱਲਬਾਤ ਕਰਦਿਆਂ ਚੰਡੀਗੜ੍ਹ ਵੈਲਫ਼ੇਅਰ ਟਰੱਸਟ ਦੇ ਸੰਸਥਾਪਕ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ
‘ਏਜ਼ ਆਫ਼ ਲੀਵਿੰਗ’ ਇੰਡੈਕਸ ’ਚ ਸਿਹਤ ਪ੍ਰਮੁੱਖ ਮਾਪਦੰਡਾਂ ਵਿਚੋਂ ਇੱਕ ਹੈ ਅਤੇ ਨੀਤੀ ਆਯੋਗ ਵੱਲੋਂ ਜਾਰੀ ਕੀਤੇ ਸਿਹਤ ਸੂਚਕਾਂਕ 2019-20 ਵਿੱਚ ਚੰਡੀਗੜ੍ਹ ਨੂੰ 62.53% ਦੇ ਸਕੋਰ ਨਾਲ ਦੂਜਾ ਸਥਾਨ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਟਰੱਸਟ ਦਾ ਮੁੱਖ ਟੀਚਾ ਹੈ ਸ਼ਹਿਰ ਚੰਡੀਗੜ੍ਹ ਨੂੰ ਸਿਹਤ ਸਬੰਧੀ ਰੈਕਿੰਗਾਂ ਵਿੱਚ ਅੱਵਲ ਦਰਜੇ ਵਿੱਚ ਲਿਆਂਦਾ ਜਾਵੇ, ਜਿਸ ਦੇ ਅੰਤਰਗਤ ਚੰਡੀਗੜ੍ਹ ਵੈਲਫ਼ੇਅਰ ਟਰੱਸਟ ਵੱਲੋਂ ਪਹਿਲਾ ਸਿਹਤ ਜਾਂਚ ਕੈਂਪ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸੇ ਲੜੀ ਨੂੰ ਅੱਗੇ ਤੋਰਦਿਆਂ ਭਵਿੱਖ ’ਚ ਵੀ ਸ਼ਹਿਰ ਵਾਸੀਆਂ ਨੂੰ ਸੁਚੱਜੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਅਜਿਹੇ ਸਿਹਤ ਜਾਂਚ ਕੈਂਪ ਲਗਾਏ ਜਾਣਗੇ। ਇਸ ਤੋਂ ਇਲਾਵਾ ਸ਼ਹਿਰ ਨੂੰ ਸਾਫ਼-ਸਫ਼ਾਈ ਪੱਖੋਂ ਨਮੂਨੇ ਦੇ ਸ਼ਹਿਰ ਵਜੋਂ ਵਿਕਸਤ ਕਰਨ ਲਈ ਸਾਡੇ ਵੱਲੋਂ ਨਗਰ ਨਿਗਮ ਚੰਡੀਗੜ੍ਹ ਨਾਲ ਮਿਲਕੇ ਵੱਖ-ਵੱਖ ਮੁਹਿੰਮਾਂ ਵੀ ਵਿੱਢੀਆਂ ਗਈਆਂ ਹਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>