ਸੂਬਾ ਖ਼ੈਬਰ ਪਖਤੂਨਖਵਾ ’ਚ ਹੋਏ ਦੇ ਸਿੱਖਾਂ ਦੀ ਟਾਰਗੈਟ ਕਿਲਿੰਗ ਰਾਹੀਂ ਬੇਰਹਿਮ ਕਤਲ ਦੀ ਕੀਤੀ ਨਿੰਦਾ

ਅੰਮ੍ਰਿਤਸਰ – ਭਾਰਤੀ ਜਨਤਾ ਪਾਰਟੀ ਦੇ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ’ਚ ਸਰਬੰਦ ਦੇ ਬਾਟਾ ਬਜ਼ਾਰ ਵਿਚ ਮਸਾਲਾ ਵੇਚਣ ਵਾਲੇ ਦੋ ਸਿੱਖ ਦੁਕਾਨਦਾਰ ਕੁਲਜੀਤ ਸਿੰਘ ਅਤੇ ਰਣਜੀਤ ਸਿੰਘ ਨੂੰ ਹਥਿਆਰਬੰਦ ਵਿਅਕਤੀਆਂ ਵੱਲੋਂ ਦਿਨ ਦਿਹਾੜੇ ਬੇਰਹਿਮੀ ਨਾਲ ਗੋਲੀਆਂ ਮਾਰਦਿਆਂ ਕਤਲ ਕਰਦਿਤੇ ਜਾਣ ਨੂੰ ਇਕ ਜ਼ਾਲਮਾਨਾ ਤੇ ਬੁਜਦਿਲਾਨਾ ਕਾਰਾ ਕਰਾਰ ਦਿੰਦਿਆਂ ਕਤਲਾਂ ਦੀ ਸਖ਼ਤ ਨਿੰਦਾ ਕੀਤੀ ਹੈ।

ਭਾਰਤੀ ਵਿਦੇਸ਼ ਮੰਤਰੀ ਡਾ: ਐਸ ਜੈ ਸ਼ੰਕਰ ਨੂੰ ਲਿਖੇ ਇਕ ਪੱਤਰ ’ਚ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਉਕਤ ਕਤਲਾਂ ਕਾਰਨ ਪਾਕਿਸਤਾਨ ’ਚ ਰਹਿ ਰਹੇ ਹਿੰਦੂ ਸਿੱਖ ਖੌਫਜਾਦਾ ਹਨ। ਇਸ ਸੰਬੰਧ ਵਿਚ ਆਪ ਜੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਸੂਬਾ ਖ਼ੈਬਰ ਪਖਤੂਨਖਵਾ ਦੇ ਮੁੱਖਮੰਤਰੀ ਮਹਿਮੂਦ ਖ਼ਾਨ ਨਾਲ ਰਾਬਤਾ ਕਰਦਿਆਂ ਉੱਥੇ ਰਹਿ ਰਹੇ ਹਿੰਦੂ ਸਿੱਖਾਂ ਦੀ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹੰਭਲਾ ਮਾਰਿਆ ਜਾਵੇ। ਪ੍ਰੋ: ਖਿਆਲਾ ਨੇ ਕਿਹਾ ਕਿ ਪਾਕਿਸਤਾਨ ਅੰਦਰ ਆਪਣੀ ਤਰੱਕੀ ਅਤੇ ਆਰਥਿਕ ਖ਼ੁਸ਼ਹਾਲੀ ਲਈ ਹਰ ਸੰਭਵ ਕੋਸ਼ਿਸ਼ ’ਚ ਲੱਗੇ ਹੋਣ ਦੇ ਬਾਵਜੂਦ ਹਰ ਖੇਤਰ ’ਚ ਦਰਪੇਸ਼ ਦਮਨਕਾਰੀ ਸਿਸਟਮ ਦੇ ਚਲਦਿਆਂ ਹਿੰਦੂ ਸਿੱਖ ਭਾਈਚਾਰੇ ਲਈ ਕਦੀ ਵੀ ਸਹਿਜ ਦੀ ਸਥਿਤੀ ਨਹੀਂ ਰਹੀ। ਪਾਕਿਸਤਾਨ ’ਚ ਬੇਗੁਨਾਹ  ਹਿੰਦੂ ਸਿੱਖਾਂ ਦਾ ਕਤਲ ਅਤੇ ਘੱਟਗਿਣਤੀਆਂ  ਦੇ ਹੱਕਾਂ ਦੀ ਗਲ ਕਰਨ ਵਾਲੇ ਸਿੱਖ ਸਿਆਸੀ ਆਗੂਆਂ  ਦੀ ਜ਼ੁਬਾਨ ਬੰਦ ਕਰਨ ਲਈ ਟਾਰਗੈਟ ਕਿਲਿੰਗ ਰਾਹੀਂ ਉਨ੍ਹਾਂ ਦਾ ਸ਼ਿਕਾਰ ਕਰਨਾ ਆਮ ਵਰਤਾਰਾ ਹੋ ਚੁੱਕਿਆ ਹੈ। ਆਮ ਕਰਕੇ ਕੱਟੜਪੰਥੀ ਕਤਲਾਂ ਨੂੰ ਗ੍ਰਿਫ਼ਤਾਰ ਤਕ ਨਹੀਂ ਕੀਤਾ ਜਾਂਦਾ । ਉਨ੍ਹਾਂ ਕੇਂਦਰੀ ਵਿਦੇਸ਼ ਮੰਤਰੀ ਨੂੰ ਦੱਸਿਆ ਕਿ ਬੇਸ਼ੱਕ ਇਸਲਾਮ ਇਕ ਬੇਗੁਨਾਹ ਦੇ ਕਤਲ ਨੂੰ ਵੀ ਪੂਰੇ ਕਾਇਨਾਤ ਦਾ ਕਤਲ ਤਸਲੀਮ ਕਰਦੀ ਹੈ ਪਰ ਪਾਕਿਸਤਾਨ ਦੇ ਕੱਟੜਪੰਥੀਆਂ ਲਈ ਹਿੰਦੂ – ਸਿੱਖ ਕਾਫ਼ਰ ਹਨ ਤੇ ਕਾਫ਼ਰਾਂ ’ਤੇ ਅੱਤਿਆਚਾਰ ਉਨ੍ਹਾਂ ਲਈ ’ਸਵਾਬ’ ਹੈ। ਇਸ ਤੋਂ ਇਲਾਵਾ ਇਸ ਗਲ ਵਲ ਵੀ ਧਿਆਨ ਦਿੱਤਾ ਗਿਆ ਕਿ ਪਾਕਿਸਤਾਨ ਵਿਚ ਘਟ ਗਿਣਤੀਆਂ ਦੀਆਂ ਧੀਆਂ ਭੈਣਾਂ ਨੂੰ ਅਗਵਾ ਕਰਦਿਆਂ ਜਬਰੀ ਧਰਮ ਜਬਰੀ ਪਰਿਵਰਤਨ ਅਤੇ ਨਿਕਾਹ ਵਰਗੀਆਂ ਜ਼ਲਾਲਤ ਭਰੀਆਂ ਘਟਨਾਵਾਂ ਵਿਚ ਵੀ ਵਾਧਾ ਹੋ ਰਿਹਾ ਹੈ, ਜੋ ਕਿ ਹਿੰਦੂ ਸਿੱਖਾਂ ਲਈ ਚਿੰਤਾ ਦਾ ਵਿਸ਼ਾ ਹੈ। ਇਸ ਦੀ ਜੜ੍ਹਾਂ ਪਾਕਿਸਤਾਨ ਦੀ ਦੋਸ਼ ਪੂਰਨ ਇਸਲਾਮਿਕ ਕੱਟੜਵਾਦੀ ਵਿੱਦਿਅਕ ਪ੍ਰਣਾਲੀ ਹੈ ਜੋ ਖ਼ਾਸਕਰ ਮਦਰਸਿਆਂ ਰਾਹੀਂ ਪ੍ਰਚਾਰਿਆ ਪ੍ਰਸਾਰਿਆ ਜਾ ਰਿਹਾ ਹੈ। ਜਿਸ ਦਾ ਕੇਂਦਰ ਬਿੰਦੂ ਸਦੀਆਂ ਪੁਰਾਣੀ ਹਿੰਦੂ – ਮੁਸਲਿਮ ਟਕਰਾਅ ਹੈ। ਬਾਬਰ, ਮਹਿਮੂਦ ਗ਼ਜ਼ਨਵੀ, ਮੁਹੰਮਦ ਗੌਰੀ ਆਦਿ ਨੂੰ ਨਾਇਕ ਅਤੇ ਹਿੰਦੂ- ਸਿੱਖ ਸ਼ਾਸਕਾਂ ਨੂੰ ਖਲਨਾਇਕ ਵੱਲੋਂ ਵਾਰ ਵਾਰ ਸੁਣਾਏ ਜਾਣ ਦੇ ਅਮਲ ਨਾਲ ਲੋਕ ਮਨਾਂ ਨੂੰ ਪ੍ਰਭਾਵਿਤ ਕਰਦਿਆਂ ਪਾਕਿਸਤਾਨ ਦੀ ਅਖੌਤੀ ਕੌਮੀ ਪਛਾਣ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉੱਥੇ ਹੀ ਪਾਕਿਸਤਾਨੀ ਹਕੂਮਤ ਨੇ ਸਿਆਸੀ ਅਕਾਂਖਿਆ ਦੇ ਵੱਸ ਇਸ ਰੁਝਾਨ ਖ਼ਿਲਾਫ਼ ਕੋਈ ਕਦਮ ਚੁੱਕਣ ਦੀ ਥਾਂ ਇਸ ਨੂੰ ਪਾਕਿਸਤਾਨੀ ਸਮਾਜ ਵਿਚ ਡੂੰਘੀਆਂ ਜੜ੍ਹਾਂ ਜਮਾਉਣ ਦਾ ਮੌਕਾ ਦਿੱਤਾ। ਨਤੀਜਾ ਪਾਕਿਸਤਾਨ ’ਚ ਅੱਜ ਸਹਿਮ ਦਾ ਮਾਹੌਲ ਹੈ ਅਤੇ ਕੋਈ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਬੇਕਸੂਰ ਘਟ ਗਿਣਤੀਆਂ ਖ਼ਿਲਾਫ਼ ਧਾਰਮਿਕ ਨਫ਼ਰਤ ਕਾਰਨ ਭੰਨ ਤੋੜ ਅਤੇ ਕਤਲਾਂ ਦੀ ਵੱਡੀ ਫ਼ਰਿਸਤ ਸਾਹਮਣੇ ਆਈ।  ਪਾਕਿਸਤਾਨ ਵਿੱਚ ਘੱਟ ਗਿਣਤੀ ਭਾਈਚਾਰੇ ਨੂੰ ਟਾਰਗੈਟ ਕਿਲਿੰਗ  ਭਾਵ ਨਿਸ਼ਾਨਾ ਬਣਾ ਕੇ ਹਮਲਾ ਕਰਨ ਦੇ ਹਾਲ ਹੀ ’ਚ ਕਈ ਮਾਮਲੇ ਸਾਹਮਣੇ ਆਏ ਹਨ। ਹਸਨ ਅਬਦਾਲ ਦੇ ਵਾਸੀ ਇਕ ਮਸ਼ਹੂਰ 45 ਸਾਲਾ ਸਿੱਖ ਹਕੀਮ ਸ:ਸਤਨਾਮ ਸਿੰਘ ਨੂੰ ਪੇਸ਼ਾਵਰ ਸ਼ਹਿਰ ਵਿਖੇ ਆਪਦੇ ਕਲੀਨਿਕ ਵਿਚ ਮਰੀਜ਼ਾਂ ਦੇ ਇਲਾਜ ਕਰਦੇ ਸਮੇਂ ਅਣਪਛਾਤਿਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਦਰਜਨਾਂ ਸਿੱਖਾਂ ਨੂੰ ਕੱਟੜਪੰਥੀਆਂ ਵੱਲੋਂ ਬੇ ਰਹਿਮੀ ਨਾਲ ਮਾਰ ਦਿੱਤਾ ਗਿਆ। 2018 ਵਿਚ ਚਰਨਜੀਤ ਸਿੰਘ, 2020 ਨੂੰ ਇਕ ਨਿਊਜ਼ ਚੈਨਲ ਦੇ ਐਂਕਰ ਰਵਿੰਦਰ ਸਿੰਘ ਨੂੰ ਅਤੇ 2016 ’ਚ ਪਾਕਿਸਤਾਨ ਤਹਿਰੀਕ ਏ ਇਨਸਾਫ਼ ਦੇ ਕੌਮੀ ਅਸੈਂਬਲੀ ਮੈਂਬਰ ਸ: ਸੋਰੇਨ ਸਿੰਘ ਦੀ ਵੀ ਪੇਸ਼ਾਵਰ ਵਿਖੇ ਹੀ ਤਾਲਿਬਾਨ ਵੱਲੋਂ ਹੱਤਿਆ ਕੀਤੀ ਗਈ। ਇਸੇ ਤਰਾਂ 2009 ’ਚ ਜਜ਼ੀਆ ਅਦਾ ਨਾ ਕਰਨ ’ਤੇ 11 ਸਿੱਖ ਪਰਿਵਾਰਾਂ ਦੇ ਘਰਾਂ ਨੂੰ ਤਬਾਹ ਅਤੇ ਸਿੱਖ ਨੌਜਵਾਨ ਜਸਪਾਲ ਸਿੰਘ ਦਾ ਸਿਰ ਕਲਮ ਕਰ ਦਿੱਤਾ ਗਿਆ। 2010 ’ਚ ਆਪਣੇ ਵਿਆਹ ਲਈ ਖ਼ਰੀਦਦਾਰੀ ਕਰਨ ਆਏ ਸਿੱਖ ਨੌਜਵਾਨ ਰਵਿੰਦਰ ਸਿੰਘ ਦੀ ਪੇਸ਼ਾਵਰ ਵਿਖੇ ਹੱਤਿਆ ਕਰ ਦਿੱਤੀ ਗਈ। ਜੋ ਕਿ ਪਾਕਿਸਤਾਨ ਰਹਿ ਰਹੇ ਮੁੱਠੀ ਭਰ ਹਿੰਦੂ ਸਿੱਖਾਂ ’ਚ ਦਹਿਸ਼ਤ ਪੈਦਾ ਹੋਣ ਦਾ ਕਾਰਨ ਬਣਿਆ। ਹੁਣ ਤਾਂ ਪਾਕਿਸਤਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਧਾਰਮਿਕ ਘੱਟ ਗਿਣਤੀਆਂ ਦੇ ਵਿਰੁੱਧ ਵਿਆਪਕ ਵਿਤਕਰੇ ਲਈ ਜਾਣਿਆ ਜਾਂਦਾ ਹੈ। ਸੰਯੁਕਤ ਰਾਸ਼ਟਰ ਦੇ ਪੈਨਲ ਨੇ ਵੀ ’ਚ ਆਪਣੀ ਰਿਪੋਰਟ ’ਚ ਪਾਕਿਸਤਾਨ ’ਚ ਘਟ ਗਿਣਤੀਆਂ ਧਾਰਮਿਕ ਅਜ਼ਾਦੀ ਨੂੰ ਖ਼ਤਰੇ ਵਿਚ ਦੱਸਿਆ ਹੈ। ਸੋ ਪਾਕਿਸਤਾਨ ’ਚ  ਖੂਨ ਦੇ ਹੰਝੂ ਰੋ ਰਹੇ ਹਿੰਦੂ ਸਿੱਖ ਭਾਈਚਾਰੇ ਦੀ ਹੋਂਦ ਹੁਣ ਪੂਰੀ ਤਰਾਂ ਖ਼ਤਰੇ ’ਚ ਹੈ। ਉਨ੍ਹਾਂ ਦੀ ਜਾਨ ਮਾਲ ਦੀ ਰਾਖੀ ਲਈ ਸਮਾਂ ਰਹਿੰਦਿਆਂ ਠੋਸ ਉਪਰਾਲੇ ਕਰਨ ਦੀ ਅਪੀਲ ਕੀਤੀ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>