ਅੰਮ੍ਰਿਤਸਰ - ਭਾਰਤ ਦੇ ਸੜਕੀ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਸ੍ਰੀ ਨਿਤਿਨ ਗਡਕਰੀ ਦ ਨਾਮ ਭਾਜਪਾ ਦੇ ਅੰਮ੍ਰਿਤਸਰ ਤੋਂ ਸਾਬਕਾ ਐਮ ਪੀ ਸ਼ਵੇਤ ਮਲਿਕ ਨੂੰ ਇਕ ਮੰਗ ਪੱਤਰ ਦਿੰਦਿਆਂ ਇੰਪੈਕਟ ਗਾਰਡਨ ਰੈਜ਼ੀਡੈਂਟਸ ਵੈਲਫੇਅਰ ਸੋਸਾਇਟੀ ਦੇ ਇਕ ਵਫ਼ਦ ਨੇ ਸਥਾਨਕ ਵੱਲਾ ਬਾਈਪਾਸ ’ਤੇ ਸਥਿਤ ਇੰਪੈਕਟ ਗਾਰਡਨ ਕਲੋਨੀ ਦੇ ਸਾਹਮਣੇ ਬਣਾਏ ਜਾ ਰਹੇ ਇੱਕ ਪੁਲ ਨੂੰ ਐਲੀਵੇਟਿਡ ਰੋਡ ਵਿੱਚ ਤਬਦੀਲ ਕਰਨ ਦੀ ਅਪੀਲ ਕੀਤੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਪੰਜ ਪਿਆਰੇ ਭਾਈ ਮੇਜਰ ਸਿੰਘ ਅਤੇ ਅੰਮ੍ਰਿਤਸਰ ਡਿਸਟ੍ਰੀਬਿਊਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਕਪੂਰ ਦੀ ਅਗਵਾਈ ’ਚ ਵਫ਼ਦ ਨੇ ਕਿਹਾ ਕਿ ਯਾਤਾਯਾਤ (ਟਰੈਫਿਕ) ਨੂੰ ਅੰਡਰ-ਬ੍ਰਿਜ ਮਾਰਗਾਂ ਵੱਲ ਮੋੜਨ ਕਾਰਨ ਕਈ ਭਿਆਨਕ ਸੜਕ ਹਾਦਸੇ ਵਾਪਰ ਚੁੱਕੇ ਹਨ ਅਤੇ ਅਪਰਾਧੀ ਲੋਕ ਵੀ ਖਾਸ ਤੌਰ ‘ਤੇ ਰਾਤ ਦੇ ਸਮੇਂ ਅੰਡਰ-ਬ੍ਰਿਜ ਮਾਰਗਾਂ ਤੋਂ ਲੰਘਣ ਵਾਲੇ ਲੋਕਾਂ ਨੂੰ ਲੁੱਟਣ ਅਤੇ ਜ਼ਖਮੀ ਕਰਨ ’ਚ ਲੱਗੇ ਹੋਏ ਹਨ। ਇਨ੍ਹਾਂ ਅਨਸਰਾਂ ਵੱਲੋਂ ਰਾਹਗੀਰਾਂ ਨੂੰ ਲੁੱਟਣ ਲਈ ਘਾਤ ਲਾਈ ਬੈਠੇ ਹੋਣ ਨਾਲ ਲੋਕ ਅਸੁਰੱਖਿਅਤ ਮਹਿਸੂਸ ਕਰਦੇ ਹਨ। ਇਸ ਲਈ ਇੰਪੈਕਟ ਗਾਰਡਨ ਰੈਜ਼ੀਡੈਂਟਸ ਵੈਲਫੇਅਰ ਸੋਸਾਇਟੀ ਨੇ ਕੇਂਦਰੀ ਸੜਕੀ ਆਵਾਜਾਈ ਮੰਤਰੀ ਨੂੰ ਲੋਕਾਂ ਦੀ ਭਲਾਈ ਲਈ ਪੁਲ ਨੂੰ ਐਲੀਵੇਟਿਡ ਰੋਡ ਵਿੱਚ ਤਬਦੀਲ ਕਰਨ ਦੀ ਅਪੀਲ ਕੀਤੀ ਹੈ। ਭਾਈ ਮੇਜਰ ਸਿੰਘ ਨੇ ਦਸਿਆ ਕਿ ਮੀਟਿੰਗ ਵਧੀਆ ਚੱਲੀ ਅਤੇ ਫਲਾਈਓਵਰ ਸੰਬੰਧੀ ਸਾਬਕਾ ਐਮ ਪੀ ਸ਼ਵੇਤ ਮਲਿਕ ਨੇ ਸਕਾਰਾਤਮਕ ਹੁੰਗਾਰਾ ਦਿੱਤਾ ਹੈ।