ਈ ਦੀਵਾਨ ਸੁਸਾਇਟੀ ਵਲੋਂ ਜੂਨ ਮਹੀਨੇ ਦੋ ਕੌਮਾਂਤਰੀ ਕਵੀ ਦਰਬਾਰ ਕਰਾਏ ਗਏ

4 june-2022 poster.resizedਕੈਲਗਰੀ:  ਈ- ਦੀਵਾਨ ਸੋਸਾਇਟੀ ਕੈਲਗਰੀ ਵਲੋਂ, 4 ਜੂਨ ਤੇ 11 ਜੂਨ ਨੂੰ, ਆਪਣੇ ਹਫਤਾਵਾਰ ਸਮਾਗਮਾਂ ਵਿੱਚ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਦੀ ਮਹਾਨ ਸ਼ਹਾਦਤ, ਤੀਜੇ ਘੱਲੂਘਾਰੇ ਅਤੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ, ਔਨਲਾਈਨ  ਕੌਮਾਂਤਰੀ ਕਵੀ ਦਰਬਾਰ ਕਰਾਏ ਗਏ- ਜਿਸ ਵਿੱਚ ਦੇਸ਼ ਵਿਦੇਸ਼ ਤੋਂ ਮਹਾਨ ਪੰਥਕ ਕਵੀ/ ਕਵਿੱਤਰੀਆਂ ਨੇ ਸ਼ਿਰਕਤ ਕੀਤੀ। ਇਹ ਸੰਸਥਾ ਖਾਸ ਦਿਹਾੜਿਆਂ ਤੇ ਕਵੀ ਦਰਬਾਰ ਕਰਾ ਕੇ, ਦਸ਼ਮੇਸ਼ ਪਿਤਾ ਦੀ ਚਲਾਈ ਹੋਈ ਇਸ ਪਰੰਪਰਾ ਨੂੰ ਅੱਗੇ ਤੋਰਨ ਵਿੱਚ ਵਿਸ਼ੇਸ਼ ਯੋਗਦਾਨ ਪਾ ਰਹੀ ਹੈ।

ਸਮਾਗਮ ਦੇ ਸ਼ੁਰੂ ਵਿੱਚ, ਸੰਸਥਾ ਦੇ ਸੰਸਥਾਪਕ ਤੇ ਸੰਚਾਲਕ- ਡਾ. ਬਲਰਾਜ ਸਿੰਘ ਨੇ, ਨਵੀਂ ਸੰਗਤ ਨੂੰ ਸਭਾ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੱਤੀ ਅਤੇ ਕਵੀ ਸਾਹਿਬਾਨ ਨੂੰ ‘ਜੀ ਆਇਆਂ’ ਕਿਹਾ। ਟੋਰੰਟੋ ਤੋਂ ਬੱਚਿਆਂ ਨੇ ਸ਼ਬਦ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ। ਜੈਪੁਰ ਤੋਂ ਪਹੁੰਚੇ ਬ੍ਰਿਜਮਿੰਦਰ ਕੌਰ ਨੇ ਵੀ ਸ਼ਬਦ ਨਾਲ ਹਾਜ਼ਰੀ ਲਵਾਈ। ਉਸ ਤੋਂ ਬਾਅਦ ਕਵੀ ਦਰਬਾਰ ਦੇ ਸੰਚਾਲਨ ਦੀ ਜ਼ਿੰਮੇਵਾਰੀ ਗੁਰਦੀਸ਼ ਕੌਰ ਗਰੇਵਾਲ ਨੂੰ ਸੌਂਪੀ ਗਈ। ਉਸ ਨੇ ਦੇਸ਼ ਵਿਦੇਸ਼ ਤੋਂ ਪਹੁੰਚੇ ਕਵੀ ਸਾਹਿਬਾਨ ਦੀ ਜਾਣ ਪਛਾਣ ਕਰਾਉਂਦੇ ਹੋਏ, ਵਾਰੀ ਵਾਰੀ ਸਭ ਨੂੰ ਸੱਦਾ ਦਿੱਤਾ।

Screenshot 2022-06-11 091537.resized4 ਜੂਨ ਦੇ ਕਵੀ ਦਰਬਾਰ ਵਿੱਚ- ਮਨਜੀਤ ਕੌਰ ਅੰਬਾਲਵੀ ਨੇ, ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਸਮਰਪਿਤ ਗੀਤ ਤਰੰਨਮ ਵਿੱਚ ਸੁਣਾ ਕੇ, ਕਵੀ ਦਰਬਾਰ ਦੀ ਸ਼ੁਰੂਆਤ ਕੀਤੀ। ਉਤਰਾਖੰਡ ਤੋਂ ਆਏ ਸਰਬਜੀਤ ਕੌਰ ਸਰਬ ਨੇ- ‘ਤੱਤੀ ਤਵੀ ਤੇ ਭਾਨੀ ਦਾ ਭਾਨ ਬੈਠਾ’ ਕਵਿਤਾ ਬੁਲੰਦ ਆਵਾਜ਼ ਵਿੱਚ ਸੁਣਾਈ। ਯਮੁਨਾਨਗਰ ਤੋਂ ਪਹੁੰਚੇ ਉਸਤਾਦ ਪੰਥਕ ਸ਼ਾਇਰ- ਗੁਰਦਿਆਲ ਸਿੰਘ ਨਿਮਰ ਨੇ ਜੂਨ, ਚੁਰਾਸੀ ਦੇ ਦੁਖਾਂਤ ਤੇ ਦੋ ਬੰਦ ਬੋਲ ਕੇ, ਪੰਜਵੇਂ ਪਤਾਸ਼ਾਹ ਦੀ ਸ਼ਹਾਦਤ ਤੇ ਭਾਵਪੂਰਤ ਕਵਿਤਾ ਨਾਲ ਹਾਜ਼ਰੀ ਲਵਾਈ। ਬਠਿੰਡਾ ਤੋਂ ਪਹੁੰਚੇ ਨੌਜਵਾਨ ਕਵੀ- ਬਲਕਾਰ ਸਿੰਘ ਭਾਈ ਰੂਪਾ ਨੇ ਤੀਜੇ ਘੱਲੂਘਾਰੇ ਤੇ ਗੀਤ- ‘ਸਾਡੇ ਡੁਲ੍ਹੇ ਹੋਏ ਖੂਨ ਦਾ ਹਿਸਾਬ ਦੇ ਦਿਓ’ ਸੁਣਾ ਕੇ ਸਭ ਨੂੰ ਭਾਵੁਕ ਕਰ ਦਿੱਤਾ। ਉਸਤਾਦ ਪੰਥਕ ਕਵੀ, ਇੰਜ. ਕਰਮਜੀਤ ਸਿੰਘ ਨੂਰ (ਜਲੰਧਰ) ਨੇ ਵੀ ਸ਼ਹੀਦੀ ਦਿਹਾੜੇ ਤੇ ਇੱਕ ਬੰਦ ਬੋਲ ਕੇ, ਆਪਣੀ ਬੇਹਤਰੀਨ ਰਚਨਾ ਰਾਹੀਂ ਘੱਲੂਘਾਰੇ ਦੀ ਯਾਦ ਤਾਜ਼ਾ ਕਰ ਦਿੱਤੀ। ਟੋਰੰਟੋ ਤੋਂ ਪਹੁੰਚੇ, ਸੁੰਦਰਪਾਲ ਕੌਰ ਰਾਜਾਸਾਂਸੀ ਨੇ ਵੀ ਘੱਲੂਘਾਰੇ ਅਤੇ ਸ਼ਹੀਦਾਂ ਦੇ ਸਿਰਤਾਜ ਨੂੰ ਯਾਦ ਕੀਤਾ। ਟੋਰੰਟੋ ਤੋਂ ਹੀ ਆਏ, ਪਰਮਜੀਤ ਸਿੰਘ ਨੇ ਗੁਰਦੀਸ਼ ਕੌਰ ਗਰੇਵਾਲ ਦਾ ਲਿਖਿਆ ਗੀਤ ‘ਅਰਸ਼ੀ ਨੂਰ’ ਹਾਰਮੋਨੀਅਮ ਤੇ ਸੁਣਾ ਕੇ ਮਹੌਲ ਸੰਗੀਤਮਈ ਕਰ ਦਿੱਤਾ। ਸਰੀ ਬੀ. ਸੀ. ਤੋਂ ਆਏ, ਪਲਵਿੰਦਰ ਸਿੰਘ ਰੰਧਾਵਾ ਨੇ ਆਪਣੇ ਗੀਤ ਨੂੰ ਬੁਲੰਦ ਆਵਾਜ਼ ਰਾਹੀਂ ਪੇਸ਼ ਕਰਕੇ ਵਾਹਵਾ ਖੱਟੀ। ਅੰਤ ਤੇ ਹੋਸਟ ਜਗਬੀਰ ਸਿੰਘ ਜੀ ਦੀ ਬੇਨਤੀ ਤੇ, ਇਸ ਕਲਮ ਨੇ ਵੀ, ਇੱਕ ਬੰਦ ਸ਼ਹਾਦਤ ਤੇ ਬੋਲ ਕੇ, ਤੀਜੇ ਘੱਲੂਘਾਰੇ ਦੇ ਪਰਿਵਾਰਾਂ ਦੀ ਸੰਭਾਲ ਬਾਰੇ ਲਿਖਿਆ ਆਪਣਾ ਗੀਤ ਤਰੰਨਮ ਵਿੱਚ ਸੰਗਤ ਨਾਲ ਸਾਂਝਾ ਕੀਤਾ। ਜੈਕਾਰਿਆਂ ਦੀ ਗੂੰਜ ਵਿੱਚ ਇਸ ਕਵੀ ਦਰਬਾਰ ਦੀ ਸਮਾਪਤੀ ਹੋਈ।

ਇਸ ਕਵੀ ਦਰਬਾਰ ਦਾ ਦੂਜਾ ਭਾਗ- 11 ਜੂਨ ਨੂੰ ਕਰਵਾਇਆ ਗਿਆ, ਜੋ ਪੰਜਵੇਂ ਤੇ ਛੇਵੇਂ ਪਾਤਸ਼ਾਹ ਨੂੰ ਸਮਰਪਿਤ ਰਿਹਾ। ਇਸ ਵਿੱਚ- ਜੈਪੁਰ ਤੋਂ ਬ੍ਰਿਜਮਿੰਦਰ ਕੌਰ ਨੇ ਕਵਿਤਾ, ਟੋਰੰਟੋ ਤੋਂ ਪਰਨੀਤ ਕੌਰ ਤੇ ਸਿਮਰਲੀਨ ਕੌਰ ਨੇ, ਗੁਰਦੀਸ਼ ਕੌਰ ਗਰੇਵਾਲ ਦਾ ਲਿਖਿਆ ਗੀਤ ‘ਬੀਬੀ ਸੁਲੱਖਣੀ ਦੀ ਅਰਜ਼ੋਈ’ ਸੰਗੀਤਬੱਧ ਕਰਕੇ, ਕੁਲਵਿੰਦਰ ਕੌਰ ਨੰਗਲ ਅਤੇ ਜਸਵਿੰਦਰ ਕੌਰ ਜੱਸੀ (ਲੁਧਿਆਣਾ) ਨੇ ਪੰਜਵੇਂ ਪਾਤਸ਼ਾਹ ਤੇ ਗੀਤ ਤੇ ਕਵਿਤਾ ਜਦਕਿ ਸਾਊਥ ਕੋਰੀਆ ਤੋਂ ਪਹੁੰਚੇ ਨੌਜਵਾਨ ਸ਼ਾਇਰ ਅਮਨਬੀਰ ਸਿੰਘ ਨੇ ਵੀ ਆਪਣਾ ਗੀਤ ਤਰੰਨਮ ਵਿੱਚ ਸੁਣਾ ਕੇ ਦਾਦ ਖੱਟੀ। ਉਸਦਾਦ ਪੰਥਕ ਕਵੀ, ਜੋਗਿੰਦਰ ਸਿੰਘ ਕੰਗ (ਲੁਧਿਆਣਾ) ਨੇ ਭਾਵਪੂਰਤ ਕਵਿਤਾ, ਗਾਇਕ ਗੁਰਵਿੰਦਰ ਸਿੰਘ ਸ਼ੇਰਗਿੱਲ (ਲੁਧਿਆਣਾ) ਨੇ ਸਵ. ਨਿਰਅੰਜਨ ਕੌਰ ਅਵਤਾਰ ਦਾ ਦਾ ਗੀਤ, ਸ਼ਾਹਬਾਦ ਮਾਰਕੰਡਾ ਤੋਂ ਆਏ- ਗੁਰਸ਼ਰਨ ਸਿੰਘ ਪਰਵਾਨਾ ਨੇ ਬੁਲੰਦ ਆਵਾਜ਼ ਵਿੱਚ ਪੰਚਮ ਪਾਤਸ਼ਾਹ ਤੇ ਗੀਤ ਅਤੇ ਕੁਲਵੰਤ ਸਿੰਘ ਰਫੀਕ ਨੇ ਬੇਹਤਰੀਨ ਕਵਿਤਾ ਰਾਹੀਂ ਹਾਜ਼ਰੀ ਭਰੀ। ਟੋਰੰਟੋ ਤੋਂ ਸੁਜਾਨ ਸਿੰਘ ਸੁਜਾਨ ਅਤੇ ਕੈਲਗਰੀ ਤੋਂ ਗੁਰਚਰਨ ਸਿੰਘ ਹੇਹਰ ਨੇ ਛੇਵੇਂ ਪਾਤਸ਼ਾਹ ਤੇ ਗੀਤ ਆਪਣੀ ਬੁਲੰਦ ਆਵਾਜ਼ ਵਿੱਚ ਸੁਣਾ ਕੇ, ਮਹੌਲ ਸੁਰਮਈ ਕਰ ਦਿੱਤਾ। ਸੰਗਤ ਵਿਚੋਂ ਬੀਬੀ ਜਸਵੀਰ ਕੌਰ ਗਿੱਲ ਨੇ ਵੀ ਇੱਕ ਕਵਿਤਾ ਨਾਲ ਸਾਂਝ ਪਾਈ। ਮੰਚ ਸੰਚਾਲਨ ਦੀ ਸੇਵਾ ਗੁਰਦੀਸ਼ ਕੌਰ ਤੇ ਜਗਬੀਰ ਸਿੰਘ ਨੇ ਬਾਖੂਬੀ ਨਿਭਾਈ।  ਸੰਗਤ ਨੇ ਜੈਕਾਰਿਆਂ ਰਾਹੀਂ ਇਸ ਕਵੀ ਦਰਬਾਰ ਨੂੰ ਵੀ ਭਰਪੂਰ ਹੁੰਗਾਰਾ ਦਿੱਤਾ। ਡਾ. ਬਲਰਾਜ ਸਿੰਘ ਅਤੇ ਡਾ. ਸੁਰਜੀਤ ਸਿੰਘ ਭੱਟੀ ਨੇ ਦੂਰੋਂ ਨੇੜਿਉਂ ਪਹੁੰਚੇ ਸਮੂਹ ਕਵੀ ਸਾਹਿਬਾਨ ਦਾ ਧੰਨਵਾਦ ਕੀਤਾ ਅਤੇ ਇਸ ਸੰਸਥਾ ਵਲੋਂ ਸ਼ੁਰੂ ਕੀਤੇ ਔਨਲਾਈਨ ਮਹੀਨਾਵਾਰ ਮੈਗਜ਼ੀਨ ‘ਸਾਂਝੀ ਵਿਰਾਸਤ’ ਦੀ ਜਾਣਕਾਰੀ ਦਿੰਦਿਆਂ ਹੋਇਆਂ, ਸਾਰੇ ਕਵੀਆਂ ਨੂੰ ਆਪਣੀਆਂ ਰਚਨਾਵਾਂ ਲਿਖਤੀ ਰੂਪ ਵਿੱਚ, ਇਸ ਮੈਗਜ਼ੀਨ ਲਈ ਭੇਜਣ ਦੀ ਬੇਨਤੀ ਕੀਤੀ।

ਦੋ ਘੰਟੇ ਚੱਲੇ ਇਸ ਕਵੀ ਦਰਬਾਰ ਦੀ ਸਮਾਪਤੀ ਤੇ, ਕੈਲਗਰੀ ਤੋਂ ਬੱਚੇ- ਯੁਵਰਾਜ ਸਿੰਘ ਤੇ ਸਬੀਨਾ ਕੌਰ ਨੇ ਆਨੰਦ ਸਾਹਿਬ ਸਰਵਣ ਕਰਾਇਆ। ਉਪਰੰਤ ਅਰਦਾਸ ਕਰਕੇ ਹੁਕਮਨਾਮਾ ਲਿਆ ਗਿਆ। ਸੋ ਇਸ ਤਰ੍ਹਾਂ ਇਹ ਸਮਾਗਮ ਸਰੋਤਿਆਂ ਦੇ ਮਨਾਂ ਤੇ ਅਮਿੱਟ ਛਾਪ ਛੱਡ ਗਿਆ। ਵਧੇਰੇ ਜਾਣਕਾਰੀ ਲਈ- ਡਾ. ਬਲਰਾਜ ਸਿੰਘ 403 978 2419 ਨਾਲ ਜਾਂ ਜਗਬੀਰ ਸਿੰਘ ਨਾਲ 587 718 8100 ਤੇ ਸੰਪਰਕ ਕੀਤਾ ਜਾ ਸਕਦਾ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>