ਪਾਕਿਸਤਾਨ ਵੱਲੋਂ ਆਪਣੀਆਂ ਮਾਲੀ ਟਾਸਕ ਫੋਰਸ ਦੀਆਂ ਕਾਰਵਾਈਆਂ ਖ਼ਤਮ ਕਰਨ ਉਪਰੰਤ ਸਰਕਾਰ ਨੂੰ ਹੁਣ ਵਾਹਗਾ ਬਾਰਡਰ ਖੋਲ੍ਹ ਦੇਣਾ ਚਾਹੀਦਾ : ਮਾਨ

ਫ਼ਤਹਿਗੜ੍ਹ ਸਾਹਿਬ – “ਜਦੋਂ ਇੰਡੀਆ ਦੇ ਗੁਆਢੀ ਮੁਲਕ ਇਸਲਾਮਿਕ ਪਾਕਿਸਤਾਨ ਵੱਲੋਂ ਬੀਤੇ ਸਮੇਂ ਤੋਂ ਆਪਣੇ ਮੁਲਕ ਵਿਚ ਮਾਲੀ ਟਾਸਕ ਫੋਰਸ ਦੀਆਂ ਲਗਾਈਆ ਪਾਬੰਦੀਆ ਨੂੰ ਪੂਰਨ ਰੂਪ ਵਿਚ ਖ਼ਤਮ ਕਰ ਦਿੱਤਾ ਗਿਆ ਹੈ ਤਾਂ ਹੁਣ ਇੰਡੀਆ ਦੇ ਵਜ਼ੀਰ-ਏ-ਆਜਮ ਸ੍ਰੀ ਮੋਦੀ ਨੂੰ ਸੰਜ਼ੀਦਗੀ ਨਾਲ ਚਾਹੀਦਾ ਹੈ ਕਿ ਉਹ ਵਪਾਰਿਕ, ਖੇਤੀ ਅਤੇ ਹੋਰ ਉਤਪਾਦਾਂ ਦੇ ਵਪਾਰ, ਅਦਾਨ-ਪ੍ਰਦਾਨ ਕਰਨ ਹਿੱਤ ਵਾਹਗਾ ਸਰਹੱਦ ਨੂੰ ਪੂਰਨ ਰੂਪ ਵਿਚ ਖੋਲ੍ਹਕੇ ਦੋਵਾਂ ਮੁਲਕਾਂ ਦੇ ਨਿਵਾਸੀਆ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਵਿਚ ਮੋਹਰੀ ਹੋ ਕੇ ਭੂਮਿਕਾ ਨਿਭਾਉਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਸਲਾਮਿਕ ਮੁਲਕ ਪਾਕਿਸਤਾਨ ਵੱਲੋਂ ਲਗਾਈਆ ਗਈਆ ਆਰਥਿਕ ਪਾਬੰਦੀਆ ਅਤੇ ਮਾਲੀ ਟਾਸਕ ਫੋਰਸ ਦੀਆਂ ਰੋਕਾਂ ਨੂੰ ਖਤਮ ਕਰਨ ਉਤੇ ਵੱਡੀ ਖੁਸ਼ੀ ਦਾ ਇਜਹਾਰ ਕਰਦੇ ਹੋਏ ਅਤੇ ਇੰਡੀਆ ਦੇ ਵਜ਼ੀਰ-ਏ-ਆਜਮ ਸ੍ਰੀ ਮੋਦੀ ਨੂੰ ਤੁਰੰਤ ਬਿਨ੍ਹਾਂ ਕਿਸੇ ਦੇਰੀ ਤੋ ਵਾਹਗਾ ਸਰਹੱਦ ਨੂੰ ਖੋਲ੍ਹ ਦੇਣ ਦੀ ਸੰਜ਼ੀਦਗੀ ਭਰੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਸਰਹੱਦ ਖੁੱਲ੍ਹਣ ਨਾਲ ਇੰਡੀਆ ਅਤੇ ਪੰਜਾਬ ਦੇ ਖੇਤੀ ਪ੍ਰਧਾਨ ਸੂਬੇ ਦੀਆਂ ਖੇਤੀ ਉਤਪਾਦ ਵਸਤਾਂ, ਉਦਯੋਗਪਤੀਆ ਤੇ ਵਪਾਰੀਆ ਵੱਲੋ ਉਤਪਾਦ ਕਰਨ ਵਾਲੀਆ ਵਸਤਾਂ ਦੇ ਕੌਮਾਂਤਰੀ ਵਪਾਰ ਵਿਚ ਹੀ ਕੇਵਲ ਢੇਰ ਸਾਰਾ ਵਾਧਾ ਹੀ ਨਹੀ ਹੋਵੇਗਾ, ਬਲਕਿ ਇਹ ਵਸਤਾਂ ਇਸਲਾਮਿਕ ਮੁਲਕਾਂ, ਮੱਧ ਏਸੀਆ ਦੇ ਮੁਲਕਾਂ, ਸੋਵੀਅਤ ਰੂਸ ਅਤੇ ਕਾਮਰੇਡ ਚੀਨ ਤੱਕ ਪਹੁੰਚਦੀਆ ਹੋ ਜਾਣਗੀਆ ਜਿਸ ਨਾਲ ਦੋਵਾਂ ਮੁਲਕਾਂ ਦੇ ਨਿਵਾਸੀਆ ਦੀ ਮਾਲੀ ਹਾਲਤ ਹੀ ਪ੍ਰਫੁੱਲਿਤ ਨਹੀ ਹੋਵੇਗੀ ਬਲਕਿ ਸੱਭਿਆਚਾਰ, ਮੇਲ-ਮਿਲਾਪ ਅਤੇ ਧਾਰਮਿਕ, ਸਮਾਜਿਕ ਸੰਬੰਧਾਂ ਵਿਚ ਵੀ ਵੱਡੀ ਮਜ਼ਬੂਤੀ ਮਿਲੇਗੀ ਅਤੇ ਦੋਵਾਂ ਮੁਲਕਾਂ ਦੇ ਟੂਰਿਜਮ ਸਥਾਨਾਂ ਅਤੇ ਸੈਟਰਾਂ ਉਤੇ ਆਵਾਜਾਈ ਵੱਧਣ ਦੀ ਬਦੌਲਤ ਟੂਰਿਜਮ ਦਾ ਵਪਾਰ ਵੀ ਪ੍ਰਫੁੱਲਿਤ ਹੋਵੇਗਾ । ਅਜਿਹੇ ਅਮਲ ਹੋਣ ਨਾਲ ਰਾਜਸਥਾਂਨ, ਹਰਿਆਣਾ, ਹਿਮਾਚਲ ਪ੍ਰਦੇਸ਼, ਪੰਜਾਬ, ਜੰਮ-ਕਸ਼ਮੀਰ ਅਤੇ ਲਦਾਖ ਵਰਗੇ ਸੂਬਿਆ ਨੂੰ ਮਾਲੀ ਤੌਰ ਤੇ ਬਹੁਤ ਵੱਡਾ ਫਾਇਦਾ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ ।

ਉਨ੍ਹਾਂ ਕਿਹਾ ਕਿ ਜਦੋ ਇਹ ਸਰਹੱਦਾਂ ਖੁੱਲ੍ਹਦੇ ਹੋਏ ਵਪਾਰ ਵਿਚ ਵਾਧਾ ਹੋਵੇਗਾ, ਤਾਂ ਦੋਵਾਂ ਮੁਲਕਾਂ ਦੇ ਟਰਾਸਪੋਰਟ ਨਾਲ ਜੁੜੇ ਟਰਾਸਪੋਰਟਰ, ਡਰਾਈਵਰ, ਮਜਦੂਰ ਅਤੇ ਹੋਰ ਲਿਖਤ-ਪੜਤ ਕਰਨ ਵਾਲੇ ਸਟਾਫ ਨੂੰ ਵੱਡੇ ਪੱਧਰ ਤੇ ਜਿਥੇ ਰੁਜਗਾਰ ਪ੍ਰਾਪਤ ਹੋਵੇਗਾ, ਉਥੇ ਇਨ੍ਹਾਂ ਸਭ ਵਰਗਾਂ ਨਾਲ ਸੰਬੰਧਤ ਪਰਿਵਾਰਿਕ ਮੈਬਰਾਂ ਦੇ ਜੀਵਨ ਪੱਧਰ ਵਿਚ ਵੱਡੀ ਪ੍ਰਗਤੀ ਹੋਵੇਗੀ । ਜੋ ਇਨ੍ਹਾਂ ਨੂੰ ਆਤਮਿਕ ਤੇ ਸਮਾਜਿਕ ਤੌਰ ਤੇ ਆਨੰਦਮਈ ਸੰਤੁਸਟੀ ਪ੍ਰਦਾਨ ਵੀ ਕਰੇਗੀ । ਜੋ ਗੁਆਢੀ ਮੁਲਕ ਅਫਗਾਨੀਸਤਾਨ ਵਿਚ ਸਿੱਧੀ ਆਵਾਜਾਈ ਉਤੇ ਰੋਕ ਹੈ, ਉਹ ਵੀ ਖੁੱਲ੍ਹ ਜਾਵੇਗੀ ਅਤੇ ਇਸ ਇਲਾਕੇ ਵਿਚ ਜੋ ਭੁੱਖਮਰੀ ਨਾਲ ਨਿਵਾਸੀਆ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ, ਉਸਦਾ ਖਾਤਮਾ ਕਰਨ ਵਿਚ ਵੱਡਾ ਸਹਿਯੋਗ ਮਿਲੇਗਾ ਅਤੇ ਏਸੀਆ ਖਿੱਤੇ ਦੇ ਸਮੁੱਚੇ ਮੁਲਕਾਂ ਦੀ ਸਮਾਜਿਕ ਆਬੋਹਵਾ ਵਿਚ ਵੱਡਾ ਸੁਧਾਰ ਹੋਵੇਗਾ । ਸਾਡੇ ਇਸਲਾਮਿਕ ਮੁਲਕਾਂ ਨਾਲ ਵਪਾਰਿਕ ਅਤੇ ਦੋਸਤਾਨਾਂ ਸੰਬੰਧਾਂ ਨੂੰ ਵੱਡਾ ਬਲ ਮਿਲੇਗਾ । ਹਜ਼ਰਤ ਮੁਹੰਮਦ ਸਾਹਿਬ ਦੇ ਸੰਬੰਧ ਵਿਚ ਇਕ ਬੀਜੇਪੀ-ਆਰ.ਐਸ.ਐਸ. ਦੀ ਬੀਬੀ ਵੱਲੋ ਕੀਤੀ ਬਿਆਨਬਾਜੀ ਦੀ ਬਦੌਲਤ ਇਸਲਾਮਿਕ ਮੁਲਕਾਂ ਅਤੇ ਇੰਡੀਆ ਵਿਚਕਾਰ ਤਲਖੀ ਪੈਦਾ ਹੋ ਚੁੱਕੀ ਹੈ, ਉਸਨੂੰ ਸਹੀ ਕਰਨ ਵਿਚ ਵੱਡੀ ਮਦਦ ਮਿਲੇਗੀ । ਸ. ਮਾਨ ਨੇ ਸਮੁੱਚੇ ਏਸੀਆ ਮੁਲਕਾਂ ਦੇ ਨਿਵਾਸੀਆ ਦੀ ਹਰ ਪੱਖੋ ਬਿਹਤਰੀ, ਅੱਛੇ ਵਪਾਰਿਕ ਤੇ ਸਮਾਜਿਕ ਸੰਬੰਧ ਕਾਇਮ ਹੋਣ ਦੀ ਸ੍ਰੀ ਮੋਦੀ ਤੋ ਉਮੀਦ ਕਰਦੇ ਹੋਏ ਕਿਹਾ ਕਿ ਜੋ ਏਸੀਆ ਖਿੱਤੇ ਦੇ ਧਾਰਮਿਕ, ਬੋਲੀ, ਭਾਸਾ ਅਤੇ ਅਦਰਸਾ-ਸਿਧਾਤਾਂ ਸੰਬੰਧੀ ਇਨ੍ਹਾਂ ਮੁਲਕਾਂ ਦੇ ਕੋਈ ਵੱਖਰੇਵੇ ਹਨ, ਉਨ੍ਹਾਂ ਨੂੰ ਸ੍ਰੀ ਮੋਦੀ ਦੂਰ ਕਰਨ ਵਿਚ ਆਪਣੇ ਫਰਜਾਂ ਦੀ ਪੂਰਤੀ ਕਰਨਗੇ ਅਤੇ ਇਨ੍ਹਾਂ ਇਸਲਾਮਿਕ ਮੁਲਕਾਂ ਨਾਲ ਹਮੇਸ਼ਾਂ ਲਈ ਸਦਭਾਵਨਾ ਅਤੇ ਦੋਸਤਾਨਾਂ ਸੰਬੰਧਾਂ ਨੂੰ ਮਜਬੂਤ ਕਰਨ ਵਿਚ ਵੱਡਾ ਯੋਗਦਾਨ ਪਾਉਣਗੇ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>