ਸੰਗਰੂਰ ਲੋਕ ਸਭਾ ਦੀ ਚੋਣ ਦਾ ਨਤੀਜਾ : ਆਮ ਆਦਮੀ ਪਾਰਟੀ ਨੂੰ ਝਟਕਾ

ਸਿਮਰਨਜੀਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦੇ ਗੜ੍ਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੱਦੀ ਹਲਕੇ ਸੰਗਰੂਰ ਵਿੱਚ ਸਨ੍ਹ ਲਗਾ ਦਿੱਤੀ ਹੈ। ਇਹ ਉਪ ਚੋਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲੋਕ ਸਭਾ ਤੋਂ ਅਸਤੀਫਾ ਦੇਣ ਤੋਂ ਬਾਅਦ ਹੋਈ ਹੈ। ਉਨ੍ਹਾਂ ਆਪਣੀ ਪਸੰਦ ਦਾ ਉਮੀਦਵਾਰ ਚੁਣਿਆਂ ਸੀ ਪ੍ਰੰਤੂ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਨਕਾਰ ਦਿੱਤਾ ਹੈ। ਸੰਗਰੂਰ ਉਪ ਚੋਣ ਹਾਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹਾਰਨ ਨਾਲ ਪੰਜਾਬ ਦੀਆਂ ਹੌਸਲੇ ਛੱਡੀ ਬੈਠੀਆਂ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀਆਂ ਵਿੱਚ ਮੁੜ ਜਾਨ ਪੈ ਗਈ ਹੈ। ਉਨ੍ਹਾਂ ਦੇ ਭਾਵੇਂ ਉਮੀਦਵਾਰ ਜਿੱਤ ਤਾਂ ਨਹੀਂ ਸਕੇ ਪ੍ਰੰਤੂ ਵਿਧਾਨ ਸਭਾ ਵਿੱਚ ਪਈਆਂ ਵੋਟਾਂ ਦੇ ਮੁਕਾਬਲੇ ਆਪਣੀ ਪੋਜ਼ੀਸ਼ਨ ਕਨਸੌਲੀਡੇਟ ਕਰਨ ਵਿੱਚ ਸਫਲ ਹੋਏ ਹਨ। ਦੂਜਾ ਸਥਾਪਤ ਪਾਰਟੀਆਂ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੂੰ ਲਾਭ ਹੋਵੇਗਾ ਕਿਉਂਕਿ ਹੁਣ ਉਹ ਆਉਂਦੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾ ਵਿੱਚ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਰਨ ਦੇ ਸਮਰੱਥ ਹੋ ਜਾਣਗੀਆਂ। ਆਮ ਆਦਮੀ ਪਾਰਟੀ ਦਾ ਗ੍ਰਾਫ ਜਿਵੇਂ ਯਕਲਖਤ ਅਸਮਾਨ ‘ਤੇ ਚੜ੍ਹ ਗਿਆ ਸੀ, ਉਸੇ ਤਰ੍ਹਾਂ ਸੰਗਰੂਰ ਉਪ ਚੋਣ ਹਾਰਨ ਨਾਲ ਮਿੰਟਾਂ ਸਕਿੰਟਾਂ ਵਿੱਚ ਹੀ ਨੀਚੇ ਗਿਰ ਗਿਆ ਹੈ।

ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੋਵਾਂ ਨੂੰ ਬਰਾਬਰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੋਵੇਂ ਪਾਰਟੀਆਂ ਹਾਸ਼ੀਏ ਤੇ ਪਹੁੰਚ ਗਈਆਂ ਹਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹਨੀਮੂਨ ਪੀਰੀਅਡ ਵਿੱਚ ਅਨੇਕਾਂ ਦਾਅਵਿਆਂ ਦੇ ਬਾਵਜੂਦ ਵੀ ਉਨ੍ਹਾਂ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ ਹਾਰ ਦਾ ਮੂੰਹ ਵੇਖਣਾ ਪੈ ਗਿਆ। ਸਰਕਾਰ ਦੇ ਭਰਿਸ਼ਟਾਚਾਰ ਖ਼ਤਮ ਕਰਨ ਦੇ ਦਾਅਵਿਆਂ ਦੀ ਫੂਕ ਨਿਕਲ ਗਈ ਹੈ। ਭਗਵੰਤ ਸਿੰਘ ਮਾਨ ਮੁੱਖ ਮੰਤਰੀ ਨੂੰ ਆਪਣੇ ਹੀ ਸਿਹਤ ਮੰਤਰੀ ਦੀ ਦਿੱਤੀ ਬਲੀ ਵੀ ਕਾਰਗਰ ਸਾਬਤ ਨਹੀਂ ਹੋਈ। ਹੈਰਾਨੀ ਦੀ ਗੱਲ ਹੈ ਕਿ ਭਗਵੰਤ ਸਿੰਘ ਮਾਨ ਨੂੰ 2014 ਦੀ ਲੋਕ ਸਭਾ ਦੀ ਚੋਣ ਸਮੇਂ 48 ਫ਼ੀ ਸਦੀ ਵੋਟਾਂ ਪਈਆਂ ਸਨ। 2019 ਵਿੱਚ ਇਹ ਲੀਡ ਘਟਕੇ 37 ਫ਼ੀ ਸਦੀ ਰਹਿ ਗਈ ਸੀ। ਇਸ ਵਾਰ 34 ਫ਼ੀ ਸਦੀ ਰਹਿ ਗਈ ਹੈ। ਮੁੱਖ ਮੰਤਰੀ ਦੀ ਆਪਣੀ ਸੀਟ ਤੋਂ ਹਾਰਨ ਨਾਲ ਭਗਵੰਤ ਸਿੰਘ ਮਾਨ ਦੀ ਸ਼ਾਖ਼ ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ ਕਿਉਂਕਿ ਉਨ੍ਹਾਂ ਨੇ ਲੋਕ ਸਭਾ ਤੋਂ ਅਸਤੀਫ਼ਾ ਦਿੱਤਾ ਸੀ, ਉਨ੍ਹਾਂ ਦੀ ਖਾਲੀ ਕੀਤੀ ਸੀਟ ‘ਤੇ ਚੋਣ ਹੋਈ ਹੈ। ਇਹ ਵੀ ਅਚੰਭੇ ਦੀ ਗੱਲ ਹੈ ਕਿ ਭਗਵੰਤ ਸਿੰਘ ਮਾਨ ਦੇ ਆਪਣੇ ਜੱਦੀ ਪਿੰਡ ਸਤੌਜ ਵਿਚੋਂ ਵੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਸਿਮਰਨਜੀਤ ਸਿੰਘ ਮਾਨ ਤੋਂ ਹਾਰ ਗਿਆ ਹੈ। ਸਿਮਰਨਜੀਤ ਸਿੰਘ ਮਾਨ ਅਤੇ ਗੁਰਮੇਲ ਸਿੰਘ ਤੋਂ ਇਲਾਵਾ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਿਆਂ ਅਜੇ 3 ਮਹੀਨੇ ਹੀ ਹੋਏ ਹਨ। ਅਜੇ ਉਨ੍ਹਾਂ ਦਾ ਹਨੀਮੂਨ ਪੀਰੀਅਡ ਖ਼ਤਮ ਨਹੀਂ ਹੋਇਆ ਸੀ ਪ੍ਰੰਤੂ ਸਰਕਾਰ ਦੀ ਕਾਰਗੁਜ਼ਾਰੀ ਕਟਹਿਰੇ ਵਿੱਚ ਖੜੀ ਹੋ ਗਈ ਹੈ। ਵੱਡੀਆਂ ਟਾਹਰਾਂ ਮਾਰਨ ਵਾਲੀ ਸਰਕਾਰ ਨੂੰ ਮੂੰਹ ਦੀ ਖਾਣੀ ਪੈ ਗਈ ਹੈ। ਇਸ ਉਪ ਚੋਣ ਵਿੱਚ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦਾ ਅਕਸ ਦਾਅ ਤੇ ਲੱਗਿਆ ਹੋਇਆ ਸੀ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦਰ ਕੇਜਰੀਵਾਲ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਉਨ੍ਹਾਂ ਦੇ 8 ਮੰਤਰੀ, ਦੋ ਦਰਜਨ ਤੋਂ ਵੱਧ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਰਾਜ ਅਤੇ ਜਿਲਿ੍ਹਆਂ ਦੇ ਅਹੁਦੇਦਾਰ ਪਿਛਲੇ 15 ਦਿਨ ਤੋਂ ਲਗਾਤਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜਿੱਤ ਲਈ ਦਿਨ ਰਾਤ ਇਕ ਕਰਕੇ ਅੱਡੀ ਤੋਂ ਚੋਟੀ ਦਾ ਜ਼ੋਰ ਲਗਾ ਰਹੇ ਸਨ। ਪ੍ਰੰਤੂ ਗੁਰਮੇਲ ਸਿੰਘ ਘਰਾਚੋਂ ਦੇ ਹਾਰਨ ਨਾਲ ਉਨ੍ਹਾਂ ਦੀਆਂ ਆਸਾਂ ‘ਤੇ ਪਾਣੀ ਫਿਰ ਗਿਆ ਹੈ। ਉਹ ਮੂੰਹ ਵਿਖਾਉਣ ਜੋਗੇ ਨਹੀਂ ਰਹੇ ਹਨ।

ਵਿਧਾਨ ਸਭਾ ਚੋਣਾਂ ਵਿੱਚ ਸੰਗਰੂਰ ਲੋਕ ਸਭਾ ਹਲਕੇ ਦੇ ਸਾਰੇ ਹਲਕਿਆਂ ਵਿੱਚੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਚੁਣੇ ਗਏ ਸਨ। ਸੁਨਾਮ ਹਲਕੇ ਤੋਂ ਅਮਨ ਅਰੋੜਾ 76 ਹਜ਼ਾਰ ਵੋਟਾਂ ਦੇ ਫਰਕ ਨਾਲ ਜਿਤਿਆ ਸੀ। ਸੁਨਾਮ, ਸੰਗਰੂਰ ਅਤੇ ਲਹਿਰਾਗਾਗਾ ਵਿਧਾਂਨ ਸਭਾ ਹਲਕਿਆਂ ਵਿੱਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਸਿਮਰਨਜੀਤ ਸਿੰਘ ਮਾਨ ਤੋਂ ਵੱਧ ਵੋਟਾਂ ਮਿਲੀਆਂ ਹਨ। ਭਗਵੰਤ ਸਿੰਘ ਮਾਨ ਦੀ ਵਜ਼ਾਰਤ ਦੇ ਸੰਗਰੂਰ ਅਤੇ ਬਰਨਾਲਾ ਜਿਲ੍ਹੇ ਦੇ ਦੋਵੇਂ ਮੰਤਰੀ ਹਰਪਾਲ ਸਿੰਘ ਚੀਮਾ ਦਿੜ੍ਹਬਾ ਅਤੇ ਮੀਤ ਹੇਅਰ ਬਰਨਾਲਾ ਹਲਕਿਆਂ ਵਿੱਚੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਗੁਰਮੇਲ ਸਿੰਘ ਵੱਡੇ ਫਰਕ ਨਾਲ ਹਾਰ ਗਿਆ ਹੈ। ਮੰਤਰੀਆਂ ਦੀ ਕਾਰਗੁਜ਼ਾਰੀ ਵੀ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ। ਇਸ ਉਪ ਚੋਣ ਤੇ ਨਤੀਜੇ ਨਾਲ ਆਮ ਆਦਮੀ ਪਾਰਟੀ ਦਾ ਭਵਿਖ਼ ਖ਼ਤਰੇ ਵਿੱਚ ਪੈ ਗਿਆ ਹੈ। ਪੰਜਾਬ ਦੇ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਵਿੱਚ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੇ ਦਮਗਜ਼ੇ ਮਾਰਨ ਵਾਲੇ ਅਰਵਿੰਦ ਕੇਜਰੀਵਾਲ ਦੇ ਸਪਨੇ ਚਕਨਾਚੂਰ ਹੋ ਗਏ ਹਨ। ਪੰਜਾਬ ਦੀ ਅਮਨ ਕਾਨੂੰਨ ਦੀ ਵਿਗੜਦੀ ਸਥਿਤੀ ਵੀ ਆਮ ਆਦਮੀ ਪਾਰਟੀ ਦੀਆਂ ਜੜ੍ਹਾਂ ਵਿੱਚ ਤੇਲ ਦੇ ਗਈ ਹੈ। ਪੰਜਾਬ ਸਰਕਾਰ ਦਾ ਸੰਗਰੂਰ ਲੋਕ ਸਭਾ ਦੇ ਵੋਟਰਾਂ ਨੇ ਸ਼ੁਭਪ੍ਰੀਤ ਸਿੰਘ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਉਣ ਅਤੇ ਇਨ੍ਹਾਂ ਹੁਕਮਾਂ ਨੂੰ ਸ਼ੋਸ਼ਲ ਮੀਡੀਆ ‘ਤੇ ਪਾਉਣ ਨਾਲ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਸੱਦਾ ਦੇਣ ਦੇ ਬਰਾਬਰ ਗਿਣਿਆਂ ਹੈ। ਸਿੱਧੂ ਮੂਸੇਵਾਲਾ ਦਾ ਕਤਲ ਵੀ ਪੰਜਾਬ ਸਰਕਾਰ ਦੀ ਅਣਗਹਿਲੀ ਦਾ ਜਿਉਂਦਾ ਜਾਗਦਾ ਸਬੂਤ ਸਾਬਤ ਹੋਇਆ ਹੈ, ਜਿਸਦਾ ਸੰਗਰੂਰ ਲੋਕ ਸਭਾ ਦੇ ਵੋਟਰਾਂ ਨੇ ਬਦਲਾ ਲੈ ਲਿਆ ਹੈ। ਪੰਜਾਬ ਦੇ ਪਾਣੀਆਂ ਬਾਰੇ ਸਿੱਧੂ ਮੂਸੇਵਾਲਾ ਦਾ ਗੀਤ ਵੀ ਆਮ ਆਦਮੀ ਪਾਰਟੀ ਨੂੰ ਭਾਰੀ ਨੁਕਸਾਨ ਪਹੁੰਚਾ ਗਿਆ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਦਾ ਸਤਲੁਜ ਯਮੁਨਾ ਨਹਿਰ ਬਾਰੇ ਦੋਹਰਾ ਮਾਪ ਦੰਡ ਲੋਕਾਂ ਨੇ ਚੰਗਾ ਨਹੀਂ ਸਮਝਿਆ।

ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਨਿਯੁਕਤ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵੀ ਇਹ ਚੋਣ ਪਹਿਲਾ ਇਮਤਿਹਾਨ ਸੀ। ਉਹ ਕਾਂਗਰਸ ਦੇ ਉਮੀਦਵਾਰ ਦਲਬੀਰ ਸਿੰਘ ਗੋਲਡੀ ਦੀ ਚੋਣ ਮੁਹਿੰਮ ਖੁਦ ਚਲਾਉਂਦਾ ਰਿਹਾ, ਜਿਸ ਕਰਕੇ ਕਾਂਗਰਸ ਪਾਰਟੀ ਭਾਵੇਂ ਆਪਣੀ ਜ਼ਮਾਨਤ ਤਾਂ ਨਹੀਂ ਬਚਾ ਸਕੀ ਪ੍ਰੰਤੂ ਤੀਜੇ ਨੰਬਰ ਤੇ ਆ ਗਈ ਹੈ। ਪੰਜਾਬ ਕਾਂਗਰਸ ਪਾਰਟੀ ਦੇ ਲੈਜਿਸਲੇਚਰ ਪਾਰਟੀ ਦੇ ਮੁੱਖੀ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਵਿਧਾਨਕਾਰ ਵੀ ਚੋਣ ਮੁਹਿੰਮ ਵਿੱਚ ਲੱਗੇ ਰਹੇ ਸਨ ਪ੍ਰੰਤੂ ਕਾਂਗਰਸ ਸਾਰੇ ਵਿਧਾਨ ਸਭਾ ਹਲਕਿਆਂ ਵਿੱਚੋਂ ਹਾਰ ਗਈ ਹੈ। ਸਭ ਤੋਂ ਜ਼ਿਆਦਾ ਲਾਭ ਭਾਰਤੀ ਜਨਤਾ ਪਾਰਟੀ ਨੂੰ ਹੋਇਆ ਹੈ, ਉਨ੍ਹਾਂ ਦਾ ਉਮੀਦਵਾਰ ਕੇਵਲ ਸਿੰਘ ਢਿਲੋਂ ਅਕਾਲੀ ਦਲ ਦੇ ਉਮੀਦਵਾਰ ਬੀਬੀ ਕਮਲਜੀਤ ਕੌਰ ਤੋਂ ਵੀ ਵੱਧ ਵੋਟਾਂ ਲੈ ਗਿਆ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਨਾਲ ਭਾਈਵਾਲੀ ਵਿੱਚ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਨੂੰ ਵੱਡਾ ਭਰਾ ਕਹਿੰਦੀ ਸੀ। ਇਸ ਚੋਣ ਵਿੱਚ ਅਕਾਲੀ ਦਲ ਨੇ ਆਪਣਾ ਅਕਸ ਬਚਾਉਣ ਲਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੂੰ ਉਮੀਦਵਾਰ ਬਣਾਕੇ ਆਪਣੀ ਇੱਜ਼ਤ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਪ੍ਰੰਤੂ ਅਕਾਲੀ ਦਲ ਦੀ ਹੋਰ ਕਿਰਕਰੀ ਹੋ ਗਈ ਹੈ। ਸਿਮਰਨਜੀਤ ਸਿੰਘ ਮਾਨ 5822 ਵੋਟਾਂ ਦੇ ਫਰਕ ਨਾਲ ਚੋਣ ਜਿੱਤ ਗਏ ਹਨ।  ਉਨ੍ਹਾਂ ਨੂੰ 253154, ਆਮ ਆਦਮੀ ਦੇ ਗੁਰਮੇਲ ਸਿੰਘ ਘਰਾਚੋਂ ਨੂੰ 247332, ਕਾਂਗਰਸ ਦੇ ਦਲਬੀਰ ਸਿੰਘ ਗੋਲਡੀ ਨੂੰ 79668, ਭਾਰਤੀ ਜਨਤਾ ਪਾਰਟੀ ਦੇ ਕੇਵਲ ਸਿੰਘ ਢਿਲੋਂ ਨੂੰ 66298 ਅਤੇ ਪੰਜਵੇਂ ਨੰਬਰ ਤੇ ਅਕਾਲੀ ਦਲ ਦੀ ਬੀਬੀ ਕਮਲਜੀਤ ਕੌਰ ਨੂੰ 44428 ਵੋਟਾਂ ਮਿਲੀਆਂ ਹਨ। ਸਿਮਰਨਜੀਤ ਸਿੰਘ ਮਾਨ ਨੂੰ ਸਭ ਤੋਂ ਵੱਧ ਵੋਟਾਂ ਮਾਲੇਰਕੋਟਲਾ ਤੋਂ ਪਈਆਂ ਹਨ। ਇਸ ਚੋਣ ਦੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਸ਼ਾਇਦ ਆਪਣੀ ਸਰਕਾਰ ਚਲਾਉਣ ਦੀ ਕਾਰਜਸ਼ੈਲੀ ਵਿੱਚ ਤਬਦੀਲੀ ਕਰਨ ਲਈ ਮਜ਼ਬੂਰ ਹੋ ਜਾਵੇਗੀ। 2019 ਦੀਆਂ ਲੋਕ ਸਭਾ ਚੋਣਾ ਵਿੱਚ ਕਾਂਗਰਸ ਦੇ ਵਿਜੇਇੰਦਰ ਸਿੰਗਲਾ ਨੂੰ 3 ਲੱਖ , ਅਕਾਲੀ ਦਲ ਦੇ ਉਮੀਦਵਾਰ ਨੂੰ 2 ਲੱਖ 6000 ਵੋਟਾਂ ਪੋਲ ਹੋਈਆਂ ਸਨ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>