ਭਗਵੰਤ ਮਾਨ ਆਪਣਾ ਸਿਰ ਖੁਦ ਪਲੋਸ ਕੇ ਅਸੀਸਾਂ ਲੈਣ ਦੇ ਚੱਕਰ ‘ਚ ਕਿਉਂ ਪੈ ਰਿਹੈ?

ਲੋਕ ਭੋਲੇ ਜ਼ਰੂਰ ਹੋ ਸਕਦੇ ਹਨ ਪਰ ਪਾਗਲ ਨਹੀਂ। ਲੋਕ ਮਜ਼ਬੂਰ ਹੋ ਸਕਦੇ ਹਨ ਪਰ ਬੂਝੜ ਨਹੀਂ। ਲੋਕ ਗਰਜਾਂ ਦੇ ਕਿੱਲਿਆਂ ਨਾਲ ਬੱਝੇ ਜ਼ਰੂਰ ਹੋ ਸਕਦੇ ਹਨ ਪਰ ਹਰ ਕਿਸੇ ਮੂਹਰੇ ਪੂਛ ਹਿਲਾਉਣ ਵਾਲੇ ‘ਪਾਲਤੂ’ ਵੀ ਨਹੀਂ ਸਮਝ ਲਏ ਜਾ ਸਕਦੇ।
ਪੰਜਾਬ ਦੀ ਸਿਆਸਤ ਨੇ ਕਰਵਟ ‘ਲਈ’ ਜਾਂ ਕਰਵਟ ‘ਦਿਵਾ ਲਈ’ ਗਈ?, ਇਹ ਮਸਲਾ ਇਸ ਲਿਖਤ ਦਾ ਵਿਸ਼ਾ ਨਹੀਂ। ਵਿਸ਼ਾ ਹੈ ਉਹਨਾਂ ਵਿਚਾਰਾਂ, ਦਾਅਵਿਆਂ, ਵਾਅਦਿਆਂ ਤੋਂ ਥਿੜਕਣ ਦਾ। ਕੀ ਵਜ੍ਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਹੀ ਗੱਲਾਂ ਦਾ ਫਹੁੜੀਆਂ ਵਾਂਗ ਸਹਾਰਾ ਲੈਣਾ ਪੈ ਰਿਹਾ ਹੈ, ਜਿਹਨਾਂ ਨੂੰ ਉਹ ਸੱਥਾਂ, ਸਟੇਜਾਂ ਤੋਂ ਭੰਡਿਆ ਕਰਦੇ ਸਨ। ਉਹਨਾਂ ਵੱਲੋਂ “ਡਲਾ ਤੋ ਡਲਾ ਹੋਤਾ ਹੈ” ਦੀ ਵਕਾਲਤ ਕਰਦਿਆਂ ਖੁਦ ਡਲੇ ਖਾਣ ਤੱਕ ਪਹੁੰਚ ਜਾਣਾ ਇਸ ਗੱਲ ਦੀ ਗਵਾਹੀ ਹੈ ਕਿ ਖੁਦ ਬੀਜੇ ਕੰਡੇ ਚੁਗਣੇ ਵੀ ਖੁਦ ਨੂੰ ਪੈ ਸਕਦੇ ਹਨ। ਇਸਦੀ ਉਦਾਹਰਣ ਵੀ ਚੋਣ ਪ੍ਰਚਾਰ ਦੇ ਦਿਨਾਂ ‘ਚ ਮਿਲੀ ਸੀ, ਜਦੋਂ ਮਾਨ ਸਾਹਿਬ ਦੇ ਖੁਦ ਵੀ ਡਲਾ ਵੱਜ ਗਿਆ ਸੀ। ਵਿਰੋਧੀ ਉਮੀਦਵਾਰ ਦਲਵੀਰ ਗੋਲਡੀ ਦੀ ਪਤਨੀ ਬਾਰੇ ਊਲ-ਜਲੂਲ ਬੋਲਣ ਵਾਲੇ “ਚੌਰ ਦਾਸ” ਨੂੰ ਸਨਮਾਨਿਤ ਕਰਨ ਜਾਣਾ ਭਗਵੰਤ ਮਾਨ ਦੀਆਂ ਪਹਿਲਾਂ ਕੀਤੀਆਂ ਅਤੇ ਭਵਿੱਖ ਵਿੱਚ ਕੀਤੀਆਂ ਜਾਣ ਵਾਲੀਆਂ ਗ਼ਲਤੀਆਂ ‘ਚੋਂ ‘ਸਰਵੋਤਮ’ ਆਖੀ ਜਾ ਸਕਦੀ ਹੈ।

ਜਿਸ ਦਿਨ ਤੋਂ ਭਗਵੰਤ ਮਾਨ ਮੁੱਖ ਮੰਤਰੀ ‘ਬਣੇ’ (ਬਣਾਏ) ਹਨ, ਲੋਕਾਂ ਦੇ ਜ਼ਿਹਨ ਵਿੱਚੋਂ ਉਹਨਾਂ ਦਾ ਆਪਣਾ ਭਗਵੰਤ ਮਾਨ ਮਨਫੀ ਹੁੰਦਾ ਜਾ ਰਿਹਾ ਹੈ। ਕਹਿਣੀ ਤੇ ਕਰਨੀ ਦਾ ਸੈਂਕੜੇ ਕੋਹਾਂ ਦਾ ਪਾੜਾ ਦਿਨ ਰਾਤ ਵਧਦਾ ਹੀ ਜਾ ਰਿਹਾ ਹੈ। ਬਾਦਲਾਂ ਕੈਪਟਨਾਂ ਨੂੰ ਪਾਣੀ ਵਾਲੀਆਂ ਟੈਂਕੀਆਂ, ਕੁੜੀਆਂ ਨੂੰ ਦਿੱਤੇ ਸਾਈਕਲਾਂ, ਐਂਬੂਲੈਂਸ ਗੱਡੀਆਂ ਆਦਿ ‘ਤੇ ਤਸਵੀਰਾਂ ਲਾਉਣ ਦੇ ਮਾਮਲੇ ‘ਤੇ ਘੇਰਨ ਵਾਲਾ ਭਗਵੰਤ ਮਾਨ ਖੁਦ ਉਹਨਾਂ ਦੀ ਹੀ ਪੈੜ ‘ਚ ਪੈਰ ਪਾ ਕੇ ਤੁਰ ਰਿਹੈ। ਨੌਕਰੀਆਂ ਦੇ ਨਿਯੁਕਤੀ ਪੱਤਰਾਂ ‘ਤੇ ਫੋਟੋ, ਪਲਾਸਟਿਕ ਲਿਫਾਫਿਆਂ ਦੀ ਬੰਦੀ ਦੇ ਬਦਲ ਵਜੋਂ ਕੱਪੜੇ ਦੇ ਝੋਲਿਆਂ ‘ਤੇ ਭਗਵੰਤ ਮਾਨ ਤੇ ਮੀਤ ਹੇਅਰ ਦੀ ਫੋਟੋ, ਸੇਵਾ ਕੇਂਦਰਾਂ ਤੋਂ ਬਣੇ ਆਮ ਆਦਮੀ ਕਲੀਨਿਕਾਂ ਦੇ ਬਾਹਰ ਭਗਵੰਤ ਮਾਨ ਦੀ ਫੋਟੋ ਇਹ ਦਰਸਾਉਣ ਲਈ ਕਾਫੀ ਹਨ ਕਿ ਸਿਰਫ ਇਨਸਾਨ ਹੀ ਬਦਲੇ ਹਨ, ਕੱਪੜਾ-ਲੱਤਾ ਓਹੀ ਹੈ।

ਜਦੋਂ ਸੱਤਾ ਤੋਂ ਬਾਹਰ ਸਨ ਤਾਂ ਖਜਾਨੇ ਦੇ ਖਾਲੀ ਹੋਣ ਦੀ ਦੁਹਾਈ ਪਾਈ ਜਾ ਰਹੀ ਸੀ। ਸੱਤਾ ‘ਚ ਆਏ ਤਾਂ ਕਰੋੜਾਂ ਰੁਪਏ ਦੇ ਇਸ਼ਤਿਹਾਰ ਬਾਹਰੀ ਸੂਬਿਆਂ ਦੇ ਅਖਬਾਰਾਂ ਨੂੰ ਵੀ ਪਰੋਸ ਦਿੱਤੇ। ਹੋਰਾਂ ਲੀਡਰਾਂ ਨੂੰ ਮੁਰਗੀਖਾਨੇ ਖੋਲ੍ਹਣ ਦੀਆਂ ਸਲਾਹਾਂ ਦਿੰਦੇ ਸਨ ਪਰ ਹੁਣ ਦਿੱਲੀ ਤੱਕ ਪੰਜਾਬ ਦੇ ਖਰਚੇ ‘ਤੇ ਸੁਰੱਖਿਆ ਰਿਉੜੀਆਂ ਵਾਂਗ ਵੰਡ ਦਿੱਤੀ ਗਈ।
ਜੇਕਰ ਕੰਮ ਕੀਤੇ ਹਨ ਤਾਂ ਉਹਨਾਂ ਦੀ ਚਰਚਾ ਨਿਰਸੰਦੇਹ ਹੋਵੇਗੀ ਪਰ ਜੇ ਛੋਟੇ ਕੰਮਾਂ ਨੂੰ ਵੱਡੇ ਬਣਾ ਕੇ ਦਿਖਾਉਣ ਲਈ ਹੀ ਕਰੋੜਾਂ ਰੁਪਏ ਦੀ ਇਸ਼ਤਿਹਾਰਬਾਜ਼ੀ ਕਰਨੀ ਪੈ ਰਹੀ ਹੈ ਤਾਂ ਰੂੜੀਆਂ ਨੂੰ ਫੁੱਲਾਂ ਵਾਲੀਆਂ ਚਾਦਰਾਂ ਨਾਲ ਢਕਣ ਵਰਗੀ ਕਾਰਵਾਈ ਹੀ ਲੱਗ ਰਹੀ ਹੈ।

ਇੱਕ ਹੋਰ ਨਵੇਂ ਚਲਣ ਦੀ ਸੂਤਰਧਾਰ ਬਣੀ ਹੈ ਨਵੀਂ ਸਰਕਾਰ। ਉਹ ਹੈ ਖਬਰਾਂ ਨੂੰ ਇਸ਼ਤਿਹਾਰ ਬਣਾ ਕੇ ਅਖਬਾਰਾਂ ਵਿੱਚ ਛਪਵਾਉਣ ਦੀ ਚਲਾਕੀ। ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਲੈ ਕੇ ਹੁਣ ਤੱਕ ਵੱਖ ਵੱਖ ਅਖਬਾਰਾਂ ਵਿੱਚ ਵਾਰੀ ਸਿਰ ਪੂਰੇ ਪੰਨੇ ਦਾ ਇਸ਼ਤਿਹਾਰ ਐਨੀ ਚਲਾਕੀ ਨਾਲ ਛਪਵਾਇਆ ਜਾਂਦਾ ਹੈ ਕਿ ਪਾਠਕ ਨੂੰ ਪਤਾ ਹੀ ਨਹੀਂ ਲਗਦਾ ਕਿ ਉਹ ਸਾਧਾਰਨ ਖਬਰਾਂ ਹਨ ਜਾਂ ਫਿਰ ਪਾਠਕ ਨੂੰ ਮੂਰਖ ਬਣਾਉਣ ਲਈ ਸਰਕਾਰ ਦੇ ਸੋਹਲਿਆਂ ਨਾਲ ਭਰਪੂਰ ਇਸ਼ਤਿਹਾਰ?? ਭੇਤ ਉਦੋਂ ਨਸ਼ਰ ਹੁੰਦਾ ਹੈ ਜਦੋਂ ਨਾ ਤਾਂ ਖਬਰ ਦੇ ਸਟੇਸ਼ਨ ਦਾ ਨਾਮ ਹੁੰਦਾ ਹੈ, ਨਾ ਪੱਤਰਕਾਰ ਦਾ ਨਾਮ ਹੁੰਦਾ ਹੈ। ਇਸ਼ਤਿਹਾਰ ਦੀ ਅਸਲ ਪਛਾਣ ਦਾ ਪਤਾ ਉਦੋਂ ਲਗਦਾ ਹੈ ਜਦੋਂ ਤੁਸੀਂ ਪੰਨੇ ਦੇ ਬਿਲਕੁਲ ਹੇਠਾਂ ਕੋਨੇ ‘ਚ “ਇਸ਼ਤਿਹਾਰ” ਲਿਖਿਆ ਪੜ੍ਹਦੇ ਹੋ।

ਇਹ ਸਾਰਾ ਕੁਝ ਉਸ ਭਗਵੰਤ ਮਾਨ ਦੇ ਮੁੱਖ ਮੰਤਰੀ ਹੁੰਦਿਆਂ ਹੋ ਰਿਹਾ ਹੈ, ਜੋ ਵਿਰੋਧੀਆਂ ਨੂੰ ਇਹਨਾਂ ਗੱਲਾਂ ਕਰਕੇ ਹੀ ਬੇਹੇ ਕੜਾਹ ਵਾਂਗੂੰ ਲੈਂਦਾ ਰਿਹਾ ਹੈ। ਮੀਡੀਆ ਦੀ ਕਾਰਗੁਜਾਰੀ ‘ਤੇ ਸਵਾਲ ਉਠਾਉਣ ਵਾਲੇ ਭਗਵੰਤ ਮਾਨ ਦੇ ਵਿਆਹ ਦੇ ਟੈਂਟ ਵਾਲੇ ਚਮਚੇ ਤੱਕ ਮੀਡੀਆ ਗਿਣਦਾ ਰਿਹਾ, ਹੁਣ ਤੱਕ ਨਵੀਂ ਵਿਆਹੀ ਜੋੜੀ ਦਾ ਗੁਲਦਸਤੇ ਫੜਦਿਆਂ ਦਾ ਫੋਟੋਸ਼ੂਟ ਅਖਬਾਰਾਂ ਚੈਨਲਾਂ ਵਿੱਚ ਲਗਾਤਾਰ ਚੱਲ ਰਿਹਾ ਹੈ। ਪਰਿਵਾਰਵਾਦ ਖਿਲਾਫ ਸਿੰਗਾਂ ਨਾਲ ਮਿੱਟੀ ਚੁੱਕਣ  ਆਲੇ ਮਾਨ ਸਾਹਿਬ ਦੇ ਪਰਿਵਾਰਕ ਮੈਂਬਰ ਖੁਦ ਪਹਿਲੇ ਮੁੱਖ ਮੰਤਰੀਆਂ ਦੇ ਪਰਿਵਾਰਾਂ ਵਾਲੇ ਰਾਹਾਂ ‘ਤੇ ਸ਼ਾਨ ਨਾਲ ਚੱਲ ਰਹੇ ਹਨ।

ਇਹ ਤਾਂ ਮਹਿਜ ਕੁਝ ਕੁ ਮਹੀਨਿਆਂ ਦਾ ਲੇਖਾ ਹੈ ਜੋ ਭਗਵੰਤ ਮਾਨ ਦੇ ਸੁਭਾਅ ਤੇ ਸੋਚ ਵਿੱਚ ਆਈ ਤਬਦੀਲੀ ਦਾ ਸੰਕੇਤ ਹੈ। ਲੋਕ ਭਗਵੰਤ ਮਾਨ ਵਿੱਚੋਂ ਇੱਕ ਧੜੱਲੇਦਾਰ ਨੇਤਾ ਦੀ ਉਮੀਦ ਲਾਈ ਬੈਠੇ ਹਨ ਪਰ ਭਗਵੰਤ ਮਾਨ ਸਾਹਿਬ ਨੇ ਅੰਤਾਂ ਦੀ ਗਰਮੀ ਦੇ ਮਹੀਨਿਆਂ ਵਿੱਚ ਵੀ ਜੈਕੇਟ ਨਹੀਂ ਲਾਹੀ। ਉਹਨਾਂ ਦੀ ਜੈਕੇਟ ਨਾਲ ਕਿਸੇ ਨੂੰ ਕੋਈ ਲੈਣ ਦੇਣ ਨਹੀਂ ਹੋ ਸਕਦਾ ਪਰ ਸਵਾਲ ਤਾਂ ਇਹ ਹੈ ਕਿ ਦੂਜਿਆਂ ਨੂੰ ਮਹਿਲਾਂ ‘ਚ ਵੜੇ ਰਹਿਣ, ਏਸੀਆਂ ‘ਚ ਨਜਾਰੇ ਲੈਣ ਦੇ ਮਿਹਣੇ ਮਾਰਨ ਵਾਲੇ ਭਗਵੰਤ ਮਾਨ ਦੀ ਜੈਕੇਟ ਵੀ ਏਸੀਆਂ ਦੀ ਠੰਡਕ ਵਿੱਚੋਂ ਨਿੱਕਲੀ ਹੋਈ ਹੈ।

ਸਰਕਾਰ ਦੀ ਹਰ ਕਾਰਗੁਜਾਰੀ ਨੂੰ ਪਾਰਦਰਸ਼ੀ ਕਰਨ ਦੇ ਦਮਗਜ਼ ਮਾਰਦਿਆਂ ਹੁਣ ਸਰਕਾਰੀ ਹਵਾਈ ਸਫਰ ਦੀ ਜਾਣਕਾਰੀ ਆਰਟੀਆਈ ਰਾਹੀਂ ਮੁਹੱਈਆ ਕਰਵਾਉਣ ਤੋਂ ਟਾਲਾ ਵੱਟਣਾ ਆਪਣੇ ਹੀ ਬੋਲਾਂ ਤੋਂ ਭੱਜਣਾ ਹੈ।

ਮੁੱਕਦੀ ਗੱਲ ਇਹ ਹੈ ਕਿ ਅਜੇ ਤਾਂ ਸੇਰ ਵਿੱਚੋਂ ਪੂਣੀ ਵੀ ਨਹੀਂ ਕੱਤੀ, ਜੇ ਇਹੀ ਹਾਲ ਰਿਹਾ ਤਾਂ ਆਮ ਆਦਮੀ ਪਾਰਟੀ ਦਾ “ਆਪ” ਤੋਂ “ਤੂੰ” ਤੱਕ ਦਾ ਸਫ਼ਰ ਬਾਹਲੀ ਦੂਰ ਨਹੀਂ। ਭਗਵੰਤ ਮਾਨ ਵੱਲੋਂ ਆਪਣੀ ਸਾਖ ਨੂੰ ਖੋਰਾ ਲਾਉਣ ਦੀ ਕਸਰ ਖੁਦ ਹੀ ਨਹੀਂ ਛੱਡੀ ਜਾ ਰਹੀ ਤਾਂ ਕਿਸੇ ਹੋਰ ਨਾਲ ਕੀ ਗਿਲਾ?? ਪੰਜਾਬ ਦਾ ਭਲਾ ਚਾਹੁਣ ਵਾਲਾ ਹਰ ਸੁਹਿਰਦ ਪੰਜਾਬੀ ਹਾਲ ਦੀ ਘੜੀ ਇਹੀ ਸੋਚ ਰਿਹਾ ਹੈ ਕਿ ਭਗਵੰਤ ਮਾਨ ਆਪਣਾ ਸਿਰ ਖੁਦ ਪਲੋਸ ਕੇ ਅਸੀਸਾਂ ਲੈਣ ਦੇ ਚੱਕਰ ‘ਚ ਕਿਉਂ ਪੈ ਰਿਹੈ?

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>