ਜੀ.ਕੇ. ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਨਾਟਕ ਰਾਹੀਂ ਦਿਖਾਉਣਾ ਸਹੀ ਤੇ ਭਾਈ ਲੱਖੀ ਸ਼ਾਹ ਵਣਜਾਰਾ ਦਾ ਇਤਿਹਾਸ ਦਿਖਾਉਣਾ ਗਲਤ ਕਿਵੇਂ

Screenshot_2022-08-13_17-45-58.resizedਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਅੱਜ ਇਥੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਹੋਈ ਪ੍ਰੈਸ ਕਾਨਫਰੰਸ ’ਚ ਭਾਰਤ ਸਰਕਾਰ ਦੇ ਸੰਸਕ੍ਰਿਤੀ ਮੰਤਰਾਲੇ ਵੱਲੋਂ ਡੀਐਸਜੀਐਮਸੀ ਦੇ ਸਹਿਯੋਗ ਨਾਲ ਬੀਤੇ ਦਿਨੀਂ ਕਰਵਾਏ ਗਏ ਭਾਈ ਲੱਖੀ ਸ਼ਾਹ ਵਣਜਾਰਾ ਦੇ 444ਵੇਂ ਜਨਮ ਦਿਹਾੜਾ ਸਮਾਗਮ ਨੂੰ ਲੈ ਕੇ ਸਰਨਾ ਭਰਾਵਾਂ ਅਤੇ ਮਨਜੀਤ ਸਿੰਘ ਜੀ.ਕੇ. ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਠੋਕਵਾਂ ਜਵਾਬ ਦਿੰਦੇ ਹੋਏ ਕਿਹਾ ਕਿ ਉਕਤ ਦੋਵੇਂ ਪਾਰਟੀ ਆਗੂ ਪਹਿਲਾਂ ਆਪਣੇ ਕਾਰਜਕਾਲ ਦੌਰਾਨ ਕਰਵਾਏ ਗਏ ਸਮਾਗਮਾਂ ਬਾਰੇ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਜਿਨ੍ਹਾਂ ਰਾਹੀਂ ਉਨ੍ਹਾਂ ਨੇ ਆਪੋ-ਆਪਣੇ ਵਕਤ ਦੀਆਂ ਸਰਕਾਰਾਂ ਨੂੰ ਖੁੱਸ਼ ਕਰਨ ਲਈ ਦਿੱਲੀ ਗੁਰਦੁਆਰਾ ਕਮੇਟੀ ਦੇ ਪੈਸੇ ਦੀ ਖੁੱਲ੍ਹ ਕੇ ਦੁਰਵਰਤੋਂ ਕੀਤੀ ਹੈ । ਆਪਣੇ ਕਾਰਜਕਾਲ ਦੌਰਾਨ ਜਿਨ੍ਹਾਂ ਸਰਨਾ ਭਰਾਵਾਂ ਨੇ 2-2 ਸੰਗਰਾਂਦ-ਗੁਰਪੁਰਬ ਮਨ੍ਹਾ ਕੇ ਸਿੱਖ ਕੌਮ ’ਚ ਦੁਚਿਤੀ ਪੈਦਾ ਕੀਤੀ ਹੋਵੇ ਅਤੇ ਦਸਮ ਗ੍ਰੰਥ ਦੀ ਬਾਣੀ ’ਤੇ ਪ੍ਰਸ਼ਨ ਚਿੰਨ੍ਹ ਲਗਾਇਆ ਹੋਵੇ ਉਹ ਦੂਜਿਆਂ ’ਤੇ ਉਂਗਲ ਕਿੰਝ ਚੁੱਕ ਸਕਦੇ ਹਨ । ਸ. ਕਾਲਕਾ ਨੇ ਕਿਹਾ ਕਿ ਆਪਣੀ ਪ੍ਰਧਾਨਗੀ ਵੇਲੇ ਮਨਜੀਤ ਸਿੰਘ ਜੀ.ਕੇ. ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਨਾਟਕ ਦੇ ਰੂਪ ’ਚ ਦਿਖਾਉਣਾ ਸਹੀ ਹੈ ਪਰੰਤੂ ਹੁਣ ਡੀਐਸਜੀਐਮਸੀ ਦੇ ਸਹਿਯੋਗ ਨਾਲ ਕਰਵਾਏ ਗਏ ਭਾਈ ਲੱਖੀ ਸ਼ਾਹ ਵਣਜਾਰਾ ਦੇ ਜਨਮ ਦਿਹਾੜਾ ਸਮਾਗਮ ਮੌਕੇ ਉਨ੍ਹਾਂ ਦਾ ਇਤਿਹਾਸ ਦਿਖਾਉਣਾ ਗਲਤ ਕਿੰਝ ਹੋ ਗਿਆ । ਸ. ਕਾਲਕਾ ਨੇ ਕਿਹਾ ਕਿ ਭਾਈ ਲੱਖੀ ਸ਼ਾਹ ਵਣਜਾਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਅਨਿਨ ਸੇਵਕ ਸਨ ਅਤੇ ਜ਼ਾਲਮ ਔਰੰਗਜ਼ੇਬ ਵੱਲੋਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ-ਮਾਲ ਦੀ ਰੱਤੀ ਭਰ ਪਰਵਾਹ ਨਾ ਕਰਦੇ ਹੋਏ ਗੁਰੂ ਸਾਹਿਬ ਦੀ ਪਾਵਨ ਪਵਿੱਤਰ ਦੇਹ ਦਾ ਅੰਤਮ ਸਸਕਾਰ ਕਰਨ ਲਈ ਆਪਣੇ ਘਰ ਤਕ ਨੂੰ ਅੱਗ ਲਗਾ ਦਿੱਤੀ ਅਤੇ ਅਜਿਹੇ ਅਨਿਨ ਸੇਵਕ ਦਾ ਜਨਮ ਦਿਹਾੜਾ ਮਨਾਏ ਜਾਣ ਦੇ ਸਮਾਗਮ ’ਚ ਸਹਿਯੋਗ ਕਰਨਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਬਣਦਾ ਸੀ ਜਿਸ ਨੂੰ ਅਸੀਂ ਨਿਭਾਇਆ ।

ਇਸ ਮੌਕੇ ਸ. ਜਗਦੀਪ ਸਿੰਘ ਕਾਹਲੋਂ ਨੇ ਸਰਨਾ ਭਰਾਵਾਂ ’ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਸਾਲ 2009 ’ਚ ਤਾਮਿਲਨਾਡੂ ਫੀਸ਼ਰਮੇਨ ਫਾਂਊਂਡੇਸ਼ਨ, ਚੇਨੱਈ ਦੇ 2000 ਦੇ ਕਰੀਬ ਮੱਛਲੀ ਫੜਨ ਵਾਲੇ ਮਛੇਰਿਆਂ ਨੂੰ ਅਤੇ 2010 ’ਚ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੀ ਕਰੀਬ 3000 ਬੀਬੀਆਂ ਨੂੰ ਗੁਰਦੁਆਰਾ ਸਾਹਿਬ ਵਿਖੇ ਠਹਿਰਾਇਆ ਸੀ ਪਰੰਤੂ ਅਸੀਂ ਸਰਨਾ ਭਰਾਵਾਂ ਵਾਂਗੂੰ ਉਸ ਵੇਲੇ ਕਿਸੇ ਨੂੰ ਜਬਰੀ ਫੜ-ਫੜ ਕੇ ਉਨ੍ਹਾਂ ਦੀ ਤਲਾਸ਼ੀ ਲੈ ਕੇ ਗੁਰੂ ਘਰ ਦੀ ਬਦਨਾਮੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ । ਸ. ਕਾਹਲੋਂ ਨੇ ਕਿਹਾ ਕਿ ਜਿਨ੍ਹਾਂ ਸਰਨਾ ਭਰਾਵਾਂ ਵੱਲੋਂ ਗੁਰਦੁਆਰਾ ਸਾਹਿਬਾਨਾਂ ਦੀ ਇਤਿਹਾਸਕ ਜ਼ਮੀਨਾਂ ਤਕ ਵੇਚਣ ’ਚ ਗੁਰੇਜ਼ ਨਾ ਕੀਤਾ ਗਿਆ ਹੋਵੇ ਉਹ ਗੁਰੂ ਘਰ ਦੀ ਮਰਿਆਦਾ ਦਾ ਕੀ ਖਿਆਲ ਰੱਖਣਗੇ ।

ਸ. ਕਾਲਕਾ ਨੇ ਕਿਹਾ ਕਿ ਸਮਾਗਮ ’ਚ ਭਾਗ ਲੈਣ ਲਈ ਦੇਸ਼ਭਰ ਤੋਂ ਆਏ ਬੰਜਾਰਾ ਸਮਾਜ ਦੇ ਜਿਹੜੇ ਲੋਕ ਗੁਰਦੁਆਰਾ ਰਕਾਬ ਗੰਜ ਸਾਹਿਬ ’ਚ ਠਹਿਰੇ ਸਨ ਉਨ੍ਹਾਂ ਦੇ ਟੀਮ ਇੰਚਾਰਜ ਅਤੇ ਦਿੱਲੀ ਕਮੇਟੀ ਦੇ ਸੇਵਾਦਾਰਾਂ ਨੂੰ ਗੁਰੂ ਘਰ ਦੀ ਰਹਿਤ-ਮਰਿਆਦਾ ਦੀ ਪਾਲਣਾ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਸਨ । ਦਿੱਲੀ ਕਮੇਟੀ ਦੇ ਪ੍ਰਬੰਧਕਾਂ, ਸਟਾਫ ਅਤੇ ਵਲੰਟੀਅਰਾਂ ਵੱਲੋਂ ਇੱਥੇ ਪੁੱਜੇ ਲੋਕਾਂ ਨੂੰ ਗੁਰੂ ਘਰ ਦੀ ਮਰਿਆਦਾ ਬਾਰੇ ਜਾਣਕਾਰੀ ਦਿੰਦੇ ਹੋਏ ਤੰਮਾਕੂ ਅਤੇ ਬੀੜੀ-ਸਿਗਰੇਟ ਆਦਿ ਇਤਰਾਜ਼ਯੋਗ ਸਮੱਗਰੀ ਨੂੰ ਗੁਰੂ ਘਰ ਤੋਂ ਬਾਹਰ ਹੀ ਰੱਖਣ ਦਾ ਕੰਮ ਵੀ ਕੀਤਾ ਗਿਆ ਬਾਵਜ਼ੂਦ ਇਸ ਦੇ ਸਰਨਾ ਭਰਾਵਾਂ ਦੀ ਸ਼ਹਿ ’ਤੇ ਉਨ੍ਹਾਂ ਦੀ ਇਕ ਮਹਿਲਾ ਵਰਕਰ ਵੱਲੋਂ ਆਪਣੇ ਕੁਝ ਸਾਥੀਆਂ ਨਾਲ ਲੋਕਾਂ ਦੀ ਜ਼ਬਰੀ ਤਲਾਸ਼ੀ ਲੈ ਕੇ ਕੁਝ ਇਤਰਾਜ਼ਯੋਗ ਵੀਡੀਓ ਬਣਾ ਕੇ ਦਿੱਲੀ ਕਮੇਟੀ ਅਤੇ ਗੁਰੂ ਘਰ ਨੂੰ ਬਦਨਾਮ ਕਰਨ ਦੀ ਕੋਝੀ ਹਰਕਤ ਕੀਤੀ ਗਈ ਤੇ ਸਰਨਾ ਭਰਾਵਾਂ ਵੱਲੋਂ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ।

ਸ. ਕਾਲਕਾ ਨੇ ਕਿਹਾ ਕਿ ਭਾਈ ਲੱਖੀ ਸ਼ਾਹ ਵਣਜਾਰਾ ਦਾ 444ਵਾਂ ਜਨਮ ਦਿਹਾੜਾ ਮਨਾਏ ਜਾਣ ਦੀ ਤਾਰੀਖ ਨੂੰ ਲੈ ਕੇ ਜੋ ਵਿਵਾਦ ਸਰਨਾ ਭਰਾਵਾਂ ਵੱਲੋਂ ਬਿਨ੍ਹਾਂ ਵਜ੍ਹਾ ਉਠਾਇਆ ਜਾ ਰਿਹਾ ਹੈ ਕਿਉਂਕਿ ਅਜਿਹੀ ਕੋਈ ਤਾਰੀਖ ਅਸੀਂ ਨਹੀਂ ਬਲਕਿ ਇਤਿਹਾਸਕਾਰਾਂ ਦੀ ਸਹਿਮਤੀ ਨਾਲ ਹੀ ਤੈਅ ਕੀਤੀ ਗਈ ਸੀ । ਸ਼੍ਰੋਮਣੀ ਕਮੇਟੀ ਵੱਲੋਂ ਭਾਈ ਲੱਖੀ ਸ਼ਾਹ ਵਣਜਾਰਾ ਬਾਰੇ ਜੋ ਪੁਸਤਕ ਛਾਪੀ ਗਈ ਹੈ ਉਸ ’ਚ ਵੀ ਇਹੋ ਤਾਰੀਖ ਪਾਈ ਗਈ ਹੈ । ਜਨਮ ਦਿਹਾੜਾ ਸਮਾਗਮ ’ਚ ਲੱਗੇ ਪੋਸਟਰ-ਹੋਰਡਿੰਗਾਂ ’ਤੇ ਪੰਜਾਬੀ ਭਾਸ਼ਾ ਨਹੀਂ ਲਿਖੇ ਜਾਣ ਬਾਰੇ ਸ. ਕਾਹਲੋਂ ਨੇ ਦੱਸਿਆ ਕਿ ਮੱਧ ਪ੍ਰਦੇਸ਼, ਰਾਜਸਥਾਨ, ਆਂਧਰਾ ਪ੍ਰਦੇਸ਼, ਤੇਲੰਗਾਨਾ ਸਹਿਤ ਦੇਸ਼ ਭਰ ਦੇ ਹੋਰ ਕਈ ਸੂਬਿਆਂ ਤੋਂ ਹਜ਼ਾਰਾਂ ਲੋਕ ਸਮਾਗਮ ’ਚ ਭਾਗ ਲੈਣ ਲਈ ਆਏ ਸਨ ਅਤੇ ਇਨ੍ਹਾਂ ਵਿਚੋਂ ਇੱਕਾ-ਦੁੱਕਾ ਨੂੰ ਛੱਡ ਕੇ ਬਾਕੀਆਂ ਨੂੰ ਪੰਜਾਬੀ ਭਾਸ਼ਾ ਦਾ ਗਿਆਨ ਨਹੀਂ ਸੀ ਇਸੇ ਲਈ ਦੂਜੀਆਂ ਭਾਸ਼ਾਵਾਂ ਦੀ ਵਰਤੋਂ ਜ਼ਿਆਦਾ ਕੀਤੀ ਗਈ । ਪਰੰਤੂ ਉਨ੍ਹਾਂ ਨੂੰ ਇਸ ਗੱਲ ਦੀ ਵੱਡੀ ਖੁਸ਼ੀ ਹੈ ਕਿ ਬਹੁਤ ਵੱਡੀ ਤਾਦਾਦ ’ਚ ਵਣਜਾਰਾ ਭਾਈਚਾਰੇ ਦੇ ਲੋਕ ਇੱਥੇ ਪੁੱਜੇ ਅਤੇ ਉਨ੍ਹਾਂ ਨੇ ਦਿੱਲੀ ਕਮੇਟੀ ਵੱਲੋਂ ਗੁਰੂ ਸਾਹਿਬ ਦੇ ਜੀਵਨ ’ਤੇ ਦਿਖਾਈ ਗਈ ਵੀਡੀਓ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਦੇ ਜੀਵਨ ’ਤੇ ਆਧਾਰਿਤ ਪੇਸ਼ਕਾਰੀ ਦੇਖ ਕੇ ਸਿੱਖ ਕੌਮ ਨਾਲ ਜੁੜਨ ਅਤੇ ਸਿੱਖੀ ਦਾ ਪ੍ਰਚਾਰ-ਪ੍ਰਸਾਰ ਕਰਨ ਦਾ ਫੈਸਲਾ ਕੀਤਾ ।

ਪ੍ਰੈਸ ਕਾਨਫਰੰਸ ’ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਸ. ਆਤਮਾ ਸਿੰਘ ਲੁਬਾਣ , ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ. ਜਸਪ੍ਰੀਤ ਸਿੰਘ ਕਰਮਸਰ, ਮੈਂਬਰਾਨ ਸ. ਐਮ.ਪੀ.ਐਸ. ਚੱਢਾ, ਸ. ਵਿਕਰਮ ਸਿੰਘ ਰੋਹਿਣੀ, ਸ. ਜਸਪ੍ਰੀਤ ਸਿੰਘ ਜੱਸਾ, ਸ. ਭੁਪਿੰਦਰ ਸਿੰਘ ਭੁੱਲਰ, ਸ. ਹਰਜੀਤ ਸਿੰਘ ਪੱਪਾ, ਸ. ਜਸਬੀਰ ਸਿੰਘ ਜੱਸੀ ਆਦਿ ਵੀ ਮੌਜ਼ੂਦ ਸਨ ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>