ਨਾਟਕ ਧੰਨ ਲਿਖਾਰੀ ਨਾਨਕਾ ਅਤੇ ਫ਼ਿਲਮ ਲਾਲ ਸਿੰਘ ਚੱਢਾ

Screenshot_2022-08-20_22-10-19.resizedਮੈਂ ਇਨ੍ਹੀਂ ਦਿਨੀਂ ਇੰਗਲੈਂਡ ਵਿਚ ਹਾਂ।
ਇੰਗਲੈਂਡ ਤੇ ਸਕਾਟਲੈਂਡ ਵਿਚ ਪੰਜਾਬੀ ਨਾਟਕ ʻਧੰਨ ਲਿਖਾਰੀ ਨਾਨਕਾʼ ਨੇ ਇਕ ਹਲਚਲ ਪੈਦਾ ਕੀਤੀ ਹੋਈ ਹੈ।
ਇਹੀ ਹਲਚਲ ਫ਼ਿਲਮ ʻਲਾਲ ਸਿੰਘ ਚੱਡਾʼ ਨੇ ਭਾਰਤ ਵਿਚ ਪੈਦਾ ਕਰ ਰੱਖੀ ਹੈ। ਮੈਂ ਸੋਚ ਰਿਹਾ ਹਾਂ ਇਸਦੇ ਕੀ ਕਾਰਨ ਹਨ? ਦੋਹੀਂ ਥਾਈਂ ਹਲਚਲ। ਇਕ ਨਾਟਕ, ਇਕ ਫ਼ਿਲਮ। ਦੋਹਾਂ ਦੇ ਦਰਸ਼ਕ। ਇਕ ਦੇ ਸੀਮਤ। ਇਕ ਦੇ ਵਿਸ਼ਾਲ। ਪਰ ਦੋਹਾਂ ਦੇ ਦਰਸ਼ਕ ਜਾਗਦੇ ਸਿਰਾਂ ਵਾਲੇ। ਜਾਗਦੀ ਜ਼ਮੀਰ ਵਾਲੇ।
ਦੋਹੀਂ ਥਾਈਂ ਹਲਚਲ, ਦੋਹੀਂ ਥਾਈਂ ਦਰਸ਼ਕ ਵਿਚ ਸਿਰਾਂ ਵਾਲੇ। ਇਕ ਨਾਟਕ, ਇਕ ਫ਼ਿਲਮ। ਕੀ ਦੋਹਾਂ ਵਿਚ ਕੋਈ ਸਮਾਨਤਾ ਹੈ? ਕੋਈ ਸਾਂਝ ਹੈ? ਕੋਈ ਸਾਂਝੀ ਤੰਦ ਹੈ?
ਬਿਲਕੁਲ, ਪਹਿਲੀ ਸਮਾਨਤਾ, ਪਹਿਲੀ ਸਾਂਝੀ ਤੰਦ ਜਾਗਦੇ ਸਿਰਾਂ ਦੀ ਹੈ। ਇਕ ਪਾਸੇ ਡਾ. ਸਾਹਿਬ ਸਿੰਘ, ਦੂਸਰੇ ਪਾਸੇ ਆਮਿਰ ਖਾਨ। ਦੋਵੇਂ ਜਾਗਦੀ ਜ਼ਮੀਰ ਵਾਲੇ। ਕਲਾ ਨੂੰ, ਕਲਾਕਾਰੀ ਨੂੰ ਸਮਰਪਿਤ। ਸ਼ਕਤੀਸ਼ਾਲੀ ਸੁਨੇਹਾ ਦੇਣ ਵਾਲੇ, ਸ਼ਕਤੀਸ਼ਾਲੀ ਸੰਦੇਸ਼ ਛੱਡਣ ਵਾਲੇ। ਇਤਿਹਾਸ ਖੰਘਾਲਣ ਵਾਲੇ, ਇਤਿਹਾਸ ਤੋਂ ਸਿੱਖਣ ਸਮਝਣ ਵਾਲੇ, ਇਤਿਹਾਸ ਰਾਹੀਂ ਸਿਖਾਉਣ ਸਮਝਾਉਣ ਵਾਲੇ, ਇਤਿਹਾਸ ਪਰੋਸ ਕੇ ਦਰਸ਼ਕਾਂ ਨੂੰ ਝੰਜੋੜਨ ਵਾਲੇ।
Screenshot_2022-08-20_22-10-44.resizedਨਾਟਕ ʻਧੰਨ ਲਿਖਾਰੀ ਨਾਨਕਾʼ ਵਿਚ ਇਕ ਲੇਖਕ ਦੀ ਭੂਮਿਕਾ, ਪਰਿਭਾਸ਼ਾ, ਜ਼ਿੰਮੇਵਾਰੀ ਤੇ ਕਿਰਦਾਰ ਨੂੰ ਕੇਂਦਰ ਵਿਚ ਰੱਖ ਕੇ ਸਾਡੇ ਸਮਾਜ, ਸਾਡੇ ਮੁਲਕ ਦੀਆਂ ਜੁਦਾ ਜੁਦਾ ਅਹੁਰਾਂ, ਸਾਡੇ ਇਤਿਹਾਸ ਦੇ ਖੂੰਖਾਰ ਪੰਨਿਆਂ ਨੂੰ ਅਤਿ ਤ੍ਰਾਸਦਿਕ ਅਤਿ ਕਰੁਣਾਮਈ, ਅਤਿ ਸੰਵੇਦਨਸ਼ੀਲ, ਅਤਿ ਕਲਾਤਮਕ ਢੰਗ ਨਾਲ ਦਰਸ਼ਕਾਂ ਸਨਮੁਖ ਪੇਸ਼ ਕਰਨ ਦਾ ਬੇਹੱਦ ਸਫ਼ਲ, ਸਾਰਥਕ ਤੇ ਮਿਆਰੀ ਉਪਰਾਲਾ ਕੀਤਾ ਗਿਆ ਹੈ। ਸਿਖ਼ਰ ਤੱਕ ਪੁੱਜਦੇ ਦਰਸ਼ਕ ਨਿਸ਼ਬਦ ਹੋ ਜਾਂਦੇ ਹਨ। ਖੜੇ ਹੋ ਕੇ ਤਾੜੀਆਂ ਮਾਰਨ ਲੱਗਦੇ ਹਨ ਤੇ ਓਨੀ ਦੇਰ ਤੱਕ ਮਾਰਦੇ ਰਹਿੰਦੇ ਹਨ ਜਦੋਂ ਤੱਕ ਸੰਨਾਟੇ ਨੂੰ ਚੀਰ ਕੇ ਸ਼ਬਦ ਵਾਪਿਸ ਨਹੀਂ ਪਰਤ ਆਉਂਦੇ।
ਨਾਟਕ ਸਿਰੇ ਦੀ ਬੇਬਾਕੀ ਨਾਲ, ਸਿਰੇ ਦੀ ਗੰਭੀਰਤਾ ਨਾਲ ਇਕੱਲਿਆਂ ਹੀ ਅਨੇਕ ਕਿਰਦਾਰ ਨਿਭਾਉਣ ਦੀ ਬਿਹਤਰੀਨ ਮਿਸਾਲ ਪੇਸ਼ ਕਰ ਗਿਆ। ਡੇਢ ਘੰਟੇ ਦੀ ਲਗਾਤਾਰ ਪੇਸ਼ਕਾਰੀ ਅਤੇ ਕੇਵਲ ਇਕ ਹੀ ਕਲਾਕਾਰ। ਐਨੇ ਵਿਚਾਰ, ਐਨੇ ਕਿਰਦਾਰ, ਐਨੇ ਹਾਵ-ਭਾਵ, ਐਨੇ ਉਤਰਾਅ-ਚੜ੍ਹਾਅ। ਨਾ ਅੱਕਿਆ, ਨਾ ਥੱਕਿਆ, ਨਾ ਰੁਕਿਆ। ਉਸਦੀ ਪ੍ਰਤਿਭਾ, ਉਸਦੀ ਕਲਾਕਾਰੀ, ਉਸਦੀ ਅਦਾਕਾਰੀ ਤਾਂ ਪਹਿਲਾਂ ਵੀ ਕਈ ਵਾਰ ਵੇਖੀ ਸੀ ਪਰ ਉਸਦਾ ਸਟੈਮਨਾ, ਉਸਦੀ ਸਮਰੱਥਾ ਪਹਿਲੀ ਵਾਰ ਤੱਕੀ ਹੈ। ਅਦਾਕਾਰੀ ਦੀ, ਸਟੇਜ ਪੇਸ਼ਕਾਰੀ ਦੀ ਮੈਰਾਥਨ। ਮੈਨੂੰ ਲੱਗਦਾ ਨਾਟਕ ʻਧੰਨ ਲਿਖਾਰੀ ਨਾਟਕਾʼ ਡਾ. ਸਾਹਿਬ ਸਿੰਘ ਨੂੰ ਦੁਨੀਆਂ ਦੇ ਬਿਹਤਰੀਨ ਰੰਗਮੰਚ ਕਲਾਕਾਰਾਂ ਦੀ ਕਤਾਰ ਵਿਚ ਲਿਆ ਖੜਾ ਕਰਦਾ ਹੈ।
ਧੀਅ ਨਾਲ ਹਰ ਰੋਜ਼ ਫੋਨ ʼਤੇ ਪਿਓ ਦੀ ਗੱਲਬਾਤ ਨਾਟਕ ਨੂੰ ਨਵੀਆਂ ਉਚਾਈਆਂ, ਨਵੀਆਂ ਗਹਿਰਾਈਆਂ ਪ੍ਰਦਾਨ ਕਰਦੀ ਮੁਲਕ ਦੇ ਹਾਲਾਤ ʼਤੇ ਰੌਸ਼ਨੀ ਪਾ ਜਾਂਦੀ ਹੈ।
Screenshot_2022-08-20_22-11-11.resizedਬਾਬੇ ਨਾਨਕ ਦੀ ਫਿਲਾਸਫ਼ੀ ਦਾ ਛੱਟਾ ਦੇ ਕੇ, ਬਾਬੇ ਨਾਨਕ ਨਾਲ ਸੰਵਾਦ ਰਚਾ ਕੇ, ਇਕ ਲੇਖਕ ਦੀ ਉਚੀ ਸੁੱਚੀ ਸੋਚ ਨੂੰ, ਕਿਰਦਾਰ ਨੂੰ ਉਭਾਰ ਕੇ ਨਾਟਕ ਨੂੰ, ਨਾਟਕ ਦੇ ਸੰਦੇਸ਼ ਨੂੰ ਸਿਖ਼ਰ ʼਤੇ ਪਹੁੰਚਾ ਦਿੱਤਾ ਗਿਆ ਅਤੇ ਪੰਜਾਬ ਸਿੰਘ ਦੇ ਪ੍ਰਵੇਸ਼ ਨਾਲ ਨਾਟਕ ਬੁਲੰਦੀਆਂ ਵੱਲ ਵੱਧਦਾ ਨਜ਼ਰ ਆਉਂਦਾ ਹੈ।
ਨਾਟਕ ʻਧੰਨ ਲਿਖਾਰੀ ਨਾਨਕਾʼ ਦਾ ਮੁੱਖ ਮਨੋਰਥ ਇਕ ਲੇਖਕ, ਇਕ ਕਲਾਕਾਰ ਦੀ ਭੂਮਿਕਾ, ਪਰਿਭਾਸ਼ਾ, ਜ਼ਿੰਮੇਵਾਰੀ ਤੇ ਕਿਰਦਾਰ ਨੂੰ ਪੇਸ਼ ਕਰਨਾ ਹੈ। ਸਹੀ ਤੇ ਸੱਚਾ ਲੇਖਕ ਲੋਕਾਂ ਦੀ ਗੱਲ ਕਰਦਾ ਹੈ, ਸਮਾਜਕ ਸਰੋਕਾਰਾਂ ʼਤੇ ਪਹਿਰਾ ਦਿੰਦਾ ਹੈ। ਸਰਕਾਰਾਂ ਤੇ ਸਰਮਾਏਦਾਰਾਂ ਦੇ ਅੱਗੇ ਪਿੱਛੇ ਨਹੀਂ ਫਿਰਦਾ। ਲੇਖਕ ਦਾ ਨਿਡਰ ਹੋ ਕੇ ਬੇਬਾਕੀ ਨਾਲ ਲਿਖਣਾ ਜ਼ਰੂਰੀ ਹੈ।
ਇਕ ਪਾਤਰ ਤੋਂ ਦੂਸਰੇ ਪਾਤਰ ਵਿਚ ਪ੍ਰਵੇਸ਼ ਏਨਾ ਸਰਲ, ਏਨਾ ਸਹਿਜ, ਏਨਾ ਸੁਭਾਵਕ, ਏਨਾ ਝੱਟਪਟ ਕਿ ਦਰਸ਼ਕ ਪ੍ਰਭਾਵਤ ਹੋਏ ਬਿਨ੍ਹਾਂ ਨਹੀਂ ਰਹਿੰਦਾ।
ਇਕ ਕਹਾਣੀ, ਦੂਸਰੀ ਕਹਾਣੀ, ਤੀਸਰੀ ਕਹਾਣੀ, ਚੌਥੀ ਕਹਾਣੀ, ਪੰਜਵੀਂ ਕਹਾਣੀ ਜੁੜ ਕੇ ਜਦ ਇਕ ਸੰਘਣੀ ਕਹਾਣੀ ਬਣਦੀ ਹੈ ਤਾਂ ਦਰਸ਼ਕ ਸੁੰਨ ਹੋ ਜਾਂਦੇ ਹਨ। ਇਤਿਹਾਸ ਵਿਚ ਗੁਆਚ ਜਾਂਦੇ ਹਨ। ਸੰਨਾਟਾ ਪਸਰ ਜਾਂਦਾ ਹੈ। ਹਨੇਰੇ ਵਿਚ ਸੈਂਕੜੇ ਪ੍ਰਸ਼ਨ ਚਿੰਨ੍ਹ ਉਭਰ ਆਉਂਦੇ ਹਨ। ਨਾਟਕ ਮੁੱਕਦਾ ਹੈ, ਦਰਸ਼ਕ ਵਾਪਿਸ ਪਰਤਦੇ ਹਨ। ਅਦਾਕਾਰੀ, ਕਲਾਕਾਰੀ, ਸਿਰਜਣਾਤਮਕ ਸਮਰੱਥਾ ਅਤੇ ਸ਼ਕਤੀਸ਼ਾਲੀ ਸੰਦੇਸ਼ ਦੇ ਸਤਿਕਾਰ ਵਿਚ ਉਠ ਖੜੇ ਹੁੰਦੇ ਹਨ। ਸਹਿਜ ਸੁਭਾਵਕ ਤਾੜੀਆਂ ਵੱਜਣ ਲੱਗਦੀਆਂ ਹਨ। ਤਾੜੀਆਂ ਓਨੀ ਦੇਰ ਤੱਕ ਵੱਜਦੀਆਂ ਰਹਿੰਦੀਆਂ ਹਨ ਜਦ ਤੱਕ ਦਰਸ਼ਕ ਉਸ ਸੰਨਾਟੇ ਚੋਂ ਬਾਹਰ ਨਹੀਂ ਆ ਜਾਂਦੇ। ਫਿਰ ਸ਼ੁਰੂ ਹੁੰਦਾ ਹੈ ਡਾ. ਸਾਹਿਬ ਸਿੰਘ ਨੂੰ ਸ਼ਾਬਾਸ਼ ਦੇਣ ਦਾ ਸਿਲਸਲਾ।
ਹੱਕ ਸੱਚ ʼਤੇ ਪਾਬੰਦੀਆਂ, ਗ਼ਰੀਬੀ ਅਤੇ ਮਿਹਨਤ ਦੀ ਬੇਕਦਰੀ, ਹਿੰਦੂ ਮੁਸਲਮ ਟਕਰਾ, ਧਰਮ ਦੀ ਸਿਆਸਤ, ਕਿਸਾਨੀ ਸੰਘਰਸ਼, ਕੋਰੋਨਾ ਸੰਕਟ, 1984 ਦੀ ਚੀਸ, ਜਲ੍ਹਿਆਂ ਵਾਲੇ ਬਾਗ਼ ਦਾ ਨਵੀਨੀਕਰਨ, ਰਾਜਨੀਤਕ ਨਿਘਾਰ, ਸਮਾਜਕ ਬੁਰਾਈਆਂ, ਲੇਖਕਾਂ ਦਾ ਕਿਰਦਾਰ, ਸੱਚ ਲਿਖਣ ਬੋਲਣ ਵਾਲਿਆਂ ਦੀ ਹੋਣੀ, ਦਲਿਤਾਂ ਦੀ ਦਸ਼ਾ, ਪੰਜਾਬ ਦੀ ਦੁਰਦਸ਼ਾ ਸਮੇਤ ਬਹੁਤ ਕੁੱਝ ਗੁੰਦਿਆ ਪਿਆ ਹੈ ਨਾਟਕ ਦੇ ਥੀਮ ਵਿਚ।
ਜਿਹੜਾ ਕਲਾਕਾਰ ਕੋਈ ਭੂਮਿਕਾ ਨਿਭਾਉਣ ਲਈ ਉਸਦੀ ਤਿਆਰੀ ਵਿਚ ਕਈ ਸਾਲ ਲਗਾ ਸਕਦਾ ਹੈ। ਸਾਲਾਂ ਤੱਕ ਅਸਲੀ ਦਾੜ੍ਹੀ ਵਧਾ ਸਕਦਾ ਹੈ। ਪਗੜ੍ਹੀ ਬੰਨ੍ਹਣੀ ਸਿੱਖਣ ʼਤੇ ਦੋ ਮਹੀਨੇ ਖ਼ਰਚ ਸਕਦਾ ਹੈ ਅਤੇ ਫਿਰ ਸਾਰੀ ਫ਼ਿਲਮ ਦੀ ਸ਼ੂਟਿੰਗ ਵੇਲੇ ਖੁਦ ਪਗੜੀ ਬੰਨ੍ਹਦਾ ਹੈ। ਐਨ ਓ ਸੀ ਲੈਣ ʼਤੇ 8 ਸਾਲ ਅਤੇ ਫ਼ਿਲਮ ਬਨਾਉਣ ʼਤੇ 6 ਸਾਲ ਲਗਾ ਸਕਦਾ ਹੈ, ਉਹ ਆਮਿਰ ਖਾਨ ਹੀ ਹੋ ਸਕਦਾ ਹੈ।
ਸੱਚ ਨੇ ਸੱਚ ਰਹਿਣਾ ਹੈ। ਆਖ਼ਰ ਕਰਨਾ ਹੀ ਪੈਣਾ ਹੈ। ਕਿੰਨਾ ਚਿਰ ਭੱਜੋਗੇ?
ਫ਼ਿਲਮ ਲਾਲ ਸਿੰਘ ਚੱਡਾ, ਅਮਰੀਕੀ ਅੰਗਰੇਜ਼ੀ ਫ਼ਿਲਮ ʻਫੌਰਿਸਟ ਗੰਮਪʼ ਤੋਂ ਪ੍ਰੇਰਿਤ ਹੋ ਕੇ ਬਣਾਈ ਹੈ। ਜਿਸ ਪੁਸਤਕ ʼਤੇ ਇਹ ਫ਼ਿਲਮ ਆਧਾਰਿਤ ਹੈ ਉਹ ਉਥੋਂ ਦੇ ਸਕੂਲਾਂ ਦੇ ਸਿਲੇਬਸ ਵਿਚ ਲੱਗੀ ਹੈ ਅਤੇ ਫ਼ਿਲਮ ਸਕੂਲਾਂ ਵਿਚ ਵਿਖਾਈ ਜਾਂਦੀ ਹੈ।
ਫ਼ਿਲਮ ਲਾਲ ਸਿੰਘ ਚੱਡਾ ਦੀ ਸ਼ੁਰੂਆਤ ਬਲਿਊ ਸਟਾਰ ਆਪਰੇਸ਼ਨ ਤੋਂ ਹੋ ਕੇ, ਇੰਦਰਾ ਗਾਂਧੀ ਦੇ ਕਤਲ, ਦਿੱਲੀ ਦੰਗੇ, ਬਾਬਰੀ ਮਸਜ਼ਿਦ, ਮੁੰਬਈ ਦੰਗੇ, ਕਾਰਗਿਲ ਯੁੱਧ ਦਾ ਜ਼ਿਕਰ ਕਰਦਿਆਂ ਅੱਗੇ ਵੱਧਦੀ ਹੈ। ਬਹੁਤ ਸਾਰੇ ਸਵਾਲੀਆ ਚਿੰਨ੍ਹ ਉਭਾਰਦੀ ਇਹ ਫ਼ਿਲਮ ਸਵਾਲ ਕਰਦੀ ਹੈ ਕਿ ਸਾਡਾ ਸਮਾਜ ਮੰਦਬੁੱਧੀ ਇਨਸਾਨਾਂ ਪ੍ਰਤੀ ਸੰਵੇਦਨਸ਼ੀਲਤਾ ਦਾ ਪ੍ਰਗਟਾਵਾ ਕਦ ਕਰੇਗਾ?
ਨਾਟਕ ʻਧੰਨ ਲਿਖਾਰੀ ਨਾਨਕਾʼ ਲੇਖਕਾਂ, ਕਲਾਕਾਰਾਂ ਨੂੰ ਆਪਣੀ ਗੱਲ ਬੇਬਾਕੀ ਨਾਲ ਕਹਿਣ ਦਾ ਹੋਕਾ ਦਿੰਦਾ ਹੈ। ਆਮਿਰ ਖਾਨ ਆਪਣੀ ਗੱਲ ਬੇਬਾਕੀ ਨਾਲ ਕਹਿੰਦਾ ਹੈ। ਇਸ ਲਈ ਜਿਨ੍ਹਾਂ ਨੇ ਇਹ ਨਾਟਕ ਵੇਖਿਆ ਹੈ ਉਹ ਇਹ ਫ਼ਿਲਮ ਜ਼ਰੂਰ ਵੇਖਣ। ਜਿਨ੍ਹਾਂ ਨੇ ਇਹ ਫ਼ਿਲਮ ਵੇਖੀ ਹੈ ਉਹ ਇਹ ਨਾਟਕ ਜ਼ਰੂਰ ਵੇਖਣ। ਫ਼ਿਲਮ ਅਤੇ ਨਾਟਕ ਵਿਚਾਲੇ, ਆਮਿਰ ਖਾਨ ਅਤੇ ਸਾਹਿਬ ਸਿੰਘ ਦਰਮਿਆਨ ਇਕ ਸਾਂਝ, ਇਕ ਸਾਂਝੀ ਤੰਦ ਜ਼ਰੂਰ ਨਜ਼ਰ ਆਏਗੀ।
ਫ਼ਿਲਮ ਦਾ ਨਾਇਕ ਲਾਲ ਸਿੰਘ ਚੱਡਾ ਇਸ ਲਈ ਹੈ ਕਿਉਂਕਿ ਉਹ ਉਸ ਭਾਈਚਾਰੇ ʼਚੋਂ ਹੈ ਜਿਸਦੀ ਬਾਬੇ ਨਾਨਕ ਦੀ ਫਿਲਾਸਫ਼ੀ ਦੇ ਸੰਕਲਪ ਨਾਲ ਸਾਂਝ ਹੈ। ਜੋ ਸਰਬੱਤ ਦੇ ਭਲੇ, ਸੱਭੇ ਸਾਂਝੀਵਾਲ ਸਦਾਇਨ ਅਤੇ ਵੰਡ ਛਕਣ ਦੇ ਸੰਕਲਪ ਨੂੰ ਨਿਭਾਉਂਦਾ ਹੈ।
ਫ਼ਿਲਮ ਸੋਚਣ ਲਈ ਮਜ਼ਬੂਰ ਕਰਦੀ ਹੈ, ਨਾਟਕ ਸੋਚਣ ਲਈ ਮਜ਼ਬੂਰ ਕਰਦਾ ਹੈ। ਫ਼ਿਲਮ ਗੰਧਲੀ ਸਿਆਸਤ ਦੇ ਬਖੀਏ ਉਧੇੜਦੀ ਹੈ, ਨਾਟਕ ਗੰਧਲੀ ਸਿਆਸਤ ʼਤੇ ਕਰਾਰੀ ਚੋਟ ਲਾਉਂਦਾ ਹੈ।
ਆਮਿਰ ਖਾਨ ਨੇ ਸਿੱਖ ਕਿਰਦਾਰ ਦੀ ਅਦਾਕਾਰੀ ਨਹੀਂ ਕੀਤੀ, ਉਸਨੂੰ ਸਿਰਜਿਆ ਹੈ, ਜਿਊਇਆ ਹੈ। ਸਮੇਂ ਦੀ ਸਿਆਸਤ ਤੇ ਸਮਾਜ ਨੂੰ ਪੇਸ਼ ਕਰਦੀਆਂ ਵਾਸਤਵਿਕ ਘਟਨਾਵਾਂ ਫ਼ਿਲਮ ਦਾ ਹਾਸਲ ਹਨ। ਕਹਾਣੀਕਾਰ, ਨਿਰਦੇਸ਼ਕ, ਨਾਇਕ, ਨਾਇਕਾ ਅਤੇ ਸਹਾਇਕ ਕਲਾਕਾਰ ਅਰਥ ਭਰਪੂਰ ਫ਼ਿਲਮ ਲਈ ਵਧਾਈ ਦੇ ਹੱਕਦਾਰ ਹਨ।
ਫ਼ਿਲਮ ਮਾਨਵਤਾ ਦਾ, ਸਰਬੱਤ ਦੇ ਭਲੇ ਦਾ ਸੰਦੇਸ਼ ਦਿੰਦੀ ਹੈ। ਵਪਾਰਕ ਪੱਖੋਂ ਭਾਵੇਂ ਇਹ ਵੱਡੀ ਕਾਮਯਾਬੀ ਹਾਸਲ ਕਰੇ ਨਾ ਕਰੇ ਪਰੰਤੂ ਵਿਸ਼ਾ-ਸਮੱਗਰੀ, ਸਾਰਥਿਕਤਾ, ਸੰਦੇਸ਼ ਅਤੇ ਕਲਾ ਪੱਖੋਂ ਇਹ ਇਕ ਸ਼ਕਤੀਸ਼ਾਲੀ ਫ਼ਿਲਮ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>