ਦਿੱਲੀ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਸ਼ਰਧਾ ਨਾਲ ਮਨਾਇਆ ਗਿਆ

Screenshot_2022-08-28_14-21-59.resizedਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਗੁ: ਮੋਤੀ ਬਾਗ ਸਾਹਿਬ ਅਤੇ ਗੁ: ਸੀਸ ਗੰਜ ਸਾਹਿਬ ਸਹਿਤ ਸਾਰੇ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ’ਚ ਵਿਖੇ ਬੜੇ ਸ਼ਰਧਾ-ਸਤਿਕਾਰ ਨਾਲ ਮਨਾਇਆ ਗਿਆ । ਇਸ ਮੌਕੇ ਭਰਵੀਂ ਗਿਣਤੀ ’ਚ ਸੰਗਤਾਂ ਗੁਰੂ ਘਰ ’ਚ ਨਤਮਸਤਕ ਹੋਈਆਂ ।

ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਦੇਰ ਸ਼ਾਮ ਤਕ ਕਰਵਾਏ ਗਏ ਸਮਾਗਮ ਦੀ ਅਰੰਭਤਾ ਸ੍ਰੀ ਸੁਖਮਨੀ ਸਾਹਿਬ ਅਤੇ ਨਿਤਨੇਮ ਦੇ ਪਾਠ ਨਾਲ ਕੀਤੀ ਗਈ । ਇਸ ਤੋਂ ਬਾਅਦ ਭਾਈ ਸਤਿੰਦਰਬੀਰ ਸਿੰਘ ਜੀ ਅਤੇ ਭਾਈ ਕਰਨੈਲ ਸਿੰਘ ਜੀ ਹਜ਼ੂਰੀ ਕੀਰਤਨੀਏ ਸ੍ਰੀ ਦਰਬਾਰ ਸਾਹਿਬ, ਭਾਈ ਜਸਬੀਰ ਸਿੰਘ ਜੀ ਪਾਉਂਟਾ ਸਾਹਿਬ, ਭਾਈ ਚਰਨਜੀਤ ਸਿੰਘ ਜੀ ਹੀਰਾ ਦਿੱਲੀ, ਭਾਈ ਕੁਲਵੰਤ ਸਿੰਘ ਜੀ ਲੁਧਿਆਣਾ, ਭਾਈ ਸਤਵਿੰਦਰ ਸਿੰਘ ਜੀ ਸਰਤਾਜ ਤੇ ਭਾਈ ਜਗਦੀਪ ਸਿੰਘ ਜੀ ਹਜ਼ੂਰੀ ਕੀਰਤਨੀਏ ਗੁ: ਸੀਸ ਗੰਜ ਸਾਹਿਬ ਹੋਰਾਂ ਨੇ ਗੁਰਬਾਣੀ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ । ਭਾਈ ਬਲਦੇਵ ਸਿੰਘ ਜੀ ਬੀਰ ਹਜ਼ੂਰੀ ਢਾਡੀ ਜੱਥਾ ਗੁ: ਸੀਸ ਗੰਜ ਸਾਹਿਬ ਵਾਲਿਆਂ ਨੇ ਢਾਡੀ ਪ੍ਰਸੰਗ ਰਾਹੀਂ ਅਤੇ ਕਵੀ ਦਰਬਾਰ ’ਚ ਸ਼ਾਮਿਲ ਹੋਏ ਗੁਰਚਰਨ ਸਿੰਘ ਚਰਨ, ਮਹਿੰਦਰ ਸਿੰਘ ਪਰਿੰਦਾ, ਰਛਪਾਲ ਸਿੰਘ ਪਾਲ ਜਲੰਧਰ, ਸ਼ੁਕਰਗੁਜਾਰ ਸਿੰਘ ਅੰਮ੍ਰਿਤਸਰ, ਬੀਬੀ ਸਤਵੰਤ ਕੌਰ ਮਠਾਰੂ ਆਦਿ ਕਵੀਆਂ ਨੇ ਆਪਣੀਆਂ ਕਵਿਤਾਵਾਂ ਦੇ ਜ਼ਰੀਏ ਗੁਰ ਇਤਿਹਾਸ ਸੰਗਤਾਂ ਨੂੰ ਜਾਣੂੰ ਕਰਵਾਇਆ ।
ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਸ਼ਾਮ ਨੂੰ ਕਰਵਾਏ ਗਏ ਸਮਾਗਮ ਦੀ ਅਰੰਭਤਾ ਸ੍ਰੀ ਰਹਰਾਸਿ ਸਾਹਿਬ ਦੇ ਪਾਠ ਨਾਲ ਹੋਈ ਉਪਰੰਤ ਭਾਈ ਕਰਨੈਲ ਸਿੰਘ ਜੀ ਅਤੇ ਭਾਈ ਸਤਿੰਦਰਬੀਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਜੋਗਿੰਦਰ ਸਿੰਘ ਰਿਆੜ, ਭਾਈ ਚਮਨਜੀਤ ਸਿੰਘ ਜੀ ਦਿੱਲੀ ਵਾਲਿਆਂ ਨੇ ਗੁਰਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ।

ਗੁਰਦੁਆਰਾ ਮੋਤੀ ਬਾਗ ਸਾਹਿਬ ’ਚ ਸੰਗਤਾਂ ਦਰਸ਼ਨ ਕਰਦੇ ਹੋਏ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਸਮੁੱਚੀ ਮਨੁੱਖਤਾ ’ਤੇ ਇੱਕ ਮਹਾਨ ਪਰਉਪਕਾਰ ਕੀਤਾ ਹੈ। ਗੁਰੂ ਅਰਜਨ ਦੇਵ ਜੀ ਨੇ ਜਿੱਥੇ ਮਨੁੱਖਤਾ ਦੇ ਭਲੇ ਲਈ ਅਨੇਕਾਂ ਕਾਰਜ ਕੀਤੇ, ਉਥੇ ਸਭ ਤੋਂ ਮਹਾਨ ਕਾਰਜ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਅਤੇ ਇਸ ਰੱਬੀ ਪੈਗਾਮ ਨੂੰ ਸੰਸਾਰ ’ਤੇ ਪ੍ਰਗਟ ਕਰਨ ਲਈ ਉਨ੍ਹਾਂ ਨੂੰ ਆਪਣੀ ਸ਼ਹਾਦਤ ਵੀ ਦੇਣੀ ਪਈ।

ਸ. ਕਾਲਕਾ ਨੇ ਸੋਸ਼ਲ ਮੀਡੀਆ ’ਤੇ ਪਿਛਲੇ ਦਿਨੀਂ ਵਾਇਰਲ ਹੋਈ ਇਕ ਵੀਡੀਓ ਦਾ ਹਵਾਲਾ ਦਿੰਦੇ ਹੋਏ ਅਹਿਮ ਜਾਣਕਾਰੀ ਦਿੱਤੀ ਕਿ ਜਿਹੜੀ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਣੇ ਘਰ ’ਚ ਪ੍ਰਕਾਸ਼ ਕਰਦੀਆਂ ਹਨ ਉਨ੍ਹਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਘਰ ਦੀ ਰਹਿਤ-ਮਰਿਆਦਾ ਦੀ ਸਪੈਸ਼ਲ ਕਲਾਸ ਲੈਣੀ ਲਾਜ਼ਮੀ ਹੋਵੇਗੀ ਤਾਂ ਕਿ ਸੰਗਤਾਂ ਪਾਸੋਂ ਕਿਸੇ ਵੀ ਕਿਸਮ ਦੀ ਅਨਜਾਨਪੁਣੇ ’ਚ ਹੋਣ ਵਾਲੀ ਬੇਅਦਬੀ ਦੀ ਘਟਨਾ ਨਹੀਂ ਵਾਪਰ ਸਕੇ । ਉਨ੍ਹਾਂ ਗੁਰਦੁਆਰਾ ਬੰਗਲਾ ਸਾਹਿਬ ’ਚ ਸੰਗਤਾਂ ਦੀ ਸਹੂਲਤ ਲਈ ਚੱਲ ਰਹੇ ਪੋਲੀਕਲੀਨਿਕ ਜਿਸ ’ਚ ਐਮ.ਆਰ.ਆਈ., ਸਿਟੀ ਸਕੈਨ ਅਤੇ ਮੈਮੋਗ੍ਰਾਫੀ ਦੀਆਂ ਅਤਿ-ਆਧੁਨਿਕ ਮਸ਼ੀਨਾਂ ਸਥਾਪਿਤ ਕੀਤੀ ਜਾ ਚੁੱਕੀਆਂ ਹਨ ਉਥੇ ਅਗਲੇ ਕੁਝ ਦਿਨਾਂ ਅੰਦਰ ਹੀ ਇਕ ਡਿਜ਼ਿਟਲ ਲੈਬ ਆਰੰਭ ਕਰਨ ਦਾ ਵੀ ਸੰਗਤਾਂ ਨਾਲ ਵਾਅਦਾ ਕੀਤਾ ।

ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ’ਤੇ ਸ੍ਰੀ ਰਾਮਸਰ ਵਾਲੀ ਰਮਣੀਕ ਜਗ੍ਹਾ ’ਤੇ ਬੈਠ ਕੇ ਆਪਣੇ ਤੋਂ ਪਹਿਲੇ ਚਾਰ ਗੁਰੂ ਸਾਹਿਬਾਨ ਦੀ ਬਾਣੀ ਅਤੇ ਆਪਣੇ ਮੁਖਾਰਬਿੰਦ ਤੋਂ ਉਚਾਰਣ ਕੀਤੀ ਬਾਣੀ ਦੇ ਨਾਲ-ਨਾਲ ਉਨ੍ਹਾਂ ਸੰਤਾਂ-ਭਗਤਾਂ, ਭੱਟਾਂ ਅਤੇ ਸਿੱਖਾਂ ਦੀ ਬਾਣੀ ਜੋ ਸੱਚ ਦੀ ਕਸਵੱਟੀ ’ਤੇ ਪੂਰੀ ਉਤਰਦੀ ਅਤੇ ਜਿਸ ਵਿਚ ਨਿਰੋਲ ਅਕਾਲ ਪੁਰਖ ਦੀ ਉਸਤਤਿ ਹੈ, ਨੂੰ ਇਕੱਤਰ ਕਰਕੇ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਪਾਸੋਂ ਲਿਖਵਾਉਣਾ ਅਰੰਭ ਕੀਤਾ ਅਤੇ ਸੰਪੂਰਨ ਹੋਣ ਉਪਰੰਤ ਸੰਨ 1604 ਈਸਵੀ ਵਿਚ ਆਦਿ (ਸ੍ਰੀ ਗੁਰੂ) ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰਵਾ ਕੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਹੋਣ ਦਾ ਮਾਨ ਬਖਸ਼ਿਆ। ਗੁਰੂ ਅਰਜਨ ਦੇਵ ਜੀ ਨੇ ਆਦਿ (ਸ੍ਰੀ ਗੁਰੂ) ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਰਨ ਲੱਗਿਆਂ ਇਸ ਵਿਚ ਸੰਤਾਂ, ਭਗਤਾਂ ਤੇ ਭੱਟਾਂ ਦੀ ਬਾਣੀ ਨੂੰ ਦਰਜ ਕਰਦੇ ਸਮੇਂ ਇਹ ਵਿਚਾਰ ਨਹੀਂ ਸੀ ਕੀਤੀ ਕਿ ਉਹ ਭਗਤ ਕਿਸ ਜਾਤੀ, ਇਲਾਕੇ, ਸਥਾਨ ਜਾਂ ਕਿੱਤੇ ਨਾਲ ਸਬੰਧਤ ਹਨ। ਸਗੋਂ ਬਾਣੀ ਦਾ ਮੂਲ ਸੋਮਾ ਇੱਕ ਪ੍ਰਮੇਸਰ ’ਤੇ ਨਿਸਚਾ ਰੱਖਣਾ ਮੰਨਿਆ ਹੈ ਜਿਸ ਵਿਚ ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਛਕਣਾ, ਸਾਂਝੀਵਾਲਤਾ ਭਰਾਤਰੀ ਭਾਵ ਵਰਗੇ ਉਚੇ ਆਦਰਸ਼ ਹਨ । ਇਸ ਲਈ ਕਿ ਸਾਡੇ ’ਤੇ ਗੁਰੂ ਦੀ ਕ੍ਰਿਪਾ ਉਦੋਂ ਹੋਵੇਗੀ ਜਦੋਂ ਅਸੀਂ ਗੁਰੂ ਦਾ ਹੁਕਮ ਮਨਾਂਗੇ ।
ਸ. ਕਾਹਲੋਂ ਨੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਮਾਮਲੇ ਨੂੰ ਲੈ ਅਦਾਲਤ ਤੋਂ ਲੈ ਕੇ ਸੋਸ਼ਲ ਮੀਡੀਆ ਤਕ ਗੁੰਮਰਾਹਕੁੰਨ ਜਾਣਕਾਰੀਆਂ ਪੇਸ਼ ਕਰਨ ਵਾਲੇ ਸਾਰੇ ਵਿਰੋਧੀ ਦਲਾਂ ਦੀ ਇਸ ਕਾਰਗੁਜਾਰੀ ਨੂੰ ਦਿੱਲੀ ਕਮੇਟੀ ਦਾ ਅਕਸ ਵਿਗਾੜਨ ਦੀ ਕੋਝੀ ਕਾਰਵਾਈ ਕਰਾਰ ਦਿੱਤਾ । ਉਨ੍ਹਾਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਬੱਚਿਆਂ ਦੇ ਪਾਸ ਹੋਣ ਦੇ ਇਸ ਸਾਲ ਆਏ 100 ਫੀਸਦੀ ਰਿਜ਼ਲਟ ਲਈ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦੇ ਹੋਏ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਵੱਧ ਤੋਂ ਵੱਧ ਗਿਣਤੀ ’ਚ ਦਾਖ਼ਲਾ ਇਨ੍ਹਾਂ ਸਕੂਲਾਂ ’ਚ ਕਰਾਉਣ ਤਾਂ ਕਿ ਬੱਚਿਆਂ ਨੂੰ ਉਚ-ਸਿੱਖਿਆ ਦੇ ਨਾਲ-ਨਾਲ ਗੁਰਮਤਿ ਅਤੇ ਪੰਜਾਬੀ ਭਾਸ਼ਾ ਦੀ ਸਿੱਖਿਆ ਵੀ ਦਿੱਤੀ ਜਾ ਸਕੇ ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>