ਪੀ ਏ ਯੂ ਦੇ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖਡ਼ੀ ਵਿਚ ਹਾਡ਼੍ਹੀ ਦੀਆਂ ਫ਼ਸਲਾਂ ਲਈ ਕਿਸਾਨ ਮੇਲਾ ਕਰਵਾਇਆ ਗਿਆ

IMG_9273.resizedਲੁਧਿਆਣਾ, (ਉਂਮੇਸ਼ ਜੌਸ਼ੀ) – ਆਉਂਦੀ ਹਾਡ਼ੀ ਅਤੇ ਬਸੰਤ ਰੁੱਤ ਦੀਆਂ ਫ਼ਸਲਾਂ ਲਈ ਪੀ.ਏ.ਯੂ. ਦੇ ਕਿਸਾਨ ਮੇਲਿਆਂ ਦੀ ਲਡ਼ੀ ਵਿਚ ਅੱਜ ਡਾ. ਡੀ. ਆਰ ਭੂੰਬਲਾ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖਡ਼ੀ ਵਿਖੇ ਮੇਲਾ ਕਰਵਾਇਆ ਗਿਆ। ਇਸਦਾ ਉਦਘਾਟਨ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ਼੍ਰੀ ਜੈ ਕ੍ਰਿਸ਼ਨ ਸਿੰਘ ਰੌਡ਼ੀ ਨੇ ਕੀਤਾ ਜਦਕਿ ਮੇਲੇ ਦੀ ਪ੍ਰਧਾਨਗੀ ਪੀ.ਏ.ਯੂ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਕੀਤੀ। ਹਲਕਾ ਬਲਾਚੌਰ ਦੀ ਵਿਧਾਇਕ ਸ਼੍ਰੀਮਤੀ ਸੰਤੋਸ਼ ਕਟਾਰੀਆ ਜੀ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ। ਮੇਲੇ ਦਾ ਆਰੰਭ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਸ਼ਬਦ ਗਾਇਨ ਨਾਲ ਹੋਇਆ।
ਸ਼੍ਰੀ ਰੌਡ਼ੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਪੰਜਾਬ ਦੇ ਵੱਖ-ਵੱਖ ਖੇਤਰਾਂ ਲਈ ਵਿਸ਼ੇਸ਼ ਤਕਨੀਕਾਂ ਨੂੰ ਵਿਕਸਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।  ਕੰਢੀ ਖੇਤਰ ਲਈ ਡਾ.ਦੇਵ ਰਾਜ ਭੂੰਬਲਾ ਜੀ ਮਸੀਹਾ ਬਣ ਕੇ ਆਏ ਜਿਨ੍ਹਾਂ ਇਸ ਖੇਤਰ ਵਿਚ ਵੱਡਮੁੱਲਾ ਕਾਰਜ ਕੀਤਾ। ਇਸ ਖੇਤਰ ਵਿੱਚ ਪੰਜਾਬ ਦੇ ਬਾਕੀ ਹਿੱਸਿਆਂ ਦੇ ਮੁਕਾਬਲੇ ਮੁਸ਼ਕਿਲਾਂ ਜਿਵੇਂ ਕਿ ਧਰਤੀ ਹੇਠਲੇ ਪਾਣੀ ਦੀ ਵੱਧ ਡੂੰਘਾਈ, ਭੋਂ-ਖੋਰ ਕਾਰਨ ਬੰਜਰ ਜ਼ਮੀਨ, ਲੋਡ਼ੀਂਦੀਆਂ ਸਿੰਚਾਈ ਸਹੂਲਤਾਂ ਦੀ ਘਾਟ, ਛੋਟੀਆਂ ਜ਼ਮੀਨਾਂ ਅਤੇ ਗਰੀਬ ਕਿਸਾਨ ਆਦਿ ਹਨ। ਉਨ੍ਹਾਂ ਕਿਹਾ ਕਿ ਇਸ ਕੇਂਦਰ ਵਿਚ ਬੀ.ਐੱਸ.ਸੀ ਐਗਰੀਕਲਚਰ ਚਾਲੂ ਹੋਣਾ ਸ਼ੁੱਭ ਸ਼ਗਨ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਇੱਥੇ ਸਥਿਤ ਆਪਣੇ ਖੇਤਰੀ ਖੋਜ ਕੇਂਦਰ ਰਾਹੀਂ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਲਈ ਇਤਿਹਾਸਿਕ ਕਾਰਜ ਕੀਤਾ ਹੈ । ਸ਼੍ਰੀ ਰੌਡ਼ੀ ਨੇ ਕਿਹਾ  ਕਿ ਇਹ ਮੇਲੇ ਇਲਾਕੇ ਦੀ ਖੇਤੀ ਨੂੰ ਨਵੀਂ ਦਿਸ਼ਾ ਦੇਣ ਵਿਚ ਸਹਾਈ ਹੋਣਗੇ। ਪੰਜਾਬ ਦੇ ਇਸ ਖਿੱਤੇ ਵਿੱਚ ਸਾਲਾਨਾ ਵਰਖਾ ਘੱਟ ਰਹੀ ਹੈ ਅਤੇ ਮੌਸਮ ਵਿੱਚ ਤਬਦੀਲੀਆਂ ਇਸ ’ਤੇ ਅਸਰ ਦਿਖਾ ਰਹੀਆਂ ਹਨ। ਇਸਦੇ ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਸਬਜ਼ੀ, ਫਲ ਤੇ ਦਾਲਾਂ ਪੈਦਾ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਾਡੀਆਂ ਆਉਣ ਵਾਲੀਆਂ ਪੀਡ਼੍ਹੀਆਂ ਲਈ ਪਾਣੀ ਅਤੇ ਵਾਤਾਵਰਨ ਦੀ ਸੰਭਾਲ ਕਰਨ।  ਸ਼੍ਰੀ ਰੌਡ਼ੀ ਨੇ ਕਿਹਾ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਜ਼ਮੀਨ ਵਿੱਚ ਮਿਲਾਉਣ ਦੀ ਲੋਡ਼ ਹੈ ਤਾਂ ਜੋ ਇਸ ਖਿੱਤੇ ਦੀ ਮਿੱਟੀ ਹੋਰ ਉਪਜਾਊ ਬਣ ਸਕੇ।  ਇਹ ਖੇਤਰ ਜੈਵਿਕ ਖੇਤੀ ਅਤੇ ਦਵਾਈਆਂ ਵਾਲੇ ਪੌਦਿਆਂ ਦੀ ਕਾਸ਼ਤ ਲਈ ਵੀ ਵਧੇਰੇ ਢੁਕਵਾਂ ਹੈ ਅਤੇ  ਇਸ ਕੇਂਦਰ ’ਤੇ ਇਨ੍ਹਾਂ ਪੱਖਾਂ ’ਤੇ ਖੋਜ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ  ਯੂਨੀਵਰਸਿਟੀ ਦਾ ਇਹ ਖੇਤਰੀ ਖੋਜ ਕੇਂਦਰ ਨਾ ਸਿਰਫ਼ ਖੇਤਰ ਲਈ ਢੁੱਕਵੀਆਂ ਤਕਨੀਕਾਂ ਦੇ ਵਿਕਾਸ ਵਿੱਚ,ਸਗੋਂ ਕਿਸਾਨਾਂ ਤੱਕ ਇਨ੍ਹਾਂ ਤਕਨੀਕਾਂ ਦੇ ਪ੍ਰਸਾਰ ਲਈ ਵੀ ਸ਼ਾਨਦਾਰ ਕੰਮ ਕਰ ਰਿਹਾ ਹੈ, ਜਿਸ ਦਾ ਸਬੂਤ ਇੱਥੇ ਕਿਸਾਨਾਂ ਦੇ ਵੱਡੇ ਇਕੱਠ ਤੋਂ  ਮਿਲ ਰਿਹਾ ਹੈ।
ਵਾਈਸ ਚਾਂਸਲਰ ਡਾ.ਸਤਬੀਰ ਸਿੰਘ ਗੋਸਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਕਿਸਾਨ ਮੇਲੇ ਗਿਆਨ ਵਿਗਿਆਨ ਦਾ ਕੁੰਭ ਹੈ। ਉਨ੍ਹਾਂ ਕਿਹਾ ਕਿ ਇਹ ਕੇਂਦਰ 1982 ਵਿਚ ਬਣਿਆ ਸੀ ਤੇ ਇੱਥੇ ਕਿਸਾਨ ਮੇਲਾ 1983 ਤੋਂ ਲੱਗ ਰਿਹਾ ਹੈ। ਡਾ. ਗੋਸਲ ਨੇ ਕਿਹਾ ਕਿ ਇਹ ਮੇਲੇ ਕਿਸਾਨਾਂ ਕੋਲੋਂ ਵਿਗਿਆਨੀਆਂ ਅਤੇ ਵਿਗਿਆਨੀਆਂ ਕੋਲੋਂ ਕਿਸਾਨਾਂ ਦੇ ਸਿੱਖਣ ਦਾ ਮਾਧਿਅਮ ਹਨ। ਉਨ੍ਹਾਂ ਕਿਹਾ ਕਿ ਪੀ.ਏ.ਯੂ ਦੇ ਮੇਲਿਆਂ ਵਿਚ ਖੇਤੀ ਬੀਜ, ਸਾਹਿਤ ਅਤੇ ਮਸ਼ੀਨਰੀ ਦੀ ਨਵੀਂ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦੌਰਾਨ ਵੀ ਯੂਨੀਵਰਸਿਟੀ ਨੇ ਆਪਣੇ ਸਾਰੇ ਮਾਧਿਅਮ ਵਰਤ ਕੇ ਕਿਸਾਨਾਂ ਤਕ ਜਾਣਕਾਰੀ ਪਹੁੰਚਾਈ। ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਹੀ ਵਾਹੁਣਾ ਬਿਹਤਰ ਹੈ ਇਸ ਨਾਲ ਜ਼ਮੀਨ ਦੀ ਗੁਣਵੱਤਾ ਤਾਂ ਸੁਧਰਦੀ ਹੀ ਹੈ ਅਤੇ ਨਾਲ ਹੀ ਵਾਤਾਵਰਨ ਵੀ ਠੀਕ ਰਹਿੰਦਾ ਹੈ। ਡਾ.ਗੋਸਲ ਨੇ ਖੇਤੀਬਾਡ਼ੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਨੂੰ ਮੰਨਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਡਾ.ਗੋਸਲ ਨੇ ਕਿਸਾਨੀ ਪਰਿਵਾਰਾਂ ਨੂੰ ਦੁੱਧ, ਦਾਲਾਂ, ਫਲਾਂ, ਸਬਜ਼ੀਆਂ ਆਦਿ ਲਈ ਸਵੈ ਨਿਰਭਰ ਹੋਣ ਲਈ ਕਿਹਾ। ਖੇਤੀ ਮਸ਼ੀਨਰੀ ਦੇ ਮਾਮਲੇ ਵਿਚ ਵਾਈਸ ਚਾਂਸਲਰ ਨੇ ਕਿਸਾਨਾਂ ਨੂੰ ਸਾਂਝੇ ਯਤਨਾਂ ਲਈ ਪ੍ਰੇਰਦੀਆਂ ਖੇਤੀ ਖਰਚਿਆਂ ਦੇ ਨਾਲ ਪਰਿਵਾਰਕ ਖਰਚੇ ਘਟਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਅਤੇ ਕਿਸਾਨਾਂ ਵਿਚਕਾਰ ਰਿਸ਼ਤਾ ਬਡ਼ਾ ਮਜ਼ਬੂਤ ਤੇ ਪੁਰਾਣਾ ਹੈ ਤੇ ਇਸ ਨੂੰ ਹੋਰ ਮਜ਼ਬੂਤ ਕਰਨ ਦੀ ਲੋਡ਼ ਹੈ।
ਇਸ ਮੌਕੇ ਹਲਕਾ ਬਲਾਚੌਰ ਤੋਂ ਵਿਧਾਇਕ ਸ਼੍ਰੀਮਤੀ ਸੰਤੋਸ਼ ਕਟਾਰੀਆ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਲੋਂ ਲਾਈਆਂ ਪ੍ਰਦਰਸ਼ਨੀਆਂ ਤੋਂ ਪ੍ਰੇਰਿਤ ਹੋ ਕੇ ਇਲਾਕੇ ਦੇ ਕਿਸਾਨ ਅਗਾਂਹਵਧੂ ਖੇਤੀ ਨਾਲ ਜੁਡ਼ਨਗੇ।
ਪੀ.ਏ.ਯੂ ਦੇ ਨਿਰਦੇਸ਼ਕ ਖੋਜ ਡਾ.ਅਜਮੇਰ ਸਿੰਘ ਢੱਟ ਨੇ ਖੇਤੀ ਖੋਜਾਂ ਬਾਰੇ ਯੂਨੀਵਰਸਿਟੀ ਦੀਆਂ ਗਤੀਵਿਧੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ  ਕਿ ਹੁਣ ਤੱਕ ਯੂਨੀਵਰਸਿਟੀ ਨੇ 900 ਤੋਂ ਵੱਧ ਕਿਸਮਾਂ ਵਿਕਸਿਤ ਕੀਤੀਆਂ ਹਨ ਅਤੇ ਮਸ਼ੀਨਰੀ ਦੇ ਖੇਤਰ ਵਿਚ ਵੀ ਉੱਘਾ ਯੋਗਦਾਨ ਪਾਇਆ ਹੈ। ਉਨ੍ਹਾਂ ਦੱਸਿਆ ਕਣਕ ਦੀ ਨਵੀਂ ਕਿਸਮ ਪੀ.ਬੀ.ਡਬਲਯੂ. 826 ਕਾਸ਼ਤ ਲਈ ਜਾਰੀ ਕੀਤੀ ਗਈ ਹੈ ਜੋ ਪਿਛਲੇ ਦਿਨੀਂ ਰਾਸ਼ਟਰੀ ਪੱਧਰ ਤੇ ਪਛਾਣੀ ਗਈ ਹੈ। ਇਹ ਕਿਸਮ ਕਲਕੱਤੇ ਤੋਂ ਅੰਮ੍ਰਿਤਸਰ ਤਕ ਪਰਖੀ ਤੇ ਖਰੀ ਪਾਈ ਗਈ ਹੈ। ਇਸਦਾ ਝਾਡ਼ 24 ਕੁਇੰਟਲ ਤੱਕ ਆ ਜਾਂਦਾ ਹੈ। ਨਾਲ ਹੀ ਦਾਲਾਂ ਵਿਚ ਮਸਰਾਂ ਅਤੇ ਜਵੀ ਦੀ ਨਵੀਂ ਕਿਸਮ ਓ.ਐੱਲ. 16 ਦਾ ਜ਼ਿਕਰ ਕੀਤਾ ਜੋ ਦੋ ਕਟਾਈਆਂ ਦਿੰਦੀ ਹੈ। ਪਹਿਲੀ ਕਟਾਈ ਹਰੇ ਚਾਰੇ ਵਜੋਂ ਅਤੇ ਦੂਜੀ ਕਟਾਈ ਦਾਣਿਆਂ ਦੀ ਵਰਤੋਂ ਲਈ ਬੀਜੀ ਜਾ ਸਕਦੀ ਹੈ। ਬਰਸੀਮ ਤੋਂ ਇਲਾਵਾ ਉਨ੍ਹਾਂ ਹੋਰ ਫ਼ਸਲਾਂ ਦੀਆਂ ਸਿਫਾਰਸ਼ ਕਿਸਮਾਂ ਬਾਰੇ ਵੀ ਦੱਸਿਆ। ਖੇਤੀ ਜੰਗਲਾਤ ਵਿਚ ਡੇਕ ਦੀਆਂ ਨਵੀਆਂ ਕਿਸਮਾਂ ਬਾਰੇ ਵੀ ਜਾਣਕਾਰੀ ਡਾ.ਢੱਟ ਨੇ ਦਿੱਤੀ। ਇਸ ਤੋਂ ਬਿਨਾਂ ਡਾ.ਢੱਟ ਨੇ ਉਤਪਾਦਨ ਅਤੇ ਪੌਦ ਸੁਰੱਖਿਆ ਤਕਨੀਕਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਖੇਤ ਵਿਚ ਵਾਹੁਣ ਨਾਲ ਮਿੱਟੀ ਵਿੱਚ ਜੈਵਿਕ ਮਾਦੇ ਦੇ ਵਾਧੇ ਦੇ ਨਮੂਨੇ ਸਾਹਮਣੇ ਆਏ ਹਨ। ਪਾਣੀ ਬਚਾਉਣ ਦੀਆਂ ਤਕਨੀਕਾਂ ਵਿਚ ਤੁਪਕਾ ਸਿੰਚਾਈ ਵਿਸ਼ੇਸ਼ ਕਰਕੇ ਮੱਕੀ ਵਿਚ ਇਸ ਵਿਧੀ ਦੀ ਸਿਫਾਰਿਸ਼ ਵੀ ਨਿਰਦੇਸ਼ਕ ਖੋਜ ਵਲੋਂ ਕੀਤੀ ਗਈ। ਉਨ੍ਹਾਂ ਬੱਲੋਵਾਲ ਸੌਂਖਡ਼ੀ ਕੇਂਦਰ ਲਈ ਅਦਰਕ ਦੀ ਕਾਸ਼ਤ ਬਾਰੇ ਪੀ.ਏ.ਯੂ ਦੀ ਸਿਫਾਰਸ਼ ਸਾਂਝੀ ਕੀਤੀ। ਇਸ ਦੇ ਨਾਲ ਹੀ ਫਾਲ ਆਰਮੀ ਵਰਮ ਤੇ ਪੀਲੀ ਕੁੰਗੀ ਦੀ ਰੋਕਥਾਮ ਬਾਰੇ ਸਿਫਾਰਿਸ਼ਾਂ ਵੀ ਸਾਂਝੀਆਂ ਕੀਤੀਆਂ ਗਈਆਂ।
ਸਵਾਗਤੀ ਸ਼ਬਦ ਨਿਰਦੇਸ਼ਕ ਪਸਾਰ ਸਿੱਖਿਆ ਡਾ.ਅਸ਼ੋਕ ਕੁਮਾਰ ਨੇ ਕਹੇ। ਉਨ੍ਹਾਂ ਦੱਸਿਆ ਕਿ ਪੀ.ਏ.ਯੂ ਦਾ ਮਕਸਦ ਹਰ ਹਾਲ ਨਵੀਂ ਖੇਤੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕਰਨਾ ਹੈ। ਉਨ੍ਹਾਂ ਕਿਹਾ ਕਿ ਦੋ ਸਾਲ ਦੇ ਵਕਫੇ ਤੋਂ ਬਾਅਦ ਕਿਸਾਨ ਮੇਲੇ ਲੱਗਣਾ ਬਡ਼ੀ ਸ਼ੁੱਭ ਗੱਲ ਹੈ। ਯੂਨੀਵਰਸਿਟੀ ਇਸ ਦੌਰਾਨ ਵਰਚੂਅਲ ਮੇਲੇ ਲਾ ਕੇ ਆਪਣੀਆਂ ਖੋਜਾਂ ਕਿਸਾਨਾਂ ਤਕ ਪਹੁੰਚਾਉਣ ਵਿਚ ਕਾਮਯਾਬ ਰਹੀ ਹੈ। ਉਨ੍ਹਾਂ ਮਾਣਯੋਗ ਵਾਈਸ ਚਾਂਸਲਰ ਦਾ ਤੁਆਰਫ਼ ਵੀ ਕਰਾਇਆ। ਉਨ੍ਹਾਂ ਦੱਸਿਆ ਕਿ ਖੇਤਰੀ ਖੋਜ ਕੇਂਦਰਾਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਵੱਖ ਵੱਖ ਤਰ੍ਹਾਂ ਦੀਆਂ ਸਿਖਲਾਈਆਂ ਲੈ ਕੇ ਕਿਸਾਨ ਆਪਣਾ ਜੀਵਨ ਪੱਧਰ ਉੱਚਾ ਚੁੱਕ ਸਕਦੇ ਹਨ। ਡਾ. ਅਸ਼ੋਕ ਕੁਮਾਰ ਨੇ ਆਉਂਦੇ ਦਿਨੀਂ ਝੋਨੇ ਦੀ ਪਰਾਲੀ ਦੀ ਸੁਚੱਜੀ ਸੰਭਾਲ ਲਈ ਵੀ ਕਿਸਾਨਾਂ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਖੇਤਬਾਡ਼ੀ ਦੀ ਜਾਣਕਾਰੀ ਲਈ ਖੇਤੀ ਸਾਹਿਤ ਨੂੰ ਅਪਣਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ।
ਸਮਾਗਮ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ.ਤੇਜਿੰਦਰ ਸਿੰਘ ਰਿਆਡ਼ ਅਤੇ ਡਾ. ਕੁਲਦੀਪ ਸਿੰਘ ਨੇ ਕੀਤਾ। ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਪ੍ਰਧਾਨਗੀ ਕਰ ਰਹੇ ਵਾਈਸ ਚਾਂਸਲਰ ਸਾਹਿਬ ਨੂੰ ਗੁਲਦਸਤਿਆਂ ਨਾਲ ਜੀ ਆਇਆਂ ਆਖਿਆ ਗਿਆ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਚੌਰ ਦੇ ਉਪ ਮੰਡਲ ਮੈਜਿਸਟਰੇਟ ਸ. ਸੂਬਾ ਸਿੰਘ, ਸ਼੍ਰੀ ਪ੍ਰੇਮ ਚੰਦ ਭੀਮਾ ਅਤੇ ਇਲਾਕੇ ਦੇ ਹੋਰ ਪਤਵੰਤੇ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।
ਅੰਤ ਵਿੱਚ ਧੰਨਵਾਦ ਦੇ ਸ਼ਬਦ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖਡ਼ੀ ਦੇ ਨਿਰਦੇਸ਼ਕ ਡਾ ਮਨਮੋਹਨਜੀਤ ਸਿੰਘ ਨੇ ਕਹੇ। ਉਹਨਾਂ ਨੇ ਇਸ ਖੋਜ ਕੇਂਦਰ ਵਿਖੇ ਕਾਲਜ ਸਥਾਪਿਤ ਕਰਨ ਲਈ ਪੰਜਾਬ ਸਰਕਾਰ ਅਤੇ ਵਾਈਸ ਚਾਂਸਲਰ,ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਧੰਨਵਾਦ ਕੀਤਾ।
ਪੀ.ਏ.ਯੂ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਆਉਂਦੇ ਹਾਡ਼੍ਹੀ ਸੀਜ਼ਨ ਨਾਲ ਸੰਬੰਧਿਤ ਵਿਸ਼ਿਆਂ ਬਾਰੇ ਜਾਣਕਾਰੀ ਸੈਸ਼ਨ ਵਿਚ ਜਾਣਕਾਰੀ ਦਿੱਤੀ। ਕਿਸਾਨਾਂ ਦੇ ਸਵਾਲਾਂ ਦੇ ਢੁਕਵੇਂ ਜਵਾਬ ਵੀ ਦਿੱਤੇ ਗਏ।
ਇਸ ਮੌਕੇ ਮੁੱਖ ਮਹਿਮਾਨ ਸ਼੍ਰੀ ਰੌਡ਼ੀ, ਵਿਧਾਇਕਾ ਸ਼੍ਰੀਮਤੀ ਕਟਾਰੀਆ ਤੋਂ ਇਲਾਵਾ ਚੌਧਰੀ ਰਾਮ ਪ੍ਰਕਾਸ਼, ਸ.ਮੁਹਿੰਦਰ ਸਿੰਘ ਦੋਸਾਂਝ, ਸ਼੍ਰੀ ਵਰਿੰਦਰ ਭੂੰਬਲਾ, ਸ. ਸੂਬਾ ਸਿੰਘ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।
ਕੰਢੀ ਖੇਤਰ ਦੇ ਕਿਸਾਨਾਂ ਅਤੇ ਪੰਚਾਇਤਾਂ ਵੱਲੋਂ ਪੀ.ਏ.ਯੂ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਅਤੇ ਨਿਰਦੇਸ਼ਕ ਪਸਾਰ ਸਿੱਖਿਆ ਡਾ ਅਸ਼ੋਕ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ।
ਇਸ ਦੌਰਾਨ ਕੇਂਦਰ ਦੇ ਵਿਦਿਆਰਥੀਆਂ ਨੇ ਰੰਗਾ ਰੰਗ ਸਮਾਗਮ ਵੀ ਪੇਸ਼ ਕੀਤਾ। ਵੱਡੀ ਪੱਧਰ ਤੇ ਸਵੈ ਸੇਵੀ ਸੰਸਥਾਵਾਂ, ਕਿਸਾਨ ਨਿਰਮਾਤਾ ਸੰਗਠਨਾਂ, ਨਿੱਜੀ ਕੰਪਨੀਆਂ ਤੋਂ ਇਲਾਵਾ ਪੀ ਏ ਯੂ ਦੇ ਵਿਭਾਗਾਂ ਨੇ ਆਪਣੀਆਂ ਸਟਾਲਾਂ ਲਗਾਈਆਂ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>