ਫ਼ਤਹਿਗੜ੍ਹ ਸਾਹਿਬ – “ਬੰਗਲਾਦੇਸ਼ ਦੇ ਵਜ਼ੀਰ-ਏ-ਆਜ਼ਮ ਬੀਬੀ ਸੇਖ ਹਸੀਨਾ ਜੋ ਅੱਜਕੱਲ੍ਹ ਇੰਡੀਆਂ ਦੌਰੇ ਤੇ ਦਿੱਲੀ ਆਏ ਹੋਏ ਹਨ ਅਤੇ ਸ੍ਰੀ ਮੋਦੀ ਨਾਲ ਮੁਲਾਕਾਤ ਕਰ ਰਹੇ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ੍ਰੀ ਮੋਦੀ ਨੂੰ ਸਿੱਖ ਕੌਮ ਦੇ ਬਿਨ੍ਹਾਂ ਤੇ ਇਹ ਗੁਜਾਰਿਸ ਕਰਨੀ ਚਾਹੇਗਾ ਕਿ ਜੋ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਉਤੇ ਗੁਰਦੁਆਰਾ ਹੈ, ਉਸਦੀ ਕਾਫੀ ਵੱਡੀ ਜ਼ਮੀਨ ਉਤੇ ਸਰਕਾਰ ਨੇ ਇਮਾਰਤਾਂ ਬਣਾ ਲਈਆ ਹਨ । ਇਸ ਸੰਬੰਧੀ ਸ੍ਰੀ ਮੋਦੀ ਜੇਕਰ ਬੀਬੀ ਸੇਖ ਹਸੀਨਾ ਨੂੰ ਇਸ ਗੁਰੂਘਰ ਸੰਬੰਧੀ ਸਹੀ ਜਾਣਕਾਰੀ ਦੇ ਕੇ ਸਾਡੇ ਗੁਰੂਘਰਾਂ ਦੀ ਜ਼ਮੀਨ ਖਾਲੀ ਕਰਵਾਕੇ ਉਥੋ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੋਪਣ ਦੀ ਜ਼ਿੰਮੇਵਾਰੀ ਨਿਭਾਅ ਸਕਣ ਤਾਂ ਉਥੇ ਹੋ ਰਿਹਾ ਵਿਤਕਰਾ ਖਤਮ ਹੋ ਸਕੇਗਾ । ਇਸਦੇ ਨਾਲ ਹੀ ਜੋ ਉਥੋ ਦੇ ਸਿੱਖਾਂ ਦੀ ਕੀ ਸਥਿਤੀ ਹੈ, ਉਸ ਸੰਬੰਧੀ ਵੀ ਬੀਬੀ ਨਾਲ ਵਿਚਾਰ-ਵਟਾਂਦਰਾ ਕਰਕੇ ਉਨ੍ਹਾਂ ਦੇ ਹੱਕ-ਹਕੂਕ ਮਹਿਫੂਜ ਕਰਵਾਉਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ ਦੇ ਵਜ਼ੀਰ-ਏ-ਆਜਮ ਸ੍ਰੀ ਮੋਦੀ ਨੂੰ ਬੰਗਲਾਦੇਸ਼ ਦੀ ਵਜ਼ੀਰ-ਏ-ਆਜਮ ਦੇ ਦਿੱਲੀ ਆਉਣ ਉਤੇ ਉਨ੍ਹਾਂ ਨਾਲ ਉਪਰੋਕਤ ਮੁੱਦੇ ਉਤੇ ਵਿਚਾਰ ਕਰਕੇ ਇਸ ਗੰਭੀਰ ਮਸਲੇ ਨੂੰ ਹੱਲ ਕਰਵਾਉਣ ਦੀ ਸਿੱਖ ਕੌਮ ਦੇ ਬਿਨ੍ਹਾਂ ਤੇ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਸ੍ਰੀ ਮੋਦੀ ਨੇ ਬੀਬੀ ਸੇਖ ਹਸੀਨਾ ਨਾਲ ਬੰਗਲਾਦੇਸ਼ ਵਿਚ ਵਿਚਰਣ ਵਾਲੀਆ ਘੱਟ ਗਿਣਤੀ ਕੌਮਾਂ ਦੇ ਹੱਕ-ਹਕੂਕ ਸੁਰੱਖਿਅਤ ਕਰਨ ਅਤੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਸਹੀ ਕਰਨ ਦੀ ਗੱਲ ਕੀਤੀ ਹੈ, ਉਹ ਪ੍ਰਸ਼ੰਸ਼ਾਂਯੋਗ ਹੈ । ਪਰ ਅਜਿਹਾ ਅਮਲ ਕਰਵਾਉਣ ਜਾਂ ਸਲਾਹ ਦੇਣ ਤੋ ਪਹਿਲੇ ਸ੍ਰੀ ਮੋਦੀ ਨੂੰ ਚਾਹੀਦਾ ਸੀ ਕਿ ਉਹ ਇੰਡੀਆਂ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਜਿਵੇ ਜੰਮੂ-ਕਸ਼ਮੀਰ ਦੇ ਮੁਸਲਮਾਨ ਅਤੇ ਹੋਰ ਸੂਬਿਆਂ ਵਿਚ ਵੱਸਦੇ ਮੁਸਲਮਾਨਾਂ, ਕਬੀਲਿਆ, ਆਦਿਵਾਸੀਆ, ਰੰਘਰੇਟਿਆ ਆਦਿ ਉਤੇ ਜੋ ਹਕੂਮਤੀ ਜ਼ਬਰ-ਜੁਲਮ ਤੇ ਬੇਇਨਸਾਫ਼ੀਆਂ ਨਿਰੰਤਰ ਹੁੰਦੀਆਂ ਆ ਰਹੀਆ ਹਨ ਉਨ੍ਹਾਂ ਨੂੰ ਅਮਲੀ ਰੂਪ ਵਿਚ ਦੂਰ ਕਰਨ । ਸ੍ਰੀ ਮੋਦੀ ਅਜਿਹਾ ਅਮਲ ਕਰਕੇ ਹੀ ਕਿਸੇ ਦੂਸਰੇ ਮੁਲਕ ਵਿਚ ਘੱਟ ਗਿਣਤੀ ਕੌਮਾਂ ਦੇ ਹੱਕ-ਹਕੂਕਾ ਨੂੰ ਸੁਰੱਖਿਅਤ ਕਰਨ ਦੀ ਗੱਲ ਕਰ ਸਕਦੇ ਹਨ, ਵਰਨਾ ਇਹ ਗੱਲ ਤਾਂ ਹਾਥੀ ਦੇ ਦੰਦ ਖਾਣ ਵਾਲੇ ਹੋਰ ਅਤੇ ਦਿਖਾਉਣ ਵਾਲੇ ਹੋਰ ਦੀ ਕਹਾਵਤ ਦੀ ਤਰ੍ਹਾਂ ਖੋਖਲੀ ਰਹਿ ਜਾਵੇਗੀ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਜਿਥੇ ਸ੍ਰੀ ਮੋਦੀ ਨੇ ਬੀਬੀ ਸੇਖ ਹਸੀਨਾ ਨੂੰ ਘੱਟ ਗਿਣਤੀਆ ਦੇ ਹੱਕ-ਹਕੂਕ ਮਹਿਫੂਜ ਕਰਨ ਦੀ ਗੱਲ ਕੀਤੀ ਹੈ, ਉਥੇ ਉਹ ਤੁਰੰਤ ਇੰਡੀਆ ਵਿਚ ਵੱਸਣ ਵਾਲੀਆ ਕੌਮਾਂ ਦੇ ਹੱਕ ਪ੍ਰਦਾਨ ਕਰ ਦੇਣਗੇ । ਉਨ੍ਹਾਂ ਕਿਹਾ ਕਿ ਜਦੋ ਸ੍ਰੀ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ, ਤਾਂ ਉਥੇ ਪੱਕੇ ਤੌਰ ਤੇ ਵੱਸੇ 60 ਹਜਾਰ ਸਿੱਖ ਜ਼ਿੰਮੀਦਾਰਾਂ ਨੂੰ ਜ਼ਬਰੀ ਉਨ੍ਹਾਂ ਦੀ ਮਲਕੀਅਤ ਜ਼ਮੀਨ ਅਤੇ ਘਰਾਂ ਤੋ ਵਾਂਝੇ ਕਰ ਦਿੱਤਾ ਗਿਆ ਸੀ ਜਿਨ੍ਹਾਂ ਦਾ ਅੱਜ ਤੱਕ ਮੁੜ ਵਸੇਬਾ ਨਹੀ ਕੀਤਾ ਗਿਆ । ਜੰਮੂ-ਕਸ਼ਮੀਰ ਦੇ ਕਸ਼ਮੀਰੀਆ ਦੀ ਆਜਾਦੀ ਨੂੰ ਪ੍ਰਗਟਾਉਣ ਵਾਲੀ ਧਾਰਾ 35ਏ ਅਤੇ ਆਰਟੀਕਲ 370 ਖਤਮ ਕਰਕੇ ਉਨ੍ਹਾਂ ਨਾਲ ਵੱਡੀ ਵਿਧਾਨਿਕ ਤੇ ਸਮਾਜਿਕ ਬੇਇਨਸਾਫ਼ੀ ਕੀਤੀ ਗਈ ਹੈ । ਜੰਗਲਾਂ ਵਿਚ ਰਹਿਣ ਵਾਲੇ ਆਦਿਵਾਸੀਆ ਅਤੇ ਕਬੀਲਿਆ ਦੇ ਮਾਲੀ ਸਾਧਨਾਂ ਨੂੰ ਜ਼ਬਰੀ ਵੱਡੇ-ਵੱਡੇ ਉਦਯੋਗਪਤੀਆ ਰਾਹੀ ਖੋਹਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਜ਼ਿੰਦਗੀ ਦੁਭਰ ਕੀਤੀ ਜਾ ਰਹੀ ਹੈ । ਸ੍ਰੀ ਮੋਦੀ ਸਭ ਤੋ ਪਹਿਲੇ ਇਹ ਘੱਟ ਗਿਣਤੀ ਕੌਮਾਂ ਦੇ ਮਸਲੇ ਹੱਲ ਕਰਨ ਅਤੇ ਫਿਰ ਦੂਸਰੇ ਮੁਲਕਾਂ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਦੀ ਗੱਲ ਕਰਨਗੇ । ਤਦ ਹੀ ਦਲੀਲ ਪੂਰਵਕ ਗੱਲ ਸਾਬਤ ਹੋ ਸਕੇਗੀ ।