ਬਾਬਾ ਸੁੱਚਾ ਸਿੰਘ ਅਨੰਦਗੜ੍ਹ ਖ਼ੂਨੀ ਖੇਡ ਖੇਡਣ ਤੋਂ ਪਰਹੇਜ਼ ਕਰਨ : ਸੰਗਤ ਤੇ ਇਲਾਕਾ ਨਿਵਾਸੀ

ਗੁਰਦੁਆਰਾ ਬਾਬਾ ਜਾਗੋ ਸ਼ਹੀਦ ਵਿਖੇ ਇਕੱਤਰ ਹੋਏ ਨੌਜਵਾਨ ਤੇ ਇਲਾਕਾ ਨਿਵਾਸੀ ।

ਗੁਰਦੁਆਰਾ ਬਾਬਾ ਜਾਗੋ ਸ਼ਹੀਦ ਵਿਖੇ ਇਕੱਤਰ ਹੋਏ ਨੌਜਵਾਨ ਤੇ ਇਲਾਕਾ ਨਿਵਾਸੀ ।

ਰਾਮ ਤੀਰਥ/ਅੰਮ੍ਰਿਤਸਰ,(ਪ੍ਰੋ: ਸਰਚਾਂਦ ਸਿੰਘ) – ਛੇਵੀਂ ਪਾਤਿਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਨਿਨ ਸੇਵਕ ਦੀ ਯਾਦ ’ਚ ਪਿੰਡ ਕੋਹਾਲੀ ਜ਼ਿਲ੍ਹਾ ਅੰਮ੍ਰਿਤਸਰ ਵਿਚ ਉਸਾਰੇ ਗਏ ਗੁਰਦੁਆਰਾ ਬਾਬਾ ਜਾਗੋ ਸ਼ਹੀਦ ਨੂੰ ਬਾਬਾ ਸੁੱਚਾ ਸਿੰਘ ਕਾਰ ਸੇਵਾ ਅਨੰਦਗੜ੍ਹ ਵੱਲੋਂ ਜਬਰੀ ਕਬਜ਼ੇ ’ਚ ਲੈਣ ਦੀ ਕੋਸ਼ਿਸ਼ ਦਾ ਮਾਮਲਾ ਇਲਾਕਾ ਨਿਵਾਸੀ ਸੰਗਤਾਂ ਦੇ ਵਿਰੋਧ ਕਾਰਨ ਹੋਰ ਤਣਾਅ ਪੂਰਨ ਹੁੰਦਾ ਜਾ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਅਸਥਾਨ ਪੁਲਿਸ ਛਾਉਣੀ ਵਿੱਚ ਤਬਦੀਲ ਕੀਤਾ ਹੋਇਆ ਹੈ । ਕੁਝ ਪ੍ਰਬੰਧਕਾਂ ਵੱਲੋਂ ਸਥਾਨਕ ਸੰਗਤਾਂ ਦੀ ਸਹਿਮਤੀ ਤੋਂ ਬਿਨਾ ਹੀ ਕਾਰਸੇਵਾ ਵਾਲਿਆਂ ਨੂੰ ਸੇਵਾ ਸੰਭਾਲ ਲਈ ਲਿਖ ਕੇ ਦੇ ਦਿੱਤਾ ਗਿਆ ਸੀ। ਇਸ ਮੌਕੇ ਸਥਾਨਕ ਸੰਗਤਾਂ ਵੱਲੋਂ ਨੌਜਵਾਨਾਂ ਦੀ ਗਠਿਤ ਨਵੀਂ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤਾਂ ਨੇ ਗੁਰਦੁਆਰਾ ਸਾਹਿਬ ’ਤੇ ਕਬਜ਼ਾ ਕਰਨ ’ਤੇ ਉਤਾਰੂ ਬਾਬਾ ਸੁੱਚਾ ਸਿੰਘ ਕਾਰ ਸੇਵਾ ਅਨੰਦਗੜ੍ਹ ਸੰਪਰਦਾਇ ਨੂੰ ਭਰਾ ਮਾਰੂ ਖ਼ੂਨੀ ਖੇਡ ਖੇਡਣ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ ਹੈ। ਨਵੀਂ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਤੇ ਮੈਂਬਰ ਜਸਬੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਵਰਗਵਾਸੀ ਸੰਤ ਬਾਬਾ ਹਰਭਜਨ ਸਿੰਘ ਪਹਿਲਵਾਨ ਕਾਰਸੇਵਾ ਅਨੰਦਗੜ੍ਹ ਸਾਹਿਬ ਵੱਲੋਂ ਨਿਭਾਈਆਂ ਪੰਥ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਜਾਨਸ਼ੀਨ ਬਾਬਾ ਸੁੱਚਾ ਸਿੰਘ ਨੂੰ ਵੀ ਉਨ੍ਹਾਂ ਦੇ ਪੱਦ ਚਿੰਨ੍ਹਾਂ ’ਤੇ ਚੱਲਣਾ ਚਾਹੀਦਾ ਹੈ,  ਨਾ ਕਿ ਕਾਰ ਸੇਵਾ ਦੇ ਨਾਂ ‘ਤੇ ਸੰਗਤਾਂ ’ਚ ਦੰਗੇ ਤੇ ਭਰਾ ਮਾਰੂ ਜੰਗ ਕਰਵਾ ਕੇ ਗੁਰਦੁਆਰਿਆਂ ਉੱਤੇ ਨਜਾਇਜ਼ ਕਬਜ਼ੇ ਕਰਨੇ ਚਾਹੀਦੇ ਹਨ । ਕਿਸੇ ਵੀ ਧਾਰਮਿਕ ਅਸਥਾਨ ‘ਤੇ ਧਾੜਵੀ ਬਣ ਕੇ ਤਾਂ ਬਿਲਕੁਲ ਨਹੀਂ ਆਉਣਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਬਾਬਾ ਸੁੱਚਾ ਸਿੰਘ ਨੂੰ ਕਿਸੇ ਗਲ ਦੀ ਕਮੀ ਨਹੀਂ ਹੈ। ਉਨ੍ਹਾਂ ਕੋਲ ਪਹਿਲਾਂ ਹੀ ਕਰੀਬ 40 ਗੁਰਦੁਆਰਿਆਂ ਦੀ ਸੇਵਾ ਸੰਭਾਲ ਦੀ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸੰਤਾਂ ਮਹਾਂਪੁਰਸ਼ਾਂ ਨੂੰ ਵਿਵਾਦ ਵਿੱਚ ਨਹੀਂ ਆਉਣਾ ਚਾਹੀਦਾ । ਉਨ੍ਹਾਂ ਦੀ ਸੋਚ ਸੰਗਤ ਨਾਲ ਲੜਾਈ ਕਰਕੇ ਗੁਰਦੁਆਰਿਆਂ ਦੀ ਸੇਵਾ ਲੈਣੀ ਨਹੀਂ ਹੋਣੀ ਚਾਹੀਦੀ ਸਗੋਂ ਸੰਗਤ ਵਿਚ ਪ੍ਰੇਮ ਪਿਆਰ,

ਸਦਭਾਵਨਾ ਅਤੇ ਭਾਈਚਾਰਕ ਸਾਂਝ ਦਾ ਉਪਦੇਸ਼ ਦਿੰਦਿਆਂ ਗੁਰਬਾਣੀ ਦਾ ਪ੍ਰਸਾਰ ਪ੍ਰਸਾਰ ਕੀਤਾ ਜਾਣਾ ਚਾਹੀਦਾ ਹੈ। ਨੌਜਵਾਨ ਆਗੂਆਂ ਨੇ ਇਹ ਵੀ ਦੱਸਿਆ ਕਿ ਗੁਰਦੁਆਰਾ ਬਾਬਾ ਜਾਗੋ ਸ਼ਹੀਦ ਦੇ ਬਿਲਕੁਲ ਨਜ਼ਦੀਕ ਸ਼ਹੀਦ ਬਾਬਾ ਮੋਹਰੀ ਜੀ ਦੇ ਅਸਥਾਨ ਨੂੰ ਲੰਬੇ ਸਮੇਂ ਤੋਂ ਸੇਵਾ ਸੰਭਾਲ ਲਈ ਬਾਬਾ ਸੁੱਚਾ ਸਿੰਘ ਨੂੰ ਦਿੱਤਾ ਹੋਇਆ ਹੈ ਪਰ ਅਫ਼ਸੋਸ ਕਿ ਉਨ੍ਹਾਂ ਵੱਲੋਂ ਇਸ ਅਸਥਾਨ ਦੀ ਨਾ ਸੇਵਾ ਸੰਭਾਲ ਕੀਤੀ ਜਾ ਰਹੀ ਹੈ ਅਤੇ ਨਾ ਹੀ ਉਨ੍ਹਾਂ ਵੱਲੋਂ ਸ਼ਹੀਦੀ ਦਿਹਾੜਾ ਜਾਂ ਮਹੀਨਾਵਾਰੀ ਲੰਗਰਾਂ ਲਈ ਸੰਗਤ ਨੂੰ ਸਹਿਯੋਗ ਦਿੱਤਾ ਜਾਂਦਾ ਰਿਹਾ ਹੈ । ਇਨ੍ਹਾਂ ਨੌਜਵਾਨ ਆਗੂਆਂ ਨੇ ਬਾਬਾ ਸੁੱਚਾ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਦੇ ਕਬਜ਼ੇ ਦੇ ਮਨਸ਼ੇ ਨਾਲ ਗੁਰਦੁਆਰਾ ਸਾਹਿਬ ਦੇ ਲੈਂਟਰ ਪਾਉਣ ਦੇ ਬਹਾਨੇ ਸੰਗਤ ਨੂੰ ਗੁਮਰਾਹ ਕਰਨ ਦਾ ਵੀ ਨੋਟਿਸ ਲਿਆ । ਨਵੀਂ ਕਮੇਟੀ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਮਾਮਲੇ ਦੇ ਹੱਲ ਲਈ ਬਾਬਾ ਸੁੱਚਾ ਸਿੰਘ ਨਾਲ ਗੱਲਬਾਤ ਦੌਰਾਨ ਸੰਗਤ ਵਿਚੋਂ ਇਕ ਨੌਜਵਾਨ ਵੱਲੋਂ ਆਪਣੀ ਦਸਤਾਰ ਉਤਾਰ ਕੇ ਉਨ੍ਹਾਂ ਸਾਹਮਣੇ ਰੱਖੀ ਗਈ ਪਰ ਬਾਬਾ ਜੀ ਵੱਲੋਂ ਦਸਤਾਰ ਦੀ ਕਦਰ ਨਹੀਂ ਕੀਤੀ ਗਈ, ਅਫ਼ਸੋਸਨਾਕ ਸੀ । ਅਖੀਰ ’ਤੇ ਉਨ੍ਹਾਂ ਬਾਬਾ ਸੁੱਚਾ ਸਿੰਘ ਵੱਲੋਂ ਖੇਡੀ ਜਾ ਰਹੀ ਖ਼ੂਨੀ ਖੇਡ ਅਤੇ ਭਰਾ ਮਾਰੂ ਜੰਗ ਨੂੰ ਰੋਕਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਦਖ਼ਲ ਦੇਣ ਅਤੇ ਸਮੂਹ ਸੰਗਤ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ।

ਇਸ ਮੌਕੇ ਭਾਜਪਾ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਨਵੀਂ ਕਮੇਟੀ ਦੇ ਨੌਜਵਾਨ ਆਗੂਆਂ ਨਾਲ ਮੀਟਿੰਗ ਉਪਰੰਤ ਕਿਹਾ ਕਿ ਨੌਜਵਾਨ ਗੁਰਦੁਆਰੇ ਦੀ ਸੇਵਾ ਸੰਭਾਲ ਲਈ ਅੱਗੇ ਆਉਣਾ ਚਾਹੁੰਦੇ ਹਨ ਤਾਂ ਇਹ ਪੰਥ ਲਈ ਖ਼ੁਸ਼ੀ ਦੀ ਗਲ ਹੈ। ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਨੌਜਵਾਨ ਪੀੜੀ ਨੂੰ ਉਤਸ਼ਾਹਿਤ ਕਰਦਿਆਂ ਮੌਕਾ ਅਤੇ ਸਹਿਯੋਗ ਦਿੱਤਾ ਜਾਣਾ ਚਾਹੀਦਾ ਹੈ। ਕੁਝ ਵੀ ਕੁਤਾਹੀ ਹੋਣ ਦੀ ਸੂਰਤ ’ਚ ਉਨ੍ਹਾਂ ਦਾ ਮਾਰਗ ਦਰਸ਼ਨ ਜਾਂ ਫਿਰ ਸੇਵਾ ਵਾਪਸ ਲਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪ੍ਰਬੰਧਕ ਕਮੇਟੀ ਕਿਸੇ ਵੀ ਅਸਥਾਨ ਜਾਂ ਸੰਸਥਾ ਦੀ ਦੇਖ ਭਾਲ ਲਈ ਬਣਾਈ ਜਾਂਦੀ ਹੈ, ਉਹ ਮਾਲਕ ਨਹੀਂ ਬਣ ਜਾਂਦਾ, ਕਿਸੇ ਵੀ ਕਮੇਟੀ ਨੂੰ ਕੋਈ ਹੱਕ ਨਹੀਂ ਕਿ ਉਹ ਅਸਥਾਨ ਜਾਂ ਸੰਸਥਾ ਨੂੰ ਆਪਣੀ ਮਰਜ਼ੀ ਨਾਲ ਕਿਸੇ ਹੋਰ ਦੇ ਹਵਾਲੇ ਕਰ ਦੇਣ। ਪ੍ਰਬੰਧਕ ਕਮੇਟੀ ਨੂੰ ਸੇਵਾ ਸੰਭਾਲ ’ਚ ਕੋਈ ਮੁਸ਼ਕਲ ਆ ਰਹੀ ਹੈ ਜਾਂ ਉਨ੍ਹਾਂ ਦੇ ਵਸੋਂ ਬਾਹਰ ਦੀ ਕੋਈ ਗਲ ਹੋ ਜਾਂਦੀ ਹੈ ਤਾਂ ਉਹ ਸੰਗਤ ਨੂੰ ਨਵੀਂ ਕਮੇਟੀ ਚੁਣਨ ਦਾ ਅਧਿਕਾਰ ਦੇ ਕੇ ਪਿੱਛੇ ਹਟ ਸਕਦੀ ਹੈ। ਉਨ੍ਹਾਂ ਸੰਤ ਬਾਬਾ ਸੁੱਚਾ ਸਿੰਘ ਨੂੰ ਗੁਰਦੁਆਰੇ ’ਤੇ ਕਬਜ਼ਾ ਕਰਨ ਦੀ ਆਪਣੀ ਜ਼ਿੱਦ ਛੱਡਣ ਦੀ ਸਲਾਹ ਦਿੱਤੀ ਅਤੇ ਦੋਹਾਂ ਧਿਰਾਂ ਨੂੰ ਸੰਵਾਦ ਰਾਹੀਂ ਮਸਲੇ ਨੂੰ ਹੱਲ ਕਰਨ ਦੀ ਅਪੀਲ ਕੀਤੀ ਹੈ।

ਇਸ ਮਸਲੇ ਸੰਬੰਧੀ ਪ੍ਰਸ਼ਾਸਨ ਵੱਲੋਂ ਦੋਹਾਂ ਧਿਰਾਂ ਨੂੰ ਲੈ ਕੇ ਕਈ ਮੀਟਿੰਗਾਂ ਵੀ ਹੋਈਆਂ ਤੇ 7 ਮੈਂਬਰੀ ਕਮੇਟੀ ਵੀ ਬਣਾਈ ਗਈ, ਜਿਸ ਵਿੱਚ ਏ.ਡੀ.ਸੀ., ਐੱਸ.ਡੀ.ਐੱਮ. ਤੇ ਡੀ.ਐੱਸ.ਪੀ. ਤੋਂ ਇਲਾਵਾ ਸੇਵਾ ਸੰਭਾਲ ਕਰ ਰਹੇ ਨੌਜਵਾਨਾਂ ਵੱਲੋਂ ਜਸਬੀਰ ਸਿੰਘ, ਗੁਰਲਾਲ ਸਿੰਘ ਤੇ ਬਾਬਾ ਸੁੱਚਾ ਸਿੰਘ ਦੇ ਸਮਰਥਕ ਨਿਰਮਲਜੀਤ ਸਿੰਘ ਕੁੱਕੂ ਤੇ ਗੁਰਮੀਤ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਸੀ ਪਰ ਅਜੇ ਤੱਕ ਉਕਤ ਕਮੇਟੀ ਵੀ ਇਸ ਮਸਲੇ ਦਾ ਹੱਲ ਕੱਢਣ ਵਿੱਚ ਸਫਲ ਨਹੀਂ ਹੋ ਸਕੀ । ਇਸ ਮੌਕੇ ਤੇ ਗੁਰਲਾਲ ਸਿੰਘ, ਅਵਤਾਰ ਸਿੰਘ, ਜਤਿੰਦਰ ਸਿੰਘ, ਕੰਵਲਜੀਤ ਸਿੰਘ, ਸੁਖਚੈਨ ਸਿੰਘ, ਸੁਖਦੇਵ ਸਿੰਘ, ਗੁਰਦੇਵ ਸਿੰਘ, ਕਰਮਜੀਤ ਸਿੰਘ, ਗੁਰਜੀਤ ਸਿੰਘ, ਗੁਰਸਾਹਿਬ ਸਿੰਘ, ਹਰਜਿੰਦਰ ਸਿੰਘ, ਸੁਖਮਨ ਸਿੰਘ ਚਾਹਲ, ਅਮਰਬੀਰ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>