ਧੁੰਦ ਦੀ ਚਾਦਰ-ਧਨੌਲਟੀ

IMG-20220629-WA0066.resizedਉੱਤਰਾਖੰਡ ਪਹਿਲਾਂ ਉੱਤਰ ਪ੍ਰਦੇਸ਼ ਦਾ ਹੀ ਹਿੱਸਾ ਸੀ। ਯੂ ਪੀ ਵਿੱਚੋਂ ਪਹਾੜੀ ਇਲਾਕਾ ਕੱਢ ਕੇ ਨਵਾਂ ਸੂਬਾ ਬਣਾ ਦਿੱਤਾ ਗਿਆ। ਹੁਣ ਹਿਮਾਚਲ ਪ੍ਰਦੇਸ਼ ਵਾਂਗ ਉੱਤਰਾਖੰਡ  ਵੀ ਘੁੰਮਣ ਫਿਰਨ ਦੇ ਸ਼ੌਕੀਨਾਂ ਲਈ ਕਿਸੇ ਜੰਨਤ ਤੋਂ ਘੱਟ ਥਾਂ ਨਹੀ ਰੱਖਦਾ । ਉੱਤਰਾਖੰਡ ਵਿਚ ਬਹੁਤ ਸਾਰੀਆਂ ਸੈਰਗਾਹਾਂ ਤੇ ਧਾਰਮਿਕ ਸਥਾਨ ਸੈਲਾਨੀਆਂ ਦੇ ਮਨਾਂ ਨੂੰ ਖਿੱਚ ਪਾਉਂਦੇ ਹਨ, ਜਿਵੇਂ ਕਿ ਅਲਮੋੜਾ,ਰਾਣੀਖੇਤ, ਨੈਨੀਤਾਲ, ਮਸੂਰੀ, ਹੇਮਕੁੰਟ ਸਾਹਿਬ, ਹਰਿਦੁਆਰ, ਕੇਦਾਰਨਾਥ, ਰਿਸ਼ੀਕੇਸ਼ ਆਦਿ। ਸਾਰਾ ਸਾਲ ਹੀ ਸੈਲਾਨੀ ਹੁਣ ਪਹਾੜਾਂ ਵੱਲ ਵਹੀਰਾਂ ਘੱਤ ਕੇ ਤੁਰੇ ਰਹਿੰਦੇ ਹਨ। ਗਰਮੀਆਂ ਵਿੱਚ ਠੰਢ ਲੱਭਣ ਲਈ ਅਤੇ ਸਿਆਲਾਂ ਵਿੱਚ ਬਰਫ਼ ਦਾ ਆਨੰਦ ਮਾਣਨ ਲਈ ਲੋਕ ਪਹਾੜਾਂ ਦਾ ਰੁਖ ਕਰਦੇ ਹਨ ।

ਕਾਦਰ  ਦੀ ਕੁਦਰਤ ਨਾਲ ਲਬਰੇਜ਼ ਧਨੋਲਟੀ ਵੀ ਇਕ ਐਸਾ ਰਮਣੀਕ ਸਥਾਨ ਹੈ ਜੋ ਮਨ ਨੂੰ ਸਕੂਨ ਦਿੰਦਾ ਤੇ ਰੂਹ ਨੂੰ ਤਰੋ ਤਾਜ਼ਾ ਕਰਦਾ ਹੈ। ਸਮੁੰਦਰੀ ਤਲ ਤੋਂ ਲਗਭਗ 2300 ਮੀਟਰ ਦੀ ਉਚਾਈ ‘ਤੇ ਵੱਸਿਆ ਇਹ ਪਿੰਡ ਨੁਮਾ ਕਸਬਾ ਮਸੂਰੀ ਦੇ ਨੇੜੇ ਹੈ ਅਤੇ ਇੱਥੇ ਵੱਖ ਵੱਖ ਦਿਸ਼ਾਵਾਂ ਤੋਂ ਪੁੱਜਿਆ ਜਾ ਸਕਦਾ ਹੈ। ਪਾਉਂਟਾ ਸਾਹਿਬ ਤੋਂ ਦੇਹਰਾਦੂਨ ਬਰਾਸਤਾ ਮਸੂਰੀ ਹੁੰਦੇ ਹੋਏ ਅਤੇ ਰਿਸ਼ੀਕੇਸ਼ ਵਾਲੇ  ਪਾਸਿਓਂ ਵੀ ਇੱਥੇ ਪਹੁੰਚਿਆ ਜਾ ਸਕਦੈ।

ਮੈਦਾਨੀ ਇਲਾਕਾ ਪਾਰ ਕਰਕੇ ਹਿਮਾਚਲ ਪ੍ਰਦੇਸ਼ ਵਿੱਚ ਪੈਂਦੇ ਸ਼ਹਿਰ ਪਾਉਂਟਾ ਸਾਹਿਬ ਪੁੱਜੀਦਾ ਹੈ।ਪਾਉਂਟਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਗਭਗ  ਚਾਰ ਸਾਲ ਰਹੇ । ਯਮੁਨਾ ਦੇ ਕੰਢੇ ਅਤੇ ਪਹਾੜਾਂ ਦੀ ਗੋਦ ਵਿੱਚ ਵੱਸੇ ਇਸ ਪਵਿੱਤਰ ਸ਼ਹਿਰ ਵਿੱਚ ਗੁਰੂ ਸਾਹਿਬ ਨਾਲ ਸਬੰਧਿਤ ਬਹੁਤ ਸਾਰੇ ਗੁਰਦੁਆਰੇ ਹਨ ,ਜਿਨ੍ਹਾਂ ਦੇ ਦਰਸ਼ਨ ਕਰਨ ਲਈ ਪੂਰਾ ਦਿਨ ਚਾਹੀਦਾ ।
ਪਾਉਂਟਾ ਸਾਹਿਬ ਤੋਂ 43 ਕਿਲੋਮੀਟਰ ਦੀ ਵਿੱਥ ‘ਤੇ ਦੇਹਰਾਦੂਨ ਆਉਂਦੈ, ਜੋ ਕਿ ਉੱਤਰਾਖੰਡ ਦੀ ਰਾਜਧਾਨੀ ਹੈ। ਰਾਜਧਾਨੀ ਹੋਣ ਕਰਕੇ ਇਹ ਬਹੁਤ ਵੱਡਾ ਸ਼ਹਿਰ ਹੈ। ਇੱਥੇ ਵੀ ਬਹੁਤ ਸਾਰੀਆਂ ਵੇਖਣਯੋਗ ਥਾਵਾਂ ਹਨ। “ਸ਼ਾਸਤਰਧਾਰਾ” ਨਾਮੀ ਪਾਣੀ ਦੇ ਝਰਨੇ,ਜਿੱਥੇ ਸੈਲਾਨੀ ਪਾਣੀ ਨਾਲ ਅਠਖੇਲੀਆਂ ਕਰਦੇ ਹਨ । ਗੁੱਚੂਪਾਣੀ ਦੇ ਇਲਾਕੇ ਵਿਚ “ਰੋਬਰਸ ਕੇਵ” ਨਾਮੀ ਪਾਣੀ ਦਾ ਚਸ਼ਮਾ,ਜਿੱਥੇ ਪਹਾੜਾਂ ਦੇ ਵੱਡੇ ਵੱਡੇ ਪੱਥਰ ਆਪਸ ਚ ਜੁੜੇ ਹੋਏ  ਹਨ ਅਤੇ ਉਨ੍ਹਾਂ ਦੇ ਮਿਲਨ ਵਿੱਚੋਂ ਲੰਮੀ ਗੁਫ਼ਾ ਰਾਹੀਂ ਪਾਣੀ ਦਾ ਚਸ਼ਮਾ ਵਹਿੰਦਾ ਹੈ। ਜਿੱਥੇ ਲੋਕ ਨਹਾ ਕੇ ਤਰੋਤਾਜ਼ਾ ਮਹਿਸੂਸ ਕਰਦੇ ਹਨ । ਇਸ ਤੋਂ ਇਲਾਵਾ ਤਪਕੇਸ਼ਵਰ ਮੰਦਿਰ, ਮਾਲਸੀ  ਡੀਅਰ ਪਾਰਕ ਅਤੇ ਤਿੱਬਤੀਆਂ ਦਾ 185 ਫੁੱਟ ਉੱਚਾ ਸਤੂਪ ਜੋ ਕਿ ਮਾਇਂਡਰੋਲਿੰਗ ਮੋਨੈਸਟਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਵੀ ਵੇਖਣਯੋਗ ਥਾਂਵਾਂ ਨੇ। ਦੇਹਰਾਦੂਨ ਦੀ  ਬਾਸਮਤੀ, ਲੀਚੀ ਅਤੇ ਬੇਕਰੀ ਉਤਪਾਦ ਕਾਫ਼ੀ ਪ੍ਰਸਿੱਧ ਹਨ।

ਦੇਹਰਾਦੂਨ ਤੋਂ 34 ਕਿਲੋਮੀਟਰ ‘ਤੇ ਮਸੂਰੀ ਸ਼ਹਿਰ ਹੈ, ਜਿਸ ਨੂੰ ਪਹਾੜਾਂ ਦੀ ਰਾਣੀ ਕਰਕੇ ਜਾਣਿਆ ਜਾਂਦੈ। ਇਸ ਦੀ ਉਚਾਈ 2000 ਮੀਟਰ ਹੈ। ਮਸੂਰੀ  ਪੁੱਜਦਿਆਂ ਹੀ ਠੰਢ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਂਦੈ। ਮਸੂਰੀ ਦੀਆਂ ਪ੍ਰਮੁੱਖ ਸੈਲਾਨੀ ਥਾਂਵਾਂ ਕੈਂਪਟੀ ਫਾਲ ,ਗੰਨ ਹਿੱਲ ਪੁਆਇੰਟ ,ਭੱਟਾ ਫਾਲ ਆਦਿ ਨੇ।  ਦੇਸ਼ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਟ੍ਰੇਨਿੰਗ ਦੇਣ ਵਾਸਤੇ 1959 ਵਿੱਚ ਇੱਥੇ ਲਾਲ ਬਹਾਦਰ ਸ਼ਾਸਤਰੀ ਨੈਸ਼ਨਲ ਅਕੈਡਮੀ ਸਥਾਪਤ ਕੀਤੀ ਗਈ। ਰਾਤ ਨੂੰ ਮਾਲ ਰੋਡ ਤੇ ਖਲੋ ਕੇ ਥੱਲੇ ਦੂਨ ਘਾਟੀ ਵਿਚ ਬੱਤੀਆਂ  ਦੀ ਹੋਈ ਜਗਮਗਾਹਟ ਦੀਵਾਲੀ ਦੀ ਰਾਤ ਦਾ ਅਹਿਸਾਸ ਕਰਵਾਉਂਦੀ ਹੈ । ਇੱਥੇ ਮੌਸਮ ਦਾ ਮਿਜਾਜ਼ ਪਲ ਪਲ ਬਦਲਦਾ ਹੈ ।

ਮਸੂਰੀ ਤੋਂ 24 ਕਿਲੋਮੀਟਰ ਦੀ ਵਿੱਥ ‘ਤੇ ਆਉਂਦੈ ਧਨੋਲਟੀ। ਰਿਸ਼ੀਕੇਸ਼ ਤੋਂ ਵੀ  ਨਵੀਂ ਟੀਹਰੀ ਹੋ ਕੇ ਇਸ ਦੀ ਦੂਰੀ ਲਗਭਗ 90 ਕਿਲੋਮੀਟਰ ਹੈ । ਧਨੌਲਟੀ ਦਾ ਜ਼ਿਲ੍ਹਾ ਟੀਹਰੀ ਗੜਵਾਲ ਹੈ । ਦਿੱਲੀ ਤੋਂ ਇਸ ਦਾ ਫ਼ਾਸਲਾ ਕੋਈ 300 ਕਿਲੋਮੀਟਰ ਹੈ ਤੇ ਇਸ ਨੂੰ ਨੇੜਲਾ ਹਵਾਈ ਅੱਡਾ ਦੇਹਰਾਦੂਨ  ਹੀ ਲੱਗਦਾ ਹੈ। ਹੋਰ ਵੱਡੇ ਸੈਲਾਨੀ ਕੇਂਦਰਾਂ ਵਾਂਗ ਇੱਥੇ ਕੋਈ ਮਾਲ ਰੋਡ ਨਹੀਂ। ਨਾ ਕੋਈ ਭੀੜ ਭੜੱਕੇ ਵਾਲੇ ਬਾਜ਼ਾਰ। ਅਖ਼ਬਾਰਾਂ ਦੀਆਂ ਸੁਰਖੀਆਂ ਤੋਂ ਦੂਰ ਇਕਾਂਤ ਵਿੱਚ ਖ਼ੂਬਸੂਰਤ ਕਾਇਨਾਤ । ਨਾ ਕੋਈ ਫੈਕਟਰੀ, ਨਾ ਧੂੰਆਂ  ਛੱਡਦੀਆਂ ਗੱਡੀਆਂ। ਮੈਡੀਟੇਸ਼ਨ ਲਈ ਬਹੁਤ ਹੀ ਢੁੱਕਵੀਂ ਜਗ੍ਹਾ। ਬੱਚਿਆਂ ਦੇ ਖੇਡਣ ਲਈ ਈਕੋ ਪਾਰਕ ਹੈ । ਰਹਿਣ ਵਾਸਤੇ ਗੜ੍ਹਵਾਲ ਮੰਡਲ ਟੂਰਿਜ਼ਮ ਦਾ ਬਹੁਤ ਹੀ ਸੁੰਦਰ ਗੈਸਟ ਹਾਊਸ ਹੈ । ਇਸ ਤੋਂ ਇਲਾਵਾ ਹੋਮ ਸਟੇਅ, ਕੈਂਪ ਸਾਈਟ ਅਤੇ ਰੰਗਦਾਰ ਸ਼ਾਮਿਆਨਿਆਂ ਦੇ ਰਹਿਣ ਬਸੇਰੇ ਹਨ। ਕੁਝ ਕੁ ਹੋਟਲ ਵੀ ਨੇ। ਧਨੋਲਟੀ ਵਿੱਚ ਧੁੰਦ ਅਤੇ ਸੀਤ ਹਵਾਵਾਂ ਦੀ ਜੁਗਲਬੰਦੀ ਅਜੀਬ ਅਤੇ ਸਕੂਨ ਭਰਿਆ ਅਨੁਭਵ ਕਰਵਾਉਂਦੀ ਹੈ। ਪਲਾਂ ਵਿੱਚ ਧੁੰਦ ਦੀ ਚਿੱਟੀ ਚਾਦਰ ਆ ਕੇ ਤੁਹਾਨੂੰ ਢੱਕ ਲੈਂਦੀ ਹੈ ਅਤੇ ਤੁਹਾਨੂੰ ਕੋਲ ਬੈਠਾ ਵੀ ਕੋਈ ਦਿਖਾਈ ਨਹੀਂ ਦਿੰਦਾ। ਫਿਰ ਅਗਲੀ ਘੜੀ ਹੀ ਹਵਾ ਦੇ ਬੁੱਲੇ ਧੁੰਦ ਦੀ ਚਾਦਰ ਨੂੰ ਲਾਹ ਕੇ ਸਿਆਲੀ ਧੁੱਪ ਦਾ ਅਹਿਸਾਸ ਕਰਾਉਂਦੇ ਨੇ। ਇਥੇ ਕੈਂਪਿੰਗ,ਟਰੈਕਿੰਗ ਅਤੇ ਫੋਟੋਗ੍ਰਾਫੀ ਦਾ ਆਪਣਾ ਵੱਖਰਾ ਹੀ ਨਜ਼ਾਰਾ ਹੈ। ਉੱਚੇ ਲੰਮੇ ਦੇਵਦਾਰ ਦੇ ਰੁੱਖ ਅਸਮਾਨ ਨਾਲ ਗੱਲਾਂ ਕਰਦੇ ਪ੍ਰਤੀਤ ਹੁੰਦੇ ਨੇ। ਸ਼ਾਂਤ ਮਾਹੌਲ ਵਿੱਚ ਪੰਛੀਆਂ ਦੀਆਂ ਆਵਾਜ਼ਾਂ ਕਦੇ ਨੇੜੇ ਤੇ ਕਦੇ ਦੂਰ ਹੋਣ ਦਾ ਭੁਲੇਖਾ ਪਾਉਂਦੀਆਂ ਨੇ। ਸਾਫ਼ ਸੁਥਰੀਆਂ ਸੜਕਾਂ ਤੇ ਡਰਾਈਵਿੰਗ ਕਰਨ ਅਤੇ ਪੈਦਲ ਘੁੰਮਣ ਦਾ ਵੱਖਰਾ ਹੀ ਲੁਤਫ਼ ਹੈ। ਦੋ ਕਿਲੋਮੀਟਰ ਦਾ ਪੈਦਲ ਜੰਗਲੀ ਰਸਤਾ ਪਾਰ ਕਰਕੇ ਪਹਾੜਾਂ ਵਿੱਚ ਘਿਰੀ ਹਰੇ ਕਚੂਰ ਘਾਹ ਦੀ ਤਪੋਵਨ ਘਾਟੀ ਰੂਹ ਨੂੰ ਸ਼ਰਸ਼ਾਰ ਕਰ ਦਿੰਦੀ ਹੈ, ਜੋ ਲਫ਼ਜ਼ਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।

ਧਨੌਲਟੀ ਤੋਂ ਅੱਠ ਕਿਲੋਮੀਟਰ ਦੂਰ ਕੱਦੂਖ਼ਾਲ ਪਹਾੜੀ ਦੇ ਉੱਪਰ 2757 ਮੀਟਰ ਦੀ ਉਚਾਈ ‘ਤੇ ਮਸ਼ਹੂਰ ਸੁਰਕੰਡਾ ਦੇਵੀ ਮੰਦਿਰ ਹੈ। ਹੋਰ ਵੇਖਣਯੋਗ ਥਾਵਾਂ ਵਿਚੋਂ ਨਵਾਂ ਟੀਹਰੀ ਡੈਮ, ਜੋ ਕਿ ਲਗਪਗ 1750 ਮੀਟਰ ਉੱਚਾ ਹੈ ਅਤੇ ਦੁਨੀਆਂ ਦੇ  ਸਭ ਤੋਂ ਵੱਡੇ ਹਾਈਡਰੋ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਇਹ ਡੈਮ ਹਿਮਾਲਾ ਦੀਆਂ ਦੋ ਨਦੀਆਂ ਭਗੀਰਥੀ ਅਤੇ ਭਿਲਾਣਗੰਗਾ ਉੱਤੇ ਬਣਿਆ ਹੈ।

ਧਨੌਲਟੀ ਤੋਂ ਕਾਣਾਤਾਲ ਤੇ ਚੰਬਾ ਤੱਕ ਦਾ ਸਫ਼ਰ ਸੁਹਾਨਾ ਹੋ ਨਿੱਬੜਦਾ ਹੈ ਤੇ ਇਹ  ਰਸਤਾ ਫਲ ਪੱਟੀ ਦੇ ਰੂਪ ਚ ਜਾਣਿਆ ਜਾਂਦਾ ਹੈ। ਪਹਾੜੀਆਂ ‘ਚ ਪੌੜੀਆਂ ਵਰਗੇ ਨਿੱਕੇ ਨਿੱਕੇ ਖੇਤਾਂ ਵਿੱਚ ਬੀਜੀਆਂ  ਸਬਜ਼ੀਆਂ ਤੇ ਫ਼ਲਾਂ ਦੀ ਮਹਿਕ ਮੰਤਰ ਮੁਗਧ ਕਰਦੀ ਹੈ। ਇੱਥੇ ਸੇਬ,ਆੜੂ,ਖ਼ੁਰਮਾਨੀ,ਅਖਰੋਟ,ਨਾਸ਼ਪਤੀ ਤੇ ਬਦਾਮ ਆਦਿ ਫਲਾਂ ਦੀ ਪੈਦਾਵਾਰ ਹੁੰਦੀ ਹੈ। ਇੱਥੋਂ ਦੇ ਆਲੂ ਤੇ ਮਟਰ ਬੜੇ ਸੁਆਦਲੇ ਨੇ। ਸਥਾਨਕ ਸਬਜ਼ੀਆਂ ਅਤੇ ਫਲਾਂ ਤੋਂ ਬਣੇ ਜੈਮ, ਚਟਨੀ  ਅਤੇ ਜੂਸ ਦੁਕਾਨਾਂ ਤੋਂ ਮਿਲ ਜਾਂਦੇ ਨੇ। ਧਨੋਲਟੀ ਦੀ ਜਲਵਾਯੂ ਕਈ ਪੱਖਾਂ ਤੋਂ ਯੂਰਪ ਦੇ ਕਈ ਪਹਾੜੀ ਇਲਾਕਿਆਂ ਨੂੰ ਵੀ ਮਾਤ ਪਾਉਂਦੀ ਹੈ।।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>