ਰੇਬੀਜ਼ ਦੀ ਬਿਮਾਰੀ ਤੋਂ ਬਚਾਅ ਲਈ ਟੀਕਾਕਰਣ ਹੀ ਇੱਕਮਾਤਰ ਉਪਾਅ : ਡਾ. ਮਾਨ

WhatsApp Image 2022-09-28 at 1.12.59 PM.resizedਬਲਾਚੌਰ: ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੈਫ. ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ ਬਲਾਚੌਰ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਵਿੰਦਰ ਮਾਨ ਦੀ ਅਗਵਾਈ ਵਿੱਚ ਆਮ ਲੋਕਾਂ ਨੂੰ ਹਲਕਾਅ ਦੀ ਬਿਮਾਰੀ ਪ੍ਰਤੀ ਸੁਚੇਤ ਕਰਨ ਸਬੰਧੀ ਵਿਸ਼ਵ ਰੇਬੀਜ਼ ਦਿਵਸ ਮਨਾਇਆ ਗਿਆ। ਸਿਹਤ ਵਿਭਾਗ ਰੇਬੀਜ਼ ਦੀ ਬਿਮਾਰੀ ‘ਤੇ ਕਾਬੂ ਪਾਉਣ ਦੇ ਮਕਸਦ ਨਾਲ ਹਰ ਸਾਲ 28 ਸਤੰਬਰ  ਨੂੰ ਵਿਸ਼ਵ ਰੇਬੀਜ਼ ਦਿਵਸ ਮਨਾਉਂਦਾ ਹੈ, ਜਿਸ ਦਾ ਮੁੱਖ ਉਦੇਸ਼ ਰੇਬੀਜ਼ ਦੀ ਬਿਮਾਰੀ ਤੇ ਇਸ ਦੀ ਰੋਕਥਾਮ ਬਾਰੇ ਆਮ ਲੋਕਾਂ ਵਿਚ ਜਾਗਰੂਕਤਾ ਫੈਲਾਉਣਾ ਹੈ। ਵਿਸ਼ਵ ਰੇਬੀਜ਼ ਦਿਵਸ 2022 ਦਾ ਥੀਮ ਰੇਬੀਜ਼: “ਵਨ ਹੈੈਲਥ-ਜ਼ੀਰੋ ਡੈੱਥ” ਰੱਖਿਆ ਗਿਆ ਹੈ।

ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਵਿੰਦਰ ਮਾਨ ਨੇ ਲੋਕਾਂ ਨੂੰ ਹਲਕਾਅ ਦੀ ਬਿਮਾਰੀ ਤੋਂ ਸਾਵਧਾਨ ਕਰਦਿਆਂ ਦੱਸਿਆ ਕਿ ਕੁੱਤੇ ਤੋਂ ਇਲਾਵਾ ਬਿੱਲੀ ਜਾਂ ਕਿਸੇ ਹੋਰ ਜਾਨਵਰ ਦੇ ਕੱਟਣ ਨਾਲ ਵੀ ਰੇਬੀਜ਼ ਹੋਣ ਦਾ ਖਤਰਾ ਹੁੰਦਾ ਹੈ, ਜੋ ਵਾਇਰਸ ਨਾਲ ਫੈਲਣ ਵਾਲਾ ਇਕ ਬੇਹੱਦ ਗੰਭੀਰ ਰੋਗ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਦੇਸ਼ ਵਿੱਚ ਲਗਭਗ 20 ਹਜ਼ਾਰ ਲੋਕਾਂ ਦੀ ਰੇਬੀਜ਼ ਦੀ ਲਾਗ ਕਾਰਨ ਮੌਤ ਹੋ ਜਾਂਦੀ ਹੈ ਅਤੇ ਰੇਬੀਜ਼ ਤੋਂ ਬਚਾਅ ਲਈ ਟੀਕਾਕਰਣ ਹੀ ਇੱਕਮਾਤਰ ਉਪਾਅ ਹੈ।ਰੇਬੀਜ਼ ਇਕ ਅਜਿਹਾ ਵਾਇਰਸ ਲਾਗ ਹੈ, ਜੋ ਆਮ ਤੌਰ ‘ਤੇ ਸੰਕ੍ਰਮਤ ਜਾਨਵਰਾਂ ਦੇ ਕੱਟਣ ਨਾਲ ਫੈਲਦਾ ਹੈ। ਰੇਬੀਜ਼ ਦਾ ਵਾਇਰਸ ਕਈ ਵਾਰ ਪਾਲਤੂ ਜਾਨਵਰ ਦੇ ਚੱਟਣ ਜਾਂ ਜਾਨਵਰ ਦੇ ਲਾਰ ਨਾਲ ਸਿੱਧਾ ਸੰਪਰਕ ਵਿਚ ਹੋਣ ਨਾਲ ਵੀ ਫੈਲ ਜਾਂਦਾ ਹੈ। ਰੇਬੀਜ਼ ਇਕ ਜਾਨਲੇਵਾ ਰੋਗ ਹੈ, ਜਿਸ ਦੇ ਲੱਛਣ ਬੇਹੱਦ ਦੇਰ ਨਾਲ ਨਜ਼ਰ ਆਉਂਦੇ ਹਨ। ਜੇਕਰ ਸਮਾਂ ਰਹਿੰਦੇ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਰੋਗ ਜਾਨਲੇਵਾ ਸਾਬਤ ਹੋ ਜਾਂਦਾ ਹੈ।

ਡਾ. ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਵਿਅਕਤੀਆਂ ਨੇ ਆਪਣੇ ਘਰਾਂ ਵਿਚ ਪਾਲਤੂ ਕੁੱਤੇ ਰੱਖੇ ਹੋਏ ਹਨ, ਉਹ ਉਨ੍ਹਾਂ ਦਾ ਟੀਕਾਕਰਣ ਜ਼ਰੂਰ ਕਰਵਾਉਣ ਤਾਂ ਜੋ ਕੁੱਤੇ ਦੇ ਕੱਟਣ ‘ਤੇ ਲੋਕਾਂ ਨੂੰ ਹਲਕਾਅ ਦੀ ਬਿਮਾਰੀ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਰੇਬੀਜ਼ ਦਾ ਕੋਈ ਇਲਾਜ ਨਹੀਂ, ਸਿਰਫ਼ ਬਚਾਅ ਲਈ ਉਪਰਾਲੇ ਹੀ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕੁੱਤੇ ਜਾਂ ਕਿਸੇ ਹੋਰ ਜਾਨਵਰ ਦੇ ਕੱਟਣ ‘ਤੇ ਅਣਗਹਿਲੀ ਨਹੀਂ ਵਰਤਣੀ ਚਾਹੀਦੀ, ਸਗੋਂ ਸਰਕਾਰੀ ਹਸਪਤਾਲਾਂ ਵਿਚ ਉਪਲਬਧ ਮੁਫਤ ਇਲਾਜ ਦਾ ਫਾਇਦਾ ਉਠਾ ਕੇ ਇਸ ਬਿਮਾਰੀ ਤੋਂ ਬਚਣਾ ਚਾਹੀਦਾ ਹੈ।

ਡਾ. ਮਾਨ ਨੇ ਕਿਹਾ ਕਿ ਰੇਬੀਜ਼ ਦੇ 99 ਫੀਸਦੀ ਮਾਮਲੇ ਕੇਵਲ ਕੁੱਤਿਆਂ ਦੇ ਕੱਟਣ ਨਾਲ ਸਬੰਧਤ ਹੁੰਦੇ ਹਨ, ਜਿਸ ਦੇ ਇਲਾਜ ਲਈ ਐਂਟੀ ਰੇਬੀਜ਼ ਵੈਕਸੀਨ ਮੁਫਤ ਲਗਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਸਹਾਇਤਾ ਦੇ ਤੌਰ ਉੱਤੇ ਜ਼ਖਮ ਨੂੰ ਵਗਦੇ ਪਾਣੀ ਵਿਚ ਸਾਬਣ ਨਾਲ 15 ਮਿੰਟ ਤੱਕ ਧੋਣ ਨਾਲ ਇਸ ਬਿਮਾਰੀ ਦੇ ਜ਼ੋਖਮ ਨੂੰ ਘਟਾਇਆ ਜਾ ਸਕਦਾ ਹੈ। ਕੁੱਤੇ ਦੇ ਕੱਟਣ ਉੱਤੇ ਤੁਰੰਤ ਨੇੜਲੀ ਸਿਹਤ ਸੰਸਥਾ ਵਿਚ ਜਾ ਕੇ ਡਾਕਟਰੀ ਸਲਾਹ ਅਨੁਸਾਰ ਬਿਮਾਰੀ ਤੋਂ ਬਚਾਅ ਲਈ ਐਂਟੀ ਰੇਬੀਜ਼ ਦੇ ਟੀਕੇ ਲਗਵਾਉਣੇ ਬੇਹੱਦ ਜ਼ਰੂਰੀ ਹਨ, ਜਿਸ ਨਾਲ ਰੇਬੀਜ਼ ਬਿਮਾਰੀ ਹੋਣ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ। ਭਾਰਤ ਸਰਕਾਰ ਨੇ ਸਾਲ 2030 ਤੱਕ ਕੁੱਤਿਆਂ ਦੇ ਕੱਟਣ ਨਾਲ ਹੋਣ ਵਾਲੇ ਰੇਬੀਜ਼ ਨੂੰ ਖਤਮ ਕਰਨ ਦਾ ਟੀਚਾ ਮਿੱਥਿਆ ਹੋਇਆ ਹੈ।ਇਸ ਮੌਕੇ ਬਲਾਕ ਐਕਸਟੈਂਸ਼ਨ ਐਜੂਕੇਟਰ ਨਿਰਮਲ ਸਿੰਘ, ਚੀਫ਼ ਫਾਰਮੇਸੀ ਅਫ਼ਸਰ ਦੁਰਗੇਸ਼ ਕੁਮਾਰ, ਅਪਥਲਮਿਕ ਅਫ਼ਸਰ ਹਰਜਿੰਦਰ ਸਿੰਘ ਤੇ ਰਾਜੇਸ਼ ਕੁਮਾਰ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>