ਖੜਗੇ ਨੂੰ ਪ੍ਰਧਾਨ ਬਣਾਕੇ ਗਾਂਧੀ ਪਰਿਵਾਰ ਇਕ ਤੀਰ ਨਾਲ ਦੋ ਸ਼ਿਕਾਰ ਕਰ ਗਿਆ

ਗਾਂਧੀ ਪਰਿਵਾਰ ਨੇ ਮਲਿਕ ਅਰਜਨ ਖੜਗੇ ਨੂੰ ਪ੍ਰਧਾਨ ਬਣਾ ਕੇ ਇਕ ਤੀਰ ਨਾਲ ਦੋ ਸ਼ਿਕਾਰ ਕਰ ਦਿੱਤੇ ਹਨ। ਹੁਣ ਉਹ ਵਿਰੋਧੀਆਂ ਦੇ ਪਰਿਵਾਰਵਾਦ ਦੇ ਇਲਜ਼ਾਮ ਤੋਂ ਸੁਰਖੁਰੂ ਹੋ ਗਏ ਹਨ। ਬਿਨਾ ਜਵਾਬਦੇਹੀ ਉਹ ਅਸਿੱਧੇ ਤੌਰ ‘ਤੇ ਪ੍ਰਧਾਨਗੀ ਕਰਨਗੇ ਅਤੇ ਉਨ੍ਹਾਂ ਦੀ ਸਿਆਸੀ ਬਾਦਸ਼ਾਹਤ ਬਰਕਰਾਰ ਰਹੇਗੀ। ਭਾਵ ਬਿਨਾ ਤਾਜ ਤੋਂ ਬਾਦਸ਼ਾਹ ਹੋਣਗੇ। ਸਿਆਸੀ ਤਾਕਤ ਦਾ ਧੁਰਾ ਅਰਥਾਤ ਕੇਂਦਰੀ ਬਿੰਦੂ ਗਾਂਧੀ ਪਰਿਵਾਰ ਹੀ ਰਹੇਗਾ। ਕਾਂਗਰਸ ਦੀ ਅਸਫਲਤਾ ਦਾ ਦੀ ਜ਼ਿੰਮੇਵਾਰੀ ਮਲਿਕ ਅਰਜਨ ਖੜਗੇ ਦੀ ਹੋਵੇਗੀ। ਬਗਾਬਤ ਕਰਨ ਵਾਲੇ ਜੀ 23 ਧੜੇ ਨੂੰ ਵੀ ਚਿੱਤ ਕਰ ਦਿੱਤਾ ਹੈ। ਸਰਵ ਭਾਰਤੀ ਕਾਂਗਰਸ ਪਾਰਟੀ ਦੀ ਜਥੇਬੰਦਕ ਚੋਣ 24 ਸਾਲ ਬਾਅਦ ਹੋਈ ਹੈ, ਜਿਸ ਵਿੱਚ ਮਲਿਕ ਅਰਜਨ ਖੜਗੇ ਸਿੱਧੇ ਮੁਕਾਬਲੇ ਵਿੱਚ ਲੋਕ ਸਭਾ ਦੇ ਤੇਜ ਤਰਾਰ ਮੈਂਬਰ ਸ਼ਸ਼ੀ ਥਰੂਰ ਨੂੰ 6818 ਵੋਟਾਂ ਦੇ ਭਾਰੀ ਬਹੁਮਤ ਨਾਲ ਹਰਾਕੇ ਪ੍ਰਧਾਨ ਚੁਣੇ ਗਏ ਹਨ। ਮਲਿਕ ਅਰਜਨ ਖੜਗੇ  ਨੂੰ 7897 ਅਤੇ ਸ਼ਸ਼ੀ ਥਰੂਰ ਨੂੰ 1072 ਵੋਟਾਂ ਪਈਆਂ ਹਨ। ਖੜਗੇ ਨੂੰ ਕੁਲ ਪੋਲ ਹੋਈਆਂ ਵੋਟਾਂ ਦਾ 84 ਫ਼ੀ ਸਦੀ ਪਈਆਂ ਹਨ। ਸੋਨੀਆਂ ਗਾਂਧੀ ਨੇ ਮਲਿਕ ਅਰਜਨ ਖੜਗੇ ਨੂੰ ਜਨਾਬ ਗ਼ੁਲਾਮ ਨਬੀ ਅਜ਼ਾਦ ਦੇ ਸੇਵਾ ਮੁਕਤ ਹੋਣ ਤੋਂ ਬਾਅਦ ਰਾਜ ਸਭਾ ਵਿੱਚ ਕਾਂਗਰਸ ਪਾਰਟੀ ਦੇ ਨੇਤਾ ਬਣਾਇਆ ਗਿਆ ਸੀ। ਮਲਿਕ ਅਰਜਨ ਖੜਗੇ ਅਸਿੱਧੇ ਤੌਰ ‘ਤੇ ਗਾਂਧੀ ਪਰਿਵਾਰ ਦੇ ਉਮੀਦਵਾਰ ਹੀ ਸਨ। ਉਨ੍ਹਾਂ ਦੀ ਚੋਣ ਨੂੰ ਗਾਂਧੀ ਪਰਿਵਾਰ ਦੀ ਜਿੱਤ ਹੀ ਸਮਝਿਆ ਜਾ ਰਿਹਾ ਹੈ। ਸ਼ਸ਼ੀ ਥਰੂਰ ਕਾਂਗਰਸ ਦੇ 23 ਜੀ ਧੜੇ ਦੇ ਮਹੱਤਵਪੂਰਨ ਆਗੂ ਹਨ, ਜਿਨ੍ਹਾਂ ਨੇ ਗਾਂਧੀ ਪਰਿਵਾਰ ਦੇ ਏਕਾ ਅਧਿਕਾਰ ਨੂੰ ਵੰਗਾਰਿਆ ਸੀ। ਸ਼ਸ਼ੀ ਥਰੂਰ ਲੋਕ ਸਭਾ ਦੀ ਚੋਣ ਕਦੀ ਵੀ ਨਹੀਂ ਹਾਰੇ, ਉਹ ਪੜ੍ਹੇ ਲਿਖੇ ਸਿਆਸਤਦਾਨ ਹਨ। ਮਲਿਕ ਅਰਜਨ ਖੜਗੇ ਲਗਾਤਾਰ 9 ਵਾਰ ਵਿਧਾਇਕ, ਦੋ ਵਾਰ ਲੋਕ ਸਭਾ ਅਤੇ ਇਕ ਵਾਰ ਰਾਜ ਸਭਾ ਦੇ ਮੈਂਬਰ ਬਣੇ ਹਨ।  ਕੇਂਦਰੀ ਮੰਤਰੀ ਵੀ ਰਹੇ ਹਨ। ਪਰੰਤੂ ਮੁੱਖ ਮੰਤਰੀ ਦੀ ਕੁਰਸੀ ਨਹੀਂ ਪ੍ਰਾਪਤ ਕਰ ਸਕੇ। ਆਪਣੇ ਸਿਆਸੀ ਗੁਰੂ ਕਰਨਾਟਕ ਦੇ ਦਿਗਜ਼ ਨੇਤਾ ਦੇਵ ਰਾਜ ਉਰਸ ਨਾਲ ਇੱਕ ਵਾਰ ਇੰਦਰਾ ਗਾਂਧੀ ਦੇ ਵਿਰੁਧ ਬਗਾਬਤ ਕਰਕੇ ਪਾਰਟੀ ਛੱਡ ਗਏ ਸਨ। ਜਗਜੀਵਨ ਰਾਮ ਤੋਂ ਬਾਅਦ ਕਾਂਗਰਸ ਪਾਰਟੀ ਦੇ ਪ੍ਰਧਾਨ ਬਣਨ ਵਾਲੇ ਦੂਜੇ ਦਲਿਤ ਨੇਤਾ ਹਨ। ਪਿਛਲੀ ਵਾਰ ਸਾਲ 2000 ਵਿੱਚ ਪ੍ਰਧਾਨ ਦੀ ਹੋਈ ਚੋਣ ਵਿੱਚ ਸ਼੍ਰੀਮਤੀ ਸੋਨੀਆਂ ਗਾਂਧੀ ਅਤੇ ਸਵਰਗਵਾਸੀ ਜਤਿੰਦਰ ਪ੍ਰਸਾਦਿ ਵਿੱਚ ਮੁਕਾਬਲਾ ਹੋਇਆ ਸੀ। ਸ਼੍ਰੀਮਤੀ ਸੋਨੀਆਂ ਗਾਂਧੀ ਵੱਡੇ ਫਰਕ ਨਾਲ ਚੋਣ ਜਿੱਤ ਗਏ ਸਨ। ਕਾਂਗਰਸ ਪਾਰਟੀ ਲਈ ਦੁੱਖ ਦੀ ਸਥਿਤੀ ਰਹੀ ਕਿਉਂਕਿ ਗਾਂਧੀ ਪਰਿਵਾਰ ਪਿਛਲੇ 44 ਸਾਲ ਤੋਂ ਇਕਾ ਦੁੱਕਾ ਵਾਰੀ ਨੂੰ ਛੱਡਕੇ ਕਾਂਗਰਸ ਦੇ ਪ੍ਰਧਾਨ ਰਹੇ ਅਤੇ ਕਾਂਗਰਸ ਪਾਰਟੀ ਦੀ ਸਥਿਤੀ ਦਿਨ-ਬਦਿਨ ਪਤਲੀ ਹੁੰਦੀ ਰਹੀ। ਇਨ੍ਹਾਂ 44 ਸਾਲਾਂ ਵਿੱਚ ਇਕੱਲੀ ਕਾਂਗਰਸ ਪਾਰਟੀ ਇਕ ਵਾਰ ਵੀ ਕੇਂਦਰ ਵਿੱਚ ਸਰਕਾਰ ਨਹੀਂ ਬਣਾ ਸਕੀ। ਸਿਰਫ ਦੋ ਵਾਰ ਡਾ.ਮਨਮੋਹਨ ਸਿੰਘ ਦੀ ਅਗਵਾਈ ਵਿੱਚ ਮਈ 2004-9 ਅਤੇ ਮਈ 2009 ਤੋਂ 2014 ਤੱਕ ਘੱਟ ਗਿਣਤੀ ਸਰਕਾਰ ਬਣੀ। ਇਹ ਸਰਕਾਰ ਵੀ ਯੂ.ਪੀ.ਏ. ਦੀ ਹੋਰ ਪਾਰਟੀਆਂ ਦੇ ਸਮਰਥਨ ਨਾਲ ਬਣੀ ਸੀ। 2009 ਵਿੱਚ ਕਾਂਗਰਸ ਪਾਰਟੀ ਦੀ ਪ੍ਰਧਾਨ ਭਾਵੇਂ ਸ਼੍ਰੀਮਤੀ ਸੋਨੀਆਂ ਗਾਂਧੀ ਸਨ ਪਰੰਤੂ ਲੋਕ ਸਭਾ ਦੀਆਂ ਚੋਣਾਂ ਡਾ.ਮਨਮੋਹਨ ਸਿੰਘ ਦੇ ਨਾਂ ‘ਤੇ ਲੜੀਆਂ ਗਈਆਂ ਸਨ। ਉਸ ਤੋਂ ਬਾਅਦ ਤਾਂ ਕਾਂਗਰਸ ਪਾਰਟੀ ਲੋਕ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਵੀ ਨਹੀਂ ਬਣਾ ਸਕੀ।  ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ 50 ਤੱਕ ਵੀ ਨਹੀਂ ਅੱਪੜੀ ਸਗੋਂ ਰਾਹੁਲ ਗਾਂਧੀ ਵੀ ਅਮੇਠੀ ਤੋਂ ਚੋਣ ਹਾਰ ਗਏ ਸਨ। 2019 ਦੀਆਂ ਲੋਕ ਸਭਾ ਦੀਆਂ ਚੋਣਾਂ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਲੜੀਆਂ ਗਈਆਂ ਅਤੇ ਕਾਂਗਰਸ ਬੁਰੀ ਤਰ੍ਹਾਂ ਹਾਰ ਗਈ। ਰਾਹੁਲ ਗਾਂਧੀ ਨੂੰ ਮੂੰਹ ਦੀ ਖਾਣੀ ਪਈ। ਕਾਂਗਰਸ ਪਾਰਟੀ ਦੀ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਰਾਹੁਲ ਗਾਂਧੀ ਨੇ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਸ ਤੋਂ ਬਾਅਦ ਸ਼੍ਰੀਮਤੀ ਸੋਨੀਆਂ ਗਾਂਧੀ ਪਿਛਲੇ ਤਿੰਨ ਸਾਲ ਤੋਂ ਕਾਰਜਵਾਹ ਪ੍ਰਧਾਨ ਦੇ ਤੌਰ ‘ਤੇ ਕੰਮ ਕਰ ਰਹੀ ਹੈ।

ਰਾਹੁਲ ਗਾਂਧੀ ਦੀਆਂ ਬਚਕਾਨਾ ਹਰਕਤਾਂ ਨੇ ਕਾਂਗਰਸ ਪਾਰਟੀ ਨੂੰ ਖ਼ਤਮ ਹੋਣ ਦੇ ਕਿਨਾਰੇ ਪਹੁੰਚਾ ਦਿੱਤਾ। ਆਪਣੇ ਹੀ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਜਿਸ ਦੀ ਕਾਬਲੀਅਤ ਦਾ ਸਿੱਕਾ ਸੰਸਾਰ ਮੰਨਦਾ ਹੈ, ਉਨ੍ਹਾਂ ਦੇ ਫ਼ੈਸਲੇ ਨੂੰ ਜਨਤਕ ਤੌਰ ‘ਤੇ ਪਾੜ ਕੇ ਆਪਣੀ ਸਿਆਸੀ ਸੂਝ ਦਾ ਦੀਵਾਲਾ ਕੱਢ ਦਿੱਤਾ ਸੀ। ਗਾਂਧੀ ਪਰਿਵਾਰ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਰਾਜਸਥਾਨ ਨੂੰ ਛੱਡ ਕੇ ਦੇਸ਼ ਦੇ ਲਗਪਗ ਸਾਰੇ ਰਾਜਾਂ ਵਿੱਚੋਂ ਆਪਣਾ ਆਧਾਰ ਖ਼ਤਮ ਕਰ ਚੁੱਕੀ ਹੈ। ਰਾਜਸਥਾਨ ਵਿੱਚ ਵੀ ਅਸਥਿਰਤਾ ਦਾ ਮਾਹੌਲ ਹੈ। ਨਹਿਰੂ-ਗਾਂਧੀ ਯੁਗ ਸਹੀ ਅਰਥਾਂ ਵਿੱਚ ਜਵਾਹਰ ਲਾਲ ਨਹਿਰੂ ਅਤੇ ਸ਼੍ਰੀਮਤੀ ਇੰਦਰਾ ਗਾਂਧੀ ਤੱਕ ਹੀ ਸੀਮਤ ਸੀ ਕਿਉਂਕਿ ਉਦੋਂ ਕਾਂਗਰਸ ਦਾ ਪ੍ਰਧਾਨ ਅਤੇ ਨੇਤਾ ਇਕੋ ਸਨ। ਭਾਵ ਟੂ-ਇਨ-ਵਨ ਸਨ, ਜਿਸ ਕਰਕੇ ਬਗਾਬਤ ਦੇ ਮੌਕੇ ਘੱਟ ਸਨ। ਜਦੋਂ ਡਾ.ਮਨਮੋਹਨ ਸਿੰਘ ਪ੍ਰਧਾਨ ਮੰਤਰੀ ਰਹੇ ਤਾਂ ਉਸ ਸਮੇਂ ਪਾਰਟੀ ਪ੍ਰਧਾਨ ਅਤੇ ਪ੍ਰਧਾਨ ਮੰਤਰੀ ਦਾ ਦਫਤਰ ਦੋ ਸ਼ਕਤੀ ਦੇ ਸੋਮੇ ਸਨ, ਜਿਸ ਕਰਕੇ ਰਾਹੁਲ ਦੀ ਦਖ਼ਲਅੰਦਾਜ਼ੀ ਸਰਕਾਰ ਦੀ ਕਾਰਜਕੁਸ਼ਲਤਾ ਵਿੱਚ ਰੁਕਾਵਟ ਬਣਦੀ ਰਹੀ। ਸ਼੍ਰੀਮਤੀ ਸੋਨੀਆਂ ਗਾਂਧੀ ਭਾਸ਼ਾ ਦੀ ਸਮੱਸਿਆ ਕਰਕੇ ਭਾਸ਼ਣ ਰਾਹੀਂ ਲੋਕਾਂ ਨੂੰ ਆਪਣੇ ਮਗਰ ਲਾਉਣ ਵਿੱਚ ਅਸਫਲ ਰਹੀ ਹੈ। ਇਤਾਲਵੀ ਮਾਤ ਭਾਸ਼ਾ ਹੋਣ ਕਰਕੇ ਹਿੰਦੀ ਦਾ ਉਚਾਰਣ ਕਰਨ ਵਿੱਚ ਵੀ ਅਟਕਦੀ ਰਹੀ ਹੈ। ਗਾਂਧੀ ਪਰਿਵਾਰ ਦੇ ਤੀਜੇ ਮੈਂਬਰ ਸ਼੍ਰੀਮਤੀ ਪਿ੍ਰਅੰਕਾ ਗਾਂਧੀ ‘ਤੇ ਕਰਿਸ਼ਮਾ ਵਿਖਾਉਣ ਦੀ ਉਮੀਦ ਸੀ, ਕਿਉਂਕਿ ਉਸ ਦੀ ਦਿੱਖ ਅਤੇ ਚਾਲ ਢਾਲ ਸ਼੍ਰੀਮਤੀ ਇੰਦਰਾ ਗਾਂਧੀ ਨਾਲ ਮੇਲ ਖਾਂਦਾ ਹੈ। ਪਰੰਤੂ ਉਹ ਵੀ ਉਤਰ ਪ੍ਰਦੇਸ਼ ਦੀਆਂ ਚੋਣਾਂ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਹੁਣ ਇਸ ਪਰਿਵਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਅਸਫਲ ਹੋਣ ਤੋਂ ਬਾਅਦ ਕਾਂਗਰਸ ਪਾਰਟੀ ਲਈ ਬਾਹਰਲਾ ਪ੍ਰਧਾਨ ਬਣਾਉਣਾ ਵੀ ਮਜ਼ਬੂਰੀ ਬਣ ਗਈ ਸੀ। ਇਉਂ ਲਗਦਾ ਹੈ ਕਿ ਚਮਚਾਗਿਰੀ ਕਰਨ ਵਾਲੇ ਨੇਤਾ ਮਲਿਕ ਅਰਜਨ ਖੜਗੇ ਦੇ ਰਾਹ ਵਿੱਚ ਵੀ ਕੰਡੇ ਵਿਛਾਉਣਗੇ। ਸਰਵ ਭਾਰਤੀ ਕਾਂਗਰਸ ਪਾਰਟੀ ਦੀ ਬਦਕਿਸਮਤੀ ਇਹ ਰਹੀ ਹੈ ਕਿ ਸਰਦਾਰ ਬਲਵ ਭਾਈ ਪਟੇਲ ਤੋਂ ਬਾਅਦ ਨਹਿਰੂ-ਗਾਂਧੀ ਪਰਿਵਾਰ ਦੇ ਮੁਕਾਬਲੇ ਦਾ ਕੋਈ ਦਿਗਜ਼ ਨੇਤਾ ਪੈਦਾ ਨਹੀਂ ਕਰ ਸਕੀ। ਨਹਿਰੂ-ਗਾਂਧੀ ਪਰਿਵਾਰ ਦੀ ਬਦਕਿਸਮਤੀ ਇਹ ਰਹੀ ਕਿ ਸ਼੍ਰੀਮਤੀ ਇੰਦਰਾ ਗਾਂਧੀ ਤੋਂ ਬਾਅਦ ਇਸ ਪਰਿਵਾਰ ਦਾ ਕੋਈ ਧੜੱਲੇਦਾਰ ਮਜ਼ਬੂਤ ਨੇਤਾ ਬਣ ਨਹੀਂ ਸਕਿਆ। ਰਾਜੀਵ ਗਾਂਧੀ ਕੋਟਰੀ ਵਿੱਚ ਫਸਿਆ ਰਿਹਾ। ਰਾਹੁਲ ਗਾਂਧੀ ਨੇ ਸੀਨੀਅਰ ਲੀਡਸ਼ਿਪ ਨੂੰ ਅਣਡਿਠ ਕਰ ਦਿੱਤਾ। ਜਿਸ ਦਾ ਇਵਜਾਨਾ ਕਾਂਗਰਸ ਪਾਰਟੀ ਨੂੰ ਭੁਗਤਣਾ ਪਿਆ। ਦੋ ਵਾਰ ਨਹਿਰੂ ਗਾਂਧੀ ਪਰਿਵਾਰ ਨੂੰ ਪਾਰਟੀ ਦੀ ਚੋਣ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ। 1939 ਵਿੱਚ ਮਹਾਤਮਾ ਗਾਂਧੀ ਦੇ ਉਮੀਦਵਾਰ ਸ਼੍ਰੀ ਪੀ ਸੀਤਾਰਮਈਆ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਹਰਾ ਦਿੱਤਾ ਸੀ। ਦੂਜੀ ਵਾਰੀ 1950 ਵਿੱਚ ਸਰਦਾਰ ਬਲਵ ਭਾਈ ਪਟੇਲ ਦੇ ਸਰਵ ਭਾਰਤੀ ਕਾਂਗਰਸ ਦੀ ਪ੍ਰਧਾਨਗੀ ਦੇ ਉਮੀਦਵਾਰ ਪ੍ਰਸ਼ੋਤਮ ਦਾਸ ਟੰਡਨ ਨੇ ਪੰਡਤ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਦੇ ਉਮੀਦਵਾਰ ਸ਼੍ਰੀ ਜੇ.ਬੀ.ਕਿ੍ਰਪਲਾਨੀ ਨੂੰ ਹਰਾ ਦਿੱਤਾ ਸੀ। ਉਸ ਤੋਂ ਬਾਅਦ ਕਾਂਗਰਸ ਪਾਰਟੀ ਵਿੱਚ ਚਮਚਾਗਿਰੀ ਭਾਰੂ ਹੋ ਗਈ। ਅਹੁਦਿਆਂ ਦੇ ਲਾਲਚ ਵਿੱਚ ਕਿਸੇ ਵੀ ਨੇਤਾ ਨੇ ਨਹਿਰੂ-ਗਾਂਧੀ ਪਰਿਵਾਰ ਦਾ ਵਿਰੋਧ ਕਰਨ ਦਾ ਹੌਸਲਾ ਨਹੀਂ ਕੀਤਾ। ਸ਼੍ਰੀ ਰਾਜੀਵ ਗਾਂਧੀ ਦੀ ਮੌਤ ਤੋਂ ਬਾਅਦ ਜਦੋਂ ਅਜੇ ਸ਼੍ਰੀਮਤੀ ਸੋਨੀਆਂ ਗਾਂਧੀ ਸਿਆਸਤ ਵਿੱਚ ਆਏ ਨਹੀਂ ਸਨ, ਉਦੋਂ ਪਹਿਲਾਂ ਪੀ.ਵੀ.ਨਰਸਿਮਹਾ ਰਾਓ ਅਤੇ ਫਿਰ ਸੀਤਾ ਰਾਮ ਕੇਸਰੀ ਦੋ ਨੇਤਾ ਅਜਿਹੇ ਹੋਏ ਹਨ, ਜਿਨ੍ਹਾਂ ਨੇ ਗਾਂਧੀ ਪਰਿਵਾਰ ਤੋਂ ਦੂਰੀ ਬਣਾਈ ਰੱਖੀ ਸੀ। ਉਨ੍ਹਾਂ ਤੋਂ ਬਾਅਦ ਕਿਸੇ ਨੇਤਾ ਨੇ ਗਾਂਧੀ ਪਰਿਵਾਰ ਨੂੰ ਵੰਗਾਰਨ ਦੀ ਕੋਸ਼ਿਸ਼ ਨਹੀਂ ਕੀਤੀ। 23 ਜੀ ਧੜੇ ਨੇ ਵੰਗਾਰਿਆ ਸੀ ਪਰੰਤੂ ਹੁਣ ਇਸ ਚੋਣ ਵਿੱਚ ਉਹ ਵੀ ਖੱਖੜੀਆਂ-ਖੱਖੜੀਆਂ ਹੋ ਗਏ ਹਨ। ਸਭ ਤੋਂ ਸੀਨੀਅਰ ਅਤੇ ਹੰਢਿਆ ਵਰਤਿਆ ਨੇਤਾ ਜਨਾਬ ਗ਼ੁਲਾਮ ਨਬੀ ਅਜ਼ਾਦ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਗਿਆ। ਭਾਰਤ ਦੀਆਂ ਸਿਆਸੀ ਪਾਰਟੀਆਂ ਵਿੱਚੋਂ ਸਭ ਤੋਂ ਪੁਰਾਣੀ ਕਾਂਗਰਸ ਪਾਰਟੀ ਦਾ ਨਵਾਂ ਪ੍ਰਧਾਨ 14ਵੀਂ ਵਾਰ ਨਹਿਰੂ-ਗਾਂਧੀ ਪਰਿਵਾਰ ਤੋਂ ਬਾਹਰਲਾ ਮੈਂਬਰ ਮਲਿਕ ਅਰਜਨ ਖੜਗੇ ਸਰਵ ਭਾਰਤੀ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਿਆਂ ਹੈ। ਇਸ ਤੋਂ ਪਹਿਲਾਂ 13 ਵਾਰ ਨਹਿਰੂ-ਗਾਂਧੀ ਪਰਿਵਾਰ ਦੇ ਜੇ.ਬੀ.ਕਿ੍ਰਪਲਾਨੀ, ਬੀ.ਪੱਟਾਭੀ ਸੀਤਾਰਮਈਆ, ਪੁਰਸ਼ੋਤਮ ਦਾਸ ਟੰਡਨ, ਯੂ.ਐਨ.ਢੇਬਰ, ਐਨ.ਸੰਜੀਵਾ ਰੈਡੀ, ਕੇ.ਕਾਮਰਾਜ, ਐਸ.ਨਿਜ☬ਲੰਗੱਪਾ, ਜਗਜੀਵਨ ਰਾਮ, ਸ਼ੰਕਰ ਦਿਆਲ ਸ਼ਰਮਾ, ਡੀ.ਕੇ.ਬਰੂਆ, ਕੇ.ਬੀ.ਰੈਡੀ, ਪੀ.ਵੀ.ਨਰਸਿਮਹਾ ਰਾਓ ਅਤੇ ਸੀਤਾਰਮਨ ਕੇਸਰੀ ਆਦਿ ਸਨ।

ਹੁਣ ਪਾਰਟੀ ਵਿੱਚ ਪਹਿਲਾਂ ਦੀ ਤਰ੍ਹਾਂ ਗਾਂਧੀ ਪਰਿਵਾਰ ਦੀ ਤੂਤੀ ਬੋਲਦੀ ਰਹੇਗੀ ਪਰੰਤੂ ਜਵਾਬਦੇਹੀ ਮਲਿਕ ਅਰਜਨ ਖੜਗੇ ਦੀ ਹੋਵੇਗੀ। ਪਰਿਵਾਰਵਾਦ ਦੇ ਦੋਸ਼ ਤੋਂ ਮੁਕਤ ਹੋ ਗਏ ਹਨ ਪਰੰਤੂ ਰੀਮੋਟ ਕੰਟਰੋਲ ਨਾਲ ਮਲਿਕ ਅਰਜਨ ਖੜਗੇ ਨੂੰ ਚਲਾਉਣਗੇ। ਕਾਂਗਰਸ ਪਾਰਟੀ ਦੀ ਮਜ਼ਬੂਰੀ ਇਕ ਹੋਰ ਵੀ ਹੈ ਕਿ ਜੇਕਰ ਗਾਂਧੀ ਪਰਿਵਾਰ ‘ਤੇ ਨਿਰਭਰ ਹੁੰਦੇ ਹਨ ਤਾਂ ਪਰਿਵਾਰਵਾਦ ਦਾ ਦੋਸ਼ ਲਗਦਾ ਰਹਿਣਾ ਸੀ ਅਤੇ ਹੁਣ ਬਾਹਰਲਾ ਉਮੀਦਵਾਰ ਬਣਾਇਆ ਹੈ ਤਾਂ ਸਾਰੇ ਧੜੇ ਖ਼ੁਸ਼ ਰੱਖਣੇ ਅਸੰਭਵ ਹੋ ਜਾਣਗੇ। ਕਾਂਗਰਸ ਪਾਰਟੀ ਦੀ ਤਰਾਸਦੀ ਇਹ ਹੈ ਕਿ ਲੰਬਾ ਸਮਾਂ ਦੇਸ਼ ਦੀ ਵਾਗ ਡੋਰ ਸੰਭਾਲਣ ਕਰਕੇ ਪਾਰਟੀ ਦੇ ਨੇਤਾਵਾਂ ਨੂੰ ਅਹੁਦਿਆਂ ਤੋਂ ਬਿਨਾ ਸਮਾਜ ਵਿੱਚ ਵਿਚਰਨਾ ਔਖਾ ਲਗਦਾ ਹੈ। ਉਹ ਨੇਤਾ ਬਣਕੇ ਪਾਰਟੀ ਦੀ ਸੇਵਾ ਕਰਨਾ ਚਾਹੁੰਦੇ ਹਨ। ਕੋਈ ਵੀ ਵਰਕਰ ਬਣਨ ਲਈ ਤਿਆਰ ਨਹੀਂ, ਜਿਸ ਕਰਕੇ ਪਾਰਟੀ ਦਾ ਅਕਸ ਚੰਗਾ ਨਹੀਂ ਰਿਹਾ। ਵੇਖੋ ਮਲਿਕ ਅਰਜਨ ਖੜਗੇ ਦੇ ਪ੍ਰਧਾਨ ਬਣਨ ਨਾਲ ਊਂਟ ਕਿਸ ਕਰਵਟ ਬੈਠਦਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>