ਸਰਵ-ਗੁਣ ਸੰਪੰਨ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ

ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ, ਗੁਰੂ ਘਰ ਤੋਂ ਵਰੋਸਾਏ ਹੋਏ ਇਕ ਅਜਿਹੇ ਸਰਵ-ਗੁਣ ਸੰਪੰਨ ਗੁਰਸਿੱਖ ਸਨ, ਜਿਨ੍ਹਾਂ ਦੀਆਂ ਅੱਖਾਂ ਅੱਗੇ ਗੁਰ ਇਤਿਹਾਸ ਦਾ ਲਗਭਗ ਅੱਧਾ ਹਿੱਸਾ ਬੀਤਿਆ। ਗੁਰੂ ਨਾਨਕ ਸਾਹਿਬ ਸਮੇਤ ਪਹਿਲੇ ਅੱਠ ਪਾਤਸ਼ਾਹੀਆਂ ਦੇ ਦਰਸ਼ਨ, ਪੰਜ ਪਾਤਸ਼ਾਹੀਆਂ ਨੂੰ ਆਪਣੀ ਹੱਥੀਂ ਗੁਰਤਾ ਗੱਦੀ ’ਤੇ ਬਿਰਾਜਮਾਨ ਕਰਦਿਆਂ ਤਿਲਕ ਕਰਨ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਸ਼ੋਭਿਤ ਕਰਨ ਸਮੇਂ ਪਹਿਲਾ ਮੁੱਖ ਗ੍ਰੰਥੀ ਹੋਣ ਦਾ ਉੱਚਾ ਮੁਕਾਮ ਅਤੇ ਮਾਣ ਵੀ ਉਨ੍ਹਾਂ ਦੇ ਹੀ ਹਿੱਸੇ ਆਇਆ। ਸਾਰੇ ਗੁਰੂ ਸਾਹਿਬਾਨ ਬਾਬਾ ਬੁੱਢਾ ਜੀ ਦਾ ਬਹੁਤ ਸਤਿਕਾਰ ਕਰਦੇ ਸਨ। ਕਿਹਾ ਜਾਂਦਾ ਹੈ ਕਿ ਪੰਚਮ ਪਾਤਿਸ਼ਾਹ ਬਾਬਾ ਬੁੱਢਾ ਜੀ ਦੇ ਸਤਿਕਾਰ ਵਿਚ ਖ਼ੁਦ ਕਈ ਵਾਰ ਖੜ੍ਹੇ ਹੋ ਜਾਂਦੇ ਸਨ। ਬਾਬਾ ਬੁੱਢਾ ਜੀ ਨੇ ਅਨੇਕਾਂ ਬਿਖੜੇ ਸਮਿਆਂ ਵਿਚ ਆਪਣੀ ਦੂਰ-ਦ੍ਰਿਸ਼ਟੀ ਅਤੇ ਤੀਖਣ ਬੁੱਧੀ ਰਾਹੀਂ ਸਿੱਖਾਂ ਨੂੰ ਸੇਧ ਦੇ ਕੇ ਇੱਕ ਝੰਡੇ ਹੇਠ ਰੱਖਿਆ ਸੀ। ਬਾਬਾ ਬੁੱਢਾ ਜੀ ਜਿੱਥੇ ਸੁਯੋਗ ਪ੍ਰਬੰਧਕ ਸਨ, ਉੱਥੇ ਉੱਚੇ-ਸੁੱਚੇ ਜੀਵਨ ਵਾਲੇ ਪੂਰਨ ਗੁਰਸਿੱਖ ਅਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਮਾਲਕ ਸਨ।

ਬਾਬਾ ਬੁੱਢਾ ਜੀ ਦਾ ਜਨਮ ਸੰਮਤ 1563 ਬਿਕਰਮੀ, 7 ਕੱਤਕ ( ਅੱਜ ਦੇ ਅਨੁਸਾਰ 23 ਅਕਤੂਬਰ) ਨੂੰ ਭਾਈ ਸੁੱਘਾ ਜੀ ਰੰਧਾਵਾ ਦੇ ਗ੍ਰਹਿ ਵਿਖੇ ਮਾਤਾ ਗੌਰਾਂ ਜੀ ਦੀ ਕੁੱਖੋਂ ਪਿੰਡ ਕੱਥੂਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਮਾਪਿਆਂ ਨੇ ਉਨ੍ਹਾਂ ਦਾ ਨਾਂ ਬੂੜਾ ਰੱਖਿਆ। 12 ਸਾਲ ਦੀ ਉਮਰ ’ਚ ਪਸ਼ੂ ਚਾਰਦੇ ਵਕਤ ਉਸ ਦਾ ਗੁਰੂ ਨਾਨਕ ਦੇਵ ਜੀ ਨਾਲ ਮੇਲ ਹੋਇਆ ।  ਗੁਰੂ ਸਾਹਿਬ ਨੂੰ ਸਾਧੂ ਜਾਣ ਕੇ ਦੁੱਧ ਲੈ ਕੇ ਹਾਜ਼ਰੀ ਭਰੀ ਅਤੇ ਸਤਿਗੁਰਾਂ ਨਾਲ ਬਿਬੇਕ ਵੈਰਾਗ ਦੀਆਂ ਗੱਲਾਂ ਕੀਤੀਆਂ । ਬੂੜੇ ਦੇ ਵਿਚਾਰਾਂ ਨੂੰ ਸੁਣ ਕੇ ਸਤਿਗੁਰੂ ਜੀ ਬਖਸ਼ਿਸ਼ ਦੇ ਘਰ ਆਏ ਅਤੇ ਕਿਹਾ ’’ਭਾਵੇਂ ਉਮਰ ਨਿੱਕੀ ਹੈ, ਪਰ ਸੂਝ ਸਮਝ ਪੱਖੋਂ ਤੂੰ ਬੂੜਾ ਨਹੀਂ ਸਗੋਂ ਬੁੜ੍ਹਾ ਭਾਵ ਬੁੱਢਾ ਹੈ।’’ ਉਸ ਦਿਨ ਤੋਂ ਉਨ੍ਹਾਂ ਦਾ ਨਾਮ ਬੁੱਢਾ ਹੋ ਗਿਆ ਅਤੇ ਗੁਰੂ ਨਾਨਕ ਦੇਵ ਜੀ ਦਾ ਸਿੱਖ ਹੋ ਕੇ ਸ਼ਰਧਾ ਤੇ ਪਿਆਰ ਨਾਲ ਸੇਵਾ ਸਿਮਰਨ ’ਚ ਜੁੱਟ ਗਏ । ਅਣਥੱਕ ਸੇਵਾ ਸਿਮਰਨ ਅਤੇ ਸਮਰਪਣ ਨਾਲ ਗੁਰੂਘਰ ’ਚ ਉੱਚਾ ਮੁਕਾਮ ਪਾਇਆ। ਕਰਤਾਰਪੁਰ ਰਹਿੰਦਿਆਂ ਸਤਿਗੁਰਾਂ ਤੋਂ ਪ੍ਰਾਪਤ ਗੁਰਮਤਿ ਗਿਆਨ ਨੂੰ ਹੋਰ ਸਿੱਖਾਂ ਵਿਚ ਖੁੱਲ੍ਹੇ ਦਿਲ ਨਾਲ ਵੰਡਿਆ। ਇਸੇ ਦੌਰਾਨ ਉਸ ਦਾ ਵਿਆਹ ਪਿੰਡ ਅਚੱਲ (ਵਟਾਲੇ) ਦੇ ਜ਼ਿਮੀਂਦਾਰ ਸਮਰਾਹ ਗੋਤ ਦੀ ਪੁੱਤਰੀ ਮਾਤਾ ਮਿਰੋਆ ਨਾਲ ਹੋਇਆ। ਉਨ੍ਹਾਂ ਦੇ ਗ੍ਰਹਿ ਚਾਰ ਪੁੱਤਰਾਂ ਨੇ ਜਨਮ ਲਿਆ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸ੍ਰੀ ਗੁਰੂ ਅੰਗਦ ਦੇਵ ਜੀ ਸਤਿਗੁਰਾਂ ਦੇ ਵਿਛੋੜੇ ਦੀ ਸਲ ’ਚ ਖਡੂਰ ਸਾਹਿਬ ਵਿਖੇ ਮਾਈ ਸਭਰਾਈ ਦੇ ਘਰ ਇਕ ਬੰਦ ਕਮਰੇ ਵਿਚ ਸਮਾਧੀ ਲਾ ਕੇ ਬੈਠ ਗਏ ਸਨ ਤਾਂ ਬਾਬਾ ਬੁੱਢਾ ਜੀ ਨੇ ਹੀ ਸਤਿਗੁਰਾਂ ਨੂੰ ਲੱਭ ਕੇ ਸੰਗਤਾਂ ਨੂੰ ਦਰਸ਼ਨ ਕਰਾਏ। ਇਸੇ ਤਰਾਂ ਇਕ ਵਕਤ ਆਇਆ ਜਦ ਸ੍ਰੀ ਗੁਰੂ ਅਮਰਦਾਸ ਜੀ ਕੁਝ ਉਪਰਾਮ ਹੋ ਕੇ ਬਾਸਰਕੇ ਇਕ ਕੋਠੇ ਵਿਚ ਬੂਹਾ ਬੰਦ ਕਰ ਕੇ ਆਣ ਬਿਰਾਜੇ ਅਤੇ ਬਾਹਰ ਲਿਖ ਦਿੱਤਾ ਕਿ “ਜੋ ਕੋਈ  ਇਹ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰੇਗਾ ਉਹ ਮੇਰਾ ਸਿੱਖ ਨਹੀਂ ਹੋਵੇਗਾ” ਤਾਂ ਬਾਬਾ ਬੁੱਢਾ ਜੀ ਨੇ ਹੀ ਹੁਕਮ ਅਦੂਲੀ ਤੋਂ ਬਚਦੇ ਹੋਏ ਪਿੱਛੋਂ ਸੰਨ੍ਹ ਲਾ ਕੇ ਗੁਰੂ ਸਾਹਿਬ ਦੇ ਸੰਗਤ ਨੂੰ ਦਰਸ਼ਨ ਕਰਾਏ। ਖਡੂਰ ਸਾਹਿਬ ਵਿਖੇ ਗੁਰਬਾਣੀ ਅਰਥ ਪੜਾਉਣ ਅਤੇ ਤੀਜੇ ਪਾਤਿਸ਼ਾਹ ਜੀ ਵੱਲੋਂ ਗੋਇੰਦਵਾਲ ਸ਼ਹਿਰ ਵਸਾਉਂਦਿਆਂ ਇੱਥੇ ਊਚ-ਨੀਚ, ਛੂਤ-ਛਾਤ ਦੇ ਵਿਰੁੱਧ ਇਕ ਸਾਂਝੀ ਬਾਉਲੀ ਦੇ ਨਿਰਮਾਣ ਦੀ ਸੌਂਪੀ ਗਈ ਸਾਰੀ ਜ਼ਿੰਮੇਵਾਰੀ ਬਾਬਾ ਬੁੱਢਾ ਜੀ ਨੇ ਖ਼ੂਬ ਨਿਭਾਈ । 1627 ਬਿ: ਨੂੰ ਜਦ ਗੁਰੂ ਅਮਰਦਾਸ ਜੀ ਅੰਮ੍ਰਿਤਸਰ ਸ਼ਹਿਰ ਦੀ ਨੀਂਹ ਰੱਖਣ ਲਈ ਮੋਹੜੀ ਗੱਡਣ ਜਾ ਰਹੇ ਸਨ, ਉਸ ਵਕਤ ਬਾਬਾ ਬੁੱਢਾ ਜੀ ਵੀ ਉਨ੍ਹਾਂ ਦੇ ਨਾਲ ਸਨ। ਗੁਰੂ ਸਾਹਿਬ ਦੇ ਆਦੇਸ਼ ਅਤੇ ਬਾਬਾ ਬੁੱਢਾ ਜੀ ਦੀ ਸਲਾਹ ਨਾਲ ਹੀ (ਗੁਰੂ) ਰਾਮਦਾਸ ਜੀ ਵੱਲੋਂ ਇੱਥੇ ਸ਼ਹਿਰ ਦੀ ਉਸਾਰੀ ਅਤੇ ਸਰੋਵਰਾਂ ਦਾ ਨਿਰਮਾਣ ਸਮੇਤ ਬਹੁਤ ਸਾਰੇ ਕਾਰਜ ਸੰਪੂਰਨ ਕੀਤੇ ਗਏ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਅੰਮ੍ਰਿਤ ਸਰੋਵਰ ਦੀ ਮੁੜ ਕਾਰਸੇਵਾ ਸ਼ੁਰੂ ਹੋਈ ਤਾਂ ਬਾਬਾ ਬੁੱਢਾ ਜੀ ਟੋਕਰੀ ਚੁੱਕਣ ਅਤੇ ਬੇਰੀ ਹੇਠ ਬੈਠ ਕੇ ਨਿਗਰਾਨੀ ਕਰਿਆ ਕਰਦੇ ਸਨ। 1 ਮਾਘ 1645 ਬਿ: ਨੂੰ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਤਾਂ ਉਸ ਸਮੇਂ ਅਰਦਾਸ ਬਾਬਾ ਬੁੱਢਾ ਜੀ ਨੇ ਹੀ ਕੀਤੀ ਸੀ । ਇਤਿਹਾਸ ਦੱਸਦਾ ਹੈ ਕਿ ਗੁਰੂ ਅਰਜਨ ਦੇਵ ਜੀ ਕੇ ਮਹਿਲ ਮਾਤਾ ਗੰਗਾ ਜੀ ਦੀ ਇੱਛਾ ਅਨੁਸਾਰ ਬਾਬਾ ਬੁੱਢਾ ਜੀ ਦੇ ਬਲੀ ਯੋਧਾ ਪੁੱਤਰ ਹੋਣ ਦੇ ਵਰਦਾਨ ਨਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਅਵਤਾਰ ਧਾਰਿਆ। ਬਾਲ ਸ੍ਰੀ ਹਰਿਗੋਬਿੰਦ ਸਾਹਿਬ ਨੂੰ ਸ਼ਸਤਰ ਅਤੇ ਸ਼ਾਸਤਰ ਵਿੱਦਿਆ ਖ਼ੁਦ ਬਾਬਾ ਬੁੱਢਾ ਜੀ ਨੇ ਦਿੱਤੀ। ਗੁਰੂ ਅਰਜਨ ਦੇਵ ਜੀ ਵੱਲੋਂ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਵੀ ਬਾਬਾ ਜੀ ਅਹਿਮ ਯੋਗਦਾਨ ਪਾਉਂਦੇ ਰਹੇ। ਜਦ 1661 ਬਿ: ਭਾਦੋਂ ਸੁਦੀ 1 ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਹਿਲੀ ਵਾਰ ਸੁਭਾਇਮਾਨ ਕੀਤਾ ਜਾਣਾ ਸੀ ਤਾਂ ਬੀੜ ਸਾਹਿਬ ਬਾਬਾ ਬੁੱਢਾ ਜੀ ਦੇ ਸੀਸ ’ਤੇ ਸੀ ਅਤੇ ਪੰਚਮ ਪਾਤਿਸ਼ਾਹ ਚੌਰ ਕਰ ਰਹੇ ਸਨ। ਗੁਰੂ ਸਾਹਿਬ ਦਾ ਹੁਕਮ ਪਾ ਕੇ ਬੀੜ ਸਾਹਿਬ ਦਾ ਪ੍ਰਕਾਸ਼ ਬਾਬਾ ਬੁੱਢਾ ਜੀ ਨੇ ਖ਼ੁਦ ਕੀਤਾ ਤੇ ਪਹਿਲਾ ਹੁਕਮਨਾਮਾ ” ਸੂਹੀ ਮਹਲਾ 5।। ਸੰਤਾ ਕੇ ਕਾਰਜ ਆਪ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ।।” ਲਿਆ। ਇਸ ਪ੍ਰਕਾਰ ਸ੍ਰੀ ਦਰਬਾਰ ਸਾਹਿਬ ਦੀ ਮਰਯਾਦਾ ਬੰਨੀ ਗਈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਲਾਹੌਰ ਜਾਂਦੇ ਸਮੇਂ ਗੁਰੂ ਹਰਿਗੋਬਿੰਦ ਸਾਹਿਬ ਨੂੰ ਬਾਬਾ ਬੁੱਢਾ ਜੀ ਦਾ ਸਤਿਕਾਰ ਬਣਾਈ ਰੱਖਣ ਦੀ ਹਦਾਇਤ ਕਰਦੇ ਹਨ। ਪੰਚਮ ਪਾਤਿਸ਼ਾਹ ਦੀ ਸ਼ਹੀਦੀ ਉਪਰੰਤ ਸਿੱਖਾਂ ’ਚ ਵੀਰਤਾ ਦਾ ਸੰਚਾਰ ਕਰਨ ਹਿਤ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ 1663 ਬਿ: ਹਾੜ ਵਦੀ ਪੰਚਮੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਮਾਣ ਲਈ ਬਾਬਾ ਬੁੱਢਾ ਜੀ ਤੋਂ ਅਰਦਾਸ ਕਰਾਉਣ ਉਪਰੰਤ ਪਹਿਲੀ ਇੱਟ ਬੜੇ ਬਲ ਅਤੇ ਤੇਜ਼ ਵਿਚ ਰੱਖੀ ਗਈ। ਇਸ ਤਖ਼ਤ ਸਾਹਿਬ ਨੂੰ ਰਾਜ ਮਿਸਤਰੀਆਂ ਨੇ ਨਹੀਂ ਸਗੋਂ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੁਆਰਾ ਪਵਿੱਤਰ ਕਰ ਕਮਲਾਂ ਨਾਲ ਤਾਮੀਰ ਕਰਾਇਆ ਗਿਆ। ਛੇਵੇਂ ਪਾਤਸ਼ਾਹ ਹਾੜ ਸੁਦੀ ਨੌਵੀਂ ਨੂੰ ਇਸ ਤਖ਼ਤ ’ਤੇ ਸਸ਼ੋਭਿਤ ਹੋਏ ਅਤੇ ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਨੂੰ ਬਾਦਸ਼ਾਹਾਂ ਵਾਂਗ ਤਖ਼ਤ ਨਸ਼ੀਨੀ ਦਾ ਤਿਲਕ ਲਾਇਆ ਅਤੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨਾਈਆਂ। ਗੁਰੂ ਸਾਹਿਬ ਨੇ ਸੰਗਤ ਨੂੰ ਅੱਗੇ ਤੋਂ ਜੰਗੀ ਸਾਜ਼ੋ- ਸਮਾਨ ਅਤੇ ਘੋੜਿਆਂ ਦੀ ਭੇਟਾ ਲਿਆਉਣ ਦਾ ਹੁਕਮ ਦਿੱਤਾ। ਜਦੋਂ ਜਹਾਂਗੀਰ ਨੇ ਚੰਦੂ ਦੀ ਚੁੱਕ ’ਤੇ ਗੁਰੂ ਹਰਿਗੋਬਿੰਦ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕਰ ਲਿਆ ਤਾਂ ਬਾਬਾ ਬੁੱਢਾ ਜੀ ਨੇ ਸਤਿਗੁਰਾਂ ਦੀ ਯਾਦ ਵਿਚ ਸ਼ਬਦ ਚੌਕੀ ਦੀ ਰੀਤ ਚਲਾਈ ਅਤੇ ਗਵਾਲੀਅਰ ਵਿਖੇ ਜਾ ਕੇ ਸਤਿਗੁਰਾਂ ਦਾ ਸੁੱਖ-ਸਾਂਦ ਪਤਾ ਕਰਨ ਤੋਂ ਇਲਾਵਾ ਸਿੱਖਾਂ ਦਾ ਮਨੋਬਲ ਕਾਇਮ ਰੱਖਣ ’ਚ ਬਾਬਾ ਬੁੱਢਾ ਜੀ ਨੇ ਅਹਿਮ ਰੋਲ ਅਦਾ ਕੀਤਾ। ਅੰਤ ਸਮਾਂ ਨੇੜੇ ਦੇਖ ਬਾਬਾ ਬੁੱਢਾ ਜੀ ਦੀ ਇੱਛਾ ਅਨੁਸਾਰ ਬਾਬਾ ਜੀ ਦੇ ਸਰੀਰ ਤਿਆਗਣ ਤੋਂ ਪਹਿਲਾਂ ਰਮਦਾਸ ਨਗਰ ਵਿਖੇ ਸਤਿਗੁਰਾਂ ਨੇ ਬਾਬਾ ਬੁੱਢਾ ਜੀ ਨੂੰ ਦਰਸ਼ਨ ਦਿੱਤੇ। ਆਪਣੇ ਛੋਟਾ ਪੁੱਤਰ ਭਾਈ ਭਾਨਾ ਜੀ ਦੀ ਬਾਂਹ ਗੁਰੂ ਸਾਹਿਬ ਨੂੰ ਫੜਾਈ।  ਅੰਤ 14 ਮੱਘਰ, ਮੱਘਰ ਸੁਦੀ 4 ਸੰਮਤ 1688 ਬਿ: ਨੂੰ 125 ਸਾਲ ਦੀ ਉਮਰ ਭੋਗਦਿਆਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਹੱਥਾਂ ’ਚ ਪੰਜ ਭੌਤਿਕ ਸਰੀਰ ਤਿਆਗ ਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਗੁਰੂ ਜੋਤਿ ਵਿਚ ਅਭੇਦ ਹੋ ਗਏ। ਗੁਰੂ ਘਰ ਦੇ ਅਨਿਨ ਸੇਵਕ, ਪ੍ਰਚਾਰਕ, ਪਰਉਪਕਾਰੀ, ਮਹਾਨ ਉਸਰੱਈਏ, ਦੂਰ-ਅੰਦੇਸ਼, ਸ਼ਸਤਰ ਵਿੱਦਿਆ ਦੇ ਮਾਹਿਰ ਅਤੇ ਵਿਦਵਾਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਪਾਵਨ ਦੇਹੀ ਦਾ ਸਸਕਾਰ ਸਤਿਗੁਰਾਂ ਦੀ ਨਿਗਰਾਨੀ ’ਚ ਸਤਿਕਾਰ ਸਹਿਤ ਕੀਤਾ ਗਿਆ। ਗੁਰਬਾਣੀ ’ਚ ਜਿਸ ਪੂਰਨ ਮਨੁੱਖ, ਬ੍ਰਹਮ ਗਿਆਨੀ, ਗੁਰਮੁਖ ਜਾਂ ਸੰਤ ਆਦਿ ਸਰਵ-ਗੁਣ ਵਿਦਮਾਨ ਇਸ ਜੀਉੜੇ ਦਾ ਨਾਂ ਸਿੱਖ ਇਤਿਹਾਸ ਵਿਚ ਹਮੇਸ਼ਾਂ ਚਾਨਣ-ਮੁਨਾਰੇ ਦਾ ਕੰਮ ਕਰਦਾ ਰਹੇਗਾ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>