ਚੰਡੀਗੜ੍ਹ ਯੂਨੀਵਰਸਿਟੀ ਵਿਖੇ ਫੈਪ ਨੈਸ਼ਨਲ ਐਵਾਰਡ-2022 ਦੇ ਪਹਿਲੇ ਦਿਨ 230 ਸਕੂਲਾਂ ਅਤੇ 135 ਪ੍ਰਿੰਸੀਪਲਾਂ ਦਾ ਵਿਸ਼ੇਸ਼ ਐਵਾਰਡਾਂ ਨਾਲ ਸਨਮਾਨ

Press Pic 1(29).resizedਨਵੀਂ ਸਿੱਖਿਆ ਨੀਤੀ-2022 ਨੂੰ ਲਾਗੂ ਕਰਨ ਵਿੱਚ ਦੇਸ਼ ਦੇ ਪ੍ਰਾਈਵੇਟ ਸਕੂਲ ਅਤੇ ਸੰਸਥਾਵਾਂ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਕਿਉਂਕਿ ਭਾਰਤ ’ਚ ਕੁੱਲ ਸਕੂਲਾਂ ਦੀ ਗਿਣਤੀ ਵਿਚੋਂ 26 ਫ਼ੀਸਦੀ ਪ੍ਰਾਈਵੇਟ ਸਕੂਲ ਹਨ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਰਾਜਪਾਲ ਅਤੇ ਯੂ.ਟੀ ਪ੍ਰਸ਼ਾਸਕ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਵੱਲੋਂ ਕੀਤਾ ਗਿਆ। ਇਸ ਮੌਕੇ ਉਹ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ (ਫੈਪ) ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਕਰਵਾਏ ‘ਨੈਸ਼ਨਲ ਸਕੂਲ ਐਵਾਰਡ-2022’ ਸਮਾਗਮ ਦੌਰਾਨ ਬਤੌਰ ਮੁੱਖ ਮਹਿਮਾਨ ਸੰਬੋਧਨ ਕਰ ਰਹੇ ਸਨ। ਇਸ ਰਾਸ਼ਟਰ ਪੱਧਰੀ ਸਮਾਗਮ ਦੇ ਪਹਿਲੇ ਦਿਨ ਦੇਸ਼ ਭਰ ਤੋਂ 230 ਸਕੂਲਾਂ ਨੂੰ ‘ਬੈਸਟ ਨੈਸ਼ਨਲ ਸਕੂਲ’ ਐਵਾਰਡ ਦਿੱਤੇ ਗਏ ਜਦਕਿ 135 ਪ੍ਰਿੰਸੀਪਲਾਂ ਦਾ ਬੈਸਟ ਪਿ੍ਰੰਸੀਪਲ ਐਵਾਰਡ ਸ਼੍ਰੇਣੀ ਅਧੀਨ ਸਨਮਾਨ ਕੀਤਾ ਗਿਆ।ਸਮਾਗਮ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ ਅਤੇ ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਅਤੇ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਉਚੇਚੇ ਤੌਰ ’ਤੇ ਮੌਜੂਦ ਰਹੇ।

ਇਸ ਮੌਕੇ ਬੋਲਦਿਆਂ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਨੇ ਪ੍ਰਾਈਵੇਟ ਸਕੂਲਾਂ ਦੇ ਯੋਗਦਾਨ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਦੁਆਰਾ ਐਲਾਨੀ ਨਵੀਂ ਸਿੱਖਿਆ ਨੀਤੀ-2022 ਨੂੰ ਲਾਗੂ ਕਰਨ ਵਿੱਚ ਪ੍ਰਾਈਵੇਟ ਸਕੂਲ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਦੱਸਿਆ ਕਿ ਭਾਰਤ ਦੇ ਕੁੱਲ ਸਕੂਲਾਂ ਵਿੱਚੋਂ, ਨਿੱਜੀ ਖੇਤਰ ਦੇ ਸਕੂਲ ਕੁੱਲ ਗਿਣਤੀ ਦਾ 26 ਫ਼ੀਸਦੀ ਬਣਦੇ ਹਨ ਜਦਕਿ ਪੰਜਾਬ ਵਿੱਚ ਪ੍ਰਾਈਵੇਟ ਸੈਕਟਰ ਦੇ ਸਕੂਲਾਂ ਦੀ ਗਿਣਤੀ 30 ਫ਼ੀਸਦੀ ਹੈ ਜੋ ਰਾਸ਼ਟਰੀ ਔਸਤ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਕੁੱਲ ਦਾਖ਼ਲਾ ਅਨੁਪਾਤ ਦੇ ਅੰਕੜਿਆਂ ਨੂੰ ਸੁਧਾਰਨ ਵਿੱਚ ਪ੍ਰਾਈਵੇਟ ਸਕੂਲਾਂ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ, ਜਿਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।ਉਨ੍ਹਾਂ ਕਿਹਾ ਕਿ 100 ਫ਼ੀਸਦੀ ਦਾਖ਼ਲਾ ਯਕੀਨੀ ਬਣਾਉਣ ’ਚ ਪ੍ਰਾਈਵੇਟ ਸਕੂਲਾਂ ’ਤੇ ਵੱਡੀ ਜ਼ੁੰਮੇਵਾਰੀ ਹੈ ਤਾਂ ਜੋ ਦੇਸ਼ ਦੇ ਹਰ ਬੱਚੇ ਤੱਕ ਸਿੱਖਿਆ ਦੀ ਪਹੁੰਚ ਬਣਾਈ ਜਾ ਸਕੇ। ਉਨ੍ਹਾਂ ਦੇਸ਼ ਭਰ ਤੋਂ ਸਮਾਗਮ ’ਚ ਸ਼ਿਰਕਤ ਕਰਨ ਵਾਲੇ ਸਕੂਲਾਂ ਦੇ ਪਿ੍ਰੰਸੀਪਲਾਂ ਅਤੇ ਨੁਮਾਇੰਦਿਆਂ ਨੂੰ ਵੀ ਨਵੀਂ ਸਿੱਖਿਆ ਨੀਤੀ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਲਈ ਪ੍ਰੇਰਿਤ ਕੀਤਾ।

Press Pic 2(14).resizedਉਨ੍ਹਾਂ ਕਿਹਾ ਕਿ ਪ੍ਰਾਚੀਨ ਕਾਲ ਤੋਂ ਹੀ ਸਿੱਖਿਆ ਭਾਰਤ ਦੇ ਵਿਕਾਸ ਦਾ ਧੁਰਾ ਰਹੀ ਹੈ। ਸਾਡੇ ਪੂਰਵਜਾਂ ਨੇ ਸੈਂਕੜੇ ਸਾਲ ਪਹਿਲਾਂ ਨਾਲੰਦਾ ਅਤੇ ਤਕਸ਼ਿਲਾ ਦੇ ਰੂਪ ’ਚ ਵਿਸ਼ਵ ਦੀਆਂ ਸਭ ਤੋਂ ਵਧੀਆ ਯੂਨੀਵਰਸਿਟੀਆਂ ਬਣਾਈਆਂ ਅਤੇ ਸਭ ਤੋਂ ਵੱਡੀਆਂ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ।ਉਨ੍ਹਾਂ ਕਿਹਾ ਕਿ ਇੱਕ ਚੰਗੀ ਸਿੱਖਿਆ ਪ੍ਰਣਾਲੀ ਇੱਕ ਗਿਆਨਵਾਨ ਸਮਾਜ ਦੀ ਨੀਂਹ ਹੈ, ਜਿਸ ਨਾਲ ਇੱਕ ਅਗਾਂਹਵਧੂ, ਜਮਹੂਰੀ ਸਮਾਜ ਦਾ ਨਿਰਮਾਣ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨਿਰਸੰਦੇਹ ਭਾਰਤ ਨੇ ਵਿਗਿਆਨ, ਤਕਨਾਲੋਜੀ, ਨਵੀਨਤਾ ਅਤੇ ਆਰਥਿਕ ਵਿਕਾਸ ਦੇ ਖੇਤਰਾਂ ਵਿੱਚ ਬਹੁਤ ਤਰੱਕੀ ਕੀਤੀ ਹੈ, ਪਰ ਸਿਰਫ਼ ਫੈਕਟਰੀਆਂ, ਡੈਮਾਂ, ਸੜਕਾਂ ਦਾ ਨਿਰਮਾਣ ਹੀ ਅਸਲ ਵਿਕਾਸ ਨਹੀਂ ਬਲਕਿ ਸਾਨੂੰ ਆਪਣੇ ਮਨਾਂ ’ਚ ਕਦਰਾਂ ਕੀਮਤਾਂ, ਅਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਪ੍ਰਤੀ ਵਫ਼ਾਦਾਰ ਵੀ ਕਾਇਮ ਰੱਖਣੀ ਹੋਵੇਗੀ। ਉਨ੍ਹਾਂ ਕਿਹਾ ਕਿ ਸਾਡੇ ਵਿਦਿਅਕ ਅਦਾਰਿਆਂ ਵਿੱਚ ਅਜਿਹੇ ਅਧਿਆਪਕ ਹੋਣੇ ਚਾਹੀਦੇ ਹਨ ਜੋ ਨੌਜਵਾਨ ਮਨਾਂ ਦੇ ਵਿਚਾਰਾਂ ਨੂੰ ਰੂਪ ਦੇ ਸਕਣ ਅਤੇ ਅਧਿਆਪਕ ਵਿਦਿਆਰਥੀਆਂ ਦੇ ਮਨਾਂ ਵਿੱਚ ਸਹੀ ਕਦਰਾਂ-ਕੀਮਤਾਂ ਪੈਦਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ।

ਉਨ੍ਹਾਂ ਕਿਹਾ ਕਿ ਸਿੱਖਿਆ ਸੰਸਥਾਵਾਂ ਦੀ ਨੌਜਵਾਨ ਮਨਾਂ ਵਿੱਚ ਕਦਰਾਂ-ਕੀਮਤਾਂ, ਅਨੁਸ਼ਾਸਨ, ਸਮਰਪਣ ਅਤੇ ਰਾਸ਼ਟਰ ਪ੍ਰਤੀ ਪ੍ਰਤੀਬੱਧਤਾ ਦੀ ਭਾਵਨਾ ਪੈਦਾ ਕਰਨ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇੱਕ ਮਜਬੂਤ ਅਤੇ ਗੁਣਵੱਤਾਪੂਰਨ ਸਿੱਖਿਆ ਪ੍ਰਣਾਲੀ ’ਚ ਅਜਿਹੀ ਤਾਕਤ ਹੈ, ਜੋ ਭਾਰਤ ਨੂੰ ਵਿਸ਼ਵ ਦੇ ਮੋਹਰੀ ਦੇਸ਼ਾਂ ’ਚ ਸ਼ੁਮਾਰ ਕਰਨ ’ਚ ਸਹਾਈ ਹੋਵੇਗੀ।ਉਨ੍ਹਾਂ ਕਿਹਾ ਕਿ ਕਦਰਾਂ-ਕੀਮਤਾਂ ਤੋਂ ਬਿਨਾਂ ਸਿੱਖਿਆ ਦਾ ਕੋਈ ਆਧਾਰ ਨਹੀਂ ਹੈ। ਉਨ੍ਹਾਂ ਸਕੂਲ ਮੁਖੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਕੂਲਾਂ ਨੂੰ ਲਾਜ਼ਮੀ ਤੌਰ ’ਤੇ ਕਦਰਾਂ-ਕੀਮਤਾਂ ’ਤੇ ਅਧਾਰਤ ਅਤੇ ਸੰਪੂਰਨ ਸਿੱਖਿਆ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਅੱਜ ਦੁਨੀਆ ਨੂੰ ਹਿੰਸਾ, ਅੱਤਵਾਦ, ਅਸਹਿਣਸ਼ੀਲਤਾ ਅਤੇ ਵਾਤਾਵਰਣ ਦੇ ਵਿਗਾੜ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਬੱਚਿਆਂ ਨੂੰ ਸੱਚਾਈ, ਸਹਿਣਸ਼ੀਲਤਾ, ਅਖੰਡਤਾ, ਧਰਮ ਨਿਰਪੱਖਤਾ ਅਤੇ ਸਮਾਵੇਸ਼ ਦੀਆਂ ਕਦਰਾਂ-ਕੀਮਤਾਂ ਪ੍ਰਦਾਨ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਤਾਂ ਜੋ ਵਿਸ਼ਵ ਨੂੰ ਰਹਿਣ ਲਈ ਇੱਕ ਸੁਰੱਖਿਅਤ ਅਤੇ ਬਿਹਤਰ ਸਥਾਨ ਬਣਾਇਆ ਜਾ ਸਕੇ।ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਨ ’ਤੇ ਧਿਆਨ ਕੇਂਦਰਤ ਕਰਦਿਆਂ ਇੱਕ ਵਿਕਸਤ ਭਾਰਤ ਦੇ ਨਿਰਮਾਣ ਲਈ ਸਮੁੱਚੇ ਦੇਸ਼ਵਾਸੀਆਂ ਨੂੰ ਇੱਕਜੁੱਟ ਹੋਣ ਦਾ ਸਮਾਂ ਹੈ। ਉਨ੍ਹਾਂ ਕਿਹਾ ਕਿ ’ਆਜ਼ਾਦੀ ਦੇ ਅੰਮ੍ਰਿਤਕਾਲ ਵਿੱਚ’ ਭਾਰਤ ਲਈ ਆਪਣੀ ਪੁਰਾਤਨ ਸਾਖ ਕਾਇਮ ਕਰਨ ਅਤੇ ਵਿਸ਼ਵ ਵਿੱਚ ਗਿਆਨ ਦੀ ਮਹਾਂਸ਼ਕਤੀ ਵਜੋਂ ਸਥਾਪਿਤ ਹੋਣ ਦਾ ਸੁਨਿਹਰੀ ਮੌਕਾ ਹੈ।

ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਸਮਾਜ ਨੂੰ ਲੋੜੀਂਦੀ ਮਿਆਰੀ ਸਿੱਖਿਆ ਪ੍ਰਦਾਨ ’ਚ ਪ੍ਰਾਈਵੇਟ ਵਿਦਿਅਕ ਸੰਸਥਾਵਾਂ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਪਿਛਲੇ 20-25 ਸਾਲਾਂ ’ਚ ਪੰਜਾਬ ਨੂੰ ਪੈਰ੍ਹਾਂ ’ਤੇ ਖੜ੍ਹੇ ਰੱਖਣ ’ਚ ਪ੍ਰਾਈਵੇਟ ਵਿਦਿਅਕ ਸੰਸਥਾਵਾਂ ਨੇ ਅਹਿਮ ਭੂਮਿਕਾ ਨਿਭਾਈ ਹੈ।ਉਨ੍ਹਾਂ ਕਿਹਾ ਕਿ ਸਮਾਜ ’ਚ ਅਧਿਆਪਕ ਦਾ ਰੁਤਬਾ ਪ੍ਰਮਾਤਮਾ ਦੇ ਸਮਾਨ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਵਿਦਿਆਰਥੀਆਂ ਪ੍ਰਤੀ ਵੱਡੀ ਜ਼ੁੰਮੇਵਾਰੀ ਬਣਦੀ ਹੈ, ਕਿ ਉਹ ਵਿਦਿਆਰਥੀਆਂ ਨੂੰ ਆਪਣੇ ਸੱਭਿਆਚਾਰ, ਇਤਿਹਾਸ ਅਤੇ ਮਾਂ ਬੋਲੀ ਨਾਲ ਜੋੜਨ ਲਈ ਸੰਜ਼ੀਦਾ ਕਦਮ ਚੁੱਕਣ। ਉਨ੍ਹਾਂ ਕਿਹਾ ਕਿ ਸਭ ਭਾਸ਼ਾਵਾਂ ਦਾ ਸਤਿਕਾਰ ਕਰੋ ਪਰ ਆਪਣੀ ਮਾਂ-ਬੋਲੀ ਨਾਲ ਜੁੜੇ ਰਹਿਣਾ ਅਤਿਅੰਤ ਮਹੱਤਵਪੂਰਨ ਹੈ। ਇਸ ਲਈ, ਜਦੋਂ ਅਸੀਂ ਅੱਜ ਹਿੰਸਾ, ਨਸ਼ਿਆਂ ਅਤੇ ਬੇਰੁਜ਼ਗਾਰੀ ਦੇ ਖਤਰੇ ਨੂੰ ਦੇਖਦੇ ਹਾਂ ਤਾਂ ਅਧਿਆਪਕ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ। ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਹਰ ਵਿਦਿਆਰਥੀ ਦਾ ਹੱਥ ਫੜਣ ਤਾਂ ਜੋ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਕੀਤਾ ਜਾ ਸਕੇ ਅਤੇ ਉੱਜਵਲ ਭਵਿੱਖ ਯਕੀਨੀ ਬਣਾਇਆ ਜਾ ਸਕੇ।

ਇਸ ਮੌਕੇ ਸੰਬੋਧਨ ਕਰਦਿਆਂ ਫੈਡਰੇਸ਼ਨ ਦੇ ਪ੍ਰਧਾਨ ਸ. ਜਗਜੀਤ ਸਿੰਘ ਧੂਰੀ ਨੇ ਦੱਸਿਆ ਕਿ ਮਿਆਰੀ ਸਕੂਲ ਵਿਦਿਆ ਦੇ ਖੇਤਰ ’ਚ ਨਿੱਜੀ ਸਕੂਲਾਂ ਦੀ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਫੈਪ ਵੱਲੋਂ ਵੱਖ-ਵੱਖ ਮਾਪਦੰਡਾਂ ਦੇ ਆਧਾਰ ’ਤੇ ਦੇਸ਼ ਭਰ ਦੇ ਪ੍ਰਾਈਵੇਟ ਸਕੂਲਾਂ ਨੂੰ ਇਹ ਵਕਾਰੀ ਐਵਾਰਡ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਇਹ ਐਵਾਰਡ ਕੇਵਲ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਨੂੰ ਦਿੱਤੇ ਗਏ ਸਨ ਪਰ ਇਸ ਵਰ੍ਹੇ ਫੈਡਰੇਸ਼ਨ ਵੱਲੋਂ ਇਨ੍ਹਾਂ ਐਵਾਰਡਾਂ ਲਈ ਦੇਸ਼ ਭਰ ਤੋਂ ਨਾਮਜ਼ਦਗੀਆਂ ਲੈਂਦਿਆਂ ਰਾਸ਼ਟਰ ਪੱਧਰ ’ਤੇ ਪ੍ਰਾਈਵੇਟ ਸਕੂਲਾਂ ਦਾ ਸਨਮਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ’ਚ 50 ਫ਼ੀਸਦੀ ਤੋਂ ਵੱਧ ਵਿਦਿਆਰਥੀ ਸੈਲਫ਼ ਫਾਈਨਾਂਸਡ ਸਕੂਲਾਂ ’ਚ ਵਿਦਿਆ ਹਾਸਲ ਕਰਕੇ ਰਾਸ਼ਟਰ ਨਿਰਮਾਣ ’ਚ ਯੋਗਦਾਨ ਪਾਉਂਦੇ ਹਨ, ਜਿਨ੍ਹਾਂ ਦੇ ਯੋਗਦਾਨ ਨੂੰ ਸਨਮਾਨ ਦੇਣ ਦੇ ਉਦੇਸ਼ ਨਾਲ ਇਹ ਪੁਰਸਕਾਰ ਕੌਮੀ ਪੱਧਰ ’ਤੇ ਦਿੱਤੇ ਗਏ ਹਨ। ਸ. ਧੂਰੀ ਨੇ ਕਿਹਾ ਕਿ ਸਕੂਲੀ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸੈਲਫ਼ ਫਾਈਨਾਂਸਡ ਸਕੂਲਾਂ ਦੀ ਅਹਿਮ ਭੂਮਿਕਾ ਰਹੀ ਹੈ।

ਸਮਾਗਮ ਦੇ ਪਹਿਲੇ ਦਿਨ ਦਿੱਲੀ ਪਬਲਿਕ ਸਕੂਲ, ਅੰਮਿ੍ਰਤਸਰ, ਸੇਂਟ ਸੋਲਡਰ ਇਲੀਟ ਕਾਨਵੈਂਟ ਸਕੂਲ, ਅੰਮਿ੍ਰਤਸਰ ਅਤੇ ਗੁਰੂ ਨਾਨਕ ਪਬਲਿਕ ਸਕੂਲ, ਲੁਧਿਆਣਾ ਨੂੰ ਬੈਸਟ ਡਿਜੀਟਲ ਟੀਚਿੰਗ ਇਨਫ਼੍ਰਾਸਟਰੱਕਚਰ ਐਵਾਰਡ ਨਾਲ ਨਿਵਾਜਿਆ ਗਿਆ ਜਦਕਿ ਸਿਲਵਰ ਓਕਸ ਸਕੂਲ ਬਠਿੰਡਾ ਅਤੇ ਦ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਸਰਬੋਤਮ ਬੁਨਿਆਦੀ ਢਾਂਚੇ ਸਬੰਧੀ ਐਵਾਰਡ ਦਿੱਤਾ ਗਿਆ।ਇਸੇ ਤਰ੍ਹਾਂ ਦਿੱਲੀ ਪਬਲਿਕ ਸਕੂਲ ਖੰਨਾ ਅਤੇ ਸ਼ਾਈਨਿੰਗ ਸਟਾਰ ਸਕੂਲ ਅੰਮਿ੍ਰਤਸਰ ਨੇ ਇਨੋਵੇਟਿਵ ਟੀਚਿੰਗ ਪ੍ਰੈਕਟਿਸਜ਼ ਵਰਗ ਵਿੱਚ ਸਰਵੋਤਮ ਸਕੂਲ ਐਵਾਰਡ ਜਿੱਤਿਆ ਜਦਕਿ ਪ੍ਰਤਾਪ ਵਰਲ ਸਕੂਲ ਪਠਾਨਕੋਟ ਅਤੇ ਸਿਲਵਰ ਓਕਸ ਸਕੂਲ ਬਠਿੰਡਾ ਨੇ ਸ਼ਾਨਦਾਰ ਖੇਡ ਬੁਨਿਆਦੀ ਢਾਂਚੇ ਵਾਲਾ ਸਰਵੋਤਮ ਸਕੂਲ ਐਵਾਰਡ ਹਾਸਲ ਕੀਤਾ। ਇਸੇ ਤਰ੍ਹਾਂ ਸ਼੍ਰੀ ਨਰਾਇਣਾ ਸੈਂਟਰਲ ਸਕੂਲ, ਅਹਿਮਦਾਬਾਦ ਗੁਜਰਾਤ ਤੋਂ ਡਾ. ਸੁਨੀਤਾ ਸਿੰਘ ਅਤੇ ਦਵਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਅੰਮਿ੍ਰਤਸਰ ਤੋਂ ਸ਼੍ਰੀਮਤੀ ਹਰਜੀਤ ਕੌਰ ਨੂੰ ਡਾਇਨਾਮਿਕ ਪਿ੍ਰੰਸੀਪਲ ਐਵਾਰਡ ਦਿੱਤਾ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਪ੍ਰਾਈਵੇਟ ਵਿੱਦਿਅਕ ਸੰਸਥਾਵਾਂ ਨੇ ਸਕੂਲੀ ਪੱਧਰ ਤੋਂ ਲੈ ਕੇ ਉਚੇਰੀ ਸਿੱਖਿਆ ਤੱਕ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀ ਪਰਪੱਕ ਬੁਨਿਆਦ ਬਣਾਉਣ ਵਾਸਤੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਸੂਬੇ ’ਚ ਵਿਦਿਆ ਦਾ ਮਿਆਰ ਹੋਰ ਉਪਰ ਚੁੱਕਣ ਲਈ ਚੰਡੀਗੜ੍ਹ ਯੂਨੀਵਰਸਿਟੀ ਹਮੇਸ਼ਾ ਫੈਡਰੇਸ਼ਨ ਦੇ ਨਾਲ ਖੜ੍ਹੀ ਹੈ, ਜਿਸ ਦੇ ਅੰਤਰਗਤ ਸਕੂਲਾਂ ’ਚ ਲੀਡਰਸ਼ਿਪ ਟ੍ਰੇਨਿੰਗ ਪ੍ਰੋਗਰਾਮ ਚਲਾਉਣ ਲਈ ਚੰਡੀਗੜ੍ਹ ਯੂਨੀਵਰਸਿਟੀ ਜ਼ੁੰਮੇਵਾਰੀ ਚੁੱਕਣ ਲਈ ਤਿਆਰ ਹੈ। ਇਸ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਅਧਿਆਪਕਾਂ ਨੂੰ ਤਕਨਾਲੋਜੀ ਅਤੇ ਹੋਰਨਾਂ ਖੇਤਰਾਂ ’ਚ ਸਿਖਲਾਈ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਲਈ ਉਚੇਰੀ ਸਿੱਖਿਆ, ਪੀ.ਐਚ.ਡੀ ਡਿਗਰੀ ਸਬੰਧੀ ਹਰ ਸਹਾਇਤਾ ਦੇਣ ਲਈ ਚੰਡੀਗੜ੍ਹ ਯੂਨੀਵਰਸਿਟੀ ਵਚਨਬੱਧ ਹੈ।ਜ਼ਿਕਰਯੋਗ ਹੈ ਕਿ 30 ਅਕਤੂਬਰ ਨੂੰ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪੁਰਸਕਾਰਾਂ ਦੀ ਵੰਡ ਕਰਨਗੇ ਜਦਕਿ ਪੰਜਾਬ ਦੇ ਖੇਡ ਅਤੇ ਉਚੇਰੀ ਸਿੱਖਿਆ ਸਬੰਧੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>