ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ 12 ਉੱਘੇ ਲੇਖਕਾਂ ਦਾ ਸਨਮਾਨ 13 ਨਵੰਬਰ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ

Screenshot_2022-11-11_14-44-37.resizedਲੁਧਿਆਣਾ :-  ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਡਾ. ਰਵਿੰਦਰ ਸਿੰਘ ਰਵੀ ਯਾਦਗਾਰੀ ਪੁਰਸਕਾਰ (ਡਾ. ਤੇਜਵੰਤ ਸਿੰਘ ਗਿੱਲ ਅਤੇ ਡਾ. ਈਸ਼ਵਰ ਦਿਆਲ ਗੌੜ ਨੂੰ), ਕਾਮਰੇਡ ਜਗਜੀਤ ਸਿੰਘ ਆਨੰਦ ਯਾਦਗਾਰੀ ਵਾਰਤਕ ਪੁਰਸਕਾਰ (ਸ. ਹਰਭਜਨ ਸਿੰਘ ਹੁੰਦਲ ਅਤੇ ਡਾ. ਸਵਰਾਜਬੀਰ ਨੂੰ), ਸ. ਜਗਜੀਤ ਸਿੰਘ ਲਾਇਲਪੁਰੀ ਯਾਦਗਾਰੀ ਪੁਰਸਕਾਰ ਸ੍ਰੀ ਸਾਂਵਲ ਧਾਮੀ,( ਡਾ. ਗਗਨਦੀਪ ਸ਼ਰਮਾ, ਡਾ. ਸਰਘੀ ਅਤੇ ਮੈਡਮ ਸਰਬਜੀਤ ਕੌਰ ਜੱਸ ਨੂੰ) ਅਤੇ ਸ. ਮੱਲ ਸਿੰਘ ਰਾਮਪੁਰੀ ਯਾਦਗਾਰੀ ਪੁਰਸਕਾਰ (ਸ. ਰਘਬੀਰ ਸਿੰਘ ਭਰਤ, ਸ੍ਰੀ ਅਤਰਜੀਤ ਅਤੇ ਡਾ. ਕੁਲਦੀਪ ਸਿੰਘ ਨੂੰ) ਭੇਟਾ ਕੀਤਾ ਜਾ ਰਿਹਾ ਹੈ। ਉਪਰੋਕਤ ਜਾਣਕਾਰੀ ਦਿੰਦਿਆਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਹੋਰਾਂ ਦਸਿਆ ਕਿ ਪਲੇਠਾ ਸ. ਕਰਤਾਰ ਸਿੰਘ ਸ਼ਮਸ਼ੇਰ ਯਾਦਗਾਰੀ ਪੁਰਸਕਾਰ ਸ. ਕਿਰਪਾਲ ਸਿੰਘ ਕਜ਼ਾਕ ਨੂੰ ਭੇਟਾ ਕੀਤਾ ਜਾ ਰਿਹਾ ਹੈ। ਡਾ. ਜੌਹਲ ਨੇ ਸਨਮਾਨਤ ਸਥਾਪਿਤ ਕਰਨ ਵਾਲੀਆਂ ਸ਼ਖ਼ਸੀਅਤਾਂ ਅਤੇ ਪਰਿਵਾਰਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।

Screenshot_2022-11-11_14-45-05.resizedਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਹੋਰਾਂ ਦਸਿਆ ਕਿ ਸਨਮਾਨ ਸਮਾਗਮ 13 ਨਵੰਬਰ, 2022, ਦਿਨ ਐਤਵਾਰ ਨੂੰ ਸਵੇਰੇ 10 ਵਜੇ ਪੰਜਾਬੀ ਭਵਨ, ਲੁਧਿਆਣਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਸਨਮਾਨ ਸਮਾਗਮ ਦੇ ਮੁੱਖ ਮਹਿਮਾਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉਪ-ਕੁਲਪਤੀ ਡਾ. ਅਰਵਿੰਦ ਜੀ ਹੋਣਗੇ ਜਦਕਿ ਪ੍ਰਧਾਨਗੀ ਮੰਡਲ ਵਿਚ ਡਾ. ਸੁਰਜੀਤ ਪਾਤਰ, ਚੇਅਰਮੈਨ, ਪੰਜਾਬ ਕਲਾ ਪਰਿਸ਼ਦ ਪੰਜਾਬ, ਸ. ਬਲਦੇਵ ਸਿੰਘ ਸੜਕਨਾਮਾ, ਪ੍ਰਧਾਨ, ਲੋਕ ਸਾਹਿਤ ਅਕਾਡਮੀ, ਮੋਗਾ ਅਤੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਸ਼ਿਆਮ ਸੁੰਦਰ ਦੀਪਤੀ ਸ਼ਾਮਲ ਹੋਣਗੇ।

ਡਾ. ਗੁਰਇਕਬਾਲ ਸਿੰਘ ਹੋਰਾਂ ਨੇ ਸਨਮਾਨਤ ਸ਼ਖ਼ਸੀਅਤਾਂ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਦਸਿਆ ਕਿ ਡਾ. ਤੇਜਵੰਤ ਸਿੰਘ ਗਿੱਲ ਹੋਰਾਂ ਦੀਆਂ ਪੰਜਾਬੀ ਭਾਸ਼ਾ ਵਿਚ 10 ਆਲੋਚਨਾ ਪੁਸਤਕਾਂ ਅਤੇ ਵੱਖ ਵੱਖ ਲੇਖਕਾਂ ਅਤੇ ਵਿਸ਼ਿਆਂ ’ਤੇ ਪੇਪਰ ਪ੍ਰਕਾਸ਼ਿਤ ਹੋ ਚੁੱਕੇ ਹਨ। ਡਾ. ਗਿੱਲ ਜੀ ਨੇ ਅੰਗਰੇਜ਼ੀ ਵਿਚ 7 ਪੁਸਤਕਾਂ ਦੇ ਨਾਲ ਨਾਲ ਸੰਸਾਰ-ਚਿੰਤਕਾਂ ’ਤੇ ਪੇਪਰ ਲਿਖੇ ਅਤੇ 10 ਦੇ ਕਰੀਬ ਰੀਵੀਊ ਆਰਟੀਕਲ ਅੰਗਰੇਜ਼ੀ ਟ੍ਰਿਬਿਊਨ ਵਿਚ ਪ੍ਰਕਾਸ਼ਿਤ ਹੋ ਚੁੱਕੇ ਹਨ। ਇਨ੍ਹਾਂ ਦੀ ਮਹੱਤਵਪੂਰਨ ਪ੍ਰਾਪਤੀ ਪੰਜਾਬੀ ਤੋਂ ਅੰਗਰੇਜ਼ੀ ਵਿਚ 8 ਪੁਸਤਕਾਂ ਦਾ ਅਨੁਵਾਦ ਹੈ। ਡਾ. ਗਿੱਲ ਪੰਜਾਬੀ ਤੇ ਅੰਗਰੇਜ਼ੀ ਪੱਤ੍ਰਿਕਾਵਾਂ ਅਤੇ ਅਖ਼ਬਾਰਾਂ ਦੇ ਸੰਪਾਦਕ ਵਜੋਂ ਕਾਰਜਸ਼ੀਲ ਰਹੇ ਹਨ। ਬਰੇਲ ਇਨਸਾਈਕਲੋਪੀਡੀਆ ਵਿਚ ਡਾ. ਗਿੱਲ ਹੋਰਾਂ ਦੇ ਸਿੱਖ ਸਾਹਿਤ ਬਾਰੇ ਇੰਦਰਾਜ਼ ਸ਼ਾਮਲ ਹਨ।
ਡਾ. ਈਸ਼ਵਰ ਦਿਆਲ ਗੌੜ ਪੰਜਾਬੀ ਸਭਿਆਚਾਰ, ਸਾਹਿਤ ਇਤਿਹਾਸ ਦੇ ਮਾਹਰ ਹਨ। ਇਨ੍ਹਾਂ ਨੇ ਇਤਿਹਾਸ ਨੂੰ ਸਮਝਣ ਅਤੇ ਪੁਨਰ ਵਿਚਾਰਨ ਲਈ ਸਮਾਜਕ ਇਤਿਹਾਸ ਭਾਵ ਸਾਹਿਤ ਨੂੰ ਅਧਾਰ ਬਣਾਇਆ। ਡਾ. ਗੌੜ ਹੋਰਾਂ ਨੇ ਅੰਗਰੇਜ਼ੀ ਦੀਆਂ 12 ਪੁਸਤਕਾਂ ਅਤੇ ਪੰਜਾਬੀ ਦੀਆਂ 5 ਪੁਸਤਕਾਂ ਸਾਹਿਤ ਦੀ ਝੋਲੀ ਪਾਈਆਂ। ਡਾ. ਗੌੜ ਹੋਰਾਂ ਨੇ ਮੱਧਕਾਲ ਦੀ ਕਿੱਸਾ ਪਰੰਪਰਾ ਦੀ ਟੈਕਸਟ ਦੀ ਪੁਨਰ ਪੜਚੋਲ ਕਰਕੇ ਇਤਿਹਾਸ ਦੇ ਤੱਥਾਂ ਅਤੇ ਸਰੋਤਾਂ ਨੂੰ ਵਿਚਾਰਿਆ ਅਤੇ ਭਵਪੂਰਤ ਨਤੀਜੇ ਸਾਹਮਣੇ ਲਿਆਂਦੇ।

ਉਨ੍ਹਾਂ ਦਸਿਆ ਸ. ਹਰਭਜਨ ਸਿੰਘ ਹੁੰਦਲ ਹੋਰਾਂ ਨੇ ਸਾਹਿਤਕ ਸਫ਼ਰ 1965 ’ਚ ਕਾਵਿ ਸੰਗ੍ਰਹਿ ‘ਮਾਰਗ’ ਤੋਂ ਸ਼ੁਰੂ ਕੀਤਾ ਅਤੇ ਹੁਣ ਤੱਕ ਲਗਪਗ ਸੌ ਤੋਂ ਵੱਧ ਪੁਸਤਕਾਂ ਜਿਨ੍ਹਾਂ ਵਿਚ 22 ਕਾਵਿ ਪੁਸਤਕਾਂ, ਦੋ ਚੋਣਵੀਆਂ ਕਾਵਿ ਪੁਸਤਕਾਂ, 23 ਵਾਰਤਕ ਦੀਆਂ ਮੌਲਿਕ ਪੁਸਤਕਾਂ, 8 ਆਲੋਚਨਾ ਦੀਆਂ ਪੁਸਤਕਾਂ, 7 ਸੰਪਾਦਨ ਪੁਸਤਕਾਂ, 2 ਉਰਦੂ ਦੀਆਂ ਪੁਸਤਕਾਂ, 24 ਕਾਵਿ ਅਨੁਵਾਦ ਦੀਆਂ ਪੁਸਤਕਾਂ, 10 ਵਾਰਤਕ ਅਨੁਵਾਦ ਦੀਆਂ ਪੁਸਤਕਾਂ, 1 ਹਿੰਦੀ ਅਤੇ 3 ਅੰਗਰੇਜ਼ੀ ਦੀਆਂ ਪੁਸਤਕਾਂ ਨਾਲ ਸਾਹਿਤ ਦੀ ਸੇਵਾ ਕਰ ਚੁੱਕੇ ਹਨ। ਸ. ਹੁੰਦਲ ਜੀ ਦਾ ਸਾਹਿਤਕ ਕਾਰਜ ਇਕ ਪ੍ਰਤੀਬੱਧ ਲੇਖਕ ਦੇ ਰੂਪ ਵਿਚ ਕਰਮਸ਼ੀਲ ਹੈ।

ਡਾ. ਸਵਰਾਜਬੀਰ ਹੋਰਾਂ ਦੀ ਲਿਖਤ ਜਿਥੇ ਸਮਾਜ-ਸਭਿਆਚਾਰ ਦੇ ਰਾਜਸੀ-ਆਰਥਿਕ-ਧਾਰਮਿਕ ਪ੍ਰਸੰਗ ਦੀਆਂ ਸਮੱਸਿਆਵਾਂ, ਅਨੀਤੀਆਂ, ਵਿਡੰਬਨਾਵਾਂ, ਬੁਰਿਆਈਆਂ, ਲੋੜਾਂ-ਥੁੜਾਂ ਨੂੰ ਉਭਾਰਦੀ ਹੈ, ਉਥੇ ਆਪ ਦੀਆਂ ਲਿਖਤਾਂ ਵਿਚ ਇਤਿਹਾਸ-ਮਿਥਿਹਾਸ ਦੇ ¬ਕ੍ਰਾਂਤੀਕਾਰੀ ਅਤੇ ਬਦਲਵੇਂ ਯਥਾਰਥ ਨੂੰ ਵਰਤਮਾਨ ਸਮਾਜ ਵਿਚ ਸੰਘਰਸ਼ੀਲ ਅਰਥ ਦੇਣ ਦਾ ਕਾਮਯਾਬੀ ਨਾਲ ਕੀਤਾ ਉਪਰਾਲਾ ਸਰਾਹੁਣਯੋਗ ਹੈ ਜਿਹੜਾ ਡਾ. ਸਵਰਾਜਬੀਰ ਦੀ ਗੰਭੀਰ ਚਿੰਤਨੀ ਸੁਰ ਦਾ ਲਖਾਇਕ ਹੈ।  ਡਾ. ਸਾਹਿਬ ਦੇ ਤਿੰਨ ਕਾਵਿ ਸੰਗ੍ਰਹਿ ਅਤੇ 9 ਨਾਟਕ ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ 9 ਨਾਟਕ ਛਪਾਈ ਅਧੀਨ ਹਨ। ਡਾ. ਸਵਰਾਜਬੀਰ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਵਜੋਂ ਬੜੀ ਸੁਹਿਰਦਤਾ ਨਾਲ ਕਾਰਜਸ਼ੀਲ ਹਨ।

ਸ੍ਰੀ ਸਾਂਵਲ ਧਾਮੀ ਸੁਹਿਰਦ ਕਹਾਣੀਕਾਰ, ਸੰਵੇਦਨਸ਼ੀਲ ਕਾਲਮ ਨਵੀਸ, ਗੰਭੀਰ ਖੋਜਾਰਥੀ ਅਤੇ ਅਗਾਂਹਵਧੂ ਅਧਿਆਪਕ ਹੈ। ਪੰਜਾਬੀ ਟ੍ਰਿਬਿਊਨ ਵਿਚ ਪਿਛਲੇ ਤਿੰਨ ਸਾਲ ਤੋਂ ਛਪ ਰਿਹਾ ਹਫ਼ਤਾਵਾਰੀ ਕਾਲਮ ‘ਵੰਡ ਦੇ ਦੁਖੜੇ’ ਸਾਂਵਲ ਧਾਮੀ ਦੀ ਬੇਮਿਸਾਲ ਪ੍ਰਾਪਤੀ ਹੈ। ਸ੍ਰੀ ਧਾਮੀ ਨੇ ਦੋ ਕਹਾਣੀ ਸੰਗ੍ਰਹਿ, ਦੋ ਖੋਜ ਭਰਪੂਰ ਪੁਸਤਕਾਂ ਸਾਹਿਤ ਦੀ ਝੋਲੀ ਪਾਈਆਂ ਹਨ।
ਸ੍ਰੀ ਗਗਨਦੀਪ ਸ਼ਰਮਾ ਸੰਵੇਦਨਸ਼ੀਲ ਸ਼ਾਇਰ ਅਤੇ ਮੈਨੇਜਮੈਂਟ ਸਟੱਡੀਜ਼ ਦੇ ਯੋਗ ਅਧਿਆਪਕ ਹਨ ਜਿਸ ਨੇ ਦੋਹਾਂ ਖੇਤਰਾਂ ਵਿਚ ਆਪਣੀ ਵਿਲੱਖਣ ਛਾਪ ਛੱਡੀ ਹੈ। ਗਗਨਦੀਪ ਸ਼ਰਮਾ ਦੀਆਂ ਕਵਿਤਾਵਾਂ ਅਤੇ ਕਹਾਣੀਆਂ ਪੰਜਾਬੀ ਦੇ ਪਰਚਿਆਂ ਦੇ ਨਾਲ ਨਾਲ ਹਿੰਦੀ ਵਿਚ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਕਿੱਤੇ ਨਾਲ ਸੰਬੰਧਿਤ ਪ੍ਰਬੰਧਨ ਵਿਸ਼ੇ ’ਤੇ 10 ਪੁਸਤਕਾਂ ਅਤੇ 100 ਤੋਂ ਵੱਧ ਖੋਜ-ਪੱਤਰ ਲਿਖ ਚੁੱਕੇ ਹਨ।

ਡਾ. ਸਰਘੀ ਕਹਾਣੀਕਾਰ, ਕਵਿੱਤਰੀ, ਰੇਖਾ-ਚਿੱਤਰ ਲੇਖਕ, ਸੰਪਾਦਕ ਅਤੇ ਭਖਦੇ ਮਸਲਿਆਂ ਬਾਰੇ ਅਖ਼ਬਾਰਾਂ ਵਿਚ ਲਿਖਣ ਵਾਲੀ ਕਲਮਕਾਰ ਹੈ। ਡਾ. ਸਰਘੀ ਦੀਆਂ ਦੋ ਮੌਲਿਕ ਪੁਸਤਕਾਂ, ਤਿੰਨ ਸੰਪਾਦਨ ਪੁਸਤਕਾਂ, ਰਾਸ਼ਟਰੀ ਅਤੇੇ ਅੰਤਰਾਸ਼ਟਰੀ ਪੱਤ੍ਰਿਕਾਵਾਂ ਵਿਚ 17 ਖੋਜ ਪੱਤਰ, ਮਿਆਰੀ ਪੱਤ੍ਰਿਕਾਵਾਂ ਵਿਚ ਕਹਾਣੀਆਂ, ਕਵਿਤਾਵਾਂ ਅਤੇ ਰੇਖਾ-ਚਿੱਤਰ ਛਪਦੇੇ ਰਹਿੰਦੇ ਹਨ।
ਸ. ਰਘਬੀਰ ਸਿੰਘ ਭਰਤ ਸੰਵੇਦਨਸ਼ੀਲ ਲੇਖਕ, ਸਮਰੱਥ ਆਲੋਚਕ, ਸੁਹਿਰਦ ਸੰਪਾਦਕ ਅਤੇ ਗੰਭੀਰ ਲਿਪੀਅੰਤਰਕਾਰ ਅਤੇ ਅਨੁਵਾਦਕ ਵਜੋਂ ਪਿਛਲੇ 60 ਸਾਲ ਤੋਂ ਨਿਰੰਤਰ ਸਾਹਿਤ ਸਿਰਜਣਾ ਕਰ ਰਹੇ ਹਨ। ਭਰਤ ਜੀ ਦੀਆਂ 6 ਮੌਲਿਕ ਪੁਸਤਕਾਂ, 8 ਆਲੋਚਨਾ ਦੀਆਂ ਪੁਸਤਕਾਂ, 8 ਲਿਪੀਅੰਤਰ ਸੰਪਾਦਤ ਪੁਸਤਕਾਂ ਅਤੇ 3 ਹਿੰਦੀ ਅਤੇ ਉਰਦੂ ਵਿਚ ਅਨੁਵਾਦਤ ਪੁਸਤਕਾਂ ਤੋਂ ਇਲਾਵਾ ਗੀਤ, ਕਹਾਣੀਆਂ ਅਤੇ ਆਪਣਾ ਜੀਵਨ ਸਫ਼ਰ ਵੀ ਲਿਖ ਕੇ ਸਾਹਿਤ ਦੀ ਝੋਲੀ ਪਾਈਆਂ।

ਮੈਡਮ ਸਰਬਜੀਤ ਕੌਰ ਜੱਸ ਅਗਾਂਹਵਧੂ ਸਕੂਲ ਅਧਿਆਪਕਾ, ਚੇਤੰਨ ਪੰਜਾਬੀ ਸ਼ਾਇਰਾ ਹੈ।  ਸਰਬਜੀਤ ਕੌਰ ਜੱਸ ਨੇ 4 ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ ਜਿਹੜੇ ਆਪ ਦੀ ਸਮਰੱਥ ਸ਼ਾਇਰੀ ਦੇ ਸੂਚਕ ਹਨ।

ਸ੍ਰੀ ਅਤਰਜੀਤ ਸਰਬਾਂਗੀ ਲੇਖਕ ਹੈ ਜਿਸ ਨੇ ਗਲਪ, ਬਾਲ ਸਾਹਿਤ, ਨਿਬੰਧ, ਸਵੈ-ਜੀਵਨੀ, ਖੋਜ ਅਤੇ ਸੰਪਾਦਨਾ ਦੇ ਖੇਤਰ ਵਿਚ ਭਾਵਪੂਰਤ ਕਾਰਜ ਕੀਤਾ ਹੈ। ਅਤਰਜੀਤ ਨੇ 9 ਕਹਾਣੀ ਸੰਗ੍ਰਹਿ, 2 ਨਾਵਲ, ਇੱਕ ਨਿਬੰਧ ਸੰਗ੍ਰਹਿ, ਸਵੈਜੀਵਨੀ, ਇਕ ਖੋਜ ਪੁਸਤਕ, ਬਾਲ ਸਾਹਿਤਕ ਦੀਆਂ 7 ਪੁਸਤਕਾਂ ਅਤੇ 7 ਸੰਪਾਦਿਤ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ।
ਡਾ. ਕੁਲਦੀਪ ਸਿੰਘ ਦੀਪ ਤਪੱਸਵੀ ਨਾਟਕਕਾਰ, ਗੰਭੀਰ ਖੋਜ ਕਰਤਾ, ਚੇਤੰਨ ਆਲੋਚਕ, ਸੁਹਿਰਦ ਸੰਪਾਦਕ ਅਤੇ ਅਨੁਵਾਦਕ ਹਨ। ਡਾ. ਦੀਪ ਦੇ 6 ਓਪੇਰਾ, ਪੂਰੇ ਨਾਟਕ ਅਤੇ ਨੈਨੋ ਨਾਟਕ ਪੁਸਤਕਾਂ, ਖੋਜ, ਆਲੋਚਨਾ ਅਤੇ ਸੰਪਾਦਨ ਦੀਆਂ ਲਗਪਗ 12 ਪੁਸਤਕਾਂ, ਕਾਵਿ/ਵਾਰਤਕ ਅਤੇ ਬਾਲ/ਕਾਵਿ ਵਾਰਤਕ ਦੀਆਂ 7 ਪੁਸਤਕਾਂ, ਇਕ ਅਨੁਵਾਦ ਅਤੇ ਦੋ ਸੰਪਾਦਿਤ ਪੁਸਤਕਾਂ ਸਮੇਤ 100 ਦੇ ਕਰੀਬ ਖੋਜ-ਪੱਤਰ ਪ੍ਰਕਾਸ਼ਿਤ ਹੋ ਚੁੱਕੇ ਹਨ।

ਸ. ਕਿਰਪਾਲ ਸਿੰਘ ਕਜ਼ਾਕ ਮੁਕੰਮਲ ਲੇਖਕ ਹਨ ਜਿਨ੍ਹਾਂ ਕਹਾਣੀ, ਨਾਵਲ, ਨਾਟਕ, ਰੇਖਾ ਚਿੱਤਰ ਵਾਰਤਕ, ਖੋਜ, ਚਿੰਤਨ, ਆਲੋਚਨਾ, ਸਭਿਆਚਾਰ ’ਤੇ ਵੀ ਬਲਸ਼ੀਲ ਤੇ ਸੰਵੇਦਨਸ਼ੀਲ ਲਿਖਤਾਂ ਦਿੱਤੀਆਂ। ਕੁਲਵਕਤੀ ਲੇਖਕ ਅਤੇ ਇਕ ਲੇਖਕ ਤੋਂ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਬਣਨ ਤੱਕ ਦਾ ਸਫ਼ਰ ਸ. ਕਿਰਪਾਲ ਸਿੰਘ ਕਜ਼ਾਕ ਦੀ ਵਿਲੱਖਣ ਪਛਾਣ ਅਤੇ ਸ਼ਕਤੀਸ਼ਾਲੀ ਸਮਰੱਥਾ ਦਾ ਸੂਚਕ ਹੈ। ਕਜ਼ਾਕ ਜੀ ਨੇ 7 ਕਹਾਣੀ ਸੰਗ੍ਰਹਿ, 1 ਚੋਣਵਾਂ ਕਹਾਣੀ ਸੰਗ੍ਰਹਿ, 1 ਨਾਵਲ, 2 ਵਾਰਤਕ ਦੀਆਂ ਪੁਸਤਕਾਂ, 3 ਨਾਟਕ, 19 ਖੋਜ ਪੁਸਤਕਾਂ, 4 ਬਾਲ ਪੁਸਤਕਾਂ ਅਤੇ 12 ਖੋਜ ਪੱਤ੍ਰਿਕਾ ਦੇ ਅੰਕ ਸੰਪਾਦਨ ਕਰਕੇ ਪੰਜਾਬੀ ਸਾਹਿਤ ਜਗਤ ਨੂੰ ਮਾਲਾਮਾਲ, ਭਰਪੂਰ ਅਤੇ ਵਿਸ਼ਾਲ ਕੀਤਾ ਹੈ। ਉਨ੍ਹਾਂ ਕਿਹਾ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਉਪਰੋਕਤ ਲੇਖਕਾਂ ਦੀ ਸਾਹਿਤਕ ਘਾਲਣਾ ਨੂੰ ਸਲਾਮ ਕਰਦੀ ਹੋਈ ਅਤੇ ਉਨ੍ਹਾਂ ਤੋਂ ਹੋਰ ਮੁੱਲਵਾਨ ਲਿਖਤਾਂ ਦੀ ਆਸ ਕਰਦੀ ਹੋਈ ਉਨ੍ਹਾਂ ਨੂੰ ਸਨਮਾਨਿਤ ਕਰਕੇ ਮਾਣ ਮਹਿਸੂਸ ਕਰਦੀ ਹੈ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਸਮੂਹ ਸਾਹਿਤ ਪ੍ਰੇਮੀਆਂ ਨੂੰ 13 ਨਵੰਬਰ ਨੂੰ ਹੋ ਰਹੇ ਸਨਮਾਨ ਸਮਾਗਮ ਵਿਚ ਪਹੁੰਚਣ ਲਈ ਹਾਰਦਿਕ ਸੱਦਾ ਦਿੰਦੀ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>