ਕੀ ਹਾਦਸੇ ਪ੍ਰਮਾਤਮਾ ਦੀ ਮਰਜੀ ਕਰਕੇ ਹੁੰਦੇ ਹਨ?

ਮੈਂ ਪੁਲ ਟੁੱਟਣ ਕਾਰਨ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਰੋਂਦੇ ਕੁਰਲਾਉਂਦੇ ਵੇਖਿਆ ਹੈ। ਕੋਈ ਕਹਿ ਰਿਹਾ ਸੀ ਕਿ ਮੇਰੀ 19 ਸਾਲਾਂ ਦੀ ਪਾਲ-ਪੋਸ਼ ਕੇ ਜੁਆਨ ਕੀਤੀ ਧੀ ਪਾਣੀ ਵਿੱਚ ਰੁੜ ਗਈ ਹੈ। ਇੱਕ ਇਸਤਰੀ ਕਹਿ ਰਹੀ ਸੀ ਮੇਰਾ ਭਾਣਜਾ 3 ਦੋਸਤਾਂ ਸਮੇਤ ਪੁਲ ’ਤੇ ਗਿਆ ਵਾਪਸ ਨਹੀਂ ਆਇਆ। ਇੱਕ ਹੋਰ ਇਸਤਰੀ ਕਹਿ ਰਹੀ ਸੀ ਕਿ ਮੇਰੇ ਪਰਿਵਾਰ ਦੇ ਪੰਜ ਬੱਚਿਆਂ ਦੀ ਮੌਤ ਇਸ ਹਾਦਸੇ ਵਿੱਚ ਹੋ ਗਈ ਹੈ। ਕੁੱਝ ਰੱਬ ਨੂੰ ਪਿੱਟ ਰਹੇ ਸਨ। ਬਹੁਤੇ ਪ੍ਰਬੰਧਕਾਂ ਨੂੰ ਫਾਂਸੀ ਵਰਗੀਆਂ ਸਖਤ ਸਜ਼ਾਵਾਂ ਦੀ ਮੰਗ ਕਰ ਰਹੇ ਸਨ। ਮੋਦੀ ਜੀ ਦੇ ਬਿਆਨ ਨੇ ਤਾਂ ਪੁਲ ਦੇ ਕਸੁੂਰਵਾਰਾਂ ਨੂੰ ਬਾਇੱਜ਼ਤ ਬਰੀ ਕਰਵਾ ਦਿੱਤਾ ਹੈ। ਇਸ ਦੁਰਘਟਨਾ ਵਿੱਚ 50 ਦੇ ਕਰੀਬ ਅਜਿਹੇ ਲੋਕ ਵੀ ਸਨ ਜਿਨ੍ਹਾਂ ਨੂੰ ਇੱਕ ਸਾਈਡ ਦੀਆਂ ਤਾਰਾਂ ਨਾ ਟੁੱਟਣ ਕਾਰਨ ਫੜ੍ਹ ਕੇ ਉਤਾਰਿਆ ਗਿਆ ਤੇ ਮੌਤ ਨੂੰ ਪਿਆਰੇ ਹੋਣ ਤੋਂ ਬਚਾ ਲਿਆ ਗਿਆ।

ਦੀਵਾਲੀ ਤੋਂ ਕੁੱਝ ਦਿਨ ਬਾਅਦ ਦੀ ਘਟਨਾ ਹੈ ਕਿ ਪੁਲ ਖੁੱਲ੍ਹੇ ਨੂੰ ਅਜੇ ਸੱਤ ਦਿਨ ਵੀ ਨਹੀਂ ਸਨ ਹੋਏ ਕਿ ਇਹ ਦੁਰਘਟਨਾ ਵਾਪਰ ਗਈ। ਭਾਰਤ ਦੇ ਸੂਬੇ ਗੁਜਰਾਤ ਦੇ ਕੱਛ ਇਲਾਕੇ ਦੇ ਸ਼ਹਿਰਾਂ ਜਾਮ ਨਗਰ, ਰਾਜਕੋਟ ਦੇ ਰਾਜੇ ਨੇ 143 ਸਾਲ ਪਹਿਲਾਂ 765 ਫੁੱਟ ਲੰਬਾ ਇੱਕ ਝੂਲਦਾ ਪੁਲ ਮੌਰਵੀ ਕਸਬੇ ਦੇ ਨੇੜੇ ਮੱਛੂ ਦਰਿਆ ਦੇ ਉਪਰ ਬਣਵਾਇਆ ਸੀ। ਭਾਰਤ ਦੀਆਂ 70 ਪ੍ਰਤੀਸ਼ਤ ਸਾਇਰਾਮਿਕ ਟਾਈਲਾਂ ਜੋ ਫਰਸ਼ ਲਾਉਣ ਲਈ ਕੰਮ ਆਉਂਦੀਆਂ ਹਨ ਇਸੇ ਇਲਾਕੇ ਵਿੱਚ ਬਣਦੀਆਂ ਹਨ।

ਇਸ ਪੁਲ ਉੱਪਰ ਜਾ ਕੇ ਵੇਖਣ ਲਈ ਪ੍ਰਬੰਧਕਾਂ ਨੇ ਇੱਕੋ ਸਮੇਂ 150 ਵਿਅਕਤੀਆਂ ਨੂੰ ਲਿਜਾਣ ਦੀ ਇਜ਼ਾਜਤ ਦੇ ਦਿੱਤੀ ਸੀ। ਪਰ ਠੇਕੇਦਾਰ ਨੇ 600 ਵਿਅਕਤੀਆਂ ਨੂੰ ਟਿਕਟ ਕੱਟ ਦਿੱਤੇ। ਇਸ ਤਰ੍ਹਾਂ ਉਹ ਹਰ ਵਾਰੀ ਏਨੇ ਹੀ ਵਿਅਕਤੀਆਂ ਨੂੰ ਪੁਲ ਉੱਪਰ ਜਾਣ ਦਿੰਦਾ ਤੇ ਇਸ ਤਰ੍ਹਾਂ ਇਹ ਸਿਲਸਿਲਾ ਸਵੇਰੇ 8 ਵਜੇ ਸ਼ੁਰੂ ਕਰ ਦਿੰਦਾ। ਟਿਕਟਾਂ ਦਾ ਰੇਟ ਵੀ ਵਧਾ ਦਿੱਤਾ ਗਿਆ। ਮੁਨਾਫਾ ਖੱਟਣ ਲਈ ਹੋਰ ਜੋ ਵੀ ਵਸੀਲੇ ਜੋ ਹੋ ਸਕਦੇ ਸਨ ਠੇਕੇਦਾਰਾਂ ਨੇ ਕੀਤੇ। ਉਨ੍ਹਾਂ ਨੂੰ ਕੋਈ ਰੋਕ ਟੋਕ ਨਹੀਂ ਸੀ।

ਪੁਲ ਬਣਾਉਣ ਦਾ ਠੇਕਾ 15 ਸਾਲ ਪਹਿਲਾਂ ਮੋਦੀ ਜੀ ਦੇ ਰਾਜ ਵਿੱਚ ਅਜਿਹੀ ਕੰਪਨੀ ਨੂੰ ਦਿੱਤਾ ਗਿਆ ਜਿਸ ਨੂੰ ਪੁਲ ਬਣਾਉਣ ਦਾ ਕੋਈ ਤਜ਼ਰਬਾ ਨਹੀਂ ਸੀ। ਇਹ ਕੰਪਨੀ ਤਾਂ ਅਜੰਤਾ ਵਾਲ ਕਲਾਕ ਬਣਾਉਣ ਲਈ ਪ੍ਰਸਿੱਧ ਸੀ। ਇਸ ਵਿੱਚ ਇੱਕੋ ਹੀ ਗੁਣ ਸੀ ਕਿ ਇਹ ਮੋਦੀ ਜੀ ਦੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਸਮਰਥਕ ਸੀ। ਹੁਣ ਜਦੋਂ ਮਾਰਚ 2022 ਵਿੱਚ ਇਹ ਲੋੜ ਮਹਿਸੂਸ ਕੀਤੀ ਗਈ ਕਿ ਪੁਲ ਦੀ ਮੁਰੰਮਤ ਕਰਵਾਈ ਜਾਵੇ ਕਿਉਂਕਿ ਫਰਸ਼ ਤੇ ਐਲੂਮੀਨੀਅਮ ਦੀਆਂ ਪਲੇਟਾਂ ਗਲ-ਸੜ ਗਈਆਂ ਸਨ ਤੇ ਫਰਸ਼ ਲਈ ਵਰਤਿਆ ਗਿਆ ਲੋਹਾ ਵੀ ਜੰਗਾਲਿਆਂ ਗਿਆ। ਕਿਉਂਕਿ ਇਹ ਤਾਰਾਂ ’ਤੇ ਝੂਲਣ ਵਾਲਾ ਪੁਲ ਸੀ। ਤਾਰਾਂ ਵੀ ਥਾਂ-ਥਾਂ ਤੋਂ ਵੈਲਡਿੰਗ  ਕੀਤੀਆਂ ਹੋਈਆਂ ਸਨ ਤੇ ਉਨ੍ਹਾਂ ਉੱਪਰ ਲੋਹੇ ਦੀਆਂ ਪੱਤੀਆਂ ਨੂੰ ਵੀ ਜੰਗਾਲ ਨੇ ਖਾ ਲਿਆ ਸੀ। ਤਾਰਾਂ ਸਰੀਏ ਰੱਖ ਕੇ ਵੈਲਡਿੰਗ ਕੀਤੀਆਂ ਗਈਆਂ ਸਨ।

ਮਾਰਚ 2022 ਦੇ ਵਿੱਚ ਵੀ ਓਰੇਬਾ ਕੰਪਨੀ ਨੂੰ ਹੀ ਮੁੜ ਠੇਕਾ ਦੇ ਦਿੱਤਾ ਗਿਆ। ਠੇਕਾ ਦੇਣ ਤੋਂ ਪਹਿਲਾਂ ਨਾ ਤਾਂ ਕੰਪਨੀ ਤੋਂ ਕੁਟੇਸ਼ਨਾਂ ਦੀ ਮੰਗ ਕੀਤੀ ਗਈ ਅਤੇ ਨਾ ਹੀ ਦਿੱਤੀਆਂ ਗਈਆਂ। ਦਿਵਾਲੀ ਦਾ ਸੀਜ਼ਨ ਲਾਉਣ ਦੀ ਪ੍ਰਬੰਧਕਾਂ ਨੂੰ ਕਾਹਲ ਸੀ ਇਸ ਲਈ ਉਨ੍ਹਾਂ ਨੇ ਨਾ ਤਾਂ ਪੁਲ ਦੀ ਟੈਸਟਿੰਗ ਕਰਵਾਉਣ ਦੀ ਲੋੜ ਹੀ ਨਾ ਸਮਝੀ ਤੁਰੰਤ ਪੁਲ ਚਾਲੂ ਕਰ ਦਿੱਤਾ ਗਿਆ।

ਹੁਣ ਕਿਸੇ ਵੀ ਪ੍ਰਬੰਧਕ ਨੇ ਫਰਸ਼ ਦੇ ਵੱਧ ਭਾਰ ਅਤੇ ਜੰਗਾਲ ਖਾਧੀਆਂ ਤਾਰਾਂ ਨੂੰ ਧਿਆਨ ਵਿੱਚ ਨਾ ਰੱਖਿਆ ਕਿਉਂਕਿ ਉਨ੍ਹਾਂ ਨੇ ਇਸ ਠੇਕੇ ਵਿੱਚੋਂ ਵੱਧ ਤੋਂ ਵੱਧ ਮੁਨਾਫਾ ਕਮਾਉਣਾ ਸੀ। ਪੁਲ ਝੂਲਣ ਵਾਲਾ ਸੀ­ ਯਾਤਰੀ ਝੂਲਦੇ ਪੁਲ ਦਾ ਆਨੰਦ ਲੈਣ ਲਈ ਤਾਰਾਂ ਤੇ ਫਰਸ਼ ਨੂੰ ਹਿਲੋਰੇ ਦਿੰਦੇ। ਆਖਰਕਾਰ ਝੂਲਦੇ ਪੁਲ ਦੀਆਂ ਤਾਰਾਂ ਨੇ ਟੁੱਟਣਾ ਹੀ ਸੀ ਤੇ ਟੁੱਟ ਗਈਆਂ। ਸੋ ਪੁਲ ਬਹਿ ਗਿਆ। ਨਦੀ ਵਿੱਚ ਨੁਕੀਲੇ ਪੱਥਰ ਸਨ ਅਤੇ ਪੁਲ ਦੀ ਉਚਾਈ ਬਹੁਤ ਜ਼ਿਆਦਾ ਸੀ। ਇਸ ਲਈ ਬਹੁਤ ਸਾਰੇ ਵਿਅਕਤੀ ਜਾਂ ਤਾਂ ਡੁੱਬਣ ਕਰਕੇ ਮਰ ਗਏ ਜਾਂ ਇੱਕ ਦੂਜੇ ਦੇ ਉਪਰ ਡਿੱਗਣ ਕਰਕੇ ਅਤੇ ਕੁੱਝ ਨੁਕੀਲੇ ਪੱਥਰਾਂ ਨਾਲ ਟਕਰਾਉਣ ਕਰਕੇ 135 ਯਾਤਰੀ ਮਰ ਗਏ। 100 ਦੇ ਲਗਭਗ ਜਖਮੀ ਵੀ ਹੋ ਗਏ। ਕਈ ਦਰਜਨ ਨਦੀ ਦੇ ਪਾਣੀ ਦੇ ਵਿੱਚ ਵੀ ਰੁੜ ਗਏ। ਇਹ ਬਹੁਤ ਭਿਆਨਕ ਹਾਦਸਾ ਸੀ।

ਮੋਦੀ ਜੀ ਦਾ ਇਹ ਕਹਿਣਾ ਕਿ ਇਹ ਹਾਦਸਾ ਪ੍ਰਮਾਤਮਾ ਦੀ ਇੱਛਾ ਕਰਕੇ  ਹੋਇਆ ਹੈ। ਵਧੀਆ ਗੱਲ ਹੁੰਦੀ ਜੇ ਪ੍ਰਧਾਨ ਮੰਤਰੀ ਲੋਕਾਂ ਨੂੰ ਇਹ ਦੱਸ ਦਿੰਦੇ ਕਿ ਇਹ ਵਿਚਾਰ ਉਹਨਾਂ ਨੂੰ ਸੁਪਨੇ ਵਿੱਚ ਆਇਆ ਜਾਂ ਪ੍ਰਮਾਤਮਾ ਨੇ ਪ੍ਰਤੱਖ ਰੂਪ ਵਿੱਚ ਦਰਸ਼ਨ  ਦੇ ਕੇ ਕਿਹਾ ਸੀ? ਕੀ ਜੰਗਾਲ ਖਾਧੀਆਂ ਤਾਰਾਂ ਤੇ ਫਰਸ਼ ਪ੍ਰਮਾਤਮਾ ਨੇ ਲਾਏ ਸੀ? ਜਾਂ ਪੁਲ ’ਤੇ ਸਮਰੱਥਾ ਤੋਂ 4 ਗੁਣਾਂ ਵੱਧ ਵਿਅਕਤੀ ਪ੍ਰਮਾਤਮਾ ਨੇ ਭੇਜੇ ਸਨ? ਕੀ ਪ੍ਰਮਾਤਮਾ ਨੇ ਹੀ ਕਿਹਾ ਸੀ ਕਿ ਵਿਅਕਤੀਆਂ ਦੇ ਜਾਣ ਤੋਂ ਪਹਿਲਾਂ ਪੁਲ ਦੀ ਟੈਸਟਿੰਗ ਨਾ ਕਰਾਈ ਜਾਵੇ? ਆਪਣਾ ਬਿਆਨ ਦੇਣ ਤੋਂ ਪਹਿਲਾਂ ਜੇ ਮੋਦੀ ਜੀ ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਤਾਂ ਉਹ ਅਜਿਹਾ ਨਾ ਕਹਿੰਦੇ। ਮੋਦੀ ਜੀ ਦੇ ਇਸ ਬਿਆਨ ਨੇ ਭਾਰਤ ਦੀਆਂ ਕੋਰਟਾਂ ਨੂੰ ਖੁੱਲ੍ਹੀ ਇਜ਼ਾਜਤ ਦੇ ਦਿੱਤੀ ਹੈ ਕਿ ਉਹ ਕਿਸੇ ਵੀ ਕੇਸ ਵਿੱਚ ਕਹਿ ਸਕਦੇ ਹਨ ਕਿ ਪ੍ਰਮਾਤਮਾ ਦੀ ਮਰਜ਼ੀ ਹੈ। ਅਤੇ ਇਸ ਤਰ੍ਹਾਂ ਗੈਰ-ਵਿਗਿਆਨਕ ਸੋਚ ਵਾਲੇ ਤੇ ਮੰਦਰਾਂ ਦੇ ਲਾਈਲੱਗ ਪ੍ਰਬੰਧਕ ਗੈਰ-ਤਜ਼ਰਬੇਕਾਰ ਵਿਅਕਤੀ ਵੱਡੇ-ਵੱਡੇ ਇੰਜੀਨੀਅਰ ਪ੍ਰੋਜੈਕਟਾਂ ਦੇ ਠੇਕੇ ਲੈ ਲਿਆ ਕਰਨਗੇ ਤੇ ਸਾਡੀ ਭਾਰਤ ਸਰਕਾਰ ਉਨ੍ਹਾਂ ਦੀ ਯੋਗਤਾ ਤੇ ਸਮਰੱਥਾ ਵੇਖਣ ਤੋਂ ਬਗੈਰ ਕੁਟੇਸ਼ਨਾਂ ਦੇ ਕੰਮ ਦੇ ਦਿਆ ਕਰੇਗੀ। ਇਸ ’ਤੇ ਕੋਈ ਟੀਕਾ ਟਿੱਪਣੀ ਨਹੀਂ ਹੋਵੇਗੀ। ਨਾ ਹੀ ਕਿਸੇ ਹਾਦਸੇ ਦੀ ਸੂਰਤ ਵਿੱਚ ਕਿਸੇ ਠੇਕੇਦਾਰ ਜਾਂ ਇੰਜੀਨੀਅਰ ਨੂੰ ਕਸੁੂਰਵਾਰ ਠਹਿਰਾਇਆ ਜਾਵੇਗਾ।

ਇੰਜਨੀਅਰਿੰਗ ਅਤੇ ਆਰਕੀਟੈਕ ਦੇ ਵਧੀਆ ਅਦਾਰਿਆਂ ਦੀ ਜ਼ਰੂਰਤ ਵੀ ਨਹੀਂ ਰਹੇਗੀ। ਇਸ ਤਰ੍ਹਾਂ ਦੇ ਬਿਆਨ ਦੇ ਕੇ ਮੋਦੀ ਜੀ ਨੇ ਭਾਰਤ ਦੀ ਮੁਹਾਰਤਾਂ ਦਾ ਗਲ਼ਾ ਘੁੱਟ ਦਿੱਤਾ ਹੈ। ਗਲਤ ਢੰਗ ਨਾਲ ਪੁਲ ਤੇ ਨਿਰਮਾਣ ਕਰਨ ਵਾਲਿਆਂ ਨੂੰ ਵੀ ਖੁੱਲ੍ਹੀ ਛੂਟ ਵੀ ਦੇ ਦਿੱਤੀ ਹੈ।

ਤਰਕਸ਼ੀਲ ਪ੍ਰਮਾਤਮਾ ਦੀ ਹੋਂਦ ਨੂੰ ਸਵਿਕਾਰ ਨਹੀਂ ਕਰਦੇ। ਉਹ ਭਾਵੇਂ ਕਰੋੜਾਂ ਰੁਪਏ ਦੇ ਇਨਾਮ ਚੁੱਕੀ ਫਿਰਦੇ ਹਨ ਪਰ ਇੱਕ ਵੀ ਪ੍ਰਮਾਤਮਾ ਨੂੰ ਮਿਲਣ ਵਾਲਾ ਜਾਂ ਪ੍ਰਮਾਤਮਾ ਨੂੰ ਵਿਖਾਉਣ ਵਾਲਾ ਆਦਮੀ ਅੱਜ ਤੱਕ ਸਾਹਮਣੇ ਨਹੀਂ ਆਇਆ ਹੈ।

ਇਹ ਸੱਚਾਈ ਹੈ ਕਿ ਬ੍ਰਹਿਮੰਡ ਵਿੱਚ ਵਾਪਰਨ ਵਾਲੀ ਹਰੇਕ ਘਟਨਾਂ ਦੇ ਪਿੱਛੇ ਪ੍ਰਕਿ੍ਰਤੀ ਦਾ ਕੋਈ ਨਾ ਕੋਈ ਨਿਯਮ ਕੰਮ ਕਰ ਰਿਹਾ ਹੁੰਦਾ ਹੈ। ਵਿਗਿਆਨਕਾਂ ਨੇ ਅੱਜ ਤੱਕ ਜਿੰਨੀਆਂ ਵੀ ਖੋਜ਼ਾਂ ਕੀਤੀਆਂ ਹਨ­ ਉਹ ਪ੍ਰਕਿਤੀ ਦੇ ਨਿਯਮਾਂ ਦੀ ਵਰਤੋਂ ਕਰਕੇ ਹੀ ਕੀਤੀਆਂ ਹਨ। ਪ੍ਰਕਿ੍ਰਤੀ ਦੇ ਨਿਯਮਾਂ ਨੂੰ ਜਾਨਣਾ ਤੇ ਇਸ ਦੀ ਵਰਤੋਂ ਤਕਨੀਕ ਅਖਵਾਉਂਦੀ ਹੈ।

ਮਨੁੱਖੀ ਤਕਦੀਰ ਮਨੁੱਖੀ ਹੱਥਾਂ ’ਤੇ ਜਾਂ ਉਨ੍ਹਾਂ ਦੀਆਂ ਜਨਮ ਕੁੰਡਲੀਆਂ ਵਿੱਚ ਨਹੀਂ ਲਿਖੀ ਹੁੰਦੀ। ਇਹ ਤਾਂ ਦਿਮਾਗ ਦੀ ਵਰਤੋਂ ਅਤੇ ਕੀਤੀ ਮਿਹਨਤ ਦਾ ਨਤੀਜਾ  ਹੁੰਦੀ ਹੈ। ਸਰਕਾਰਾਂ ਵੀ ਮਨੁੱਖੀ ਤਕਦੀਰ ਬਣਾਉਣ ਵਿੱਚ ਜਾਂ ਨਸ਼ਟ ਵਿੱਚ ਅਹਿਮ ਰੋਲ ਅਦਾ ਕਰਦੀਆਂ ਹਨ। ਉਦਾਹਰਣਾਂ ਸਪੱਸ਼ਟ ਹਨ – 1940 ਤੋਂ ਪਹਿਲਾਂ ਜਰਮਨ ਨਿਵਾਸੀ ਦੁਨੀਆਂ ਦੇ ਖੁਸ਼ਹਾਲ ਵਿਅਕਤੀਆਂ ਵਿੱਚ ਸ਼ਾਮਲ ਸਨ। ਉਨ੍ਹਾਂ ਦੇ ਦੇਸ਼ ਦਾ ਰਾਜ ਪ੍ਰਬੰਧ ਹਿਟਲਰ ਦੇ ਹੱਥ ਵਿੱਚ ਆ ਗਿਆ ਤੇ ਉਸ ਨੇ ਆਪਣੇ ਦੇਸ਼ ਦੇ ਖੁਸ਼ਹਾਲ ਵਸਦੇ ਲੋਕਾਂ ਦੀ ਜ਼ਿੰਦਗੀ ਦੇ ਨਾਲ-ਨਾਲ ਹੋਰ ਦੇਸ਼ਾਂ ਦੇ ਕਰੋੜਾਂ ਲੋਕਾਂ ਦੀ ਜ਼ਿੰਦਗੀ ਵੀ ਬਰਬਾਦ ਕਰ ਦਿੱਤੀ।

ਹੁਣ ਜੇ ਆਉਣ ਵਾਲੇ ਸਮੇਂ ਵਿੱਚ ਸਾਡੇ ਦੇਸ਼ ਦੀ ਪਾਕਿਸਤਾਨ ਜਾਂ ਚੀਨ ਨਾਲ ਜੰਗ ਲੱਗ  ਜਾਂਦੀ ਹੈ ਤਾਂ ਏਥੇ ਐਟਮੀ ਤਬਾਹੀ ਹੋ ਸਕਦੀ ਹੈ। ਸਾਡੀਆਂ ਲਾਸ਼ਾਂ ਰੁਲੀਆਂ ਫਿਰਨਗੀਆਂ ਇਨ੍ਹਾਂ ਨੂੰ ਸਾਂਭਣ ਵਾਲਾ ਕੋਈ ਵੀ ਨਹੀਂ ਹੋਵੇਗਾ।

1984-85 ਵਿੱਚ ਪਟਿਆਲਾ ਦੇ ਸ਼ਹਿਰ ਰਾਜਪੁਰੇ ਤੋਂ ਭੂਤਾਂ-ਪ੍ਰੇਤਾਂ ਦੀਆਂ ਖਬਰਾਂ ਅਖਬਾਰਾਂ ਵਿੱਚ ਛਪਿਆ ਕਰਦੀਆਂ ਸਨ। ਅਸੀਂ ਉਨ੍ਹਾਂ ਸ਼ਹਿਰਾਂ ਵਿੱਚ ਅਜਿਹੀਆਂ ਖਬਰਾਂ ਦੀ ਪੜਤਾਲ ਕਰਨ ਲਈ ਤਰਕਸ਼ੀਲਾਂ ਦੀਆਂ ਟੀਮਾਂ ਭੇਜ ਦਿਆ ਕਰਦੇ ਸੀ। ਉਸ ਟੀਮ ਨੂੰ ਹਦਾਇਤਾ ਦਿੱਤੀਆਂ ਜਾਂਦੀਆਂ ਸਨ ਕਿ ਤੁਸੀਂ ਘਟਨਾ ਦੀ ਪੜਤਾਲ ਕਰਕੇ ਸੱਚਾਈ ਤਾਂ ਲੱਭਣੀ ਹੀ ਹੈ ਤੇ ਤੁਸੀਂ ਨਾਲ  ਇਹ ਖਬਰਾਂ ਭੇਜਣ ਵਾਲੇ ਪੱਤਰਕਾਰਾਂ ਨਾਲ ਵੀ ਗੱਲ ਕਰਨੀ ਹੈ। ਜਦੋਂ ਉਨ੍ਹਾਂ ਨਾਲ ਗੱਲ ਕਰਦੇ ਕਿ ਸਾਨੂੰ ਇਹ ਖਬਰ ਦਿਲਚਸਪ ਲੱਗੀ ਇਸ ਲਈ ਅਸੀਂ ਅਖਬਾਰਾਂ ਨੂੰ ਛਪਣ ਲਈ ਭੇਜ ਦਿੱਤੀ। ਸਾਡੀ ਟੀਮ ਫਿਰ ਉਨ੍ਹਾਂ ਨੂੰ ਆਖਦੀ ਕਿ ਪੱਤਰਕਾਰਾਂ ਦਾ ਕਾਰਜ ਲੋਕਾਂ ਨੂੰ ਅੰਧਵਿਸ਼ਵਾਸਾਂ ਦੀ ਦਲਦਲ ਵਿੱਚ ਧੱਕਣਾ ਨਹੀਂ ਹੁੰਦਾ ਸਗੋਂ ਕੱਢਣਾ ਹੁੰਦਾ ਹੈ।

ਅਸੀਂ ਲੋਕਾਂ ਨੂੰ ਜਾਗਰਿਤ ਕਰਨਾ ਆਪਣਾ ਮੁੱਢਲਾ ਫਰਜ਼ ਸਮਝਦੇ ਹਾਂ। ਇਸ ਲਈ ਜਦੋਂ ਕੋਈ  ਇਲੈਕਟ੍ਰੌਨਿਕ ਮੀਡੀਆ ਦਾ ਕੋਈ ਐਂਕਰ ਇਹ ਕਹਿੰਦਾ ਹੈ ਕਿ ਲੋਕਾਂ ਨੂੰ ਪੁਲਾਂ ’ਤੇ ਚੜ੍ਹਨਾ ਵੀ ਨਹੀਂ ਆਉਂਦਾ ਤਾਂ ਉਹ ਸਿੱਧੇ ਰੂਪ ਵਿੱਚ ਪ੍ਰਧਾਨ ਮੰਤਰੀ ਨੂੰ ਤੇ ਉਸਦੀ ਪਾਰਟੀ ਨੂੰ ਬਚਾਉਂਦਾ ਹੀ ਨਜ਼ਰ ਆਉਂਦਾ ਹੈ। ਉਸਨੂੰ ਗੁਜਰਾਤ ਦੇ ਹਸਪਤਾਲ ਦੀ ਅਤੇ ਹਸਪਤਾਲ ਨੂੰ ਜਾਂਦੀ ਟੋਇਆਂ ਵਾਲੀ ਸੜਕ ਤਾਂ ਨਜ਼ਰ ਆਉਂਦੀ ਹੀ ਨਹੀਂ ਪਰ ਉਸਨੂੰ ਰੰਗ ਰੋਗਨ ਕੀਤਾ ਹਸਪਤਾਲ ਤੇ ਮੁਰੰਮਤ ਹੋਈ ਸੜਕ ਜ਼ਰੂਰ ਵਿਖਾਈ ਦਿੰਦੀ ਹੈ। ਸੋ ਭਾਰਤੀ ਲੋਕਾਂ ਨੂੰ ਹੁਕਮਰਾਨਾਂ ਦੀ ਚੋਣ ਵੇਲੇ ਇਹ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਕੋਈ ਵੀ ਟੂਣੇ-ਟੋਟਕਿਆਂ ਦੇ ਯੁੱਗ ਦਾ ਵਸਨੀਕ ਉਨ੍ਹਾਂ ਨੂੰ 21ਵੀਂ ਸਦੀ ਵਿੱਚ ਕਦੇ ਵੀ ਨਹੀਂ ਲਿਜਾ ਸਕਦਾ। ਅੰਧਵਿਸ਼ਵਾਸੀ ਦੇ ਮਾਲਕ ਹੁਕਮਰਾਨ ਤਾਂ ਭਾਰਤੀ ਵਿਕਾਸ ਦਾ ਧੁਰਾ  ਪਿਛਾਂਹ ਨੂੰ ਹੀ ਲੈ ਕੇ ਜਾਣਗੇ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>