ਬੰਦੀ ਸਿੰਘਾਂ ਦੀ ਰਿਹਾਈ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ

sarchand pic2(4).resizedਸੇਵਾ ਵਿਖੇ,
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ।
ਭਾਰਤ ਸਰਕਾਰ
ਨਵੀਂ ਦਿੱਲੀ।
ਵਿਸ਼ਾ : ਬੰਦੀ ਸਿੰਘਾਂ ਦੀ ਰਿਹਾਈ ਬਾਰੇ।
ਸ੍ਰੀਮਾਨ ਜੀ ,

ਬੇਨਤੀ ਹੈ ਕਿ ਭਾਰਤ ਦੇਸ਼ ਸਾਡਾ ਸਾਰਿਆਂ ਦਾ ਹੈ। ਹਰ ਭਾਈਚਾਰਾ, ਹਿੰਦੂ, ਮੁਸਲਮਾਨ, ਸਿੱਖ, ਈਸਾਈ ਤੇ ਪਾਰਸੀ, ਸਭ ਦੇ ਬਰਾਬਰ ਹੱਕ ਅਤੇ ਬਰਾਬਰ ਅਧਿਕਾਰ ਹਨ। ਮੈਂ ਉਸ ਭਾਈਚਾਰੇ ਨਾਲ ਸਬੰਧ ਰੱਖਦਾ ਹਾਂ, ਜਿਸ ਦੀ ਦੇਸ਼ ਵਿਚ ਆਬਾਦੀ ਸਿਰਫ਼ ਦੋ ਫ਼ੀਸਦੀ ਹੈ। ਇਸ ਛੋਟੇ ਜਿਹੇ ਭਾਈਚਾਰੇ ਨੇ ਰਾਸ਼ਟਰ ਦੀ ਸੇਵਾ ਲਈ ਹਮੇਸ਼ਾ ਭਾਰੀ ਕੁਰਬਾਨੀਆਂ ਕੀਤੀਆਂ ਹਨ। ਇਤਿਹਾਸ ਗਵਾਹ ਹੈ ਕਿ ਦੇਸ਼ ਦੇ ਆਜ਼ਾਦੀ ਦੇ ਸੰਘਰਸ਼ ਵਿਚ ਵੀ ਇਸ ਛੋਟੇ ਜਿਹੇ ਭਾਈਚਾਰੇ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ।

ਆਜ਼ਾਦੀ ਦੇ ਸੰਘਰਸ਼ ਵਿਚ ਬਰਤਾਨਵੀ ਰਾਜ ਵੱਲੋਂ ਮਾਰੇ ਗਏ 2125 ਭਾਰਤੀਆਂ ਵਿਚੋਂ 73 ਫ਼ੀਸਦੀ ਸਿੱਖ ਸਨ।
2646 ਲੋਕ, ਜਿਨ੍ਹਾਂ ਨੂੰ ਕਾਲੇ ਪਾਣੀ ਭੇਜਿਆ ਗਿਆ, ਉਨ੍ਹਾਂ ਵਿਚੋਂ 80 ਫ਼ੀਸਦੀ ਸਿੱਖ ਸਨ।

121 ਭਾਰਤੀ, ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋਈ, ਵਿਚੋਂ 78 ਫ਼ੀਸਦੀ ਸਿੱਖ ਸਨ। ਦੇਸ਼ ਦੀ ਵੰਡ ਦਾ ਸਭ ਤੋਂ ਵੱਧ ਦਰਦ ਸਿੱਖਾਂ ਨੂੰ ਸਹਿਣਾ ਪਿਆ। ਹਜ਼ਾਰਾਂ ਜ਼ਿੰਦਗੀਆਂ ਇਸ ਵੰਡ ਦੀ ਬਲੀ ਚੜ੍ਹ ਗਈਆਂ, ਲੱਖਾਂ ਲੋਕ ਘਰੋਂ ਉੱਜੜ ਕੇ ਬੇਘਰ ਹੋ ਗਏ। ਅਜ਼ਾਦੀ ਉਪਰੰਤ ਦੇਸ਼ ਨੂੰ ਅੰਨ ਭੰਡਾਰ ਪੱਖੋਂ ਚੁਨੌਤੀ ਮਿਲੀ ਤਾਂ ਸਿੱਖ ਕਿਸਾਨੀ ਨੇ ਆਪਣਾ ਖ਼ੂਨ ਪਸੀਨਾ ਇਕ ਕਰਦਿਆਂ ਦੇਸ਼ ਨੂੰ ਅੰਨ ਭੰਡਾਰ ਪੱਖੋਂ ਆਤਮ ਨਿਰਭਰ ਬਣਾਇਆ। ਸਿੱਖਾਂ ਦੀ ਵਤਨਪ੍ਰਸਤੀ ਦਾ ਸਬੂਤ ਦੇਣ ਦੀ ਲੋੜ ਨਹੀਂ। ਕਿਉਂਕਿ 1962 ਵਿਚ ਚੀਨ, 1965, 1971 ਅਤੇ 1999 ਦੌਰਾਨ ਕਾਰਗਿਲ ਵਿਚ ਪਾਕਿਸਤਾਨ ਨਾਲ ਅਤੇ ਫਿਰ ਕਈ ਵਾਰ ਚੀਨੀ ਸਰਹੱਦਾਂ ’ਤੇ ਚੀਨ ਵੱਲੋਂ ਮਿਲ ਰਹੀਆਂ ਚੁਨੌਤੀਆਂ ਦਾ ਸਾਹਮਣਾ ਅਤੇ ਟਾਕਰਾ ਕਰਨ ਵਿਚ ਸਿੱਖ ਫ਼ੌਜੀਆਂ ਨੇ ਕਦੀ ਪਿੱਛੇ ਮੁੜ ਕੇ ਦੇਖਣ ਬਾਰੇ ਨਹੀਂ ਸੋਚਿਆ।

ਪਰ ਦੇਸ਼ ਦੀ ਏਕਤਾ ਅਖੰਡਤਾ ਲਈ ਵੱਡੇ ਯੋਗਦਾਨ ਦੇ ਬਾਵਜੂਦ ਅਜ਼ਾਦੀ ਤੋਂ ਬਾਅਦ ਸਥਾਪਿਤ ਹੋਈਆਂ ਕਾਂਗਰਸ ਦੀਆਂ ਸਰਕਾਰਾਂ ਵੱਲੋਂ ਇਸ ਭਾਈਚਾਰੇ ਨਾਲ ਕੀਤੇ ਗਏ ਸਿਆਸੀ ਵਿਤਕਰਿਆਂ ਕਾਰਨ ਸਿੱਖ ਭਾਈਚਾਰੇ ਵਿਚ ਅਲਹਿਦਗੀ ਦਾ ਸ਼ਿਕਾਰ ਮਹਿਸੂਸ ਕੀਤਾ ਗਿਆ। ਅਜ਼ਾਦੀ ਦੇ 37 ਸਾਲਾਂ ਬਾਅਦ 1984 ਵਿਚ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ” ਦੇ ਮਾਨਵ ਕਲਿਆਣ ਅਤੇ ਸਾਂਝੀਵਾਲਤਾ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਮੇਤ 37 ਗੁਰਦੁਆਰਿਆਂ ’ਤੇ ਸ੍ਰੀਮਤੀ ਇੰਦਰਾ ਗਾਂਧੀ ਦੀ ਕਾਂਗਰਸ ਸਰਕਾਰ ਵੱਲੋਂ ਫ਼ੌਜੀ ਹਮਲਾ ਕੀਤਾ ਗਿਆ ਅਤੇ ਅਨੇਕਾਂ ਹੀ ਸਿੱਖ ਸ਼ਰਧਾਲੂਆਂ ਘਾਣ ਕੀਤਾ ਗਿਆ। ਇੱਥੇ ਹੀ ਬੱਸ ਨਹੀਂ ਨਵੰਬਰ 1984 ਦੌਰਾਨ ਸਿੱਖ ਭਾਈਚਾਰਾ, ਜਿਸ ਨੇ ਆਜ਼ਾਦ ਭਾਰਤ ਦੇ ਨਿਰਮਾਣ ਲਈ ਆਪਣਾ ਖ਼ੂਨ ਵਹਾਇਆ ਅਤੇ ਆਪਣੇ ਪੁੱਤਰਾਂ ਦੀ ਦੇਸ਼ ਨੂੰ ਵਿਦੇਸ਼ੀਆਂ ਦੇ ਜ਼ੁਲਮ ਤੋਂ ਆਜ਼ਾਦ ਕਰਾਉਣ ਲਈ ਕੁਰਬਾਨੀ ਦਿੱਤੀ, ਨੂੰ ਦਿਲੀ ਸਮੇਤ ਸੌ ਦੇ ਕਰੀਬ ਸ਼ਹਿਰਾਂ ਵਿਚ ਕਾਂਗਰਸ ਦੇ ਆਗੂਆਂ ਦੀ ਸਰਪ੍ਰਸਤੀ ਹੇਠ ਸਿੱਖਾਂ ਨੂੰ ਕੋਹ ਕੋਹ ਕੇ ਮਾਰਦਿਆਂ ਕਤਲੇਆਮ ਕੀਤਾ ਗਿਆ। ਹਜ਼ਾਰਾਂ ਸਿੱਖਾਂ ਨੂੰ ਸਤ ਦਿਨ ਆਪਣੇ ਹੀ ਲੋਕਾਂ ਵੱਲੋਂ ਇਸ ਕਰਕੇ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਨ੍ਹਾਂ ਨੇ ਪਗੜੀ ਬੰਨ੍ਹੀ ਹੋਈ ਸੀ ਜਾਂ ਲੰਮੇ ਕੇਸ ਰੱਖੇ ਹੋਏ ਸਨ। ਸਿੱਖ ਕੌਮ ਧੰਨਵਾਦੀ ਹੈ ਆਪ ਜੀ ਦਾ ਜਿਨ੍ਹਾਂ ਨੇ 2014 ਵਿਚ ਸਤਾ ਸੰਭਾਲਦਿਆਂ ਹੀ ਸਿੱਟ ਬਣਾ ਕੇ ਕਤਲੇਆਮ ਦੇ ਦੋਸ਼ੀਆਂ ਜਿਨ੍ਹਾਂ ’ਚ ਸਜਣ ਕੁਮਾਰ ਵਰਗੇ ਕਾਂਗਰਸੀ ਆਗੂ ਨੂੰ ਸਲਾਖ਼ਾਂ ਪਿੱਛੇ ਭੇਜਣ ਦਾ ਵੱਡਾ ਕਾਰਜ ਕੀਤਾ।

ਪ੍ਰਧਾਨ ਮੰਤਰੀ ਜੀ, ਇੱਥੇ ਹੀ ਮੈਂ ਆਪ ਜੀ ਦੇ ਧਿਆਨ ਵਿਚ ਲਿਆਉਣਾ ਚਾਹੁੰਦਾ ਹਾਂ ਕਿ, ਹਾਲ ਹੀ ਵਿਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਹੱਤਿਆ ਮਾਮਲੇ ਵਿਚ ਉਮਰ ਕੈਦ ਕੱਟ ਰਹੇ 6 ਦੋਸ਼ੀਆਂ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਦੋਸ਼ੀਆਂ ਦੇ ਜੇਲ੍ਹ ਵਿਚ ਚੰਗੇ ਚਾਲ ਚੱਲਣ ਦੇ ਕਾਰਨ ਰਿਹਾਈ ਦੇ ਦਿੱਤੇ ਗਏ ਹੁਕਮਾਂ ਅਨੁਸਾਰ ਉਨ੍ਹਾਂ ਨੂੰ ਰਿਹਾਅ ਕਰ ਦਿੱਤੇ ਗਏ। ਇਸੇ ਸੰਦਰਭ ਵਿਚ ਮੈਂ ਅਪੀਲ ਕਰਦਾ ਹਾਂ ਕਿ ਤਿੰਨ ਤਿੰਨ ਦਹਾਕਿਆਂ ਤੋਂ ਸਿੱਖ ਸਿਆਸੀ ਕੈਦੀ ਜੇਲ੍ਹਾਂ ਵਿਚ ਬੰਦ ਹਨ। ਜਿਨ੍ਹਾਂ ਵਿਚ 8 ਨੂੰ ਛੱਡਣ ਅਤੇ ਇਕ ਦੀ ਸਜ਼ਾ ਤਬਦੀਲੀ ਬਾਰੇ ਕੇਂਦਰ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਦੌਰਾਨ ਐਲਾਨ ਕੀਤਾ ਗਿਆ ਅਤੇ 4 ਨੂੰ ਰਿਹਾਅ ਵੀ ਕੀਤਾ ਗਿਆ ਪਰ ਅਫ਼ਸੋਸ ਕਿ ਉਨ੍ਹਾਂ ਵਿਚੋਂ 4 ਅਤੇ ਇਕ ਅਜੇ ਵੀ ਨਹੀਂ ਛੱਡੇ ਗਏ। ਜਿਸ ਨੂੰ ਲੈ ਕੇ ਸਿੱਖ ਭਾਈਚਾਰਾ ਬਹੁਤ ਚਿੰਤਤ ਹੈ।  ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਵਰਗੇ ਘਿਣਾਉਣੇ ਅਪਰਾਧੀ, ਜਿਸ ਨੂੰ ਆਪਣੀਆਂ ਦੋ ਸਾਧਵੀਆਂ ਨਾਲ ਬਲਾਤਕਾਰ ਵਰਗੇ ਦੋਸ਼ਾਂ ਵਿਚ ਸਜਾ ਸੁਣਾਉਂਦਿਆਂ ਮਾਨਯੋਗ ਅਦਾਲਤ ਨੇ ਇੱਥੋਂ ਤਕ ਟਿੱਪਣੀ ਕੀਤੀ ਸੀ ਕਿ, ’’ਜਿਨ੍ਹਾਂ ਨੇ ਉਸ ਨੂੰ ਰੱਬ ਅਤੇ ਪਿਤਾ ਜੀ ਮੰਨਿਆ ਉਨ੍ਹਾਂ ਦਾ ਹੀ ਵਿਸ਼ਵਾਸ ਤੋੜ ਕੇ ਉਸ ਨੇ ਉਨ੍ਹਾਂ ਦੇ ਨਾਲ ਜੰਗਲੀ ਜਾਨਵਰਾਂ ਵਾਲਾ ਵਿਵਹਾਰ ਕੀਤਾ , ਜਿਸ ਕਰਕੇ ਉਹ ਸਜਾ ਵਿਚ ਕਿਸੇ ਰਹਿਮ ਜਾਂ ਟਿੱਲ ਦਾ ਹੱਕਦਾਰ ਨਹੀਂ। ਅਜਿਹੇ ਖ਼ਤਰਨਾਕ ਅਪਰਾਧੀ ਨੂੰ ਵਾਰ ਵਾਰ ਪੈਰੋਲ ਮਿਲ ਰਹੀਆਂ ਹਨ।  ਰਾਮ ਰਹੀਮ ਨੂੰ ਵਾਰ ਵਾਰ ਪੈਰੋਲ ਮਿਲਣਾ ਅਤੇ ਰਾਜੀਵ ਗਾਂਧੀ ਹੱਤਿਆ ਦੇ 6 ਦੋਸ਼ੀਆਂ ਦੀ ਰਿਹਾਈ ਤੋਂ ਬਾਅਦ ਬੰਦੀ ਸਿੰਘ ਜਿਹੜੇ ਕਿ ਉਪਰੋਕਤ ਮਾਮਲਿਆਂ ਤੋਂ ਪਹਿਲਾਂ ਹੀ ਸਖ਼ਤ ਸਜਾਵਾਂ ਭੁਗਤ ਰਹੇ ਹਨ, ਦੀ ਰਿਹਾਈ ਬਾਰੇ ਮਾਨਵੀ ਅਧਾਰ ਉੱਤੇ ਨਾ ਵਿਚਾਰੇ ਜਾਣ ਨਾਲ ਸਿੱਖਾਂ ਅੰਦਰ ਇਹ ਭਾਵਨਾ ਪ੍ਰਬਲ ਕਰੇਗਾ ਕਿ ਇਸ ਨਕਾਰਾਤਮਿਕ ਵਿਵਹਾਰ ਪਿੱਛੇ ਦਾ ਕਾਰਨ ਉਨ੍ਹਾਂ ਦਾ ਸਿੱਖ ਹੋਣਾ ਤਾਂ ਨਹੀਂ? ਇੱਥੇ ਮੈਂ ਇਹ ਅਪੀਲ ਕਰਦਾ ਹਾਂ ਕਿ ਦਹਾਕਿਆਂ ਤੋਂ ਜੇਲ੍ਹਾਂ ਵਿਚ ਬੰਦ ਬੰਦੀ ਸਿੰਘ ਕੋਈ ਜਰਾਇਮ ਪੇਸ਼ਾ ਨਹੀਂ ਹਨ। ਬਲਕਿ ਉਹ ਭਾਰਤ ਦੀ ਅਜ਼ਾਦੀ ਤੋਂ ਬਾਅਦ ਦੇਸ਼ ਅੰਦਰ ਸਿੱਖ ਭਾਈਚਾਰੇ ਨਾਲ ਕਾਂਗਰਸ ਸਰਕਾਰਾਂ ਵੱਲੋਂ ਪੈਦਾ ਕੀਤੇ ਗਏ ਹਾਲਤਾਂ ਅਤੇ ਰਾਜਨੀਤਿਕ ਵਿਤਕਰਿਆਂ ਦੇ ਵਿਰੁੱਧ ਸਿੱਖਾਂ ਦੀ ਰਾਜਨੀਤਿਕ ਲਹਿਰ ਦੇ ਕਾਰਨ ਹਿੰਸਕ ਰਾਹ ’ਤੇ ਤੁਰਨ ਲਈ ਮਜਬੂਰ ਕੀਤੇ ਗਏ ਸਨ। ਇਨ੍ਹਾਂ ਸਿੱਖ ਬੰਦੀ ਸਿੰਘਾਂ ਨੇ ਹੁਣ ਤਕ ਆਪਣੀ ਉਮਰ ਦਾ ਵੱਡਾ ਹਿੱਸਾ ਜੇਲ੍ਹਾਂ ਵਿਚ ਬਤੀਤ ਕਰ ਲਿਆ ਹੈ। ਜਿਸ ਕਰਕੇ ਉਨ੍ਹਾਂ ਦੀ ਮਾਨਸਿਕ ਦਸ਼ਾ ਵੀ ਪ੍ਰਭਾਵਿਤ ਹੋਈ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਮੈਂ ਇਹ ਗਲ ਕਹਿਣ ’ਚ ਸੰਕੋਚ ਨਹੀਂ ਕਰਾਂਗਾ ਕਿ ਪਿਛਲੀਆਂ ਸਰਕਾਰਾਂ ’ਚ ਦੇਖੀ ਗਈ ਸਦੀਵੀ ਸਮੱਸਿਆਵਾਂ ਨਾਲ ਨਜਿੱਠਣ ਦੀ ਇੱਛਾ ਸ਼ਕਤੀ ਦੀ ਘਾਟ ਨੂੰ ਆਪ ਜੀ ਨੇ ਤਿਲਾਂਜਲੀ ਦੇ ਕੇ ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ, ਕਸ਼ਮੀਰ ’ਚੋਂ ਧਾਰਾ 370 ਨੂੰ ਹਟਾਉਣ, ਤਿੰਨ ਤਲਾਕ, ਨਾਗਰਿਕ ਸੋਧ ਕਾਨੂੰਨ, ਅਤਿਵਾਦ ਪ੍ਰਤੀ ਜ਼ੀਰੋ ਟਾਲਰੈਸ ’ਤੇ ਸਰਹੱਦ ਪਾਰ ਦੇ ਅਤਿਵਾਦੀ ਕੈਂਪਾਂ ’ਤੇ ਸਰਜੀਕਲ ਸਟ੍ਰੈਕ ਨੂੰ ਅੰਜਾਮ ਦੇ ਕੇ ਸਦੀਵੀ ਸਮੱਸਿਆਵਾਂ ਨਾਲ ਨਜਿੱਠਣ ਲਈ ਨਿਰਨਾਇਕ ਪਹੁੰਚ ਅਪਣਾਉਂਦਿਆਂ ਆਪਣੀ ਦ੍ਰਿੜ੍ਹ ਇੱਛਾ ਸ਼ਕਤੀ ਦਾ ਪ੍ਰਮਾਣ ਦਿੱਤਾ ਹੈ। ਇਸੇ ਹੀ ਤਰਜ਼ ’ਤੇ ਪੰਜਾਬ ਅਤੇ ਸਿੱਖ ਪੰਥ ਦੇ ਲੰਬਿਤ ਪਏ ਮਸਲਿਆਂ ਸਮੇਤ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਨੂੰ ਵੀ ਤਰਜੀਹੀ ਅਧਾਰ ’ਤੇ ਹੱਲ ਕੀਤਾ ਜਾਵੇ । ਇੱਥੇ ਮੈਂ ਸਿੱਖ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਅਪੀਲ ਕਰਦਾ ਹਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਵਿਚ ਕੋਈ ਵੀ ਕਾਨੂੰਨੀ ਅੜਚਣ ਹੈ ਤਾਂ ਉਸ ਨੂੰ ਤੁਰੰਤ ਦੂਰ ਕੀਤਾ ਜਾਵੇ ਤਾਂ ਕਿ ਉਹ 26 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਪ੍ਰਤੀ ਪਹਿਲੀ ਵਾਰ ਸਰਕਾਰ ਵੱਲੋਂ ਮਨਾਏ ਜਾ ਰਹੇ ਵੀਰ ਬਾਲ ਦਿਵਸ ਨੂੰ ਪੂਰੀ ਸ਼ਰਧਾ ਅਤੇ ਉਤਸ਼ਾਹ ਪੂਰਵਕ ਮਨਾ ਸਕਣ। ਸਿੱਖ ਭਾਈਚਾਰੇ ਦੇ ਵੱਖ ਵੱਖ ਵਰਗਾਂ ਜਥੇਬੰਦੀਆਂ ਦੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਅਤੇ ਲਟਕ ਰਹੀ ਮੰਗ ਦੇ ਇਵਜ਼ ‘ਚ ਸਦਭਾਵਨਾ ਅਤੇ ਮਾਨਵੀ ਅਧਾਰ ‘ਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਦਿਆਂ ਸਿੱਖ ਪੰਥ ਨੂੰ ਦਿੱਤਾ ਗਿਆ ਵੱਡਾ ਤੋਹਫ਼ਾ ਦੇਸ਼ ਦੀ ਭਾਈਚਾਰਕ ਸਾਂਝ ਪ੍ਰਤੀ ਇਕ ਚੰਗੀ ਸ਼ੁਰੂਆਤ ਹੋਵੇਗੀ। ਜਿਸ ਦੇ ਚੰਗੇ ਸਿੱਟੇ ਸਾਹਮਣੇ ਆਉਣਗੇ। ਸਮੂਹ ਸਿੱਖ ਕੈਦੀਆਂ ਦੀ ਰਿਹਾਈ ਵਰਗਾ ਠੋਸ ਕਦਮ ਨਿਸ਼ਚੇ ਹੀ ਪੰਜਾਬ ਅਤੇ ਸਿੱਖ ਕੌਮ ਨਾਲ ਕੇਂਦਰ ਦੀਆਂ ਕਾਂਗਰਸੀ ਸਰਕਾਰਾਂ ਵੱਲੋਂ ਕੀਤੇ ਜਾਂਦੇ ਗ਼ਲਤ ਵਿਵਹਾਰ ਅਤੇ ਵਿਤਕਰਿਆਂ ਕਾਰਨ ਸਿੱਖ ਕੌਮ ‘ਚ ਆਈ

ਬੇਗਾਨਗੀ ਦੀ ਭਾਵਨਾ ਨੂੰ ਦੂਰ ਕਰਨ ਅਤੇ ਸਿੱਖ ਕੌਮ ਦੀ ਦੇਸ਼ ਪ੍ਰਤੀ ਵਿਸ਼ਵਾਸ ਬਹਾਲੀ ‘ਚ ਸਹਾਈ ਸਿੱਧ ਹੋਵੇਗੀ। ਉਮੀਦ ਹੈ ਮੇਰੇ ਇਨ੍ਹਾਂ ਸੁਝਾਵਾਂ ’ਤੇ ਤੁਸੀਂ ਜ਼ਰੂਰ ਗ਼ੌਰ ਕਰੋਗੇ।
ਧੰਨਵਾਦ ਸਹਿਤ

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>