ਅਮਰਜੀਤ ਕੌਰ ਹਿਰਦੇ ਆਪਣੀਆਂ ਸਾਹਿਤਕ ਲਿਖਤਾਂ ਦੇ ਲਈ ਹਮੇਸ਼ਾ ਜਾਣੇ ਜਾਂਦੇ ਰਹਿਣਗੇ : ਪ੍ਰਵੀਨ ਪੁਰੀ

Amarjit Kaur Hirdey 2.resizedਸ਼੍ਰੀਮਤੀ ਅਮਰਜੀਤ ਕੌਰ ਹਿਰਦੇ ਪੰਜਾਬੀ ਸਾਹਿਤ ਜਗਤ ਦੀ ਜਾਣ-ਪਛਾਣੀ ਹਸਤੀ ਸਨ। ਉਨ੍ਹਾਂ ਦਾ 25 ਨਵੰਬਰ, 2022 ਨੂੰ ਸਦੀਵੀ ਵਿਛੋੜਾ ਦੇਣਾ ਪਰਿਵਾਰ ਲਈ ਹੀ ਨਹੀਂ ਸਗੋਂ ਸਾਹਿਤ ਪ੍ਰੇਮੀਆਂ ਲਈ ਵੀ ਅਸਹਿ ਹੈ। ਉਨ੍ਹਾਂ ਨੇ ਕਈ ਵਿਧਾਵਾਂ ਵਿਚ ਆਪਣੀਆਂ ਸਾਹਿਤਕ ਕਿਰਤਾਂ ਪੰਜਾਬੀ ਬੋਲੀ ਦੀ ਝੋਲੀ ਵਿਚ ਪਾਈਆਂ ਹਨ। ਲਗਪਗ 35 ਸਾਲਾਂ ਤੋਂ ਸਾਹਿਤਕ ਰੁਚੀਆਂ ‘ਚ ਲਿਪਤ ਸ਼੍ਰੀਮਤੀ ਹਿਰਦੇ ਨੇ ਕਵਿਤਾ, ਗੀਤ, ਗਜ਼ਲ, ਕਹਾਣੀ, ਆਰਟੀਕਲ, ਨਾਵਲ, ਅਲੋਚਨਾ ਤੋਂ ਇਲਾਵਾ ਖੋਜ ਪੱਤਰ ਲਿਖਣ ਤੋਂ ਇਲਾਵਾ ਫਿਲਮ ਐਕਟਿੰਗ ਅਤੇ ਥੀਏਟਰ ਵਿਚ ਵੀ ਕਾਰਜਸ਼ੀਲ ਸਨ। ਉਨ੍ਹਾਂ ਨੇ ਆਪਣੇ ਜੀਵਨ ਕਾਲ ਦੇ ਵਿਚ ਪੰਜਾਬੀ ਸਾਹਿਤ ਜਗਤ ਦੀ ਝੋਲੀ ਵਿਚ 06 ਪੁਸਤਕਾਂ ਪਾਈਆਂ ਹਨ ਜਿਨ੍ਹਾਂ ਦੇ ਵਿਚ ‘ਚਿੰਤਨ ਦੀ ਕੁੱਖ’ (ਕਾਵਿ ਸੰਗ੍ਰਹਿ), ‘ਕੀਕਣ ਲਿਖਾਂ ਹਰਫ ਨਵੇਂ’ (ਗਜ਼ਲ ਤੇ ਕਾਵਿ ਸੰਗ੍ਰਹਿ), ‘ਜੋਤ ਗੁਰੂ ਸ਼ਬਦ ਰਹਿਨੁਮਾ’ (ਕਾਵਿ ਸੰਗ੍ਰਹਿ), ‘ਕਾਗਜ਼ ਦੀਆਂ ਕਿਸ਼ਤੀਆਂ’ (ਬਾਲ ਕਾਵਿ ਸੰਗ੍ਰਹਿ), ‘ਸਾਡੇ ਬਾਗੀਂ ਚੰਬਾ ਖਿੜਿਆ’ (ਗੀਤ ਸੰਗ੍ਰਹਿ), ‘ਪਿਘਲਦੀ ਨਦੀ’ (ਗਜ਼ਲ ਸੰਗ੍ਰਹਿ) ਆਦਿ ਨਾਂ ਵਰਣਨਯੋਗ ਹਨ ਅਤੇ ਉਨ੍ਹਾਂ ਦਾ ਇਕ ਨਾਵਲ ‘ਮੇਨਕਾ ਤੋਂ ਮੀਰਾ ਹੋਣ ਤਕ’ ਛਪਾਈ ਅਧੀਨ ਹੈ। ਇਸ ਤੋਂ ਇਲਾਵਾ ‘ਰੱਬ ਦੀ ਡਾਇਰੀ ‘ਤੇ ਲਿਖੇ ਹਰਫ (ਵਾਰਤਕ), ਲੰਮੀ ਲੰਮੀ ਨਦੀ ਵਹੈ (ਕਾਵਿ ਸੰਗ੍ਰਹਿ), ਕਸਤੂਰ ਕੁੰਗੂ (ਕਾਵਿ ਸੰਗ੍ਰਹਿ), ਅੰਬਰੋਂ ਟੁੱਟਦੇ ਤਾਰੇ (ਕਾਵਿ ਸੰਗ੍ਰਹਿ) ਦੇ ਖਰੜੇ ਪੁਸਤਕ ਹੋਣ ਲਈ ਤਿਆਰ ਹਨ। ਨੈਸ਼ਨਲ ਬੁੱਕ ਟ੍ਰਸਟ ਇੰਡੀਆ ਦੀ ਪੁਸਤਕ ਬੱਚਿਆਂ ਲਈ ਸਦਾਬਹਾਰ ਕਹਾਣੀਆਂ ਉਨ੍ਹਾਂ ਵੱਲੋਂ ਅਨੁਵਾਦ ਵੀ ਕੀਤੀ ਗਈ ਹੈ। ਹਿੰਦੀ ਪੁਸਤਕ ‘ਜਹ ਜਹ ਪਰੇ ਚਰਨ ਗੌਤਮ ਕੇ’ ਦਾ ਪੰਜਾਬੀ ਅਨੁਵਾਦ ਵੀ ਉਨ੍ਹਾਂ ਵੱਲੋਂ ਸ਼ੁਰੂ ਕੀਤਾ ਗਿਆ ਸੀ।

ਉਨ੍ਹਾਂ ਨੂੰ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ – ਨਵੀਆਂ ਕਲਮਾਂ, ਕਵੀ ਦਰਬਾਰ, ਗੱਲਾਂ ਨਾਲੇ ਗੀਤ ਵਿਚ ਸ਼ਿਰਕਤ ਕਰਦੇ ਅਕਸਰ ਵੇਖਿਆ ਜਾਂਦਾ ਸੀ। ਆਲ ਇੰਡੀਆ ਰੇਡੀਓ, ਰੇਡੀਓ ਜਰਮਨ, ਪੰਜਾਬ ਰੇਡੀਓ ਲੰਡਨ, ਹਰਮਨ ਰੇਡੀਓ ਆਸਟਰੇਲੀਆ ਆਦਿ ਕਈ ਰੇਡੀਓ ਪ੍ਰੋਗਰਾਮਾਂ ਵਿਚ ਆਪਣੀਆਂ ਰਚਨਾਵਾਂ ਪੇਸ਼ ਕਰਦੇ ਸੁਣਾਈ ਦਿੰਦੇ ਸਨ। ਕਈ ਪ੍ਰਸਿੱਧ ਕਵੀ ਦਰਬਾਰਾਂ ਵਿਚ ਸ਼ਿਰਕਤ ਕਰਨ ਵਾਲੇ ਸ਼੍ਰੀਮਤੀ ਅਮਰਜੀਤ ਕੌਰ ਹਿਰਦੇ ਨੂੰ ਕਈ ਸੰਸਥਾਵਾਂ ਵੱਲੋਂ ਵਿਸ਼ੇਸ਼ ਸਨਮਾਨ ਵੀ ਸਮੇਂ ਸਮੇਂ ਪ੍ਰਦਾਨ ਕੀਤੇ ਜਾ ਚੁੱਕੇ ਹਨ। ਇਨ੍ਹਾਂ ਸੰਸਥਾਵਾਂ ਵਿਚ ਪੰਜਾਬੀ ਗਜ਼ਲ ਮੰਚ ਪੰਜਾਬ, ਲੁਧਿਆਣਾ, ਸੰਤ ਰਾਮ ਉਦਾਸੀ ਵਿਚਾਰ ਮੰਚ, ਲੁਧਿਆਣਾ, ਗਿਆਨੀ ਦਿਤ ਸਿੰਘ ਪੱਤ੍ਰਕਾ,ਪੰਜਾਬੀ ਸਭਿਆਚਾਰ ਸੱਥ ਤੇ ਸਾਹਿਤ ਸੰਸਥਾ, ਅੰਮ੍ਰਿਤਸਰ, ਸਾਹਿਤਕ ਵਿਚਾਰ ਮੰਚ ਚੰਡੀਗੜ੍ਹ, ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ, ਨੰਦ ਲਾਲ ਨੂਰਪੁਰੀ ਸਾਹਿਤਕ ਸਭਾ ਮੁਹਾਲੀ, ਮਨੁੱਖੀ ਅਧਿਕਾਰ ਮੰਚ, ਕੈਥਲ ਸਾਹਿਤ ਸਭਾ, ਪੰਜਾਬੀ ਸਾਹਿਤ ਮੰਚ ਕਰਨਾਲ, ਬਾਬਾ ਬੰਦਾ ਸਿੰਘ ਬਹਾਦਰ ਇੰਜ. ਕਾਲਜ ਫਤਹਿਗੜ੍ਹ ਸਾਹਿਬ, ਸ਼੍ਰੀ ਪਾਉਂਟਾ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ਼੍ਰੀ ਭੈਣੀ ਸਾਹਿਬ, ਗੁਰੂਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ, ਗੁ. ਆਲਮਗੀਰ ਸਾਹਿਬ ਲੁਧਿਆਣਾ, ਗੁਰਦੁਆਰਾ ਫਤਹਿਗੜ੍ਹ ਸਾਹਿਬ ਆਦਿ ਨਾਂ ਵਰਣਨਯੋਗ ਹਨ।

ਉਹ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਕੇਂਦਰੀ ਪੰਜਾਬੀ ਲਿਖਾਰੀ ਸਭਾ ਅਤੇ ਹੋਰ ਕਈ ਸਰਕਰਦਾ ਸਾਹਿਤਕ ਜਥੇਬੰਦੀਆਂ ਅਤੇ ਸਭਾਵਾਂ ਦੇ ਸਰਗਰਮ ਮੈਂਬਰ ਸਨ। ਉਹ ਹਮੇਸ਼ਾ ਹੀ ਪੰਜਾਬੀ ਬੋਲੀ ਦੇ ਵਿਕਾਸ ਅਤੇ ਵਿਗਾਸ ਲਈ ਅਵਾਜ ਉਠਾਉਣ ਵਾਲਿਆਂ ਵਿਚੋਂ ਜਾਣੇ ਜਾਂਦੇ ਸਨ। ਉਹ ਅਨੁਰੂਪ ਓਂਕਾਰ ਚੈਰੀਟੇਬਲ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਸਨ ਅਤੇ ਉਨ੍ਹਾਂ ਨੇ ਆਪਣੇ ਰਿਹਾਇਸ਼ ਦੇ ਗਰਾਂਊਂਡ ਫਲੋਰ ‘ਤੇ ਅਨੁਰੂਪ ਪਬਲਿਕ ਲਾਇਬ੍ਰੇਰੀ ਦੀ ਸਥਾਪਨਾ ਵੀ ਕੀਤੀ ਜਿਸ ਵਿਚ ਪੜ੍ਹਨ ਪੜ੍ਹਾਉਣ ਤੇ ਲਿਖਣ ਦੀ ਮਸ ਪੈਦਾ ਕਰਨ ਲਈ ਉਨ੍ਹਾਂ ਵੱਲੋਂ ਉਚੇਚ ਯਤਨ ਵੀ ਕੀਤੇ ਜਾਂਦੇ। ਉਹ ਸਮੇਂ ਸਮੇਂ ਸਾਹਿਤਕ ਅਤੇ ਸਭਿਆਚਾਰਕ ਇਕੱਤਰਤਾਵਾਂ ਕਰਕੇ ਸਾਹਿਤਕ ਲਿਖਾਰੀਆਂ ਅਤੇ ਆਮ ਸਮਾਜਿਕ ਲੋਕਾਂ ਵਿਚ ਮੇਲ ਜੋਲ ਰੱਖਣ-ਰਖਾਉਣ ਦੀ ਕੋਸ਼ਿਸ਼ ਕਰਦੇ ਰਹੇ। ਉਨ੍ਹਾਂ ਵੱਲੋਂ ਆਪਣੇ ਪਤੀ ਦੀ ਨੌਕਰੀ ਦੌਰਾਨ ਹਰਿਆਣਾ ਦੇ ਜੀਂਦ ਜ਼ਿਲੇ ਇਕ ਪਿੰਡ ਵਿਚ ਮੋਂਠ ਵਿਚ 100 ਤੋਂ ਵੱਧ ਹਰ ਉੇਮਰ ਦੇ ਸਿਖਿਆਰਥੀਆਂ ਨੂੰ ਪੰਜਾਬੀ ਭਾਸ਼ਾ ਦੇ ਲੜ ਲਾਉਣ ਅਤੇ ਸਾਹਿਤ ਨਾਲ ਪ੍ਰੇਮ ਪੈਦਾ ਕਰਨ ਦਾ ਵਿਸ਼ੇਸ਼ ਉਦਮ ਵੀ ਕੀਤਾ ਹੈ। ਇਹ ਕਾਰਜ ਉਹ ਲੰਮੇ ਸਮੇਂ ਤਕ ਕਰਦੇ ਰਹੇ ਅਤੇ ਇਸ ਸਮੇਂ ਇਸ ਕਾਰਜ ਨੂੰ ਬੀਬੀ ਜਸਪ੍ਰੀਤ ਕੌਰ ਉਨ੍ਹਾਂ ਦੀ ਪ੍ਰੇਰਨਾ ਦੇ ਨਾਲ ਅੱਗੇ ਲੈ ਕੇ ਚਲ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਹੈਪੀਨੈਸ ਯੋਗ ਮੈਡੀਨੇਟਸ਼ਨ ਸਾਧਨਾ ਅਤੇ ਮੁਦਰਾ ਸਾਧਨਾ ਦੀਆਂ ਕਾਲਸਾਂ ਬਿਨਾ ਕਿਸੇ ਲਾਲਚ ਦੇ ਚਲਾ ਕੇ ਕਈਆਂ ਦੀ ਜ਼ਿੰਦਗੀ ਨੂੰ ਨਰੋਈ ਕਰਨ ਦਾ ਅਜਿਹਾ ਕਾਰਜ ਜੋ ਆਉਣ ਵਾਲੇ ਲੰਮੇ ਸਮੇਂ ਤਕ ਯਾਦ ਕੀਤਾ ਜਾਂਦਾ ਰਹੇਗਾ।

ਉਨ੍ਹਾਂ ਦੀ ਲੇਖਣੀ ਜਿਥੇ ਸਮਾਜ ਦੇ ਵੱਖ ਵੱਖ ਵਿਸ਼ਿਆਂ ਨੂੰ ਸਮਰਪਿਤ ਸੀ ਉਥੇ ਉਨ੍ਹਾਂ ਨੇ ਨਾਰੀਮਨ ਦੇ ਅੰਤਰੀਵੀ ਭਾਵਾਂ ਨੂੰ ਵੀ ਆਪਣੀਆਂ ਰਚਨਾਵਾਂ ਰਾਹੀਂ ਵਿਅਕਤ ਕਰਕੇ ਔਰਤਾਂ ਨੂੰ ਸਮਾਜ ਵਿਚ ਆਪਣੀ ਪਛਾਣ ਅਤੇ ਆਪਣਾ ਸਥਾਨ ਖੁਦ ਬਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦਾ ਪਰਿਵਾਰਕ ਪਿਛੋਕੜ ਭਾਵੇਂ ਸਾਹਿਤ ਵਾਲਾ ਨਹੀਂ ਸੀ ਪਰ ਉਨ੍ਹਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਪਰਿਵਾਰ ਦੇ ਮੈਂਬਰਾਂ ਦਾ ਹੀ ਨਹੀਂ ਸਗੋਂ ਚੌਗਿਰਦੇ ਦੇ ਮੈਂਬਰਾਂ ਦਾ ਵੀ ਮਾਣ ਲਿਆ।

ਉਨ੍ਹਾਂ ਦਾ ਜਨਮ 03 ਸਤੰਬਰ 1969 ਨੂੰ ਪਿਤਾ ਸ. ਸੋਹਣ ਸਿੰਘ ਦੇ ਘਰ ਅਤੇ ਮਾਤਾ ਬਲਬੀਰ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਦਾ ਵਿਆਹ ਸ. ਹਿਰਦੇਪਾਲ ਸਿੰਘ ਨਾਲ ਹੋਇਆ ਅਤੇ ਉਨ੍ਹਾਂ ਨੇ ਦੋ ਬੇਟੇ ਮਨਪ੍ਰੀਤ ਸਿੰਘ ਅਤੇ ਨਵਪ੍ਰੀਤ ਸਿੰਘ ਉਨ੍ਹਾਂ ਦੀ ਅੰਤਰ ਆਤਮਾ ਦਾ ਪ੍ਰਛਾਵਾਂ ਹੀ ਹਨ। ਉਹ ਇਕ ਸੁਘੜ ਸੁਆਣੀ ਬਣਕੇ ਉਨ੍ਹਾਂ ਨੇ ਸ. ਹਿਰਦੇਪਾਲ ਸਿੰਘ ਦੇ ਘਰ ਨੂੰ ਸੰਭਾਲਿਆ ਅਤੇ ਆਪਣੇ ਬੇਟਿਆਂ ਨੂੰ ਅੱਗੇ ਵਧਣ ਦੇ ਲਈ ਚੰਗੀ ਪਰਵਰਿਸ਼ ਕੀਤੀ ਜਿਸ ਦੀ ਬਦੌਲਤ ਉਹ ਦੇਸ਼ ਅਤੇ ਵਿਦੇਸ਼ ਵਿਚ ਚੰਗੇ ਅਹੁਦਿਆਂ ‘ਤੇ ਕਾਰਜਸ਼ੀਲ ਹਨ।

ਉਨ੍ਹਾਂ ਨੇ 25 ਨਵੰਬਰ 2022 ਨੂੰ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਰੀਸਰਚ ਸੈਂਟਰ, ਨਿਊ ਚੰਡੀਗੜ੍ਹ ਵਿਚ ਆਖਰੀ ਸੁਆਸ ਲਏ ਸਨ। ਉਹ ਪਿਛਲੇ ਚਾਰ ਸਾਲਾਂ ਤੋਂ ਕੈਂਸਰ ਜਿਹੀ ਲਾਇਲਾਜ ਬੀਮਾਰੀ ਤੋਂ ਪੀੜਤ ਸਨ। ਉਨਾਂ ਨੇ ਬਹੁਤ ਜ਼ਿੰਦਾਦਿਲੀ ਦੇ ਨਾਲ ਅਜਿਹੀ ਬੀਮਾਰੀ ਨਾਲ ਲੜਾਈ ਲੜੀ ਅਤੇ ਪਰਿਵਾਰ ਨੂੰ ਇਕ ਜੁੱਟ ਰਖਦਿਆਂ ਉਨ੍ਹਾਂ ‘ਤੇ ਕਿਸੇ ਤਰ੍ਹਾਂ ਦੀ ਪੀੜਾ ਦਾ ਅਹਿਸਾਸ ਤਕ ਨਹੀਂ ਹੋਣ ਦਿੱਤਾ। ਉਨ੍ਹਾਂ ਦੀ ਜ਼ਿੰਦਾਦਿਲੀ ਸਾਰਿਆਂ ਲਈ ਪ੍ਰੇਰਨਾ ਬਣ ਗਈ ਗਈ ਹੈ। ਉਨ੍ਹਾਂ ਨੇ ਅਖੀਰਲੇ ਦਿਨਾਂ ਤਕ ਵੀ ਆਪਣੇ ਆਪ ਨੂੰ ਖੁਸ਼ ਰੱਖਿਆ ਅਤੇ ਸਾਕਾਰਤਮਕਤਾ ਬਣਾਈ ਰੱਖੀ। ਇਸ ਬੀਮਾਰੀ ਦੇ ਇਲਾਜ ਵਿਚ ਉਨ੍ਹਾਂ ਦੇ ਪਤੀ ਸ. ਹਿਰਦੇਪਾਲ ਸਿੰਘ ਨੇ ਕੋਈ ਕਸਰ ਨਾ ਬਾਕੀ ਛੱਡਦੇ ਹੋਏ ਤਨ, ਮਨ, ਧਨ ਨਾਲ ਉਨ੍ਹਾਂ ਦੀ ਖੂਬ ਸੇਵਾ ਕੀਤੀ ਅਤੇ ਹਮੇਸ਼ਾ ਹੀ ਉਨ੍ਹਾਂ ਨੂੰ ਪ੍ਰੇਰਿਤ ਕੀਤਾ।

ਉਹ ਭਾਵੇਂ ਅੱਜ ਸਰੀਰਕ ਤੌਰ ‘ਤੇ ਸਾਥੋਂ ਹਮੇਸ਼ਾ ਲਈ ਵਿਛੜ ਗਏ ਹਨ ਪਰ ਉਹ ਆਪਣੀਆਂ ਲਿਖਤਾਂ ਰਾਹੀਂ ਹਮੇਸ਼ਾ ਹੀ ਸਾਡੇ ਨਾਲ ਰਹਿਣਗੇ ਅਤੇ ਸਾਨੂੰ ਅਗਵਾਈ ਦਿੰਦੇ ਰਹਿਣਗੇ। ਆਉ ਅਜਿਹੀ ਸੱਚੀ ਸੁੱਚੀ ਰੂਹ ਨੂੰ ਅੰਤਿਮ ਸ਼ਰਧਾਂਜਲੀ ਦੇਣ ਦੇ ਲਈ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ ਵਿਚ ਸ਼ਾਮਿਲ ਹੋ ਕੇ ਸ਼ਰਧਾਂਜਲੀਆਂ ਦੇਈਏ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>