ਫੁੱਲਾਂ ਦਾ ਮੇਲਾ ਕਰਵਾਉਂਦਾ, ਕੁਦਰਤ ‘ਚੋਂ ਕਾਦਰ ਦੇ ਦਰਸ਼ਨ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸਾਲ ਵਿੱਚ ਦੋ ਵਾਰ  ਕਰਵਾਏ ਜਾਂਦਾ ਫੁੱਲਾਂ ਦੇ ਮੇਲਾ  , ਮੇਲਾ ਨਾ ਰਹਿ ਪ੍ਰਕਿਰਤੀ ਨਾਲ ਮੇਲ ਕਰਵਾਉਣ ਦੇ ਤੋਰ ‘ਤੇ ਜਾਣਿਆ ਜਾਣ ਲੱਗ ਪਿਆ ਹੈ । ਆਮ ਤੋਰ ‘ਤੇ ਮੇਲੇ ਮਹਿਜ ਤੁਰਨ ਫਿਰਨ  ਦ‍ਾ ਹੀ ਸਬੱਬ  ਬਣਦੇ ਹਨ । ਯੂਨੀਵਰਸਿਟੀ ਦੇ ਮੇਲੇ   ਕੁਦਰਤ ਨਾਲ ਗੂੜ੍ਹਾ ਰਿਸ਼ਤਾ ਬਣਾਉਣ ਦਾ ਸਬੱਬ  ਬਣ ਗਏ ਹਨ। ਮੇਲੇ ਤੋਂ ਪ੍ਰੇਰਨਾ ਲੈ ਕੇ ਯੂਨੀਵਰਸਿਟੀ ਦੇ ਵਿੱਚ ਇੱਕ ਤੋਂ ਬਾਅਦ  ਇੱਕ ਕੀਤੇ ਗਏ ਕੰਮਾਂ ਦੇ ਕਾਰਨ ਕਈ ਮੀਲ ਪੱਥਰ ਖੜ੍ਹੇ ਕਰ ਦਿੱਤੇ ਜੋ ਲੰਮਾ ਸਮਾਂ ਪ੍ਰੇਰਨਾ ਦਾ ਸਰੋਤ ਬਣੇ ਰਹਿਣਗੇ । ਯੂਨੀਵਰਸਿਟੀ ਦੀ ਸ਼ੁੱਧ ਹਵਾ ੱਚ ਹਰ ਸਾਲ ਕਰਵਾਏ ਜਾਂਦਾ ਇਹ ਮੇਲਾ ਆਪਣੀਆਂ ਮਹਿਕਾਂ ਬਿਖੇਰਦਾ ਹੈ। ਇਨ੍ਹਾਂ ਫੁੱਲਾਂ ਦੇ ਮੇਲਿਆਂ ਦਾ ਹੀ ਕਮਾਲ  ਕਿਹਾ ਜਾ ਸਕਦਾ ਕਿ ਕੁਦਰਤ ਤੇ ਕੁਦਰਤੀ ਸੁੰਦਰਤਾ ਨੂੰ ਪਿਆਰ ਕਰਨ ਵਾਲਿਆਂ ਤੋਂ ਇਲਾਵਾ ਆਮ ਲੋਕ ਵੀ ਇਸ ਮੇਲੇ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ।

ਭਾਈ ਵੀਰ ਸਿੰਘ ਜੀ ਦੇ ਨਾਮ ਦੇ ਇਸ ਮੇਲੇ ਦਾ ਨਾਮਕਰਨ ਕੀਤਾ ਜਾਣਾ ਆਪਣੀ ਇਕ ਵਿਲੱਖਣਤਾ ਰਖਦਾ ਹੈ। ਭਾਈ ਵੀਰ ਸਿੰਘ ਜੀ ਨੇ ਜਿਸ ਨਜ਼ਰੀਏ ਤੋਂ ਕੁਦਰਤ ਨੂੰ ਆਪਣੇ ਅਹਿਸਾਸਾਂ ਅਤੇ ਅਨੁਭਵ ਵਿਚ ਲਿਆ ਹੈ ਉਸ ਦਾ ਕੋਈ ਸਾਨ੍ਹੀ ਨਹੀਂ ਮਿਲਦਾ। ਫੁੱਲਾਂ, ਦਰਖਤਾਂ, ਪੌਦਿਆਂ, ਘਾਹ ਦੀਆਂ ਪੱਤੀਆਂ, ਝਾੜੀਆਂ, ਦਰਿਆਵਾਂ ਨਦੀਆਂ ਦੇ ਪਾਣੀਆਂ, ਤ੍ਰੇਲ ਦੇ ਤੁਪਿਕਆਂ, ਧਰਤੀ ਦੀ ਗੋਦ ਵਿਚ ਉਗਣ ਵਾਲੇ ਨਿੱਕੇ ਫੁੱਲਾਂ, ਧਰਤੀ ਦੇ ਅੰਦਰ ਚਲਦੇ ਅਹਿਸਾਸਾਂ ਅਤੇ ਹੋਰ ਅਨੇਕਾਂ ਹੀ ਕੁਦਰਤੀ ਵਰਤਾਰਿਆਂ ਦੇ ਵੇਰਵਿਆਂ ਅਤੇ ਅਨੁਭਵਾਂ ਨੂੰ ਸਹਿਜੇ ਹੀ ਭਾਈ ਵੀਰ ਸਿੰਘ ਜੀ ਦੀਆਂ ਕਵਿਤਾਵਾਂ ਰਾਹੀਂ ਆਪਣੇ ਅੰਦਰ ਸਮੋਇਆ ਜਾ ਸਕਦਾ ਹੈ। ਇਸ ਵਰ੍ਹੇ  ਇਹ ਮੇਲਾ ਇਕ ਖਾਸੀਅਤ ਆਪਣੇ ਅੰਦਰ ਇਹ ਲਈ ਬੈਠਾ ਹੈ ਕਿ  ਭਾਈ ਵੀਰ ਸਿੰਘ ਦੀ 150 ਸਾਲਾ ਜਨਮ-ਸ਼ਤਾਬਦੀ ਵੱਖ ਵੱਖ ਖੋਜ, ਸਾਹਿਤਕ, ਸਮਾਜਿਕ, ਅਧਿਆਤਮਕ ਅਤੇ ਬਾਗਬਾਨੀ ਆਦਿ ਨਾਲ ਜੁੜੀਆਂ ਸੰਸਥਾਵਾਂ ਮਨਾ ਰਹੀਆਂ ਹਨ । ਇਹ ਮੇਲਾ ਵੀ ਉਨ੍ਹਾਂ ਦੀ ਇਸ ਜਨਮਸ਼ਤਾਬਦੀ ਨੂੰ ਸਮਰਪਿਤ ਹੈ।

ਮੇਲਿਆਂ ਦੇ ਕਾਰਨ ਬਹੁਤ ਸਾਰੇ ਕੁਦਰਤ ਪ੍ਰੇਮੀਆਂ ਅਤੇ ਸੰਸਥਾਵਾਂ ਨਾਲ  ਸੰਪਰਕ  ਬਣੇ ,ਜਿਨ੍ਹਾਂ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਰਲ ਕੇ ਯੂਨੀਵਰਸਿਟੀ ਵਿੱਚ ਜੰਗਲ ਲਗਾਉਣ ਦਾ ਬੀੜਾ ਚੁੱਕ ਲਿਆ ਅਤੇ ਹੁਣ ਤੱਕ ਹਜ਼ਾਰਾਂ ਦੀ ਗਿਣਤੀ ਵਿਚ ਵੱਖ  ਵੱਖ  ਤਰ੍ਹਾਂ ਦੇ ਬੂਟੇ ਅਤੇ ਦਰਖਤ ਲਗਾਏ। ਖੇਤੀਬਾੜੀ ਦੇ ਮਹਿਰ ਇਸ ਮੇਲੇ ਵਿਚੋਂ ਵਪਾਰ ਦੇ ਕਈ ਰਸਤੇ ਵੀ ਖੋਲਦੇ ਹਨ । ਯੂਨੀਵਰਸਿਟੀ ਕੈੰਪਸ ਵਿੱਚ ਇਹ  ਉਪਰਾਲਾ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ ਜਸਪਾਲ ਸਿੰਘ ਸੰਧੂ ਦੀ ਬਦੌਲਤ ਸੰਭਵ ਹੋਇਆ ਹੈ। ਉਹ ਖੁਦ ਕੁਦਰਤ ਨਾਲ ਪ੍ਰੇਮ ਰੱਖਣ ਵਾਲੇ ਇਨਸਾਨ ਹਨ। ਕੈਂਪਸ ਵਿਚ ਉਨ੍ਹਾਂ ਦੀ ਪੈਦਲ ਫੇਰੀ ਹਮੇਸ਼ਾ ਹੀ ਫੁੱਲਾ ਅਤੇ ਬੂਟਿਆਂ ਨੂੰ ਨਿਹਾਰਦੀ ਰਹਿੰਦੀ ਹੈ।ਉਨ੍ਹਾਂ ਨੂੰ ਬਾਗਬਾਨੀ ਦੀ ਖੁਦ ਵੀ ਕਾਫ਼ੀ ਜਾਣਕਾਰੀ ਹੈ ਅਤੇ ਅਕਸਰ ਹੀ ਉਹ ਮਾਲੀਆਂ ਨਾਲ ਫੁੱਲਾਂ ਬੂਟਿਆਂ ਦੀ ਸਾਂਭ ਸੰਭਾਲ ਬਾਰੇ ਚਰਚਾ ਕਰਦੇ ਦਿਖ ਪੈਂਦੇ ਹਨ। ਪ੍ਰੋ. ਸੰਧੂ ਦੀ ਯੋਗ ਅਗਵਾਈ ਵਿਚ ਯੂਨੀਵਰਸਿਟੀ ਦਾ ਮਾਤਾ ਕੌਲਾਂ ਬੋਟੈਨੀਕਲ ਗਾਰਡਨ, ਖੇਤੀਬਾੜੀ ਵਿਭਾਗ ਅਤੇ ਲੈੰਡਸਕੇਪ ਵਿਭਾਗ ਆਪਣੀਆਂ ਜਿਕਰਯੋਗ ਪ੍ਰਾਪਤੀਆਂ ਸਦਕਾ ਯੂਨੀਵਰਸਿਟੀ ਦਾ ਮਾਹੌਲ ਹੋਰ ਕੁਦਰਤ ਦੇ ਨੇੜੇ ਰਹਿਣ ਦੇ ਅਹਿਸਾਸ ਦੇ ਹਾਣ ਦਾ ਬਣਾ ਰਿਹਾ ਹੈ। ਯੂਨੀਵਰਸਿਟੀ ਵੱਲੋਂ ਯੂਨੀਵਰਸਿਟੀ ਕੈੰਪਸ ਵਿੱਚ ਬਹੁਤ ਸਾਰੇ ਰੁੱਖਾਂ ਅਤੇ ਬੂਟਿਆਂ ਦਾ  ਕੋਡ ਬਣਾ ਦਿੱਤਾ ਗਿਆ ਹੈ । ਸਕੈਨ ਕਰਦਿਆਂ ਹੀ ਸਾਰੀ ਜਾਣਕਾਰੀ ਮੋਬਾਇਲ ਵਿੱਚ  ਆ ਜਾਂਦੀ ਹੈ । ਯੂਨੀਵਰਸਿਟੀ ਵਿਚ ਖੇਤੀਬਾੜੀ ਅਤੇ ਪੌਦਾ ਵਿਗਿਆਨ ਨਾਲ ਸਬੰਧ ਅਨੇਕਾਂ ਖੋਜਾਂ ਦੇ ਦੌਰ ਵੀ ਸ਼ੁਰੂ ਹੋਏ ਹਨ ,ਜਿਨ੍ਹਾਂ ਵਿਚ  ਕੇਲਾ, ਸੇਬ, ਕੇਸਰ ਅਤੇ ਹੋਰ ਕਈ ਫਸਲਾਂ  ਦੀ  ਕਾਸ਼ਤਕਾਰੀ ਪੰਜਾਬ ਵਿੱਚ ਸੰਭਵ ਕਰਵਾਉਣ ਲਈ ਯੂਨੀਵਰਸਿਟੀ ਦੇ ਵਿਦਵਾਨਾਂ ਵੱਲੋਂ ਸਫਲ ਤਜਰਬੇ ਕੀਤੇ ਜਾ ਚੁੱਕੇ ਹਨ ਅਤੇ ਇਸੇ ਆਸ ਤੇ ਜਲਦੀ ਪੰਜਾਬ ਵਿੱਚ ਕੇਸਰ ਅਤੇ ਸੇਬ ਦੀ ਫਸਲ ਦੀ ਕਾਸ਼ਤ ਸ਼ੁਰੂ ਹੋ ਸਕਦੀ ਹੈ।

ਯੂਨੀਵਰਸਿਟੀ ਕੁਦਰਤੀ ਸਾਂਭ ਸੰਭਾਲ ਅਤੇ ਪ੍ਰਦੂਸ਼ਣਮੁਕਤ ਪ੍ਰਵਾਹ ਲਈ ਹਮੇਸ਼ਾ ਵਚਨਬੱਧ ਹੈ ਅਤੇ ਇਸੇ ਦਿਸ਼ਾ ਵਿਚ ਯੂਨੀਵਰਸਿਟੀ ਦੇ ਅਨੇਕਾਂ ਯਤਨ ਜਾਰੀ ਰਹਿੰਦੇ ਹਨ। ਜਿਨ੍ਹਾਂ ਵਿਚ ਯੂਨੀਵਰਸਿਟੀ ਵਿੱਚ ਰੁੱਖਾਂ ਅਤੇ ਪੱਤਿਆਂ ਅਤੇ ਰਹਿਦ ਖੂੰਦ ਨੂੰ  ਮੁੜ ਵਰਤੋਂ  ਵਿੱਚ ਲਿਆਂਦਾ  ਜਾਂਦਾ ਹੈ । ਕੂੜਾ ਕਰਕਟ ਦਾ ਪ੍ਰਬੰਧਨ ਸੁਚੱਜੇ ਢੰਗ ਨਾਲ ਕੀਤਾ ਜਾਂਦਾ ਹੈ। ਵਰਤੋਂ ਵਿੱਚ ਲਿਆਂਦੇ ਪਾਣੀ ਨੂੰ ਵੀ ਟਰੀਟ ਕਰਕੇ ਮੁੜ ਵਰਤੋਂ  ਵਿੱਚ  ਲਿਆਂਦਾ ਜਾਂਦਾ  ਹੈ । ਯੂਨੀਵਰਸਿਟੀ ਦੇ ਕੈੰਪਸ ਦਾ ਹਰਾ-ਭਰਾ ਮਨਮੋਹਨਾ ਵਾਤਾਵਰਣ ਕਿਸੇ ਪਹਾੜੀ ਇਲਾਕੇ ਦਾ ਪ੍ਰਭਾਵ  ਪਾਉਂਦਾ ਹੈ। ਯੂਨੀਵਰਸਿਟੀ ਦੀ ਸ਼ੁੱਧ ਹਵਾ ਵਿੱਚ ਸਾਹ ਲੈਣ ਤੇ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਸਹਿਤ ਲਈ ਕਿੰਨੀ ਲਾਹੇਵੰਦ ਹੈ। ਇਸ ਕਰਕੇ  ਫੁੱਲਾਂ ਦੇ ਮੇਲੇ ਦਾ ਇੱਕ ਨੁਕਾਤੀ ਪ੍ਰੋਗਰਾਮ ਹੇੈ ਕਿ ਕਿਸੇ ਨਾ ਕਿਸੇ ਤਰ੍ਹਾਂ ਵਾਤਾਵਰਣ  ਪ੍ਰਤੀ ਜਾਗਰੂਕਤਾ ਫੈਲਾਈ ਜਾਵੇ। ਕੁਦਰਤੀ  ਵਾਤਾਵਰਣ ਪੈਦਾ  ਕਰਨ ਲਈ  ਕਿਸੇ ‘ਤੇ ਜਿੰਮੇਵਾਰੀ ਲਾਉਣ ਤੋਂ ਚੰਗਾ ਹੈ ਕਿ ਖੁਦ ਇਸ ਜਿੰਮੇਵਾਰੀ ਨੂੰ ਸਾਂਭਣ ਦਾ ਹੰਭਲਾ ਮਾਰਿਆ ਜਾਵੇ। ਯੂਨੀਵਰਸਿਟੀ ਪਿਛਲੇ ਪੰਜ ਸਾਲ ਤੋਂ ਇਨ੍ਹਾਂ ਮੇਲਿਆਂ ਦੇ ਆਯੋਜਨ ਕਰਵਾ ਕੇ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਅ ਰਹੀ ਹੈ ਅਤੇ  ਭਵਿੱਖ  ਵਿੱਚ ਵੀ ਇਹ ਜਾਰੀ  ਰੱਖਣ ਦੀ ਵੱਚਨਬੱਧਤਾ ਦਹੁਰਾਉਂਦੀ ਹੈ।

14 ਦਸੰਬਰ ਨੂੰ ਸ਼ੁਰੂ ਹੋਣ ਵਾਲੇ ਇਸ ਮੇਲੇ ਵਿਚ ਵੱਖ ਵੱਖ ਗੁਲਦਾਉਦੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਹੁੰਦੀਆਂ ਹਨ ਕਿਉਂਕਿ ਠੰਡ ਕਾਰਨ ਜਿਥੇ ਕਈ ਬੂਟੇ ਅਤੇ ਫੁੱਲ ਆਪਣੇ ਖੇੜੇ ਲਈ ਬਸੰਤ ਦੀ ਉਡੀਕ ਕਰਦੇ ਹਨ ਉਥੇ ਇਸ ਭਰੀ ਠੰਢ ਵਿਚ ਗੁਲਦਾਉਂਦੀਆਂ ਅਤੇ ਬੂਟੇ ਆਪਣਾ ਖੇੜਾ ਦਿੰਦੇ ਹਨ। ਲਾਡਾ ਪਿਆਰਾਂ ਨਾਲ ਪਾਲੀਆਂ ਗੁਲਦਾਉਦੀਆਂ ਨੂੰ ਹਰ ਕੋਈ  ਆਪਣੀ  ਗਲਵਕੜੀ ਵਿੱਚ ਲੈਣ ਲਈ  ਉਤਾਵਲਾ ਹੁੰਦਾ ਹੈ ਉਤੋਂ  ਭਾਈ ਵੀਰ  ਸਿੰਘ  ਦੀ ਕਵਿਤਾ  ਗੁਲਦਾਉਦੀਆਂ ਆਈਆਂ  ਇਸ  ਵਿੱਚ  ਹੋਰ  ਕੁਦਰਤੀ੍ ਰਹੱਸ  ਭਰਨ ਦਾ ਕੰਮ  ਕਰ ਜਾਂਦੀ  ਹੈ ।

ਪੰਜਾਬ ਭਰ ਦੇ ਸਕੂਲ, ਕਾਲਜ , ਯੂਨੀਵਰਸਿਟੀਆਂ, ਨਰਸਰੀਆਂ ਅਤੇ ਨਿੱਜੀ ਤੌਰ ਤੇ ਕੁਦਰਤ ਪ੍ਰੇਮੀ ਪੂਰੇ ਉਤਸ਼ਾਹ ਨਾਲ ਹਿੱਸਾ ਲੈਂਦੇ ਹਨ। ਚੰਗੀ  ਬਾਗਬਾਨੀ ਕਰਨ ਵਾਲਿਆਂ ਨੂੰ ਯੂਨੀਵਰਸਿਟੀ ਵੱਲੋਂ  ਇਨਾਮ ਵੀ ਪ੍ਰਦਾਨ ਕੀਤੇ ਜਾਂਦੇ ਹਨ। ਸਟਾਲਾਂ ਤੋਂ  ਖੁਲ੍ਹੇ ਦਿਲ ਨਾਲ  ਖਰੀਦੋ ਫਰੋਖਤ  ਕਰਦੇ ਹਨ । ਫੁੱਲਾਂ ਦੀ ਖੇਤੀ ਤੋ ਇਲਾਵਾ ਘਰਾਂ ਦੇ ਅੰਦਰ ਤੇ ਬਾਹਰ ਲੱਗਣ ਵਾਲੇ  ਫੁੱਲਾਂ ਦੀ ਸਾਂਭ ਸਾਂਭਲ ਦੇ  ‘ ਗੁਰ’ ਲੋਕ ਇੱਥੋਂ ਸਿਖ ਕੇ ਜਾਂਦੇ ਹਨ। ਯੂਨੀਵਰਸਿਟੀ ਕੈੰਪਸ ਦਾ ਵਿਹੜਾ ਫੁੱਲਾਂ ਦੀ ਆਮਦ ਨਾਲ  ਬਾਗੋਬਾਗ ਹੋ ਜਾਂਦਾ  ਅਤੇ  ਸਾਰਾ ਵਾਤਾਵਰਣ ਮਹਿਕ ਨਾਲ  ਭਰ ਜਾਂਦਾ  ।ਜਿੱਥੋਂ ਹਰ ਕੋਈ ਜੀਅ ਭਰ ਕੇ ਸਾਰੀ ਉਮਰ ਲਈ  ਸਦੀਵੀ ਯਾਦ ਬਣਾ ਲੈਂਦਾ  ਹੈ। ਤੁਹਾਨੂੰ ਵੀ ਸੱਦਾ ਹੈ ਕਿ ਤੁਸੀਂ 14 ਤੋਂ 16 ਦਸੰਬਰ ਤਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਭਵਨ ਦੇ ਸਾਹਮਣੇ ਆਯੋਜਤ ਹੋ ਰਹੇ ਭਾਈ ਵੀਰ ਸਿੰਘ ਜੀ ਦੀ 150 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਇਸ ਭਾਈ ਵੀਰ ਸਿੰਘ ਫੁੱਲਾਂ ਅਤੇ ਫਲਾਵਰ ਫੈਸਟੀਵਲ ਵਿਚ ਵੱਧ ਚੜ੍ਹ ਕੇ ਹਿੱਸਾ ਲਵੋ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>