ਪਾਕਿਸਤਾਨ ਸੁਪਰੀਮ ਕੋਰਟ ਵੱਲੋਂ ਉਥੋਂ ਦੇ ਸਿੱਖਾਂ ਨੂੰ ਜਨਗਨਣਾ ਫਾਰਮ ਵਿਚ ਵੱਖਰਾ ਕਾਲਮ ਦੇ ਕੇ ਵੱਖਰੀ ਕੌਮ ਵੱਜੋਂ ਮਾਨਤਾ ਦੇਣ ਦਾ ਫੈਸਲਾ ਅਤਿ ਸਵਾਗਤਯੋਗ : ਟਿਵਾਣਾ

ਫ਼ਤਹਿਗੜ੍ਹ ਸਾਹਿਬ – “ਪਾਕਿਸਤਾਨ ਵਿਚ ਵੱਡੀ ਗਿਣਤੀ `ਚ 1947 ਤੋਂ ਹੀ ਸਿੱਖ ਵੱਸਦੇ ਆ ਰਹੇ ਹਨ । ਲਹਿੰਦੇ ਪੰਜਾਬ ਪਾਕਿਸਤਾਨ ਵਿਚ ਸਿੱਖ ਕੌਮ ਦਾ ਮਹਾਨ ਵਿਰਸਾ-ਵਿਰਾਸਤ, ਯਾਦਗਰਾਂ, ਇਤਿਹਾਸ ਹੈ । ਉਥੇ ਵੱਡੀ ਗਿਣਤੀ ਵਿਚ ਗੁਰੂ ਸਾਹਿਬਾਨ ਨਾਲ ਸੰਬੰਧਤ ਇਤਿਹਾਸਿਕ ਗੁਰੂਘਰ ਹਨ । ਇਹੀ ਵਜਹ ਹੈ ਕਿ ਇਨ੍ਹਾਂ ਗੁਰੂਘਰਾਂ ਦੇ ਸੁਚਾਰੂ ਪ੍ਰਬੰਧ ਲਈ ਪਾਕਿਸਤਾਨ ਵਕਫ ਬੋਰਡ ਨੇ ਅਤੇ ਸਰਕਾਰ ਨੇ ਸੂਝਵਾਨਤਾ ਨਾਲ ਉਥੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਹੁਤ ਪਹਿਲੇ ਹੋਂਦ ਵਿਚ ਲਿਆਕੇ ਕਾਨੂੰਨੀ ਮਾਨਤਾ ਦਿੰਦੇ ਹੋਏ ਸਿੱਖ ਕੌਮ ਦੀ ਵੱਖਰੀ ਪਹਿਚਾਣ ਨੂੰ ਪ੍ਰਵਾਨ ਕਰ ਲਿਆ ਸੀ । ਪਰ ਉਥੋ ਦੇ ਜਨਗਨਣਾ ਦੇ ਬਣਨ ਵਾਲੇ ਫਾਰਮਾਂ ਅਤੇ ਅੰਕੜਿਆ ਵਿਚ ਸਿੱਖ ਕੌਮ ਨੂੰ ਬਤੌਰ ਵੱਖਰੀ ਕੌਮ ਦੇ ਦਰਜ ਨਹੀ ਸੀ ਕੀਤਾ ਗਿਆ । ਪੇਸਾਵਰ ਦੇ ਸਿਰਕੱਢ ਸਿੱਖਾਂ ਨੇ ਸ. ਗੁਰਪਾਲ ਸਿੰਘ ਦੀ ਅਗਵਾਈ ਹੇਠ ਪੇਸਾਵਰ ਹਾਈਕੋਰਟ ਵਿਚ ਸਿੱਖ ਕੌਮ ਨੂੰ ਜਨਗਨਣਾ ਵਿਚ ਵੱਖਰੀ ਕੌਮ ਪ੍ਰਵਾਨ ਕਰਨ ਲਈ ਪਟੀਸ਼ਨ 2017 ਵਿਚ ਪਾਈ ਸੀ । ਜਿਸ ਨੂੰ ਪੇਸਾਵਰ ਹਾਈਕੋਰਟ ਨੇ ਰੱਦ ਕਰ ਦਿੱਤਾ ਸੀ । ਪਰ ਸਿਰੜੀ ਅਤੇ ਗੁਰੂ ਨਾਲ ਪਿਆਰ ਕਰਨ ਵਾਲੇ ਸਿੱਖਾਂ ਨੇ ਆਪਣੇ ਇਸ ਮਿਸਨ ਨੂੰ ਅੱਗੇ ਵਧਾਉਦੇ ਹੋਏ ਇਸ ਕੇਸ ਨੂੰ ਸੁਪਰੀਮ ਕੋਰਟ ਵਿਚ ਲਗਾਇਆ ਗਿਆ । ਜਿਸਦੀ ਬੀਤੇ ਦਿਨੀ ਸੁਣਵਾਈ ਕਰਦੇ ਹੋਏ ਪਾਕਿਸਤਾਨ ਸੁਪਰੀਮ ਕੋਰਟ ਨੇ ਜੋ ਉਥੇ ਵੱਸਣ ਵਾਲੇ ਸਿੱਖਾਂ ਨੂੰ ਵੱਖਰੀ ਕੌਮ ਵੱਜੋ ਕਾਨੂੰਨੀ ਤੌਰ ਤੇ ਪ੍ਰਵਾਨ ਕਰਦੇ ਹੋਏ ਉਥੋ ਦੇ ਜਨਗਨਣਾ ਰਜਿਸਟਰਡ ਅਤੇ ਫਾਰਮਾਂ ਵਿਚ ਸਿੱਖ ਕੌਮ ਲਈ ਵੱਖਰਾਂ ਇੰਦਰਾਜ ਦੇਣ ਦੇ ਹੁਕਮ ਕੀਤੇ ਹਨ, ਉਸਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਵੱਲੋ ਪਾਕਿਸਤਾਨ ਸੁਪਰੀਮ ਕੋਰਟ ਦੇ ਫੈਸਲੇ ਦਾ ਜਿਥੇ ਜੋਰਦਾਰ ਸਵਾਗਤ ਕੀਤਾ ਜਾਂਦਾ ਹੈ, ਉਥੇ ਜਿਨ੍ਹਾਂ ਸਿਰੜੀ ਸਿੱਖਾਂ ਨੇ 5 ਸਾਲ ਦੀ ਲੰਮੀ ਅਦਾਲਤੀ ਪ੍ਰਕਿਰਿਆ ਤੇ ਮਿਹਨਤ ਤੋ ਬਾਅਦ ਇਸਨੂੰ ਫ਼ਤਹਿ ਕਰਵਾਇਆ ਹੈ, ਉਨ੍ਹਾਂ ਦਾ ਵੀ ਉਚੇਚੇ ਤੌਰ ਤੇ ਧੰਨਵਾਦ ਕੀਤਾ ਜਾਂਦਾ ਹੈ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਜਥੇਬੰਦੀ ਅਤੇ ਸਿੱਖ ਕੌਮ ਦੇ ਬਿਨ੍ਹਾਂ ਤੇ ਸੁਪਰੀਮ ਕੋਰਟ ਪਾਕਿਸਤਾਨ ਦੇ ਸਿੱਖ ਕੌਮ ਨੂੰ ਕਾਨੂੰਨੀ ਤੌਰ ਤੇ ਵੱਖਰੇ ਤੌਰ ਤੇ ਮਾਨਤਾ ਦੇਣ ਦੇ ਸਿੱਖ ਕੌਮ ਪੱਖੀ ਫੈਸਲੇ ਦਾ ਭਰਪੂਰ ਸਵਾਗਤ ਕਰਦੇ ਹੋਏ ਅਤੇ ਸ. ਗੁਰਪਾਲ ਸਿੰਘ ਤੇ ਦੂਸਰੇ ਉਨ੍ਹਾਂ ਦੇ ਸਾਥੀਆ ਦਾ ਕੌਮੀ ਬਿਨ੍ਹਾਂ ਤੇ ਜਿੰਮੇਵਾਰੀਆ ਪੂਰੀਆ ਕਰਨ ਲਈ ਉਚੇਚਾ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਿੰਨਾ ਦੁੱਖ ਤੇ ਅਫਸੋਸ ਵਾਲਾ ਵਰਤਾਰਾ ਹੋ ਰਿਹਾ ਹੈ ਕਿ ਜਦੋ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਬਰਤਾਨੀਆ ਵਰਗੇ ਤੇ ਹੋਰ ਯੂਰਪਿੰਨ ਮੁਲਕਾਂ ਵਿਚ ਉਥੋ ਦੀਆਂ ਸਰਕਾਰਾਂ ਵੱਲੋ ਸਿੱਖ ਕੌਮ ਨੂੰ ਬਤੌਰ ਵੱਖਰੀ ਕੌਮ ਦੇ ਕਾਨੂੰਨੀ ਮਾਨਤਾ ਦਿੱਤੀ ਜਾ ਰਹੀ ਹੈ, ਅਮਰੀਕਾ ਤੇ ਕੈਨੇਡਾ ਵਿਚ ਖ਼ਾਲਸੇ ਦੇ ਜਨਮ ਦਿਹਾੜੇ ਦੀ 13 ਅਪ੍ਰੈਲ ਵਿਸਾਖੀ ਵਾਲੇ ਦਿਨ ਨੂੰ ਜੋ ‘ਖ਼ਾਲਸਾ ਡੇਅ’ ਵੱਜੋ ਕਾਨੂੰਨੀ ਮਾਨਤਾ ਦਿੰਦੇ ਹੋਏ ਸੰਸਾਰ ਪੱਧਰ ਤੇ ਸਿੱਖ ਕੌਮ ਨੂੰ ਵੱਖਰੀ ਕੌਮ ਵੱਜੋ ਮਾਨਤਾ ਮਿਲ ਚੁੱਕੀਆ ਹਨ ਤਾਂ ਇੰਡੀਆ ਦੇ ਮੁਤੱਸਵੀ ਹਿੰਦੂਤਵ ਹੁਕਮਰਾਨ ਅੱਜ ਵੀ ਕੱਟੜਵਾਦੀ ਹਿੰਦੂਤਵ ਸੋਚ ਅਧੀਨ ਜ਼ਬਰੀ ਸਿੱਖ ਕੌਮ ਨੂੰ ਹਿੰਦੂਆਂ ਦਾ ਹੀ ਹਿੱਸਾ ਗਰਦਾਨਣ ਦੀ ਗੁਸਤਾਖੀ ਕਰਕੇ ਸਿੱਖ ਕੌਮ ਦੀਆਂ ਭਾਵਨਾਵਾ ਨੂੰ ਡੂੰਘੀ ਠੇਸ ਪਹੁੰਚਾਉਣ ਦੇ ਅਮਲ ਕਰ ਰਹੇ ਹਨ । ਇਹ ਵੀ ਇਕ ਵੱਡੀ ਤਰਾਸਦੀ ਰਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸਦੀ ਜਿੰਮੇਵਾਰੀ ਧਰਮ ਪ੍ਰਚਾਰ ਕਰਨ ਅਤੇ ਸਿੱਖਾਂ ਦੇ ਵੱਖਰੇ ਮਨੁੱਖਤਾ ਪੱਖੀ ਮਹਾਨ ਵਿਰਸੇ-ਵਿਰਾਸਤ, ਯਾਦਗਰਾਂ ਅਤੇ ਇਤਿਹਾਸ ਨੂੰ ਸਾਂਭਦੇ ਹੋਏ ਇੰਡੀਆ ਦੀ ਸਰਕਾਰ ਨਾਲ ਚਿੱਠੀ ਪੱਤਰ ਕਰਕੇ ਜਾਂ ਟੇਬਲ ਉਤੇ ਬੈਠਕੇ ਸਿੱਖ ਕੌਮ ਨੂੰ ਬਤੌਰ ਵੱਖਰੀ ਕੌਮ ਵੱਜੋ ਮਾਨਤਾ ਦਿਵਾਉਣ ਅਤੇ ਸਿੱਖਾਂ ਦੇ ਬੱਚੇ-ਬੱਚੀਆਂ ਦੇ ਵਿਆਹ-ਸ਼ਾਦੀਆਂ ਲਈ ‘ਆਨੰਦ ਮੈਰਿਜ ਐਕਟ’ ਨੂੰ ਹੋਂਦ ਵਿਚ ਲਿਆਉਣ ਲਈ ਇਸ ਧਾਰਮਿਕ ਸੰਸਥਾਂ ਤੇ ਕਾਬਜ ਲੋਕਾਂ ਨੇ ਅੱਜ ਤੱਕ ਕਦੀ ਵੀ ਸੰਜੀਦਗੀ ਨਾਲ ਇਸ ਦਿਸ਼ਾ ਵੱਲ ਉਦਮ ਹੀ ਨਹੀ ਕੀਤੇ । ਜੋ ਹੁਕਮਰਾਨ ਪਹਿਲੋ ਹੀ ਮੰਦਭਾਵਨਾ ਭਰੀਆ ਸਾਜਿਸਾਂ  ਅਧੀਨ ਸਿੱਖ ਕੌਮ ਨੂੰ ਆਪਣੇ ਵਿਧਾਨ ਤੇ ਕਾਨੂੰਨ ਵਿਚ ਹਿੰਦੂ ਗਰਦਾਨਦੇ ਆਏ ਹਨ ਅਤੇ ਅੱਜ ਵੀ ਉਨ੍ਹਾਂ ਨੂੰ ਹਿੰਦੂਆਂ ਦਾ ਹੀ ਹਿੱਸਾ ਦੱਸਦੇ ਹਨ, ਉਹ ਤਾਕਤਾਂ ਫਿਰ ਸਿੱਖ ਕੌਮ ਨੂੰ ਵੱਖਰੀ ਕੌਮ ਵੱਜੋ ਮਾਨਤਾ ਦੇਣ ਲਈ ਕਦੋ ਸੁਹਿਰਦ ਹੋਣਗੀਆ ? ਇਸ ਲਈ ਮੌਜੂਦਾ ਐਸ.ਜੀ.ਪੀ.ਸੀ. ਦੇ ਕਾਨੂੰਨੀ ਤੌਰ ਤੇ ਆਪਣੀ ਮਿਆਦਪੁਗਾ ਚੁੱਕੇ ਮੈਬਰ ਅਤੇ ਅਗਜੈਕਟਿਵ ਮੈਬਰਾਂ ਨੂੰ ਚਾਹੀਦਾ ਹੈ ਕਿ ਇਕ ਤਾਂ ਉਹ ਸੰਜੀਦਗੀ ਨਾਲ ਐਸ.ਜੀ.ਪੀ.ਸੀ. ਦੀ ਬੀਤੇ 11 ਸਾਲਾਂ ਤੋ ਰੋਕੀ ਗਈ ਚੋਣ ਨੂੰ ਕਰਵਾਉਣ ਦੀ ਅਤੇ ਸਿੱਖ ਕੌਮ ਨੂੰ ਬਤੌਰ ਵੱਖਰੀ ਕੌਮ ਵੱਜੋ ਮਾਨਤਾ ਦਿਵਾਉਣ ਲਈ ਦ੍ਰਿੜਤਾਂ ਤੇ ਸੁਹਿਰਦਤਾ ਨਾਲ ਅਮਲ ਕਰਦੇ ਹੋਏ ਹੁਕਮਰਾਨਾਂ ਨੂੰ ਮਜਬੂਰ ਕਰ ਦੇਣ ਕਿ ਜਦੋ ਸੰਸਾਰ ਦੇ ਮੁਲਕ ਸਾਨੂੰ ਵੱਖਰੀ ਕੌਮ ਵੱਜੋ ਮਾਨਤਾ ਦੇ ਰਹੇ ਹਨ ਤਾਂ ਇੰਡੀਆ ਦੀ ਇਨ੍ਹਾਂ ਜਮਹੂਰੀ ਲੀਹਾਂ ਤੇ ਪਹਿਰਾ ਦਿੰਦੇ ਹੋਏ ਸਿੱਖ ਕੌਮ ਨੂੰ ਬਤੌਰ ਵੱਖਰੀ ਕੌਮ ਦੇ ਮਾਨਤਾ ਦੇ ਕੇ ਅਤੇ ਜਨਗਨਣਾ ਫਾਰਮਾਂ ਵਿਚ ਵੱਖਰਾਂ ਇੰਦਰਾਜ ਤਹਿ ਕਰਨ ਦੀ ਜਿੰਮੇਵਾਰੀ ਨਿਭਾਉਣ । ਅਜਿਹੇ ਅਮਲ ਕਰਨ ਨਾਲ ਹੀ ਇੰਡੀਆ ਵਿਚ ਵੱਸਦੀ ਸਿੱਖ ਕੌਮ ਦੇ ਮਨ-ਆਤਮਾ ਵਿਚ ਹੁਕਮਰਾਨਾਂ ਪ੍ਰਤੀ ਉੱਠੇ ਵੱਡੇ ਰੋਹ ਨੂੰ ਕੁਝ ਘੱਟ ਕੀਤਾ ਜਾ ਸਕੇਗਾ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਐਸ.ਜੀ.ਪੀ.ਸੀ ਦੇ ਮੌਜੂਦਾ ਅਧਿਕਾਰੀ, ਸਭ ਸਿੱਖ ਸੰਸਥਾਵਾਂ, ਸੰਗਠਨ ਸਮੂਹਿਕ ਤੌਰ ਤੇ ਇਸ ਗੰਭੀਰ ਵਿਸੇ ਤੇ ਅਮਲ ਕਰਦੇ ਹੋਏ ਜਿਥੇ ਸਰਕਾਰ ਨੂੰ ਸਿੱਖ ਕੌਮ ਨੂੰ ਵੱਖਰੇ ਤੌਰ ਤੇ ਮਾਨਤਾ ਦੇਣ ਲਈ ਮਜਬੂਰ ਕਰ ਦੇਣਗੇ, ਉਥੇ ਹਿੰਦੂਤਵ ਹੁਕਮਰਾਨ ਵੀ ਸਮੇ ਦੀ ਨਜਾਕਤ ਨੂੰ ਵੇਖਦੇ ਹੋਏ ਸਿੱਖ ਕੌਮ ਨੂੰ ਵੱਖਰੀ ਕੌਮ ਵੱਜੋ ਮਾਨਤਾ ਦੇਣ ਲਈ ਅਤੇ ਐਸ.ਜੀ.ਪੀ.ਸੀ ਦੀਆਂ 11 ਸਾਲਾਂ ਤੋ ਰੋਕੀਆ ਜਰਨਲ ਚੋਣਾਂ ਨੂੰ ਕਰਵਾਉਣ ਦੇ ਅਮਲ ਕਰਨਗੇ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>