ਰਿਸ਼ਤਿਆਂ ਦੀ ਅਹਿਮੀਅਤ

ਜਿੰਦਗੀ ਦੀ ਭੱਜ ਦੋੜ ਵਿੱਚ ਰਿਸ਼ਤਿਆਂ ਦੀ ਅਹਿਮੀਅਤ ਅਤੇ ਉਹਨਾਂ ਵਿੱਚਲਾ ਪਿਆਰ ਅਜੌਕੇ ਸਮੇਂ ਦੌਰਾਨ ਫਿੱਕਾ ਜਾਪਦਾ ਹੈ ਰਿਸ਼ਤੇ ਜਿਸ ਵਿੱਚ ਪਿਆਰ, ਮੁੱਹਬਤ ਅਤੇ ਦਿਲਾਂ ਦੀ ਸਾਂਝ ਹੁੰਦੀ ਹੈ ਇਹ ਬਿਨ੍ਹਾਂ ਕਿਸੇ ਲੋੜ ਮਤਲਬ ਤੋ ਬੇਝਿੱਜਕ ਨਿਭਾਏ ਜਾਂਦੇ ਹਨ। ਰਿਸ਼ਤਿਆਂ ਵਿੱਚ ਕਿਸੇ ਪ੍ਰਕਾਰ ਦਾ ਲਾਲਚ ਜਾਂ ਮਤਲਬ ਕਿਸੇ ਵੀ ਰਿਸ਼ਤੇ ਦੀ ਲੰਬੀ ਨੀਂਹ ਨਹੀ ਰੱਖ ਸਕਦਾ, ਕਿਉਂਕਿ ਅਜਿਹਾ ਰਿਸ਼ਤਾਂ ਜੋੜਨਾਂ ਪਾਣੀ ਦੇ ਬੁਲਬਲੇ ਦੀ ਤਰ੍ਹਾਂ ਹੁੰਦਾ ਹੈ ਜਿਸਦੀ ਟੁੱਟਣ ਜਾਂ ਫੁੱਟਣ ਦੀ ਬਹੁਤੀ ਜਿਆਦਾ ਮਿਆਦ ਨਹੀ ਹੁੰਦੀ ਜਦੋਂ ਲੋੜ ਜਾਂ ਮਤਲਬ ਖਤਮ ਸਮਝੋ ਰਿਸ਼ਤਾਂ ਖਤਮ।

ਅੱਜ ਦੀ ਇਸ ਮੋਂਹ ਮਾਇਆ ਭਿੱਜੀ ਦੁਨੀਆਂ ਵਿੱਚ ਪਿਆਰ, ਰਿਸ਼ਤੇ-ਨਾਤੇ ਸਭ ਲੋੜ ਅਤੇ ਮਤਲਬ ਤੱਕ ਹੀ ਸੀਮਿਤ ਹੋ ਗਏ ਹਨ ਅੱਜ ਹਰ ਕੋਈ ਦੋਸਤ, ਮਿੱਤਰ ਜਾਂ ਫਿਰ ਆਪਣੇ ਸਕੇ ਭੈਣ- ਭਰਾਂ, ਧੀਆਂ-ਨੂੰਹਾਂ, ਪੁੱਤਰ ਸਭ ਪੈਸੇ ਤੱਕ ਹੀ ਨਿਰਭਰ ਹੋਕੇ ਰਿਸ਼ਤਿਆਂ ਨੂੰ ਲੋੜ ਮੁਤਾਬਿਕ ਨਿਭਾਉਦੇ ਹਨ। ਇਸ ਤਰ੍ਹਾਂ ਸਾਡੇ ਸਮਾਜ ਵਿੱਚ ਤਰੱਕੀ ਦੀ ਇਸ ਦੋੜ ਵਿੱਚ ਹਰ ਇੱਕ ਵਿਅਕਤੀ ਪੈਸੇ ਪਿੱਛੇ ਅੰਨ੍ਹਾ ਹੋਇਆ ਸਭ ਰਿਸ਼ਤਿਆਂ ਨੂੰ ਪਿੱਛੇ ਛੱਡ ਕੇ ਇਸ ਪੈਸੇ ਦੀ ਮੋਹ ਮਾਇਆ ਵਿੱਚ ਫਸ ਕੇ ਆਪਣੇ ਜਿੰਦਗੀ ਦੇ ਅਸਲੀ ਰਿਸ਼ਤਿਆ ਨੂੰ ਭੁੱਲਦਾ ਜਾ ਰਿਹਾ ਹੈ ਇੱਕ ਦਿਨ ਅਜਿਹਾਂ ਵੀ ਆਉਂਦਾ ਹੈ ਕਿ ਉਹ ਅੱਧ ਵਿਚਕਾਰ ਫਸਕੇ ਰਹਿ ਜਾਂਦਾ ਹੈ ਜਿਸ ਵਿੱਚ ਉਸਨੂੰ ਜਨਮ ਦੇਣ ਵਾਲੀ ਮਾਂ ਅਤੇ ਉਸਦੀ ਘਰਵਾਲੀ ਚੱਕੀ ਦੇ ਦੋ ਧੁੱੜ ਜਾਪਦੇ ਹਨ ਕਿ ਉਹ ਹਰ ਰੋਜ ਉਹਨਾਂ ਵਿਚਕਾਰ ਪਿਸ ਰਿਹਾ ਹੋਵੇ ਉਸ ਸਮੇਂ ਉਸਨੂੰ ਜਾਪਦਾ ਹੈ ਕਿ ਉਹ ਦੋ ਹਿੱਸਿਆ ਵਿੱਚ ਵੰਡਕੇ ਰਹਿ ਗਿਆ ਹੋਵੇ ਇਸ ਲਈ ਸਭ ਤੋਂ ਅਹਮ ਅਤੇ ਵਿਸ਼ੇਸ ਗੱਲ ਕੀ ਸਾਨੂੰ ਹਰ ਇੱਕ ਰਿਸ਼ਤੇ ਨੂੰ ਚੰਗੀ ਤਰ੍ਹਾਂ ਨਿਭਾਉਣਾ ਚਾਹੀਦਾ ਹੈ ਜਦੋਂ ਜਿਸ ਜਗ੍ਹਾਂ ਲੋੜ ਹੋਵੇ ਉੱਥੇ ਸਮੇਂ ਮੁਤਾਬਿਕ ਖੜ੍ਹਨਾਂ ਚਾਹੀਦਾ ਹੈ, ਉਹ ਭਾਵੇਂ ਮਾਂ ਹੋਵੇ ਜਾਂ ਘਰਵਾਲੀ ਅਤੇ ਸਮੇਂ ਮੁਤਾਬਿਕ ਆਪਣੇ ਨੂੰਹਾਂ-ਪੁੱਤਰਾਂ ਨੂੰ ਘਰ ਦੀਆਂ ਸਭ ਜਿੰਮੇਵਾਰੀਆਂ ਸਭਾਂ ਕੇ ਆਪ ਕਿਸੇ ਨਾ ਕਿਸੇ ਕੰਮ ਵਿੱਚ ਲੋੜ ਪੈਣ ਸਮੇਂ ਸਲਾਹ ਦਿੰਦੇ ਰਹਿਣਾ ਚਾਹੀਦਾ ਹੈ। ਕਈ ਵਾਰ ਅਜਿਹਾ ਨਹੀਂ ਹੁੰਦਾ, ਉਹ ਸਮਝਦੇ ਹਨ ਕਿ ਸਾਡੇ ਜਿਉਂਦੇ ਜੀਅ ਕੋਈ ਹੋਰ ਸਾਡੇ ਉੱਪਰ ਰੋਹਬ ਜਾ ਹੁਕਮ ਨਾ ਚਲਾਵੇ, ਸਗੋਂ ਉਹ ਆਪ ਉਹਨਾਂ ਉੱਤੇ ਰੋਹਬ ਰੱਖਦੇ ਹਨ। ਪਰ ਰੋਹਬ ਰਾਹ ਸਿਰ ਦਾ ਹੀ ਚੰਗਾ ਲੱਗਦਾ ਹੈ। ਜਿਸ ਕਾਰਨ ਘਰ ਪਰਿਵਾਰ ਵਿੱਚ ਰਿਸ਼ਤਿਆਂ ਵਿੱਚ ਖਟਾਸ ਵੱਧਣ ਲੱਗ ਜਾਂਦੀ ਹੈ। ਅਤੇ ਇਸ ਤਰ੍ਹਾਂ ਵਿਅਕਤੀ ਜਦੋਂ ਇਸ ਰਿਸ਼ਤਿਆਂ ਦਾ ਤਾਣਾ-ਬਾਣਾ ਉਲਝਾਂ ਲੈਂਦਾ ਹੈ ਅਤੇ ਉਹ ਆਪਣੇ ਆਖਰੀ ਸਮੇਂ ਜਾਂ ਬਿਰਧ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਅਤੇ ਬੁੱਢਾ ਹੋਇਆ ਵਿਅਕਤੀ ਫਿਰ ਰਿਸ਼ਤਿਆਂ ਦੀ ਇਸ ਦੋੜ ਵਿੱਚ ਪਿੱਛੇ ਰਹਿ ਜਾਂਦਾ ਹੈ ਜਿਸ ਸਮੇਂ ਉਹ ਹਰ ਇੱਕ ਕੰਮ ਵਿੱਚ ਜਿਵੇਂ ਨੂੰਹ-ਪੁੱਤ ਦੇ ਕੱਪੜੇ ਪਾਉਣ ਤੇ ਖਾਣ-ਪੀਣ ਵਿੱਚ ਖਾਹ-ਮਖਾਹ ਦਖਲ ਦਿੰਦਾ ਰਹਿੰਦਾ ਹੈ। ਜਿਸ ਕਾਰਣ ਉਸ ਲਈ ਨੂੰਹ ਦਾ ਵਰਤਾਰਾ ਜਾਂ ਖਿਆਲ ਕੁੱਝ ਚੰਗਾ ਨਹੀ ਹੁੰਦਾ। ਇਥੇ ਹੀ ਬਸ ਨਹੀ “ਸੱਸ ਨੂੰਹ ਦੀ ਲੜਾਈ ਵਿੱਚ ਬੁੱਢਾ ਅਤੇ ਉਸਦਾ ਪੁੱਤਰ ਦੋਵੇਂ ਆਪਣੇ ਆਪ ਨੂੰ ਫੱਸਿਆ ਹੋਇਆ” ਮਹਿਸੂਸ ਕਰਦੇ ਹਨ। ਇੱਥੋ ਤੱਕ ਕਿ ਆਪਣੇ ਢਿੱਡੋ ਜੰਮੇ ਪੁੱਤ ਨੂੰ ਵੀ ਮਾਂ ਆਖਦੀ ਹੈ ਕਿ ਉਹ ਹੁਣ ਆਪਣੀ ਤੀਂਵੀ ਦੇ ਪਿੱਛੇ ਲੱਗ ਮੈਨੂੰ ਭੁੱਲ ਗਿਆ ਹੈ। ਅਤੇ ਉਸ ਸਮੇਂ ਮਾਂ ਦੇ ਵਿਚਾਰ ਅਤੇ ਖਿਆਲ ਆਪਣੇ ਪੁੱਤ ਪ੍ਰਤਿ ਕੁੱਝ ਚੰਗਾ ਨਹੀਂ ਹੁੰਦਾ। ਜਦੋ ਦੋ ਜਣੀਆ ਇੱਕਠੀਆਂ ਹੋ ਕੇ ਬੁੱਢੀਆਂ ਗੱਲਾਂ ਕਰਦੀਆਂ ਹਨ, ਇੱਕ ਪੁੱਛਦੀ ਹੈ ਸੁਣਾ ਭੈਣੇ ਪੁੱਤ ਦਾ ਹਾਲ਼,,,? ਅੱਗੋ ਉੱਤਰ ਹੁੰਦਾ ਹੈ…….ਪੁੱਤ ਹੁਣ ਮੇਰਾ ਨਹੀਂ, ਹੁਣ ਪੁੱਤ ਬਹੂ ਦਾ ਹੈ ਇਸੇ ਤਰ੍ਹਾਂ ਕੁਝ ਡੋਲੀ ਉਤਰਦੀ ਨੂੰ ਪੜ੍ਹਾ ਦਿੰਦੀਆਂ ਹਨ:-

ਨਿਕਲ ਸੱਸੜੀਏ ਘਰ ਮੇਰਾ
ਤੇਰਾ ਰੂੜੀ ਉੱਤੇ ਡੇਰਾ
ਨੀ ਤੂੰ ਵਣਜ ਲਿਆ ਬਥੇਰਾ।

ਇਸ ਪ੍ਰਕਾਰ ਜੇਕਰ ਹਰ ਇੱਕ ਰਿਸ਼ਤੇ ਨੂੰ ਸਮੇਂ ਸਿਰ ਸਹੀ ਪਿਆਰ ਨਾਂ ਦਿੱਤਾ ਗਿਆ ਅਤੇ ਸਮੇਂ ਸਿਰ ਰਿਸ਼ਤਿਆਂ ਨੂੰ ਸਮਝਕੇ ਸੰਭਾਲਿਆਂ ਨਾ ਗਿਆਂ ਤਾਂ ਇਹਨਾਂ ਵਿੱਚ ਫਿੱਕਾਪਣ ਪੈਦਾ ਹੋ ਜਾਂਦਾ ਹੈ ਅਤੇ ਇਹ ਰਿਸ਼ਤੇ ਜੋ ਕਿ ਸਿਰਫ ਨਾਮ ਦੇ ਹੀ ਰਿਸ਼ਤੇ ਬਣ ਕੇ ਰਹਿ ਜਾਂਦੇ  ਹਨ ਜਿਸਦਾ ਹੋਣਾ ਜਾ ਨਾ ਹੋਣਾ ਕੋਈ ਮਾਇਨੇ ਨਹੀਂ ਰੱਖਦਾ।  ਅੱਜ ਦੀ ਇਸ ਮੋਹ ਮਾਇਆਂ ਭਰੀ ਦੁਨੀਆਂ ਵਿੱਚ ਹਰ ਕੋਈ  ਲੋੜ ਮੁਤਾਬਿਕ ਹੀ ਰਿਸ਼ਤੇ ਨਿਭਾਉਦਾ ਹੋਇਆ ਨਜ਼ਰ ਆਉਂਦਾ ਹੈ ।  ਜਦੋਂ ਲੋੜ ਖਤਮ ਸਮਝੋ ਰਿਸ਼ਤਾ ਖਤਮ ਹਰ ਰਿਸ਼ਤਾ ਜੋ ਕਿ ਇੱਕ ਵਾਰ ਹੀ ਜਿੰਦਗੀ ਵਿੱਚ ਜੁੜਦਾ ਹੈ, ਉਹ ਭਾਣੇ ਮਾਂ-ਪਿਉ ਦਾ ਰਿਸ਼ਤਾਂ ਹੋਵੇ ਜਾਂ ਫਿਰ ਭੈਣ-ਭਰਾਵਾਂ ਦਾ ਅਤੇ ਸਾਨੂੰ ਇਹ ਵੱਡਮੁਲਾ ਜੀਵਨ ਵੀ ਇੱਕ ਵਾਰ ਹੀ ਮਿਲਦਾ ਹੈ ਪੁਰਾਣੇ ਸਮਿਆਂ ਦੇ ਮੁਕਾਬਲੇ ਅੱਜ-ਕੱਲ ਰਿਸ਼ਤੇ ਜੋ ਕਿ ਇੱਕ ਡੰਗ ਟਪਾਉ ਤੱਕ ਹੀ ਸੀਮਿਤ ਹੋ ਕੇ ਰਹਿ ਗਏ ਹਨ ਇਕ ਸਮਾਂ ਹੁੰਦਾ ਸੀ ਜਦੋਂ ਚਾਚੇ-ਤਾਏ ਸਕੇ ਪਿਊ  ਵਾਂਗ ਆਪਣੇ ਰਿਸ਼ਤੇ ਨਿਭਾਉਦੇ ਨਜ਼ਰ ਆਉਂਦੇ ਸੀ ਅਤੇ ਕਦੇ ਵੀ ਕਿਸੇ ਨੂੰ ਪਿਊ ਦੀ ਘਾਟ ਮਹਿਸੂਸ ਨਹੀ ਸੀ ਹੋਣ ਦਿੰਦੇ, ਪਰ ਅੱਜ ਕੱਲ੍ਹ ਜਮ੍ਹਾਨਾਂ ਕੁੱਝ ਹੋਰ ਹੈ ਜਿਥੇ ਕਿ ਅੱਜ “ਸਰੀਕ” ਸ਼ਬਦ ਆਮ ਲੜਾਈ ਝਗੜੇ ਵਿੱਚ ਆਪਣੇ ਦੁਸ਼ਮਣਾਂ ਲਈ ਵਰਤਿਆਂ ਜਾਣ ਲੱਗ ਪਿਆ ਜਦੋਂ ਕਿ ਇਹ ਕੋਈ ਹੋਰ ਨਹੀ ਸਕੇ ਚਾਚੇ-ਤਾਏ ਹੀ ਹੁੰਦੇ ਹਨ ਜਿਸ ਕਾਰਨ ਪੈਸੇ ਦੀ ਇਸ ਭੱਜ ਦੌੜ ਵਿੱਚ ਸਭ ਰਿਸ਼ਤੇ ਉੱਲਝਕੇ ਬਿਖਰ ਗਏ ਹਨ। ਇਸੇ ਲਈ ਅੱਜ ਰਿਸ਼ਤਿਆਂ ਦੀ ਇਸ ਭੱਜ-ਦੋੜ ਵਿੱਚ ਹਰ ਦੂਜਾ-ਤੀਜਾ ਵਿਅਕਤੀ ਕਹਿੰਦਾ ਜਾਪਦਾ ਹੈ।

“ਸਰਵਣ ਪੁੱਤ ਨਾ ਕਿਸੇ ਨੇ ਬਣ ਜਾਣਾ, ਘਰ-ਘਰ ਪੁੱਤ ਜੰਮਦੇ” ਸੋ ਇਸ ਤਰਾਂ ਅੱਜ ਸਮੇਂ ਦੀ ਲੋੜ ਹੈ ਕਿ ਜੇਕਰ ਅਸੀ ਆਪਣੇ ਹਸਦੇ-ਵਸਦੇ ਪੰਜਾਬੀ ਸਭਿਆਚਾਰ ਅਤੇ ਪੰਜਾਬੀਅਤ ਨੂੰ ਕਾਇਮ ਰੱਖਣਾ ਹੈ ਤਾਂ ਸਾਨੂੰ ਸਾਡੇ ਸਮਾਜ ਵਿੱਚ ਸਾਡੇ ਆਪਣੇ ਇਹਨਾਂ ਰਿਸ਼ਤਿਆਂ ਵਿੱਚ ਮਿਠਾਸ ਭਰਨੀ ਹੋਵੇਗੀ ਅਤੇ ਹਰ ਇੱਕ ਰਿਸ਼ਤੇ ਦੀ ਸਮੇਂ ਅਤੇ ਲੋੜ ਤੋਂ ਵੱਧਕੇ ਸਤਿਕਾਰ ਕਰਨਾ ਹੋਵੇਗਾ ਫਿਰ ਹੀ ਇੱਕ ਚੰਗੇ ਪਰਿਵਾਰ ਅਤੇ ਖੁਸ਼ਹਾਲ ਜੀਵਨ ਦੀ ਸਿਰਜਣਾ ਕਰ ਸਕਦੇ ਹਾਂ ਕਿਉਂਕਿ ਜੇਕਰ ਰਿਸ਼ਤਿਆਂ ਵਿੱਚ ਹੀ ਖਟਾਸ ਮੌਜੂਦ ਰਹੀ ਤਾਂ ਕਦੇ ਵੀ ਇੱਕ ਚੰਗੇ ਸਮਾਜ ਅਤੇ ਇੱਕ ਖੁਸ਼ਹਾਲ ਜੀਵਨ ਦੀ ਸਿਰਜਣਾ ਨਹੀਂ ਹੋ ਸਕਦੀ। ਇਸ ਲਈ ਸਾਨੂੰ ਹਰ ਇੱਕ ਰਿਸ਼ਤੇ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਉਸ ਸਮੇਂ ਸਾਡੇ ਮਨ ਵਿੱਚ ਕਿਸੇ ਪ੍ਰਕਾਰ ਦਾ ਲੋਭ, ਲਾਲਚ, ਅਮੀਰੀ-ਗਰੀਬੀ ਵਰਗੇ ਭੈੜੇ ਵਿਚਾਰ ਤਿਆਗ ਕੇ ਇੰਨਸਾਨੀਅਤ ਨੂੰ ਅੱਗੇ ਰੱਖਕੇ ਪਿਆਰ ਦਾ ਸੁਨੇਹਾ ਦੇਣਾ ਚਾਹੀਦਾ ਹੈ ਕਿਓਕਿ ਜੇਕਰ ਅਸੀਂ ਪਿਆਰ ਵੰਡਾਂਗੇ ਤਾਂ ਪਿਆਰ ਹੀ ਮਿਲੇਗਾ ਅਤੇ ਸੱਚੇ ਰਿਸ਼ਤੇ ਕਿਸੇ ਲੋਭ-ਲਾਲਚ, ਮਤਲਬ ਅਤੇ ਪੈਸੇ ਦੇ ਮੁਹਤਾਜ ਨਹੀਂ ਹੁੰਦੇ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>