ਕੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਪੰਜਾਬ ਕਾਂਗਰਸ ਵਿੱਚ ਜਾਨ ਪਾ ਸਕੇਗੀ?

download(9).resizedਗਾਂਧੀ ਪਰਿਵਾਰ ਦਾ ਸ਼ਹਿਜ਼ਾਦਾ ਰਾਹੁਲ ਗਾਂਧੀ ਨੇ 7 ਸਤੰਬਰ 2022 ਨੂੰ ਕੰਨਿਆਕੁਮਾਰੀ (ਤਾਮਿਲਨਾਡੂ) ਤੋਂ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਹੈ। ਇਹ ਯਾਤਰਾ 10 ਜਨਵਰੀ ਨੂੰ ਸ਼ੰਭੂ ਸਰਹੱਦ ਤੋਂ ਪੰਜਾਬ ਵਿੱਚ ਸ਼ਾਮਲ ਹੋਵੇਗੀ ਅਤੇ 19 ਜਨਵਰੀ ਤੱਕ ਪੰਜਾਬ ਵਿੱਚ ਹੋਵੇਗੀ। ਇਸ ਇਤਿਹਾਸਕ ਯਾਤਰਾ ਦਾ ਲੁਕਿਆ ਮੰਤਵ ਭਾਵੇਂ ਕੁਝ ਵੀ ਹੋਵੇ ਪ੍ਰੰਤੂ ਰਾਹੁਲ ਗਾਂਧੀ ਕਹਿ ਰਿਹਾ ਹੈ ਕਿ ਇਸ ਯਾਤਰਾ ਦਾ ਮਕਸਦ ਭਾਰਤ ਦੀ ਜਨਤਾ ਵਿੱਚ ਅਮਨ ਅਤੇ ਸਦਭਾਵਨਾ ਨੂੰ ਮਜ਼ਬੂਤ ਕਰਨਾ ਹੈ ਕਿਉਂਕਿ ਪਿਛਲੇ ਸਾਢੇ ਸੱਤ ਸਾਲਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਫ਼ਿਰਕੂ ਧਰੁਵੀਕਰਨ ਰਾਹੀਂ ਘੱਟ ਗਿਣਤੀਆਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ। ਭਾਰਤੀਆਂ ਨੂੰ ਜ਼ਾਤਾਂ-ਪਾਤਾਂ ਅਤੇ ਫ਼ਿਰਕਿਆਂ ਦੇ ਨਾਮ ‘ਤੇ ਲੜਾਇਆ ਜਾ ਰਿਹਾ ਹੈ। ਇਹ ਯਾਤਰਾ ਲੋਕਾਂ ਨੂੰ ਸੁਚੇਤ ਕਰਕੇ ਆਪਸੀ ਸਦਭਾਵਨਾ ਬਣਾਈ ਰੱਖਣ ਅਤੇ ਭਾਰਤ ਨੂੰ ਧਰਮ ਨਿਰਪੱਖ ਰਾਸ਼ਟਰ ਤੋਂ ਹਿੰਦੂ ਰਾਸ਼ਟਰ ਬਣਾਉਣ ਦੀ ਪ੍ਰਕਿ੍ਰਆ ਨੂੰ ਰੋਕਣ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗੀ। ਹੁਣ ਤੱਕ ਇਹ ਯਾਤਰਾ ਰਾਜਨੀਤਕ ਵਿਸ਼ਲੇਸ਼ਕਾਂ ਮੁਤਾਬਕ ਜਿਹੜੇ 11 ਰਾਜਾਂ ਵਿੱਚ ਗਈ ਹੈ, ਉਥੇ ਸਫਲ ਰਹੀ ਹੈ ਕਿਉਂਕਿ ਪਾਰਟੀ ਪੱਧਰ ਤੋਂ ਉਪਰ ਉਠਕੇ ਬੁੱਧੀਜੀਵੀ, ਅਰਥ ਸ਼ਾਸ਼ਤਰੀ, ਵਿਗਿਆਨੀ, ਕਲਾਕਾਰ ਅਤੇ ਸਾਹਿਤਕਾਰ ਵਰਗ ਨੇ ਇਸ ਵਿੱਚ ਸ਼ਮੂਲੀਅਤ ਕੀਤੀ ਹੈ। ਕੁਝ ਸਿਆਸੀ ਪਾਰਟੀਆਂ ਲੇ ਵੀ ਇਸ ਦੀ ਸਪੋਰਟ ਕੀਤੀ ਹੈ। ਯਾਤਰਾ ਦੇ ਪਹਿਲੇ ਪੜ੍ਹਾਅ ਵਿੱਚ 11 ਜਨਵਰੀ ਨੂੰ ਰਾਹੁਲ ਗਾਂਧੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ‘ਤਿਲਕ ਜੰਝੂ ਦੇ ਰਾਖੇ’ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪੋਤਰਿਆਂ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਅਕੀਦਤ ਦੇ ਫੁਲ ਭੇਂਟ ਕਰਕੇ ਸ਼ੁਰੂ ਕੀਤੀ ਜਾਵੇਗੀ। ਉਸ ਦਿਨ ਫ਼ਤਿਹਗੜ੍ਹ ਸਾਹਿਬ ਵਿਖੇ ਇਕ ਪਬਲਿਕ ਮੀਟਿੰਗ ਵੀ ਕੀਤੀ ਜਾਵੇਗੀ ਜਿਸ ਨੂੰ ਰਾਹੁਲ ਗਾਂਧੀ ਸੰਬੋਧਨ ਕਰਨਗੇ। ਭਾਰਤ ਦੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਫ਼ਿਰਕੂ ਨੀਤੀਆਂ ਵਿਰੁੱਧ ਲਾਮਬੰਦ ਕਰਨ ਦਾ ਕੰਮ ਤਾਂ ਕਰੇਗੀ ਹੀ ਪ੍ਰੰਤੂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਲੈ ਕੇ ਸਾਰੇ ਦੇਸ਼ ਵਿੱਚ ਘੁੰਮ ਰਿਹਾ ਹੈ। ਇਸੇ ਲੜੀ ਵਿੱਚ ਉਹ 10 ਜਨਵਰੀ ਸ਼ਾਮ ਨੂੰ ਪੰਜਾਬ ਵੀ ਆ ਰਿਹਾ ਹੈ। ਧੜਿਆਂ ਵਿੱਚ ਵੰਡੀ, ਖੇਰੂੰ ਖੇਰੂੰ ਹੋਈ ਅਤੇ ਡਿਗੇ ਮਨੋਬਲ ਵਾਲੀ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਲਈ ਇਹ ਯਾਤਰਾ ਸੰਜੀਵਨੀ ਬੂਟੀ ਦਾ ਕੰਮ ਕਰੇਗੀ ਜਾਂ ਪੰਜਾਬ ਕਾਂਗਰਸ ਦੇ ਨੇਤਾ ਆਪੋ ਆਪਣੀ ਡਫਲੀ ਵਜਾਉਂਦੇ ਹੋਏ ਰਾਹੁਲ ਗਾਂਧੀ ਦੀ ਪਰਕਰਮਾ ਕਰਦੇ ਰਹਿਣਗੇ? ਇਹ ਤਾਂ ਸਮਾਂ ਹੀ ਦੱਸੇਗਾ ਕਾਂਗਰਸ ਪਾਰਟੀ ਦਾ ਦੁਖਾਂਤ ਇਹੋ ਹੈ ਕਿ ਉਸ ਦੇ ਨੇਤਾ ਫੀਲਡ ਵਿੱਚ ਕੰਮ ਕਰਨ ਦੀ ਥਾਂ ਸੀਨੀਅਰ ਨੇਤਾਵਾਂ ਦੀ ਚਮਚਾਗਿਰੀ ਵਿੱਚ ਮਸ਼ਰੂਫ ਰਹਿੰਦੇ ਹਨ ਕਿਉਂਕਿ ਉਨ੍ਹਾਂ ਦੇ ਹਿਤਾਂ ‘ਤੇ ਸੀਨੀਅਰ ਲੀਡਰਸ਼ਿਪ ਚਮਚਾਗਿਰੀ ਕਰਕੇ ਹੀ ਪਹਿਰਾ ਦਿੰਦੀ ਹੈ। ਪੰਜਾਬ ਕਾਂਗਰਸ ਪਾਰਟੀ ਲਈ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਆਪਣੇ ਆਧਾਰ ਨੂੰ ਵਧਾਉਣ ਅਤੇ ਲੋਕਾਂ ਨੂੰ ਕਾਂਗਰਸ ਪਾਰਟੀ ਨਾਲ ਜੋੜਨ ਦਾ ਵਧੀਆ ਮੌਕਾ ਹੈ। ਵੇਖਣ ਵਾਲੀ ਗੱਲ ਹੈ ਕਿ ਪੰਜਾਬ ਦੇ ਕਾਂਗਰਸੀ ਇਸ ਮੌਕੇ ਦਾ ਸਦਉਪਯੋਗ ਕਰ ਸਕਣਗੇ ਜਾਂ ਬੇਇਤਫਾਕੀ ਦਾ ਮੁਜ਼ਾਹਰਾ ਕਰਨਗੇ। ਕਾਂਗਰਸ ਪਾਰਟੀ ਦੇ ਨੇਤਾਵਾਂ ਦੀ ਆਪਸੀ ਫੁੱਟ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਭਾਰਤ ਜੋੜੋ ਯਾਤਰਾ ਦੀ ਸਫਲਤਾ ਸੰਬੰਧੀ ਕੀਤੀਆਂ ਜਾ ਰਹੀਆਂ ਮੀਟਿੰਗਾਂ ਤੋਂ ਸਾਫ ਵਿਖਾਈ ਦੇ ਰਹੀ ਹੈ। ਇਸ ਲਈ ਕਾਂਗਰਸ ਹਾਈ ਕਮਾਂਡ ਨੇ ਪਾਰਟੀ ਵਿੱਚ ਵਧੀਆ ਤਾਲਮੇਲ ਰੱਖਣ ਲਈ ਸੀਨੀਅਰ ਨੇਤਾ ਸ਼੍ਰੀ ਵੇਨੂੰਗੋਪਾਲ ਨੂੰ ਤਾਲਮੇਲ ਕਰਨ ਲਈ ਲਗਾਇਆ ਹੈ। ਵਿਧਾਨ ਸਭਾ ਹਲਕਿਆਂ ਦੇ ਸਥਾਨਕ ਨੇਤਾ ਅਤੇ ਸਾਬਕਾ ਵਿਧਾਨਕਾਰ/ਮੰਤਰੀ ਆਪੋ ਆਪਣੀਆਂ ਵੱਖਰੀਆਂ-ਵੱਖਰੀਆਂ ਮੀਟਿੰਗਾਂ ਕਰ ਰਹੇ ਹਨ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਕਰਕੇ ਹੋ ਸਕਦਾ ਜਿਹੜੇ ਨੇਤਾ ਕਾਂਗਰਸ ਪਾਰਟੀ ਨੂੰ ਤਿਲਾਂਜ਼ਲੀ ਦੇਣੀ ਚਾਹੁੰਦੇ ਸਨ ਜਾਂ ਆਪੋ ਆਪਣੇ ਘਰਾਂ ਵਿੱਚ ਚੁੱਪ ਬੈਠੇ ਸਨ, ਉਹ ਸਰਗਰਮ ਹੋ ਜਾਣਗੇ ਤੇ ਫਿਲਹਾਲ ਪਾਰਟਂੀ ਛੱਡਣ ਤੋਂ ਗੁਰੇਜ਼ ਕਰਨਗੇ ਕਿਉਂਕਿ ਕਾਂਗਰਸ ਪਾਰਟੀ ਦਾ ਹਰ ਨੇਤਾ ਆਪੋ ਆਪਣੇ ਵਰਕਰਾਂ ਨਾਲ ਤਾਲਮੇਲ ਬਣਾ ਰਿਹਾ ਹੈ। ਪੰਜਾਬ ਵਿੱਚ ਇਸ ਯਾਤਰਾ ਨਾਲ ਕਾਂਗਰਸ ਪਾਰਟੀ ਹੇਠਲੇ ਪੱਧਰ/ਵਰਕਰ ਦੇ ਪੱਧਰ ‘ਤੇ ਕਾਫੀ ਸਰਗਰਮ ਹੋਈ ਹੈ। ਇਹ ਸਰਗਰਮੀ ਪਾਰਟੀ ਲਈ ਸ਼ੁਭ ਸ਼ਗਨ ਹੈ। ਆਉਂਦੀਆਂ ਲੋਕ ਸਭਾ ਚੋਣਾਂ ਤੱਕ ਇਨ੍ਹਾਂ ਵਰਕਰਾਂ  ਨੂੰ ਪਾਰਟੀ ਨਾਲ ਜੋੜ ਕੇ ਰੱਖਣ ਦੀ ਜ਼ਿੰਮੇਵਾਰੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ‘ਤੇ ਨਿਰਭਰ ਕਰੇਗੀ। ਇਹ ਯਾਤਰਾ ਪਾਰਟੀ ਲਈ ਇਸ ਕਰਕੇ ਵੀ ਸਾਰਥਿਕ ਹੋ ਸਕਦੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਪਿੰਡ ਪੱਧਰ ‘ਤੇ ਲੋਕਾਂ ਨੂੰ ਲਾਮਬੰਦ ਕਰ ਰਹੀ ਹੈ। ਖਾਸ ਤੌਰ ‘ਤੇ ਦਿਹਾਤੀ ਸਿੱਖਾਂ ਨੂੰ ਆਪਣੇ ਨਾਲ ਜੋੜ ਰਹੀ ਹੈ। ਪਾਰਟੀ ਵਰਕਰਾਂ ਨੂੰ ਇਕਮੁੱਠ ਰੱਖਣਾ ਕਾਂਗਰਸ ਪਾਰਟੀ ਦੀਆਂ ਸਥਾਨਕ ਇਕਾਈਆਂ ਅਤੇ ਸਥਾਨਕ ਪੱਧਰ ਦੇ ਨੇਤਾਵਾਂ ਦੀ ਸੋਚ ‘ਤੇ ਨਿਰਭਰ ਕਰਦਾ ਹੈ। ਰਾਹੁਲ ਗਾਂਧੀ ਕੋਲ ਆਪਣੀ ਹਾਜ਼ਰੀ ਲਗਵਾਉਣ ਲਈ ਸਥਾਨਕ ਨੇਤਾ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਂਗਰਸ ਵਿਧਾਨ ਸਭਾ ਪਾਰਟੀ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪਾਰਟੀ ਨੂੰ ਇਕਮੁੱਠ ਕਰਨ ਲਈ ਕੋਸ਼ਿਸ਼ ਕਰ ਰਹੇ ਹਨ ਪ੍ਰੰਤੂ ਰਾਜਾ ਵੜਿੰਗ ਦੇ ਆਪਣੇ ਬਠਿੰਡੇ ਜਿਲ੍ਹੇ ਵਿੱਚ ਮਨਪ੍ਰੀਤ ਸਿੰਘ ਬਾਦਲ ਦਾ ਧੜਾ ਉਸ ਦਾ ਸਾਥ ਨਹੀਂ ਦੇ ਰਿਹਾ। ਇਥੋਂ ਤੱਕ ਕਿ ਉਸ ਵੱਲੋਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਲਈ ਸੱਦੀ ਗਈ ਮੀਟਿੰਗ ਵਿੱਚ ਵੀ ਨਹੀਂ ਪਹੁੰਚਿਆ। ਇਸੇ ਤਰ੍ਹਾਂ ਪਟਿਆਲਾ ਜਿਲ੍ਹੇ ਦੀ ਸ਼ਹਿਰੀ ਇਕਾਈ ਦਾ ਪ੍ਰਧਾਨ ਨਰਿੰਦਰ ਲਾਲੀ ਜੋ ਨਵਜੋਤ ਸਿੰਘ ਸਿੱਧੂ ਦਾ ਕਰੀਬੀ ਸੀ, ਉਸ ਨੂੰ ਰਾਜਾ ਵੜਿੰਗ ਨੇ ਪ੍ਰਧਾਨਗੀ ਤੋਂ ਹਟਾ ਦਿੱਤਾ ਹੈ। ਉਹ ਧੜਾ ਆਪਣੀਆਂ ਵੱਖਰੀਆਂ ਮੀਟਿੰਗਾਂ ਕਰ ਰਿਹਾ ਹੈ। ਹਾਲਾਂ ਕਿ ਰਾਜਾ ਵੜਿੰਗ ਅਤੇ ਨਵਜੋਤ ਸਿੰਘ ਸਿੱਧੂ ਪਹਿਲਾਂ ਘਿਓ ਖਿਚੜੀ ਸਨ।

ਜਨਵਰੀ 2021 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਬੁਰੀ ਤਰ੍ਹਾਂ ਆਮ ਆਦਮੀ ਪਾਰਟੀ ਕੋਲੋਂ ਹਾਰਨ ਤੋਂ ਬਾਅਦ ਕਾਂਗਰਸੀ ਨੇਤਾਵਾਂ ਅਤੇ ਵਰਕਰਾਂ ਦੇ ਹੌਸਲੇ ਪਸਤ ਹੋਏ ਪਏ ਹਨ। ਕਾਂਗਰਸ ਦੇ ਰਾਜ ਵਿੱਚ ਭਰਿਸ਼ਟਾਚਾਰ ਭਾਰੂ ਰਿਹਾ। ਕਾਂਗਰਸੀ ਨੇਤਾ ਇਕ ਦੂਜੇ ਤੇ ਚਿਕੜ ਸੁੱਟਦੇ ਰਹੇ ਹਨ। ਹੈਰਾਨੀ ਦੀ ਗੱਲ ਹੈ ਪੰਜਾਬ ਕਾਂਗਰਸ ਦੇ ਉਹ ਸੀਨੀਅਰ ਨੇਤਾ ਜਿਹੜੇ ਨਵਜੋਤ ਸਿੰਘ ਸਿੱਧੂ ਦਾ ਪ੍ਰਧਾਨ ਬਣਨ ‘ਤੇ ਜ਼ਬਰਦਸਤ ਵਿਰੋਧ ਕਰ ਰਹੇ ਸਨ, ਉਹ ਹੁਣ ਪਟਿਆਲਾ ਜੇਲ੍ਹ ਵਿੱਚ ਬੰਦ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤਾਂ ਕਰ ਰਹੇ ਹਨ। ਇਸ ਸਮੇਂ ਪਾਰਟੀ ਵਿੱਚ ਪੁਰਾਣੇ ਸਮੀਕਰਨ ਬਦਲ ਰਹੇ ਹਨ। ਸ਼ਮਸ਼ੇਰ ਸਿੰਘ ਦੂਲੋ ਸਾਬਕ ਮੈਂਬਰ ਰਾਜ ਸਭਾ ਅਤੇ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਕੱਟੜ ਵਿਰੋਧੀ ਸਨ, ਹੁਣ ਵਾਰ-ਵਾਰ ਜੇਲ੍ਹ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਮਿਲ ਰਹੇ ਹਨ। ਮਹਿੰਦਰ ਸਿੰਘ ਕੇ.ਪੀ.ਜਿਹੜਾ ਚਰਨਜੀਤ ਸਿੰਘ ਚੰਨੀ ਦਾ ਨਜ਼ਦੀਕੀ ਰਿਸ਼ਤੇਦਾਰ ਹੈ, ਉਹ ਵੀ ਨਵਜੋਤ ਸਿੰਘ ਸਿੱਧੂ ਦੀ ਜੇਲ੍ਹ ਵਿੱਚ ਹਾਜ਼ਰੀ ਭਰ ਕੇ ਗਿਆ ਹੈ। ਕਾਂਗਰਸ ਪਾਰਟੀ ਦੇ ਨੇਤਾਵਾਂ ਨੂੰ ਵਿਧਾਨ ਸਭਾ ਦੀ ਹਾਰ ਤੋਂ ਸਬਕ ਸਿੱਖਣਾ ਚਾਹੀਦਾ ਹੈ। ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਵਿੱਚ ਪਿ੍ਰਅੰਕਾ ਗਾਂਧੀ ਦੇ ਦੂਤ ਵੱਲੋਂ ਚਿੱਠੀ ਭੇਜਣ ਦੀਆਂ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸ ਦੇ ਜੇਲ੍ਹ ਵਿੱਚੋਂ ਬਾਹਰ ਆਉਣ ‘ਤੇ ਉਸ ਨੂੰ ਵੱਡਾ ਅਹੁਦਾ ਦਿੱਤਾ ਜਾਵੇਗਾ। ਅਜਿਹੇ ਸਵਾਲ ਵਰਕਰਾਂ ਵਿੱਚ ਖਲਬਲੀ ਮਚਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਹ ਕੇ ਨਵਾਂ ਮੁੱਖ ਮੰਤਰੀ ਬਣਾਉਣ ਦੀ ਕਵਾਇਦ ਨੇ ਪਾਰਟੀ ਲਈ ਨਵੀਆਂ ਮੁਸ਼ਕਲਾਂ ਪੈਦਾ ਕਰ ਦਿੱਤੀਆਂ ਸਨ। ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਕਾਂਗਰਸ ਪਾਰਟੀ ਨੇ ਆਪਣੇ ਜਾਣੀ ਤਾਂ ਦਲਿਤ ਪੱਤਾ ਖੇਡਿਆ ਸੀ ਪ੍ਰੰਤੂ ਉਹ ਵੀ ਪੁੱਠਾ ਪੈ ਗਿਆ। ਚਰਨਜੀਤ ਸਿੰਘ ਚੰਨੀ ਆਪ ਵੀ ਚਮਕੌਰ ਸਾਹਿਬ ਅਤੇ ਭਦੌੜ ਵਿਧਾਨ ਸਭਾ ਦੀਆਂ ਦੋਵਾਂ ਸੀਟਾਂ ਤੋਂ ਚੋਣ ਹਾਰ ਗਿਆ ਸੀ। ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਕੁਝ ਸਮਾਂ ਬਾਅਦ ਹੀ ਨਵਜੋਤ ਸਿੰਘ ਸਿੱਧੂ ਨੇ ਬਾਗੀ ਤੇਵਰ ਵਿਖਾਉਣੇ ਸ਼ੁਰੂ ਕਰ ਦਿੱਤੇ ਸਨ। ਪੰਜਾਬ ਕਾਂਗਰਸ ਦੇ ਨੇਤਾ ਇਕਮੁੱਠ ਹੋ ਕੇ ਚੋਣ ਲੜਨ ਦੀ ਥਾਂ ਬਿਖ਼ਰ ਗਏ। ਪਾਰਟੀ ਦੀ ਫੁੱਟ ਚੋਣਾ ਵਿੱਚ ਜੱਗ ਜ਼ਾਹਰ ਹੋ ਗਈ, ਜਿਸ ਦਾ ਇਵਜਾਨਾ ਕਾਂਗਰਸ ਪਾਰਟੀ ਨੂੰ ਭੁਗਤਣਾ ਪਿਆ। ਆਮ ਆਦਮੀ ਪਾਰਟੀ ਦੀ ਭਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਅਧੀਨ ਕੁਝ ਸਾਬਕਾ ਕਾਂਗਰਸੀ ਮੰਤਰੀ ਜੇਲ੍ਹਾਂ ਦੀ ਹਵਾ ਖਾ ਰਹੇ ਹਨ। ਬਾਕੀ ਰਹਿੰਦੇ ਭਰਿਸ਼ਟ ਮੰਤਰੀਆਂ ਨੂੰ ਗਿ੍ਰਫ਼ਤਾਰੀਆਂ ਦਾ ਡਰ ਸਤਾ ਰਿਹਾ ਹੈ, ਜਿਸ ਕਰਕੇ ਪਾਰਟੀ ਵਰਕਰਾਂ ਅਤੇ ਲੀਡਰਸ਼ਿਪ ਦਾ ਮਨੋਬਲ ਡਿਗਿਆ ਪਿਆ ਹੈ। ਇਨ੍ਹਾਂ ਖ਼ਬਰਾਂ ਤੋਂ ਤਾਂ ਇਉਂ ਲੱਗ ਰਿਹਾ ਹੈ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੀ ਸਫਲਤਾ ਪੰਜਾਬ ਕਾਂਗਰਸ ਲਈ ਵੰਗਾਰ ਹੋਵੇਗੀ। ਕਾਂਗਰਸੀ ਨੇਤਾਵਾਂ ਨੂੰ ਸਾਰੇ ਗਿਲੇ ਸ਼ਿਕਵੇ ਭੁੱਲ ਕੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਸਫਲ ਕਰਨ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ, ਇਹ ਯਾਤਰਾ ਕਾਂਗਰਸ ਲਈ ਵਰਦਾਨ ਸਾਬਤ ਹੋਵੇਗੀ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>