ਚੰਡੀਗੜ੍ਹ- ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ (ਕੈਨੇਡਾ) ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਗਦਰੀਆਂ ਅਤੇ ਬੱਬਰ ਦੇਸ਼ ਭਗਤਾਂ ਦੇ ਨਾਂ ’ਤੇ ਸੂਬੇ ਵਿੱਚ ਯੂਨੀਵਰਸਿਟੀ ਖੋਲ੍ਹੀ ਜਾਵੇ। ਅੱਜ ਪ੍ਰੈੱਸ ਕਲੱਬ ਵਿਖੇ ਜਥੇਬੰਦੀ ਦੇ ਪ੍ਰਧਾਨ ਸਾਹਿਬ ਥਿੰਦ ਨੇ ਗਦਰੀ ਦੇਸ਼ ਭਗਤਾਂ ਅਤੇ ਬੱਬਰ ਅਕਾਲੀ ਦੇਸ਼ ਭਗਤਾਂ ਦੇ ਪਰਿਵਾਰਾਂ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਕੂਲਾਂ-ਕਾਲਜਾਂ ਦੇ ਸਿਲੇਬਸ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਉਨ੍ਹਾਂ ਮੁੱਖ ਮੰਤਰੀ ਤੋਂ ਸੂਬੇ ਦੇ ਪਿੰਡਾਂ ਅਤੇ ਕਸਬਿਆਂ ਵਿੱਚ ਸਕੂਲਾਂ ਅਤੇ ਵਿੱਦਿਅਕ ਅਦਾਰਿਆਂ ਦੇ ਨਾਮ ਵੀ ਸ਼ਹੀਦਾਂ ਦੇ ਨਾਂ ’ਤੇ ਰੱਖਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਨੇ ਅੰਗਰੇਜ਼ਾਂ ਵਿਰੁੱਧ ਲੜਾਈ ਲੜੀ। ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਕੇ ਰਖਿਆ ਗਿਆ। ਸੜਕਾਂ, ਇਮਾਰਤਾਂ ਆਦਿ ਅੱਜ ਵੀ ਅੰਗਰੇਜ਼ਾਂ ਦੇ ਨਾਵਾਂ ‘ਤੇ ਚੱਲ ਰਹੀਆਂ ਹਨ, ਇਨ੍ਹਾਂ ਦੇ ਨਾਂ ਬਦਲ ਕੇ ਗਦਰੀਆਂ ਅਤੇ ਬੱਬਰ ਅਕਾਲੀ ਦੇਸ਼ ਭਗਤਾਂ ਦੇ ਨਾਂ ‘ਤੇ ਰੱਖੇ ਜਾਣੇ ਚਾਹੀਦੇ ਹਨ। ਉਨ੍ਹਾਂ ਹੋਰ ਮੰਗ ਕੀਤੀ ਕਿ ਗਦਰੀ ਦੇਸ਼ ਭਗਤਾਂ ਅਤੇ ਬੱਬਰ ਅਕਾਲੀ ਦੇਸ਼ ਭਗਤਾਂ ਦੇ ਸ਼ਹੀਦਾਂ ਦੇ ਘਰਾਂ, ਸੜਕਾਂ ਅਤੇ ਇਮਾਰਤਾਂ ਨੂੰ ਕੌਮੀ ਵਿਰਾਸਤ ਐਲਾਨਿਆ ਜਾਵੇ।
ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ (ਕੈਨੇਡਾ) ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਦੇਸ਼-ਭਗਤਾਂ ਦੀ ਵਿਰਾਸਤ, ਪੰਜਾਬੀ ਸਭਿਆਚਾਰ ਤੋਂ ਮਾਂ-ਬੋਲੀ ਨੂੰ ਸੰਭਾਲਣ ਲਈ ਪੂਰੀ ਤਰ੍ਹਾਂ ਸਮਰਪਿਤ ਹੈ। ਇਹ ਸੰਸਥਾ ਉੱਤਰੀ ਅਮਰੀਕਾ, ਯੂਰਪ ਤੇ ਦੱਖਣੀ ਏਸ਼ੀਆ ਸਮੇਤ ਕਈ ਦੇਸ਼ਾਂ ਵਿੱਚ ਸਰਗਰਮ ਹੈ। ਇਸ ਵਲੋਂ ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ ਤੇ ਆਜ਼ਾਦੀ ਸੰਗਰਾਮ ਦੇ ਯੋਧਿਆਂ ਦੀ ਯਾਦ ਵਿੱਚ ਹਰ ਸਾਲ ਗ਼ਦਰੀ ਬਾਬਿਆਂ ਦੀ ਯਾਦ ਵਿੱਚ ਮੇਲਾ ਸਰੀ (ਬੀ.ਸੀ., ਕੈਨੇਡਾ) ਵਿੱਚ ਲਾਇਆ ਜਾਂਦਾ ਹੈ। ਇਹ ਸੰਸਥਾ ਬਰਤਾਨਵੀ ਸਾਮਰਾਜ ਵਲੋਂ ਕੀਤੀਆਂ ਬੇਇਨਸਾਫ਼ੀਆਂ ਦੇ ਖਿਲਾਫ਼ ਇਨਸਾਫ਼ ਦਿਵਾਉਣ ਲਈ ਲਗਾਤਾਰ ਸੰਘਰਸ਼ਸ਼ੀਲ ਹੈ ਅਤੇ ਇਹ ਪੰਜਾਬ ਦੇ ਮਹਾਨ ਕ੍ਰਾਂਤੀਕਾਰੀ ਤੇ ਕੁਰਬਾਨੀਆਂ ਭਰੇ ਇਤਿਹਾਸਕ ਵਿਰਸੇ ਦੀ ਸੰਭਾਲ ਲਈ ਪੰਜਾਬ ਸਰਕਾਰ ਤੋਂ ਆਪਣੀਆਂ ਹੇਠ ਲਿਖੀਆਂ ਮੰਗਾਂ ਦੀ ਪੂਰਤੀ ਦੀ ਮੰਗ ਕਰਦੀ ਹੈ :
1. ਗ਼ਦਰੀ ਦੋਸ਼-ਭਗਤਾਂ ਅਤੇ ਖੰਬਰ ਅਕਾਲੀਆਂ ਦੀ ਯਾਦ ਵਿੱਚ ਯੂਨੀਵਰਸਿਟੀ ਉਸਾਰੀ ਜਾਵੇ।
2 . ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ ਅਤੇ ਆਜ਼ਾਦੀ ਸੰਗਰਾਮ ਨੂੰ ਸਮਰਪਿਤ ਸਮੂਹ ਲਹਿਰਾਂ ਦੇ
ਇਤਿਹਾਸ ਨੂੰ ਸਕੂਲਾਂ, ਕਾਲਜਾਂ ਵਿੱਚ ਵੱਖਰੇ ਤੇ ਵਿਸ਼ੇਸ਼ ਵਿਸ਼ੇ ਵਜੋਂ ਪੜ੍ਹਾਇਆ ਜਾਵੇ।
3 . ਅੰਗਰੇਜ਼ੀ ਰਾਜ ਦੌਰਾਨ ਜਿਹੜੇ ਸ਼ਹਿਰਾਂ, ਸੜਕਾਂ, ਚੌਰਾਹਿਆਂ ਅਤੇ ਹੋਰ ਅਦਾਰਿਆਂ ਦੇ ਨਾਂ ਅੰਗਰੇਜ਼ ਅਧਿਕਾਰੀਆਂ ਦੇ ਨਾਂਵਾਂ ‘ਤੇ ਰੱਖੇ ਗਏ, ਜੋ ਅਜੇ ਵੀ ਕਾਇਮ ਹਨ, ਉਨ੍ਹਾਂ ਦੇ ਨਾਂ ਬਦਲ ਕੇ ਤੁਰੰਤ ਆਜ਼ਾਦੀ ਪ੍ਰਵਾਨਿਆਂ ਦੇ ਨਾਵਾਂ ‘ਤੇ ਰੱਖੇ ਜਾਣ।
4. ਆਜ਼ਾਦੀ ਲਹਿਰ ਦੇ ਕ੍ਰਾਂਤੀਕਾਰੀਆਂ ਦੇ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿੱਚ ਸਕੂਲਾਂ, ਸੜਕਾਂ ਤੇ ਹੋਰ ਪਬਲਿਕ ਥਾਂਵਾਂ
ਨੂੰ ਸੰਬੰਧਿਤ ਦੇਸ਼-ਭਗਤਾਂ ਦੇ ਨਾਂ ਦਿੱਤੇ ਜਾਣ।
5 . ਗ਼ਦਰ ਲਹਿਰ, ਬੱਬਰ ਅਕਾਲੀ ਅਤੇ ਆਜ਼ਾਦੀ ਸੰਗਰਾਮ ਨੂੰ ਸਮਰਪਿਤ ਸਮੂਹ ਲਹਿਰਾਂ ਦੇ ਦੇਸ਼-ਭਗਤਾਂ ਤੇ ਸ਼ਹੀਦਾਂ ਦੇ
ਘਰਾਂ, ਗਲੀਆਂ ਜਾਂ ਇਮਾਰਤਾਂ ਦੀ ਰਾਸ਼ਟਰੀ ਸਮਾਰਕਾਂ ਵਜੋਂ ਪੰਜਾਬ ਸਰਕਾਰ ਸੰਭਾਲ ਕਰੇ।