ਅਸ਼ੋਕ ਬਾਂਸਲ ਮਾਨਸਾ ਦੀ ਪੁਸਤਕ ‘ਮਿੱਟੀ ਨੂੰ ਫਰੋਲ ਜੋਗੀਆ’ ਗੀਤ ਸੰਗੀਤ ਦਾ ਖ਼ਜਾਨਾ : ਉਜਾਗਰ ਸਿੰਘ

IMG_0184.resizedਅਸ਼ੋਕ ਬਾਂਸਲ ਮਾਨਸਾ ਦੀ ਪੁਸਤਕ ‘ਮਿੱਟੀ ਨੂੰ ਫਰੋਲ ਜੋਗੀਆ, ਅਣਮੁੱਲੇ ਗੀਤਕਾਰ’ ਗੀਤ ਸੰਗੀਤ ਦਾ ਬੇਸ਼ਕੀਮਤੀ ਖ਼ਜਾਨਾ ਹੈ। ਵੀਹ ਸਾਲ ਦੀ ਮਿਹਨਤ ਤੋਂ ਬਾਅਦ ਅਸ਼ੋਕ ਬਾਂਸਲ ਨੇ ਪੰਜਾਬੀ ਸਭਿਆਚਾਰ ਦੇ ਬੇਸ਼ਕੀਮਤੇ ਹੀਰੇ ਗੀਤਕਾਰਾਂ ਦੇ ਲਿਖੇ ਗੀਤ ਲੱਭਕੇ ਸੰਗੀਤ ਪ੍ਰੇਮੀਆਂ ਦੀ ਕਚਹਿਰੀ ਵਿੱਚ ਪੇਸ਼ ਕੀਤੇ ਹਨ। ਇਸ ਮੰਤਵ ਲਈ ਜਿਥੇ ਵੀ ਉਸਨੂੰ ਪਤਾ ਲੱਗਿਆ ਦੇਸ਼ ਵਿਦੇਸ਼ ਵਿੱਚ ਉਹ ਜਾ ਕੇ ਗੀਤਕਾਰਾਂ ਬਾਰੇ ਪਤਾ ਕਰਕੇ ਆਇਆ। ਘਰ ਫ਼ੂਕ ਤਮਾਸ਼ਾ ਵੇਖਦਾ ਰਿਹਾ। ਗਾਇਕਾਂ ਦੇ ਨਾਮ ਤਵਿਆਂ, ਕੈਸਟਾਂ ਅਤੇ ਇੰਟਰਨੈਟ ਤੇ ਭਮੀਰੀ ਦੀ ਤਰ੍ਹਾਂ ਘੁੰਮਦੇ ਫਿਰਦੇ ਵਿਖਾਈ ਦਿੰਦੇ ਹਨ, ਪਰੰਤੂ ਕੰਪਨੀਆਂ ਨੇ ਗੀਤਕਾਰਾਂ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਹੋਇਆ। ਅਸ਼ੋਕ ਬਾਂਸਲ ਮਾਨਸਾ ਨੇ ਲੰਮੀ ਜਦੋਜਹਿਦ ਅਤੇ ਮਿਹਨਤ ਤੋਂ ਬਾਅਦ ਲੋਕਾਂ ਵਿੱਚ ਹਰਮਨ ਪਿਆਰੇ ਗੀਤਾਂ ਦੇ ਗੀਤਕਾਰਾਂ ਦੇ ਨਾਮ ਲੱਭਕੇ ਸੰਗੀਤ ਦੇ ਉਪਾਸ਼ਕਾਂ ਦੇ ਸਾਹਮਣੇ ਲਿਆਂਦੇ ਹਨ ਕਿਉਂਕਿ ਪੁਰਾਣੇ ਸਮੇਂ ਵਿੱਚ ਆਮ ਤੌਰ ‘ਤੇ ਗੀਤਕਾਰ ਦਾ ਨਾਮ ਤਵਿਆਂ ਅਤੇ ਕੈਸਟਾਂ ‘ਤੇ ਲਿਖਿਆ ਨਹੀਂ ਹੁੰਦਾ ਸੀ, ਸਿਰਫ ਗਾਇਕਾਂ ਦਾ ਲਿਖਿਆ ਹੁੰਦਾ ਸੀ। ਗੀਤਕਾਰ ਦੀ ਥਾਂ ਗਾਇਕ ਹੀ ਨਾਮਣਾ ਖੱਟਦੇ ਰਹੇ। ਅਸ਼ੋਕ ਬਾਂਸਲ ਮਾਨਸਾ ਨੂੰ ਭੁੱਲੇ ਵਿਸਰੇ ਗੀਤਕਾਰਾਂ ਦਾ ਖੋਜੀ ਕਿਹਾ ਜਾ ਸਕਦਾ ਹੈ। ਉਸ ਨੇ ਅਜਿਹੇ 60 ਗੀਤਕਾਰਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਦੇ ਗੀਤਾਂ ਨੇ ਪੰਜਾਬੀ ਦੇ ਸੰਗੀਤਕ ਪ੍ਰੇਮੀਆਂ ਦੇ ਦਿਲਾਂ ਨੂੰ ਹਲੂਣਿਆਂ ਹੋਇਆ ਹੈ, ਉਨ੍ਹਾਂ ਵਿੱਚੋਂ ਪਹਿਲੀ ਕਿਸ਼ਤ ਵਿੱਚ ਇਸ ਪੁਸਤਕ ਵਿੱਚ ਵੀਹ ਗੀਤਕਾਰਾਂ ਦੇ ਗੀਤਾਂ ਅਤੇ ਉਨ੍ਹਾਂ ਦੇ ਗਾਇਕਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਹੈ। ਉਹ ਗੀਤਕਰ ਜਿਨ੍ਹਾਂ ਦੇ ਗੀਤ ਹਿਟ ਹੋਏ ਹਨ, ਪਰੰਤੂ ਸੰਗੀਤ ਦਾ ਰਸ ਮਾਨਣ ਵਾਲੇ ਲੋਕਾਂ ਨੂੰ ਉਨ੍ਹਾਂ ਬਾਰੇ ਪਤਾ ਹੀ ਨਹੀਂ। ਇਸ ਪੁਸਤਕ ਵਿੱਚ ਦਿੱਤੇ ਜਾ ਰਹੇ ਉਹ ਗੀਤਕਾਰ ਗਿਆਨ ਚੰਦ ਧਵਨ, ਹਰਭਜਨ ਸਿੰਘ ਚਮਕ, ਸਾਧੂ ਸਿੰਘ ਆਂਚਲ, ਮਲਿਕ ਵਰਮਾ, ਇੰਦਰਜੀਤ ਤੁਲਸੀ, ਚਾਨਣ ਗੋਬਿੰਦਪੁਰੀ, ਪ੍ਰਕਾਸ਼ ਸਾਥੀ,  ਸੋਹਣ ਸਿੰਘ ਸੀਤਲ, ਦਇਆ ਸਿੰਘ ਦਿਲਬਰ, ਚਰਨ ਸਿੰਘ ਸਫਰੀ, ਦੀਪਕ ਜੈਤੋਈ, ਸਾਜਨ ਰਾਏਕੋਟੀ, ਨੰਦ ਲਾਲ ਨੂਰਪੁਰੀ, ਕਰਨੈਲ ਸਿੰਘ ‘ਪਾਰਸ’ ਰਾਮੂਵਾਲੀਆ, ਗੁਰਦੇਵ ਸਿੰਘ ਮਾਨ, ਇੰਦਰਜੀਤ ਹਸਨਪੁਰੀ, ਲਾਲ ਚੰਦ ਯਮਲਾ ਜੱਟ, ਸੰਤ ਰਾਮ ਉਦਾਸੀ, ਗੁਰਦਾਸ ਆਲਮ ਅਤੇ ਕੈਪਟਨ ਹਰਚਰਨ ਸਿੰਘ ਪਰਵਾਨਾ ਹਨ। ਇਨ੍ਹਾਂ ਦੇ ਗੀਤ ਵੱਡੇ ਗਾਇਕਾਂ ਨੇ ਗਾਣਿਆਂ, ਦੋਗਾਣਿਆਂ ਅਤੇ ਫਿਲਮਾ ਵਿੱਚ ਗਾਏ ਹਨ, ਜਿਨ੍ਹਾਂ ਵਿੱਚ ਪ੍ਰਕਾਸ਼ ਕੌਰ, ਸੁਰਿੰਦਰ ਕੌਰ, ਨਰਿੰਦਰ ਕੌਰ, ਆਸਾ ਸਿੰਘ ਮਸਤਾਨਾ, ਹਜ਼ਾਰਾ ਸਿੰਘ ਰਮਤਾ, ਮੁਹੰਮਦ ਸਦੀਕ, ਮੁਹੰਮਦ ਰਫੀ, ਸਰਦਾਰ ਅਲੀ, ਰਿਪੂ ਦਮਨ ਸ਼ੈਲੀ, ਮੋਹਿਨੀ ਨਰੂਲਾ, ਸ਼ਮਸ਼ਾਦ ਬੇਗਮ, ਲਤਾ ਮੰਗੇਸ਼ਕਰ, ਆਸ਼ਾ ਭੋਂਸਲੇ, ਮੰਨਾ ਡੇ, ਤੁਫ਼ਾਇਲ ਨਿਆਜ਼ੀ,  ਗੀਤਾ ਦੱਤ, ਜਗਮੋਹਨ ਕੌਰ, ਕੇ.ਦੀਪ, ਜੀਤ ਜਗਜੀਤ, ਸਰੂਪ ਸਿੰਘ ਸਰੂਪ, ਨਰਿੰਦਰ ਬੀਬਾ, ਰਮੇਸ਼ ਰੰਗੀਲਾ, ਹਰਚਰਨ ਗਰੇਵਾਲ, ਚਾਂਦੀ ਰਾਮ,  ਨਰਿੰਦਰ ਚੰਚਲ, ਸਰਦੂਲ ਸਿਕੰਦਰ ਅਤੇ ਕਰਮਜੀਤ ਸਿੰਘ ਧੂਰੀ ਨੇ ਗਾਏ ਹਨ। ਗਿਆਨ ਚੰਦ ਧਵਨ, ਜਿਹੜੇ ਜੀ.ਸੀ.ਧਵਨ ਦੇ ਨਾਮ ਨਾਲ ਵੀ ਜਾਣੇ ਜਾਂਦੇ ਹਨ, ਉਸ ਦੇ ਲਿਖੇ ਇਨ੍ਹਾਂ ਗੀਤਾਂ ਨੇ ਗਾਇਕਾਂ ਨੂੰ ਮਸ਼ਹੂਰ ਕੀਤਾ ਹੈ। ਗੀਤਾਂ ਦੇ ਕੁਝ ਅੰਸ਼ ਹੇਠ ਲਿਖੇ ਅਨੁਸਾਰ ਹਨ-IMG_0186.resized

ਅੰਦਰ ਜਾਵਾਂ ਬਾਹਰ ਜਾਵਾਂ ਲਾਲ ਚੂੜਾ ਛਣਕਦਾ।

ਅੰਬਰਸਰੇ ਦੀਆਂ ਵੜੀਆਂ ਵੇ ਮੈਂ ਖਾਂਦੀ ਨਾ।

ਬਾਜਰੇ ਦਾ ਸਿੱਟਾ ਅਸਾਂ ਤਲੀ ਤੇ ਮਰੋੜਿਆ।-ਸੁਰਿੰਦਰ ਕੌਰ ਪ੍ਰਕਾਸ਼ ਕੌਰ

ਜੁੱਤੀ ਕਸੂਰੀ ਪੈਰੀਂ ਨਾ ਪੂਰੀ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ।

ਉਥੇ ਲੈ ਚਲ ਚਰਖਾ ਮੇਰਾ ਵੇ, ਜਿੱਥੇ ਤੇਰੇ ਹਲ ਚਲਦੇ।-ਸੁਰਿੰਦਰ ਕੌਰ

ਵੇ ਲੈ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੀ।-ਪ੍ਰਕਾਸ਼ ਕੌਰ

ਅੱਜ ਸਾਰੇ ਛੱਡ ਜੰਜਾਲ ਕੁੜੇ, ਮੇਲੇ ਨੂੰ ਚਲ ਮੇਰੇ ਨਾਲ ਕੁੜੇ।- ਆਸਾ ਸਿੰਘ ਮਸਤਾਨਾ

ਮੁੰਡੇ ਮਰ ਗਏ ਕਮਾਈਆਂ ਕਰਦੇ, ਨੀ ਹਾਲੇ ਤੇਰੇ ਬੰਦ ਨਾ ਬਣੇ।

ਸਾਡੀ ਰੁੱਸ ਗਈ ਝਾਂਜਰਾਂ ਵਾਲੀ ਤੇ ਸਾਡੇ ਭਾਣੇ ਰੱਬ ਰੁੱਸਿਆ- ਮੁਹੰਮਦ ਰਫੀ

ਮੇਰਾ ਢੋਲ ਨੀਂ ਮੱਕੀ ਦਾ ਰਾਖਾ, ਡੱਬ ਵਿੱਚ ਲਿਆਵੇ ਛੱਲੀਆਂ।- ਮੁਹੰਮਦ ਸਦੀਕ

ਚੀਕੇ ਚਰਖਾ ਗੋਬਿੰਦੀਏ ਤੇਰਾ ਤੇ ਲੋਕਾਂ ਭਾਣੇ ਮੋਰ ਕੂਕਦਾ।- ਸਰਦਾਰ ਅਲੀ

ਹਰਭਜਨ ਸਿੰਘ ਚਮਕ: ਹਰਭਜਨ ਸਿੰਘ ਚਮਕ ਦੇ ਗੀਤ ਪੰਜਾਬੀ ਸਭਿਆਚਾਰ ਦੇ ਪ੍ਰਤੀਕ ਹਨ।

ਅੱਗੇ ਅੱਗੇ ਮੈਂ ਪਿੱਛੇ ਮਾਹੀ ਮੇਰਾ ਦੌੜਿਆ, ਅੱਥਰੀ ਜਵਾਨੀ ਸਾਨੂੰ ਕਿਸੇ ਵੀ ਨਾ ਮੋੜਿਆ।

ਇਨ੍ਹਾਂ ਅੱਖੀਆਂ ‘ਚ ਪਾਵਾਂ ਕਿਵੇਂ ਕੱਜਲਾ, ਵੇ ਅੱਖੀਆਂ ‘ਚ ਤੂੰ ਵਸਦਾ।-ਸੁਰਿੰਦਰ ਕੌਰ

ਕਿੱਥੇ ਛੱਡ ਆਏਓ ਹੰਸਾਂ ਦੀ ਡਾਰ ਨੂੰ, ਕਿੱਥੇ ਛੱਡ ਆਏਓ ਮਿੱਠੇ ਮਿੱਠੇ ਪਿਆਰ ਨੂੰ।-ਸਰਬਜੀਤ ਕੌਰ

ਸਾਧੂ ਸਿੰਘ ਆਂਚਲ: ਸਾਧੂ ਸਿੰਘ ਆਂਚਲ ਦੇ ਗੀਤ ਪੰਜਾਬੀ ਸਭਿਅਚਾਰ ਦੀ ਵਿਰਾਸਤ ਦੀਆਂ ਬਾਤਾਂ ਪਾਉਂਦੇ ਹਨ।

ਮਹਿਰਮ ਦਿਲਾਂ ਦੇ ਮਾਹੀ, ਮੋੜੇਂਗਾ ਕਦ ਮੁਹਾਰਾਂ ਦਿਨ ਰਾਤ ਤੜਪਦੇ ਨੇ,ਅਰਮਾਨ ਬੇਸ਼ੁਮਾਰਾਂ।

ਮੈਨੂੰ ਹੀਰ ਕਹਿ ਕੇ ਫੇਰ ਨਾ ਬੁਲਾਈਂ ਮੁੰਡਿਆ, ਵੇ ਰਾਹ ਜਾਂਦੀ ਨਾ ਬਲਾ ਗਲ ਪਾਈਂ ਮੁੰਡਿਆ।-ਸੁਰਿੰਦਰ ਕੌਰ

ਖਿੜ-ਖਿੜ ਹੱਸਦੀ ਦੇ ਨੀਂ, ਕਿਰ ਜਾਣ ਨਾ ਚੰਦਰੀਏ ਹਾਸੇ

ਅੱਧਾ ਸ਼ਹਿਰ ਤੂੰ ਲੁੱਟਿਆ, ਅੱਧਾ ਲੁੱਟ ਲਿਆ ਤੇਰੇ ਨੀ ਦੰਦਾਸੇ।-ਹੰਸ ਰਾਜ ਹੰਸ

ਆ ਵੇ ਪ੍ਰਾਹੁਣਿਆਂ, ਬਹਿ ਵੇ ਪ੍ਰਾਹੁਣਿਆਂ, ਗਲ ਵਿੱਚ ਤੇਰੇ ਗਾਨੀ

ਤਿੱਲੇ ਵਾਲੀ ਜੁੱਤੀ ਫ਼ੱਬਦੀ ਲੱਪ ਲੱਪ ਚੜ੍ਹੀ ਜਵਾਨੀ।-ਸਰਦੂਲ ਸਿਕੰਦਰ

ਵਰਮਾ ਮਲਿਕ: ਵਰਮਾ ਮਲਿਕ ਦਾ ਨਾਮ ਬਰਕਤ ਰਾਇ ਮਲਿਕ ਹੈ, ਉਹ ਆਪਣੇ ਗੀਤਾਂ ਵਿੱਚ ਲੋਕਾਂ ਦੀ ਸਰਲ ਪੰਜਾਬੀ ਦੀ ਵਰਤੋਂ ਕਰਦੇ ਹੋਏ ਦਿਲਾਂ ਨੂੰ ਟੁੰਬਦੇ ਹਨ। ਉਸਦੇ ਗੀਤ ਫ਼ਿਲਮਾਂ ਵਿੱਚ ਸ਼ਮਸ਼ਾਦ ਬੇਗ਼ਮ, ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ ਨੇ ਗਾਏ ਗਏ ਹਨ।

ਕੱਚੀ ਟੁੱਟ ਗਈ ਜਿਨ੍ਹਾਂ ਦੀ ਯਾਰੀ, ਪੱਤਣਾਂ ਤੇ ਰੋਣ ਖੜ੍ਹੀਆਂ।-ਸ਼ਮਸ਼ਾਦ ਬੇਗਮ (ਫਿਲਮ ਗੁੱਡੀ)

ਬੀਨ ਵਜਾਈਂ ਮੁੰਡਿਆ ਮੇਰੀ ਗੁਤ ਸੱਪਣੀ ਬਣ ਜਾਊਗੀ।

ਮੁੱਲ ਮਿਲਦਾ ਸੱਜਣ ਮਿਲ ਜਾਵੇ, ਲੈ ਲਵਾਂ ਮੈਂ ਜਿੰਦ ਵੇਚਕੇ।- ਸ਼ਮਸ਼ਾਦ ਬੇਗਮ

ਬੱਤੀ ਬਾਲ ਕੇ ਬਨੇਰੇ ਉੱਤੇ ਰੱਖਨੀਂ ਆਂ, ਗਲੀ ਭੁੱਲ ਨਾ ਜਾਵੇ ਚੰਨ ਮੇਰਾ।

ਦਾਣਾ-ਪਾਣੀ ਖਿੱਚ ਕੇ ਲਿਆਉਂਦਾ, ਕੌਣ ਕਿਸੇ ਦਾ ਖਾਂਦਾ ਹੋ।

ਚਿੱਟੇ ਦੰਦ ਹਸਣੋਂ ਨਾ ਰਹਿੰਦੇ ਤੇ ਲੋਕੀ ਭੈੜੇ ਸ਼ੱਕ ਕਰਦੇ।-ਮੁਹੰਮਦ ਰਫੀ

ਤੇਰੀ ਦੋ ਟਕਿਆਂ ਦੀ ਨੌਕਰੀ, ਵੇ ਮੇਰਾ ਲੱਖਾਂ ਦਾ ਸਾਵਣ ਜਾਏ।

ਲਾਈਆਂ ਤੇ ਤੋੜ ਨਿਭਾਵੀਂ, ਛੱਡ ਕੇ ਨਾ ਜਾਵੀਂ।-ਲਤਾ ਮੰਗੇਸ਼ਕਰ

ਇੰਦਰਜੀਤ ਤੁਲਸੀ; ਇਨ੍ਹਾਂ ਦੇ ਗੀਤ ਲੋਕ ਗੀਤਾਂ ਦੀ ਤਰਜ ‘ਤੇ ਹਨ। ਲਾਡਲੀ, ਸ਼ੋਰ,  ਬੌਬੀ, ਚੋਰ ਮਚਾਏ ਸ਼ੋਰ ਆਦਿ ਫ਼ਿਲਮਾਂ ਵਿੱਚ ਗਾਏ ਗਏ ਹਨ।

ਐਧਰ ਕਣਕਾਂ ਓਧਰ ਕਣਕਾਂ, ਵਿਚ ਕਣਕਾਂ ਬੂਰ ਪਿਆ, ਮੁਟਿਆਰੇ ਜਾਣਾ ਦੂਰ ਪਿਆ।-ਆਸਾ ਸਿੰਘ ਮਸਤਾਨਾ

ਚੋਰ ਮਚਾਏ ਸ਼ੋਰ ਫਿਲਮ ਦੇ ਗੀਤ-

ਏਕ ਡਾਲ ਪਰ ਤੋਤਾ ਬੋਲੇ, ਏਕ ਡਾਲ ਪਰ ਮੈਨਾ,

ਦੂਰ ਦੂਰ ਬੈਠੇ ਹੈਂ ਲੇਕਿਨ, ਪਿਆਰ ਤੋ ਫਿਰ ਹੈਨਾ।

ਦਿਲ ਵਾਲੇ ਦੁਲਹਨੀਆਂ ਲੇ ਜਾਏਂਗੇ।

ਚਾਨਣ ਗੋਬਿੰਦਪੁਰੀ: ਉਨ੍ਹਾਂ ਨੇ ਇਸ਼ਕ ਮੁਸ਼ਕ ਦੇ ਅਤੇ ਰੋਮਾਂਟਿਕ ਗੀਤ ਲਿਖੇ ਹਨ।

ਬਾਗਾਂ ਵਿੱਚ ਪਿਆ ਚੰਨਾਂ ਅੰਬੀਆਂ ਨੂੰ ਬੂਰ ਵੇ, ਰੁੱਤ ਹੈ ਸੁਹਾਣੀ ਸਾਨੂੰ ਮਿਲਣਾ ਜ਼ਰੂਰ ਵੇ।

ਰੁੱਤ ਹੈ ਸੁਹਾਣੀ ਸਾਨੂੰ ਮਿਲਣਾ ਜ਼ਰੂਰ ਵੇ।-ਸੁਰਿੰਦਰ ਕੌਰ

ਲਾਈ ਬੇਕਦਰਾਂ ਨਾਲ ਯਾਰੀ ਕਿ ਟੁੱਟਗੀ ਤੜੱਕ ਕਰਕੇ। -ਤੁਫ਼ਾਇਲ ਨਿਆਜ਼ੀ

ਪ੍ਰਕਾਸ਼ ਸਾਥੀ: ਪ੍ਰਕਾਸ਼ ਸਾਥੀ ਦਾ ਅਸਲੀ ਨਾਮ ਓਮ ਪ੍ਰਕਾਸ਼ ਪ੍ਰਭਾਕਰ ਸੀ, ਉਨ੍ਹਾਂ ਸਮਾਜਿਕ ਸਰੋਕਾਰਾਂ ਦੇ ਸੰਜੀਦਾ ਗੀਤ ਲਿਖੇ ਹਨ। ਉਨ੍ਹਾਂ ਨੇ ਹਿੰਦੀ ਫਿਲਮ ਰਾਤ ਕੇ ਰਾਹੀ, ਨਯਾ ਸਵੇਰਾ ਅਤੇ ਗੋਲਕੰਡਾ ਲਈ ਵੀ ਗੀਤ ਲਿਖੇ ਤੇ ਮੁਹੰਮਦ ਰਫੀ ਨੇ ਗਾਏ। ਪੰਜਾਬੀ ਫਿਲਮਾ ਝਾਂਜਰ, ਕੁਮਾਰੀ, ਕੁੜੀ ਪੰਜਾਬ ਦੀ, ਤੇਰਾ ਜਵਾਬ ਨਹੀਂ, ਦਰਾਣੀ ਜਠਾਣੀ, ਪ੍ਰਦੇਸੀ ਬਾਬੂ ਅਤੇ ਸਤਲੁਜ ਦੇ ਕੰਢੇ ਲਈ ਗੀਤ ਲਿਖੇ।

ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ,

ਮੇਰੇ ਯਾਰ ਸਭ ਹੁੰਮ ਹੁੰਮਾ ਕੇ ਚੱਲਣਗੇ।-ਆਸਾ ਸਿੰਘ ਮਸਤਾਨਾ

ਸੋਹਣ ਸਿੰਘ ਸੀਤਲ: ਉਸ ਨੂੰ ਧਾਰਮਿਕ ਗੀਤ ਲਿਖਣ ਵਾਲਾ ਗੀਤਕਾਰ ਸਮਝਿਆ ਜਾਂਦਾ ਸੀ ਪਰੰਤੂ ਉਨ੍ਹਾਂ ਰੋੋੋਮਾਂਟਿਕ ਗੀਤ ਵੀ ਲਿਖੇ ਹਨ।

ਮਲਕੀ ਖੂਹ ਦੇ ਉਤੇ ਭਰਦੀ ਸੀ ਪਈ ਪਾਣੀ, ਕੀਮਾ ਕੋਲ ਆ ਕੇ ਬੇਨਤੀ ਗੁਜ਼ਾਰੇ।

ਭਾਬੀ ਮੇਰੀ ਗੁੱਤ ਨਾ ਕਰੀਂ, ਮੈਨੂੰ ਡਰ ਸੱਪਣੀ ਤੋਂ ਆਵੇ।

ਮੇਲੇ ਮੁਕਤਸਰ ਦੇ ਚੱਲ ਚੱਲੀਏ ਨਣਦ ਦਿਆ ਵੀਰਾ।

ਦਇਆ ਸਿੰਘ ਦਿਲਬਰ: ਸਮਾਜਵਾਦੀ ਗੀਤਕਾਰ ਸੀ।

ਮਾਏ ਨੀ ਵਿਚੋਲਾ ਮਰ ਜੇ, ਜੀਜਾ ਲੱਭਿਆ ਤਵੇ ਤੋਂ ਕਾਲਾ।

ਭੈਣ ਰੋਂਦੀ ਰੱਜਦੀ ਨਹੀਂਓਂ, ਕਹਿੰਦੇ ਜ਼ਹਿਰ ਮੰਗਾ ਕੇ ਖਾ ਲੈ।

ਸਾਨੂੰ ਲਾਰੇ ਲਾ ਕੇ ਡੋਲੀ ਚੜ੍ਹ ਗਈਂਓ ਖੇੜਿਆਂ ਦੇ।

ਚਰਨ ਸਿੰਘ ਸਫਰੀ: ਉਨ੍ਹਾਂ ਨੇ ਧਾਰਮਿਕ ਅਤੇ ਸਮਾਜਿਕ ਗੀਤ ਲਿਖੇ।

ਨਾਨਕ ਦੀਆਂ ਗੁੱਝੀਆਂ ਰਮਜ਼ਾਂ ਨੂੰ ਬੇਸਮਝ ਜ਼ਮਾਨਾਂ ਕੀ ਜਾਣੇਂ।

ਕੁੰਡਲਾਂ ਤੋਂ ਪੁੱਛ ਗੋਰੀਏ ਇਹਨਾਂ ਕਿਹੜੇ ਕਿਹੜੇ ਕਹਿਰ ਗੁਜ਼ਾਰੇ,

ਕਿੰਨੇ ਕੁ ਪਿਆਰ ਲੱਭਦੇ ਇਹਨਾਂ ਫਾਹ ਕੇ ਕਬੂਤਰ ਮਾਰੇ।

ਦੁੱਧ ਨੂੰ ਮਧਾਣੀ ਪੁੱਛਦੀ ਰਾਤੀਂ ਜਾਗ ਹੰਝੂਆਂ ਦਾ ਕੀਹਨੇ ਲਾਇਆ।

ਦੀਪਕ ਜੈਤੋਈ: ਉਹ ਲੋਕਾਂ ਦਾ ਗੀਤਕਾਰ ਸੀ, ਜੋ ਸਮਾਜ ਦੀਆਂ ਭਾਵਨਾਵਾਂ ਗੀਤਾਂ ਰਾਹੀਂ ਪੇਸ਼ ਕਰਦਾ ਸੀ।

ਆਹ ਲੈ ਮਾਏਂ ਸਾਂਭ ਕੁੰਜੀਆਂ ਧੀਆਂ ਕਰ ਚਲੀਆਂ ਸਰਦਾਰੀ।

ਜੁੱਤੀ ਲੱਗਦੀ ਵੈਰੀਆ ਮੇਰੇ ਵੇ ਪੁੱਟ ਨਾ ਪੁਲਾਂਘਾਂ ਲੰਬੀਆਂ।

ਸਾਜਨ ਸ਼ਾਹਕੋਟੀ: ਉਨ੍ਹਾਂ ਦਾ ਅਸਲੀ ਨਾਮ ਹੰਸ ਰਾਜ ਸੀ, ਉਸ ਦੇ ਗੀਤ ਸਮਾਜ ਦਾ ਸ਼ੀਸ਼ਾ ਸਨ।

ਘੁੰਡ ਵਿੱਚ ਨਹੀਂ ਲੁਕਦੇ ਸੱਜਣਾ ਨੈਣ ਕੁਆਰੇ।

ਨੈਣ ਪ੍ਰੀਤੋ ਦੇ ਬਹਿਜਾ ਬਹਿਜਾ ਕਰਦੇ, ਜਿਹੜੇ ਤੱਕ ਲੈਂਦੇ, ਨਾ ਜਿਉਂਦੇ ਨਾ ਮਰਦੇ।

ਐਵੇਂ ਨਾ ਲੜਿਆ ਕਰ ਢੋਲਾ, ਤੇਰੀ ਸਿਹਰਿਆਂ ਨਾਲ ਵਿਆਹੀ ਹੋਈ ਆਂ।

ਨੰਦ ਲਾਲ ਨੂਰਪੁਰੀ: ਉਹ ਸਭਿਅਚਾਰਕ ਗੀਤਾਂ ਦਾ ਬਾਦਸ਼ਾਹ ਸੀ।

ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ, ਗਲੀ ਗਲੀ ਡੰਡ ਪਾਉਂਦੀਆਂ ਗਈਆਂ।

ਚੰਨ ਵੇ ਸ਼ੌਂਕਣ ਮੇਲੇ ਦੀ ਪੈਰ ਧੋ ਕੇ ਝਾਂਜਰਾਂ ਪਾਉਂਦੀ।

ਚੁੰਮ-ਚੁੰਮ ਰੱਖੋ ਨੀ, ਇਹ ਕਲਗੀ ਜੁਝਾਰ ਦੀ, ਫੁੱਲਾਂ ਨਾਲ ਗੁੰਦੋ ਲੜੀ, ਹੀਰਿਆਂ ਦੇ ਹਾਰ ਦੀ।

ਭਾਖੜੇ ਤੋਂ ਆਉਂਦੀ ਮੁਟਿਆਰ ਇੱਕ ਨੱਚਦੀ, ਚੰਦ ਨਾਲੋਂ ਸੋਹਣੀ ਉਤੇ ਚੁੰਨੀ ਸੁੱਚੇ ਕੱਚ ਦੀ।

ਕਰਨੈਲ ਸਿੰਘ ‘ਪਾਰਸ’ ਰਾਮੂਵਾਲੀਆ: ਉਹ ਮੁੱਢਲੇ ਤੌਰ ਤੇ ਕਵੀਸ਼ਰ ਸਨ।

ਹੈੈ ਆਉਣ ਜਾਣ ਬਣਿਆਂ, ਦੁਨੀਆਂ ਚਹੁੰ ਕੁ ਦਿਨਾ ਦਾ ਮੇਲਾ।

ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ।

ਗੁਰਦੇਵ ਸਿੰਘ ਮਾਨ: ਉਨ੍ਹਾਂ ਦੇ ਗੀਤ ਪੰਜਾਬੀ ਦੇ ਸਭਿਆਚਰਕ ਗੀਤਾਂ ਦੀ ਤਰਜਮਾਨੀ ਕਰਦੇ ਸਨ।

ਮਿੱਤਰਾਂ ਦੀ ਲੂਣ ਦੀ ਡਲ਼ੀ, ਨੀਂ ਤੂੰ ਮਿਸਰੀ ਬਰੋਬਰ ਜਾਣੀ

ਸੱਜਣਾ ਦੀ ਗੜਬੀ ਦਾ ਮਿੱਠਾ ਸ਼ਰਬਤ ਵਰਗਾ ਪਾਣੀ।-ਕਰਮਜੀਤ ਸਿੰਘ ਧੂਰੀ

ਰਾਤੀਂ ਸੀ ਉਡੀਕਾਂ ਤੇਰੀਆਂ ਸੁੱਤੇ ਪਲ ਨਾ ਹਿਜ਼ਰ ਦੇ ਮਾਰੇ।-ਨਰਿੰਦਰ ਬੀਬਾ

ਊੜਾ ਆੜਾ ਈੜੀ ਸੱਸਾ ਹਾਹਾ, ਊੜਾ ਆੜਾ ਵੇ,

ਮੈਨੂੰ ਜਾਣ ਦੇ ਸਕੂਲੇ ਇਕ ਵਾਰ ਹਾੜ੍ਹਾ ਵੇ।

ਇੰਦਰਜੀਤ ਹਸਨਪੁਰੀ: ਉਹ ਪੰਜਾਬੀ ਲੋਕਾਂ ਦੀਆਂ ਭਾਵਨਾਵਾਂ ਨੂੰ ਟੁੰਬਣ ਵਾਲੇ ਗੀਤ ਲਿਖਦੇ ਸਨ।

ਜੇ ਮੁੰਡਿਆ ਵੇ ਸਾਡੀ ਤੋਰ ਤੂੰ ਵੇਖਣੀ, ਗੜਬਾ ਲੈ ਦੇ ਚਾਂਦੀ ਦਾ,

ਵੇ ਲੱਕ ਹਿੱਲੇ ਮਜਾਜਣ ਜਾਂਦੀ ਦਾ।

ਨਾ ਤੂੰ ਰੁੱਸ ਰੁੱਸ ਬਹਿ, ਲੈ ਜਾ ਛੱਲੀਆਂ ਭੁੰਨਾ ਲਈਂ ਦਾਣੇ, ਵੇ ਮਿੱਤਰਾ ਦੂਰ ਦਿਆ।

ਸਾਧੂ ਹੁੰਦੇ ਰੱਬ ਵਰਗੇ ਘੁੰਡ ਕੱਢਕੇ ਖੈਰ ਨਾ ਪਾਈਏ

ਤੋੜ ਕੇ ਜਵਾਬ ਦੇ ਦੀਏ, ਝੂਠਾ ਲਾਰਾ ਨਾ ਕਦੇ ਵੀ ਲਾਈਏ।

ਲਾਲ ਚੰਦ ਯਮਲਾ ਜੱਟ: ਯਮੁਲਾ ਜੱਟ ਲੋਕ ਗਾਇਕ ਸੀ।

ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਐ

ਨੀਝਾਂ ਲਾ ਲਾ ਵੇਂਹਦੀ ਦੁਨੀਆਂ ਸਾਰੀ ਐ।

ਮੈਂ ਕੀ ਪਿਆਰ ਵਿੱਚੋਂ ਖੱਟਿਆ।

ਸੰਤ ਰਾਮ ਉਦਾਸੀ: ਸੰਤ ਰਾਮ ਮਿਹਨਤਕਸ਼ਾਂ ਦਾ ਨੁਮਾਇੰਦਾ ਗੀਤਕਾਰ ਸੀ।

ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ,

ਮਘਦਾ ਰਹੀਂ ਵੇ ਸੂਰਾ ਕੰਮੀਆਂ ਦੇ ਵੇਹੜੇ।

ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ

ਮੇਰੇ ਲਹੂ ਦਾ ਕੇਸਰ, ਰੇਤੇ ‘ਚ ਨਾ ਰਲਾਇਓ।

ਗੁਰਦਾਸ ਆਲਮ: ਗੁਰਦਾਸ ਆਲਮ ਗ਼ਰੀਬ ਲੋਕਾਂ ਦੇ ਦਿਲਾਂ ਦੀ ਅਵਾਜ਼ ਵਾਲੇ ਗੀਤ ਲਿਖਦੇ ਸਨ।

ਪਿਪਲਾ ਵੇ ਸੱਜਣਾਂ ਦੇ ਪਿੰਡ ਦਿਆ, ਭੇਦ ਛੁਪਾ ਕੇ ਰੱਖੀਂ,

ਤੂੰ ਕੰਨਾਂ ਨਾਲ ਸੁਣ ਚੁੱਕਾ ਏਂ, ਵੇਖ ਚੁੱਕਾ ਏਂ ਅੱਖੀਂ।

ਕੈਪਟਨ ਹਰਚਰਨ ਸਿੰਘ ਪਰਵਾਨਾ: ਉਹ ਭਾਵਨਾਵਾਂ ਵਿੱਚ ਲਪੇਟੇ ਗੀਤ ਲਿਖਦੇ ਸਨ।

ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ

ਰੂਪ ਦੀਏ ਰਾਣੀਏਂ ਪਰਾਂਦੇ ਨੂੰ ਸੰਭਾਲ ਨੀਂ।

ਕੁੱਟ-ਕੁੱਟ ਬਾਜਰਾ ਮੈਂ ਕੋਠੇ ਉਤੇ ਪਾਉਣੀਆਂ,

ਹਾਏ ਮਾਂ ਮੇਰੀਏ, ਮੈਂ ਕੋਠੇ ਉਤੇ ਪਾਉਣੀਆਂ,

ਆਉਣਗੇ ਕਾਗ ਉਡਾ ਜਾਣਗੇ, ਸਾਨੂੰ  ਦੂਣਾ ਪੁਆੜਾ ਪਾ ਜਾਣਗੇ।

ਸਾਰੇ ਦੁੱਖ ਭੁੱਲ ਜਾਣਗੇ, ਨਹੀਂਓ ਭੁੱਲਣਾ ਵਿਛੋੜਾ ਤੇਰਾ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>