ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਅੱਜ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਆਟਾ ਚੱਕੀ ਵਾਸਤੇ ਬਣਾਏ ਤਿੰਨ ਵੱਡੇ ਹਾਲ ਕਮਰੇ ਸੰਗਤਾਂ ਨੂੰ ਸਮਰਪਿਤ ਕੀਤੇ।
ਇਸ ਮੌਕੇ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਇਹ ਕਮਰੇ ਬਾਬਾ ਬਚਨ ਸਿੰਘ ਤੇ ਸਮੁੱਚੀ ਟੀਮ ਵੱਲੋਂ ਤਿਆਰ ਕੀਤੇ ਗਏ ਹਨ ਜਿਸ ਲਈ ਉਹ ਬਾਬਾ ਬਚਨ ਸਿੰਘ, ਬਾਬਾ ਸੁਰਿੰਦਰ ਸਿੰਘ ਤੇ ਬਾਬਾ ਰਵੀ ਸਮੇਤ ਸਮੁੱਚੀ ਸੰਪਰਦਾ ਦਾ ਧੰਨਵਾਦ ਕਰਦੇ ਹਨ ਜਿਹਨਾਂ ਨੇ ਦਿਨਰਾਤ ਮਿਹਨਤ ਕਰ ਕੇ ਇਹ ਕਮਰੇ ਤਿਆਰ ਕੀਤੇ ਹਨ। ਉਹਨਾਂ ਦੱਸਿਆ ਕਿ ਇਹ ਆਟਾ ਚੱਕੀ ਪਹਿਲਾਂ ਟੀਨ ਦੇ ਬਣੇ ਸ਼ੈਡ ਹੇਠ ਕੰਮ ਕਰ ਰਹੀ ਸੀ ਤੇ ਹੁਣ ਤਿੰਨ ਕਮਰਿਆਂ ਵਿਚ ਸ਼ਿਫਟ ਕੀਤੀ ਗਈ ਹੈ।
ਉਹਨਾਂ ਦੱਸਿਆ ਕਿ ਸੰਗਤਾਂ ਗੁਰਦੁਆਰਾ ਸਾਹਿਬ ਵਿਚ ਕਣਕ ਦੇਕੇ ਜਾਂਦੀ ਹਨ ਅਤੇ ਕਣਕ ਦੀ ਪਿਸਾਈ ਇਸ ਚੱਕੀ ਵਿਚ ਕਰ ਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਚ ਬਣਨ ਵਾਸਤੇ ਦੇਗ ਵਾਸਤੇ ਆਟਾ ਇਥੋਂ ਹੀ ਭੇਜਿਆ ਜਾਂਦਾ ਹੈ। ਉਹਨਾਂ ਦੱਸਿਆ ਕਿ ਤਿੰਨ ਕਮਰਿਆਂ ਵਿਚੋਂ ਇਕ ਵਿਚ ਕਣਕ ਸਟੋਰ ਕੀਤੀ ਜਾਵੇਗੀ, ਦੂਜੇ ਵਿਚ ਚੱਕੀ ਕੰਮ ਕਰੇਗੀ ਤੇ ਤੀਜੇ ਵਿਚ ਆਟਾ ਸਟੋਰ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਉਹ ਬਾਬਾ ਬਚਨ ਸਿੰਘ ਜੀ ਦੇ ਨਾਲ ਨਾਲ ਦਿੱਲੀ ਦੀਆਂ ਸਮੁੱਚੀਆਂ ਸੰਗਤਾਂ ਦਾ ਵੀ ਧੰਨਵਾਦ ਕਰਦੇ ਹਨ ਜਿਹਨਾਂ ਦੇ ਵੱਡਮੁੱਲੇ ਸਹਿਯੋਗ ਸਦਕਾ ਇਹ ਕਾਰਜ ਪ੍ਰਵਾਨ ਚੜ੍ਹਦੇ ਹਨ।
ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਸਰਦਾਰ ਅਮਰਜੀਤ ਸਿੰਘ ਪਿੰਕੀ ਅਤੇ ਸਰਦਾਰ ਸਰਵਜੀਤ ਸਿੰਘ ਵਿਰਕ ਵੀ ਹਾਜ਼ਰ ਸਨ।