ਅੰਮ੍ਰਿਤਸਰ ਹਵਾਈ ਅੱਡੇ ‘ਤੇ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ਵਿੱਚ 111 ਫੀਸਦੀ ਦਾ ਵੱਡਾ ਵਾਧਾ: ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ

FlyAmritsar Initiative Logo Circle.resizedਅੰਮ੍ਰਿਤਸਰ : ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਮਹਾਂਮਾਰੀ ਤੋਂ ਬਾਦ ਸਾਲ 2022 ਵਿੱਚ ਆਪਣੇ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਦਾ ਵਿਸਤਾਰ ਕਰਨ ਵਿੱਚ ਕਾਮਯਾਬ ਰਿਹਾ ਹੈ ਅਤੇ ਇੱਥੋਂ ਯਾਤਰੀਆਂ ਦੀ ਆਵਾਜਾਈ ਵਿੱਚ ਲਗਾਤਾਰ ਵਾਧਾ ਹੋਇਆ ਹੈ। ਇਸ ਸੰਬੰਧੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਇੱਕ ਪ੍ਰੈਸ ਬਿਆਨ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਾਲ 2022 ਦੌਰਾਨ ਯਾਤਰੀਆਂ ਦੀ ਕੁੱਲ ਗਿਣਤੀ ਕੋਵਿਡ ਮਹਾਂਮਾਰੀ ਤੋਂ ਪਹਿਲਾਂ ਵਾਲੇ ਸਾਲ 2019 ਦੀ 95 ਫੀਸਦੀ ਗਿਣਤੀ ਤੱਕ ਪਹੂੰਚ ਗਈ ਹੈ।

ਉਹਨਾਂ ਅਨੁਸਾਰ ਏਅਰਪੋਰਟ ਅਥਾਰਟੀ ਆਫ ਇੰਡੀਆ ਤੋਂ ਉਪਲਬਧ ਅੰਕੜਿਆਂ ਦੇ ਵਿਸ਼ਲੇਸ਼ਣ ਦੱਸਦੇ ਹਨ ਕਿ ਹਵਾਈ ਅੱਡੇ ਨੇ ਸਾਲ 2022 ਵਿੱਚ ਕੁੱਲ 22.4 ਲੱਖ ਯਾਤਰੀਆਂ ਦਾ ਸੁਆਗਤ ਕੀਤਾ ਜਦੋਂ ਕਿ 2019 ਵਿੱਚ ਸਭ ਤੋਂ ਵੱਧ 25.63 ਲੱਖ ਯਾਤਰੀਆਂ ਦੀ ਗਿਣਤੀ ਦਰਜ ਕੀਤੀ ਗਈ ਸੀ। ਸਾਲ 2022 ਦੀ ਗਿਣਤੀ ਸਾਲ 2021 ਦੀ 13.2 ਲੱਖ ਦੇ ਮੁਕਾਬਲੇ 69.39% ਵੱਧ ਹੈ।

Picture - Sameep Singh Gumtala - Global Convener FlyAmritsar Initiative.resizedਗੁਮਟਾਲਾ ਨੇ ਕਿਹਾ ਕਿ ਅੰਕੜਿਆਂ ਅਨੁਸਾਰ ਹਵਾਈ ਅੱਡੇ ਤੋਂ ਸਾਲ 2022 ਵਿੱਚ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ਤਕਰੀਬਨ 6.5 ਲੱਖ ਦਰਜ ਕੀਤੀ ਗਈ ਜੋ ਕਿ ਸਾਲ 2021 ਦੀ 3 ਲੱਖ 7 ਹਜਾਰ ਦੀ ਗਿਣਤੀ ਤੋਂ ਦੁੱਗਣੀ ਨਾਲੋਂ ਵੀ ਵੱਧ ਹੈ। ਇਸ ਨਾਲ ਇੱਥੋਂ 111.4 ਫੀਸਦੀ ਦਾ ਵਾਧਾ ਹੋਇਆ ਹੈ। ਇਹੀ ਨਹੀ ਅੰਤਰਰਾਸ਼ਟਰੀ ਹਵਾਈ ਜਹਾਜ਼ਾਂ ਦੀ ਆਵਾਜਾਈ ਵਿੱਚ ਵੀ 68.5% ਦਾ ਵਾਧਾ ਦਰਜ ਕੀਤਾ ਗਿਆ। ਸਾਲ 2022 ਵਿੱਚ ਘਰੇਲੂ ਯਾਤਰੀਆਂ ਦੀ ਗਿਣਤੀ ਵੀ 56.2% ਵੱਧ ਕੇ 15.8 ਲੱਖ ਹੋ ਗਈ ਹੈ ਅਤੇ ਘਰੇਲੂ ਉਡਾਣਾਂ ਦੇ ਜਹਾਜ਼ਾਂ ਦੀ ਆਵਾਜਾਈ ਵਿੱਚ ਵੀ 37.1% ਵਾਧਾ ਹੋਇਆ ਹੈ।

ਦਸੰਬਰ 2022 ਦੇ ਮਹੀਨੇ ਲਈ ਜਾਰੀ ਕੀਤੇ ਗਏ ਅੰਕੜਿਆਂ ਵਿੱਚ ਕੁੱਲ 2,40,200 ਯਾਤਰੀਆਂ ਦੀ ਗਿਣਤੀ ਦਰਜ ਕੀਤੀ ਗਈ ਜੋ ਕਿ ਮਾਰਚ 2020 ਵਿੱਚ ਮੁਕੰਮਲ ਤਾਲਾਬੰਦੀ ਕਾਰਨ ਪੂਰੇ ਭਾਰਤ ਵਿੱਚ ਉਡਾਣਾਂ ਨੂੰ ਮੁਅੱਤਲ ਕਰਨ ਤੋਂ ਬਾਅਦ ਸਭ ਤੋਂ ਵੱਧ ਹੈ। ਤਾਲਾਬੰਦੀ ਤੋਂ ਪਹਿਲਾਂ, ਦਸੰਬਰ 2019 ਮਹੀਨੇ ਵਿੱਚ ਸਭ ਤੋਂ ਵੱਧ ਸੰਖਿਆ 2,55,364 ਦਰਜ ਕੀਤੀ ਗਈ ਸੀ। ਉਹਨਾਂ ਦੱਸਿਆ ਕਿ ਅੰਮ੍ਰਿਤਸਰ ਹਵਾਈ ਅੱਡੇ ਵਿਖੇ ਕੈਟ-3ਬੀ ਇੰਸਟਰੂਮੈਂਟ ਲੈਂਡਿੰਗ ਸਿਸਟਮ ਦੇ ਹੋਣ ਨਾਲ ਦਸੰਬਰ ਦੇ ਮਹੀਨੇ ਸੰਘਣੀ ਧੁੰਦ ਦੇ ਬਾਵਜੂਦ ਬਹੁਤ ਹੀ ਘੱਟ ਉਡਾਣਾ ਰੱਦ ਜਾਂ ਕਿਸੇ ਹੋਰ ਲਾਗਲੇ ਏਅਰਪੋਰਟ ਵੱਲ ਨੂੰ ਮੋੜੀਆਂ ਗਈਆਂ। ਇਹ ਸਿਸਟਪ ਸੰਘਣੀ ਧੁੰਦ ਵਿੱਚ ਸਿਰਫ 50 ਮੀਟਰ ਦੀ ਦਿੱਖ ਰਹਿ ਜਾਣ ‘ਤੇ ਵੀ ਜਹਾਜ਼ ਨੂੰ ਉਤਰਨ ਵਿੱਚ ਸਹਾਈ ਹੁੰਦਾ ਹੈ।
ਅੰਮ੍ਰਿਤਸਰ ਤੋਂ ਇਸ ਸਮੇਂ 10 ਤੋਂ ਵੱਧ ਭਾਰਤੀ ਅਤੇ ਵਿਦੇਸ਼ੀ ਏਅਰਲਾਈਨਾਂ ਦੁਆਰਾ 11 ਘਰੇਲੂ ਅਤੇ 10 ਅੰਤਰਰਾਸ਼ਟਰੀ ਮੰਜ਼ਿਲਾਂ ਲਈ ਹਫਤੇ ਵਿੱਚ ਤਕਰੀਬਨ 420 ਉਡਾਣਾਂ ਦੀ ਰਵਾਨਗੀ ਅਤੇ ਆਗਮਨ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹਵਾਈ ਅੱਡਾ ਹੁਣ 2020 ਵਿੱਚ ਮਹਾਂਮਾਰੀ ਤੋਂ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਅੰਤਰਰਾਸ਼ਟਰੀ ਹਵਾਈ ਅੱਡਿਆਂ ਨਾਲ ਜੁੜ ਗਿਆ ਹੈ, ਜਿਸ ਵਿੱਚ ਇਟਲੀ ਦੇ ਮਿਲਾਨ ਮਾਲਪੇਨਸਾ, ਮਿਲਾਨ ਬਰਗਾਮੋ ਅਤੇ ਰੋਮ ਦੇ ਹਵਾਈ ਅੱਡੇ ਸ਼ਾਮਲ ਹਨ। ਇਸ ਦੇ ਨਾਲ ਨਾਲ ਇੱਥੋਂ ਦੁਬਈ, ਸ਼ਾਰਜਾਹ, ਦੋਹਾ, ਸਿੰਗਾਪੁਰ, ਕੁਆਲਾਲੰਪੁਰ, ਲੰਡਨ ਹੀਥਰੋ ਅਤੇ ਬਰਮਿੰਘਮ ਲਈ ਸਿੱਧੀਆਂ ਉਡਾਣਾਂ ਹਨ।

ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਹਵਾਈ ਅੱਡੇ ਦੀ ਅੰਤਰਰਾਸ਼ਟਰੀ ਕਨੈਕਟੀਵਿਟੀ ਨੂੰ ਹੋਰ ਵਧਾਉਣ ਲਈ ਵੱਖ-ਵੱਖ ਏਅਰਲਾਈਨਾਂ ਦੇ ਨੁਮਾਇੰਦਿਆਂ ਦੇ ਨਾਲ ਸੰਪਰਕ ਵਿੱਚ ਹੈ। ਉਹਨਾਂ ਉਮੀਦ ਜਾਹਰ ਕੀਤੀ ਕਿ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਅੰਤਰਰਾਸ਼ਟਰੀ ਜਾਂ ਭਾਰਤੀ ਏਅਰਲਾਈਨਾਂ ਦੁਆਰਾ ਇੱਥੋਂ ਉਡਾਣਾਂ ਸ਼ੁਰੂ ਕਰਨ ਜਾਂ ਚੱਲ ਰਹੀਆਂ ਉਡਾਣਾਂ ਦੀ ਗਿਣਤੀ ਨੂੰ ਵਧਾਉਣ ਨਾਲ ਯਾਤਰੀਆਂ ਦੀ ਗਿਣਤੀ ਵਿੱਚ ਹੋਰ ਵਾਧਾ ਹੋਵੇਗਾ ਅਤੇ ਸਾਲ 2023 ਵਿੱਚ ਇੱਥੋਂ ਯਾਤਰੀਆਂ ਦੀ ਕੁੱਲ ਗਿਣਤੀ 30 ਲੱਖ ਤੱਕ ਪਹੁੰਚ ਸਕਦੀ ਹੈ।

ਸੂਬਾ ਸਰਕਾਰ ਦੇ ਪ੍ਰਤੀ ਨਮੋਸ਼ੀ ਜਾਹਰ ਕਰਦਿਆਂ ਗੁਮਟਾਲਾ ਨੇ ਕਿਹਾ ਕਿ ਜੇਕਰ ਰਾਜ ਸਰਕਾਰ ਸਾਲ 2022 ਵਿੱਚ ਪੰਜਾਬ ਦੇ ਹੋਰ ਸ਼ਹਿਰਾਂ ਤੋਂ ਅੰਮ੍ਰਿਤਸਰ ਹਵਾਈ ਅੱਡੇ ਤੱਕ ਬੱਸ ਸੇਵਾ ਸ਼ੁਰੂ ਕਰ ਦਿੰਦੀ ਤਾਂ ਯਾਤਰੀਆਂ ਦੀ ਗਿਣਤੀ ਹੋਰ ਵੀ ਵੱਧ ਹੋ ਸਕਦੀ ਸੀ। ਪੰਜਾਬ ਦੇ ਕਈ ਸ਼ਹਿਰਾਂ ਤੋਂ ਦਿੱਲੀ ਏਅਰਪੋਰਟ ਲਈ ਸਰਕਾਰੀ ਬੱਸ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਪਿਛਲੀ ਸਰਕਾਰ ਵਾਂਗ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਅੰਮ੍ਰਿਤਸਰ ਹਵਾਈ ਅੱਡੇ ਨਾਲ ਵਿਤਕਰਾ ਕਰਦੇ ਹੋਏ, ਇੱਥੋਂ ਬੱਸ ਸੇਵਾ ਦੀ ਇਸ ਮੰਗ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਜਿਸ ਨਾਲ ਯਾਤਰੀਆਂ ਨੂੰ ਹਵਾਈ ਅੱਡੇ ਤੱਕ ਪਹੁੰਚਣ ਲਈ ਸਸਤਾ ਆਵਾਜਾਈ ਦਾ ਸਾਧਨ ਮਿਲੇਗਾ। ਇਸ ਦੀ ਬਜਾਏ ਪੰਜਾਬ ਸਰਕਾਰ ਸਿਰਫ ਦਿੱਲੀ ਲਈ ਟਰਾਂਸਪੋਰਟ ਦਾ ਇਹ ਸਸਤਾ ਸਾਧਨ ਪ੍ਰਦਾਨ ਕਰਕੇ ਯਾਤਰੀਆਂ ਨੂੰ ਦਿੱਲੀ ਤੋਂ ਉਡਾਣ ਭਰਨ ਲਈ ਉਤਸ਼ਾਹਿਤ ਕਰ ਰਹੀ ਹੈ।

ਗੁਮਟਾਲਾ ਨੇ ਅੱਗੇ ਕਿਹਾ ਕਿ ਅੰਮ੍ਰਿਤਸਰ ਤੋਂ ਕਈ ਹੋਰ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋ ਸਕਦੀਆਂ ਹਨ ਪਰ ਓਮਾਨ, ਕੁਵੈਤ, ਬਹਿਰੀਨ, ਯੂਏਈ, ਜਰਮਨੀ ਸਮੇਤ ਕਈ ਦੇਸ਼ਾਂ ਲਈ ਭਾਰਤ ਨਾਲ ਕੀਤੇ ਦੁਵੱਲੇ ਹਵਾਈ ਸੇਵਾਵਾਂ ਦੇ ਸਮਝੌਤਿਆਂ ਵਿੱਚ ਅੰਮ੍ਰਿਤਸਰ ਦਾ ਭਾਰਤ ਸਰਕਾਰ ਵਲੋਂ ਨਾ ਸ਼ਾਮਲ ਕਰਨਾ, ਇਸ ਦੀ ਅੰਤਰਰਾਸ਼ਟਰੀ ਆਵਾਜਾਈ ਦੇ ਵਾਧੇ ਵਿੱਚ ਰੁਕਾਵਟ ਪਾ ਰਿਹਾ ਹੈ। ਪਿਛਲੇ ਸਾਲ, ਯੂਏਈ ਦੀ ਅਮੀਰਾਤ ਏਅਰਲਾਈਨ ਨੇ ਦੁਬਾਰਾ ਭਾਰਤ ਨੂੰ ਹਵਾਈ ਸਮਝੌਤਿਆਂ ਵਿੱਚ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਹਵਾਈ ਅੱਡੇ ਨੂੰ ਪੁਆਇੰਟ-ਆਫ-ਕਾਲ ਵਜੋਂ ਸ਼ਾਮਲ ਕਰਨ ਦੀ ਬੇਨਤੀ ਕੀਤੀ ਸੀ ਜਿਸ ਨਾਲ ਉਹ ਇੱਥੋਂ ਉਡਾਣਾਂ ਸ਼ੁਰੂ ਕਰ ਸਕਣਗੇ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਈ ਵਾਰ ਅਜਿਹੀ ਕਿਸੇ ਵੀ ਬੇਨਤੀ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਉਹ ਚਾਹੁੰਦੇ ਹਨ ਕਿ ਸਿਰਫ ਭਾਰਤ ਦੀਆਂ ਏਅਰਲਾਈਨ ਹੀ ਅੰਮ੍ਰਿਤਸਰ ਸਮੇਤ ਭਾਰਤ ਦੇ ਹੋਰ ਖੇਤਰੀ ਹਵਾਈ ਅੱਡਿਆਂ ਤੋਂ ਉਡਾਣਾਂ ਦਾ ਸੰਚਾਲਨ ਕਰਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>