ਜਦੋਂ ਮੈਨੂੰ ਨੌਕਰੀ ‘ਚੋਂ ਬਰਖ਼ਾਸਤ ਕਰਨ ਦੀ ਧਮਕੀ ਮਿਲੀ

ਅੱਜ ਕਲ੍ਹ ਨੌਜਵਾਨਾ ਵਿੱਚ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਦੀ ਪ੍ਰਵਿਰਤੀ ਭਾਰੂ ਹੈ। ਪੜ੍ਹੇ ਲਿਖੇ ਨੌਜਵਾਨ ਵਾਈਟ ਕਾਲਰ ਜਾਬ ਕਰਨ ਦੇ ਇੱਛਕ ਹਨ। ਉਹ ਹੱਥੀਂ ਕਿਰਤ ਕਰਨ ਜਾਂ ਆਪਣਾ ਕੋਈ ਵੀ ਕਾਰੋਬਾਰ ਕਰਨ ਦੀ ਛੇਤੀ ਕੀਤਿਆਂ ਹਿੰਮਤ ਹੀ ਨਹੀਂ ਕਰਦੇ ਜਦੋਂ ਕਿ ਜ਼ਿੰਦਗੀ ਦੀ ਆਜ਼ਾਦੀ ਆਪਣੇ ਕਾਰੋਬਾਰ ਵਿੱਚ ਹੀ ਹੈ। ਸਰਕਾਰੀ ਨੌਕਰੀ ਗੁਲਾਮੀ ਦੀ ਬਿਹਤਰੀਨ ਕਿਸਮ ਹੈ। ਇਮਾਨਦਾਰੀ ਨਾਲ ਕੰਮ ਕਰਨ ਵਾਲਿਆਂ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਉਹ ਚਾਪਲੂਸੀ ਕਰਨ ਵਿੱਚ ਮੋਹਰੀ ਨਹੀਂ ਹੁੰਦੇ। ਕੁਝ ਸੀਨੀਅਰ ਅਧਿਕਾਰੀ ਜੁਨੀਅਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੇ ਮਾਤਹਿਤ ਦੀ ਥਾਂ ਨਿੱਜੀ ਸੇਵਕ ਸਮਝਦੇ ਹਨ। ਜਿਸ ਕਰਕੇ ਇਮਾਨਦਾਰ, ਕਾਬਲ ਅਤੇ ਮਿਹਨਤੀ ਕਰਮਚਾਰੀਆਂ ਦੇ ਹੌਸਲੇ ਪਸਤ ਹੋ ਜਾਂਦੇ ਹਨ। ਵਿਹਲੜ ਬੈਠਕੇ ਅਧਿਕਾਰੀਆਂ ਦੀ ਜੀ ਹਜ਼ੂਰੀ ਨਾਲ ਮੌਜਾਂ ਕਰਦੇ ਹਨ। ਕੰਮ ਕਰਨ ਵਾਲੇ ਕਾਬਲ ਕਰਮਚਾਰੀਆਂ ਨੂੰ ਹੀ ਸਾਰੇ ਕੰਮ ਦਾ ਬੋਝ ਪਾ ਦਿੱਤਾ ਜਾਂਦਾ ਹੈ। ਮੈਂ 33 ਸਾਲ ਪੰਜਾਬ ਦੇ ਲੋਕ ਸੰਪਰਕ ਅਤੇ ਸੂਚਨਾ ਵਿਭਾਗ ਵਿੱਚ ਤਨਦੇਹੀ ਅਤੇ ਇਮਾਨਦਾਰੀ ਨਾਲ ਨੌਕਰੀ ਕੀਤੀ ਹੈ। ਪ੍ਰਾਈਵੇਟ ਨੌਕਰੀ ਦਾ ਇਕ ਲਾਭ ਹੈ, ਉਹ ਕੰਮ ਤਾਂ ਪੂਰਾ ਲੈਂਦੇ ਹਨ ਪ੍ਰੰਤੂ ਕੰਮ ਦੀ ਕਦਰ ਅਤੇ ਮਿਹਨਤ ਦਾ ਮੁੱਲ ਜ਼ਰੂਰ ਪੈਂਦਾ ਹੈ।

1974 ਵਿੱਚ ਜਦੋਂ ਮੈਂ ਪੰਜਾਬ ਸਰਕਾਰ ਦੇ ਸੂਚਨਾ ਤੇ ਪ੍ਰਸਾਰ ਵਿਭਾਗ ਵਿੱਚ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਨਿਬੰਧਕਾਰ ਪੰਜਾਬੀ ਦੇ ਅਹੁਦੇ ਤੇ ਨਿਯੁਕਤ ਹੋਇਆ ਤਾਂ ਪਹਿਲੇ ਹਫਤੇ ਹੀ ਵਿਭਾਗ ਦੇ ਮੁੱਖੀ ਨੇ ਮੈਨੂੰ ਨੌਕਰੀ ਵਿੱਚੋਂ ਬਰਖ਼ਾਸਤ ਕਰਨ ਦੀ ਧਮਕੀ ਦੇ ਦਿੱਤੀ। ਉਸ ਸਮੇਂ ਮੈਂ ਮਹਿੰਦਰਾ ਕਾਲਜ ਪਟਿਆਲਾ ਵਿੱਚ ਸ਼ਾਮ ਦੀਆਂ ਕਲਾਸਾਂ ਵਿੱਚ ਐਮ ਏ ਪੰਜਾਬੀ ਦੇ ਪਹਿਲੇ ਸਾਲ ਵਿੱਚ ਪੜ੍ਹ ਰਿਹਾ ਸੀ। ਪਹਿਲੇ ਸਾਲ ਦੇ ਇਮਤਿਹਾਨ ਨੇੜੇ ਸਨ। ਇਸ ਦੇ ਨਾਲ ਹੀ ਮੈਂ ਆਤਮਾ ਰਾਮ ਕੁਮਾਰ ਸਭਾ ਸਕੂਲ ਪਟਿਆਲਾ ਵਿੱਚ ਪੜ੍ਹਾ ਰਿਹਾ ਸੀ। ਮੈਂ ਆਪਣੇ ਵੱਡੇ ਭਰਾ ਸ੍ਰ ਧਰਮ ਸਿੰਘ ਕੋਲ ਪਟਿਆਲਾ ਸਰਕਾਰੀ ਰਿਹਾਇਸ਼ ਵਿੱਚ ਰਹਿ ਰਿਹਾ ਸੀ। ਮੇਰੀ ਇੱਛਾ ਲੈਕਚਰਾਰ ਬਣਨ ਦੀ ਸੀ ਕਿਉਂਕਿ ਮੈਨੂੰ ਪੰਜਾਬੀ ਦੇ ਸਾਹਿਤ ਨਾਲ ਲਗਾਓ ਸੀ। ਮੈਂ ਪਟਿਆਲਾ ਵਿਖੇ ਦੋਸਤਾਂ ਨਾਲ ਰਲਕੇ ਪੰਜਾਬੀ ਦਾ ਮਾਸਕ ਰਸਾਲਾ ‘ਵਹਿਣ’ ਪ੍ਰਕਾਸ਼ਤ ਕਰ ਰਿਹਾ ਸੀ। ਮੇਰੀ ਨਿਬੰਧਕਾਰ ਪੰਜਾਬੀ ਦੀ ਚੋਣ ਵੀ ‘ਵਹਿਣ’ ਰਸਾਲੇ ਦਾ ਸਹਾਇਕ ਸੰਪਾਦਕ ਹੋਣ ਕਰਕੇ ਹੀ ਹੋਈ ਸੀ ਕਿਉਂਕਿ ਨਿਬੰਧਕਾਰ ਪੰਜਾਬੀ ਦੀ ਅਸਾਮੀ ਸੂਚਨਾਂ ਤੇ ਪ੍ਰਸਾਰ ਵਿਭਾਗ ਦੇ ਸਰਕਾਰੀ ਰਸਾਲੇ ਜਾਗ੍ਰਤੀ ਪੰਜਾਬੀ ਨਾਲ ਸੰਬੰਧਤ ਸੀ। ਜਦੋਂ ਮੈਨੂੰ ਨਿਯੁਕਤੀ ਪੱਤਰ ਆਇਆ ਤਾਂ ਮੈਂ ਨੌਕਰੀ ਜਾਇਨ ਕਰਨ ਤੋਂ ਆਨਾ ਕਾਨੀ ਕਰਨ ਲੱਗਿਆ ਕਿਉਂਕਿ ਮੇਰੇ ਮਨ ਵਿੱਚ ਲੈਕਚਰਾਰ ਬਣਨ ਦੀ ਇਛਾ ਉਸਲਵੱਟੇ ਲੈ ਰਹੀ ਸੀ। ਮੇਰੇ ਭਰਾ ਨੇ ਕਿਹਾ ਕਿ ‘ਜਿਤਨੀ ਉਨ੍ਹਾਂ ਦੀ ਤਨਖਾਹ ਹੁਣ ਇਤਨੀ ਨੌਕਰੀ ਤੋਂ ਬਾਅਦ ਹੋਈ ਹੈ, ਤੇਰੀ ਉਤਨੀ ਤਨਖ਼ਾਹ ਸ਼ੁਰੂ ਵਿੱਚ ਹੈ। ਨਖ਼ਰੇ ਨਾ ਕਰ ਚੁੱਪ ਕਰਕੇ ਨੌਕਰੀ ਜਾਇਨ ਕਰ ਲੈ।’ ਫਿਰ ਮੈਂ ਬਤੌਰ ਨਿਬੰਧਕਾਰ ਪੰਜਾਬੀ ਨੌਕਰੀ ਜਾਇਨ ਕਰ ਲਈ। ਹਰ ਰੋਜ਼ ਪਟਿਆਲਾ ਤੋਂ ਚੰਡੀਗੜ੍ਹ ਬਸ ਵਿੱਚ ਜਾਇਆ ਕਰਦਾ ਸੀ। ਕਾਫ਼ੀ ਸਮਾਂ ਸਫ਼ਰ ਵਿੱਚ ਹੀ ਬਰਬਾਦ ਹੁੰਦਾ ਸੀ। ਪੜ੍ਹਾਈ ਲਈ ਸਮਾਂ ਘੱਟ ਮਿਲਦਾ ਸੀ। ਮੇਰੇ ਭਰਾ ਦੇ ਗੁਆਂਢ ਵਿੱਚ ਮੇਰੇ ਨਾਮ ਵਾਲਾ ਜਿਲ੍ਹਾ ਲੋਕ ਸੰਪਰਕ ਦਫ਼ਤਰ ਪਟਿਆਲਾ ਵਿੱਚ ਉਜਾਗਰ ਸਿੰਘ ਡਰਾਇਵਰ ਰਹਿੰਦਾ ਸੀ। ਜਦੋਂ ਉਸਨੂੰ ਪਤਾ ਲੱਗਾ ਕਿ ਮੇਰੀ ਉਨ੍ਹਾਂ ਦੇ ਵਿਭਾਗ ਵਿੱਚ ਚੰਡੀਗੜ੍ਹ ਨੌਕਰੀ ਲੱਗ ਗਈ ਹੈ, ਉਹ ਮੈਨੂੰ ਤਤਕਾਲੀ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਪਟਿਆਲਾ ਗੋਪਾਲ ਸਿੰਘ ਕੋਲ ਲੈ ਗਿਆ। ਗੋਪਾਲ ਸਿੰਘ ਬਹੁਤ ਹੀ ਸਾਧਾਰਨ, ਨਮ੍ਰਤਾ ਅਤੇ ਸਲੀਕੇ ਵਾਲਾ ਅਧਿਕਾਰੀ ਸੀ, ਉਨ੍ਹਾਂ ਮੈਨੂੰ ਕਿਹਾ ਕਿ ਮੈਂ ਪਟਿਆਲਾ ਦੀ ਬਦਲੀ ਕਰਵਾ ਲਵਾਂ। ਨਾਲੇ ਘਰ ਹੀ ਰਹਾਂਗੇ ਤੇ ਪੜ੍ਹਾਈ ਵੀ ਜ਼ਾਰੀ ਰੱਖ ਸਕਾਂਗਾ, ਮੈਂ ਸਰਕਾਰੀ ਨੌਕਰੀ ਸੰਬੰਧੀ ਬਿਲਕੁਲ ਅਨਾੜੀ ਸੀ। ਭਾਵੇਂ ਪ੍ਰਾਈਵੇਟ ਨੌਕਰੀ ਕਰਦਾ ਸੀ ਪ੍ਰੰਤੂ ਅਜੇ ਵੀ ਵਿਦਿਆਰਥੀ ਜੀਵਨ ਵਿੱਚ ਵਿਚਰ ਰਿਹਾ ਸੀ। ਮੈਂ ਸਾਡੇ ਪਾਇਲ ਹਲਕੇ ਦੇ ਵਿਧਾਨਕਾਰ ਸ ਬੇਅੰਤ ਸਿੰਘ ਕੋਲ ਪਟਿਆਲਾ ਦੀ ਬਦਲੀ ਕਰਵਾਉਣ ਲਈ ਚੰਡੀਗੜ੍ਹ ਐਮ ਐਲ ਏ ਹੋਸਟਲ ਵਿੱਚ ਉਨ੍ਹਾਂ ਕੋਲ ਚਲਾ ਗਿਆ। ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਸਨ। ਉਹ ਮੈਨੂੰ ਆਪਣੇ ਨਾਲ ਲੈ ਕੇ ਮੁੱਖ ਮੰਤਰੀ ਦੇ ਦਫ਼ਤਰ ਚਲੇ ਗਏ ਪ੍ਰੰਤੂ ਉਹ ਦਫ਼ਤਰ ਵਿੱਚ ਨਹੀਂ ਸਨ। ਫਿਰ ਉਹ ਮੈਨੂੰ ਸੂਚਨਾ ਤੇ ਪ੍ਰਸਾਰ ਵਿਭਾਗ ਦੇ ਮੁੱਖ ਸੰਸਦੀ ਸਕੱਤਰ ਗੁਰਚਰਨ ਸਿੰਘ ਨਿਹਾਲਸਿੰਘ ਵਾਲਾ ਕੋਲ ਲੈ ਗਏ। ਮੁੱਖ ਸੰਸਦੀ ਸਕੱਤਰ ਕਹਿਣ ਲੱਗੇ ਅਰਜੀ ਦਿਓ, ਮੈਂ ਹੁਣੇ ਹੁਕਮ ਕਰ ਦਿੰਦਾ ਹਾਂ। ਮੇਰੇ ਕੋਲ ਕੋਈ ਅਰਜੀ ਨਹੀਂ ਸੀ ਕਿਉਂਕਿ ਮੈਨੂੰ ਸਰਕਾਰੀ ਕੰਮ ਕਾਜ਼ ਬਾਰੇ ਅਜੇ ਬਹੁਤੀ ਸਮਝ ਹੀ ਨਹੀਂ ਸੀ। ਸੰਸਦੀ ਸਕੱਤਰ ਨੇ ਆਪਣੇ ਕੋਲੋਂ ਇਕ ਕਾਗਜ਼ ਮੈਨੂੰ ਦਿੱਤਾ ਤੇ ਅਰਜੀ ਲਿਖਣ ਲਈ ਕਿਹਾ। ਮੈਂ ਅਰਜ਼ੀ ਲਿਖ ਦਿੱਤੀ। ਸ ਬੇਅੰਤ ਸਿੰਘ ਨੇ ਅਰਜੀ ਤੇ ਸਿਫਾਰਸ਼ ਕੀਤੀ ਤੇ ਸੰਸਦੀ ਸਕੱਤਰ ਨੇ ਮੇਰੀ ਬਦਲੀ ਦੇ ਹੁਕਮ ਕਰ ਦਿੱਤੇ। ਮੈਂ ਖ਼ੁਸ਼ੀ ਵਿੱਚ ਅਰਜੀ ਲੈ ਕੇ ਡਾਇਰੈਕਰਟਰ ਜਗਜੀਤ ਸਿੰਘ ਸਿੱਧੂ ਦੇ ਪੀ ਏ ਨੂੰ ਦੇ ਦਿੱਤੀ। ਜਗਜੀਤ ਸਿੰਘ ਸਿੱਧੂ ਵਿਭਾਗੀ ਅਧਿਕਾਰੀ ਸਨ ਪ੍ਰੰਤੂ ਸੰਸਦੀ ਸਕੱਤਰ ਦੇ ਨਜ਼ਦੀਕੀ ਹੋਣ ਕਰਕੇ ਡਾਇਰੈਕਟਰ ਦਾ ਚਾਰਜ ਉਨ੍ਹਾਂ ਕੋਲ ਸੀ। ਮੈਂ ਅਜੇ ਆਪਣੀ ਸ਼ਾਖਾ ਵਿੱਚ ਜਾ ਕੇ ਬੈਠਿਆ ਹੀ ਸੀ ਕਿ ਡਾਇਰੈਕਟਰ ਦਾ ਸੇਵਾਦਾਰ ਮੈਨੂੰ ਬੁਲਾਉਣ ਲਈ ਆ ਗਿਆ। ਸ਼ਾਖ਼ਾ ਵਾਲੇ ਸਾਰੇ ਕਹਿਣ ਲੱਗੇ ਕਿ ਹੁਣ ਮੇਰੀ ਬਦਲੀ ਹੋ ਗਈ ਸਮਝੋ। ਜਦੋਂ ਮੈਂ ਡਾਇਰੈਕਟਰ ਦੇ ਕਮਰੇ ਵਿੱਚ ਦਾਖ਼ਲ ਹੋਇਆ ਤਾਂ ਜਗਜੀਤ ਸਿੰਘ ਸਿੱਧੂ ਮੈਨੂੰ ਟੁੱਟ ਕੇ ਪੈ ਗਏ ਕਿ ਤੂੰ ਨੌਕਰੀ ਕਰਨੀ ਹੈ ਕਿ ਨਹੀਂ? ਮੈਂ ਬਦਲੀ ਦੇ ਹੁਕਮਾਂ ਦੀ ਆਸ ਕਰ ਰਿਹਾ ਸੀ ਪ੍ਰੰਤੂ ਇਹ ਤਾਂ ਪਾਸਾ ਹੀ ਪੁੱਠਾ ਪੈ ਗਿਆ। ਮੈਨੂੰ ਸਮਝ ਨਾ ਆਵੇ ਕਿ ਇਹ ਕੀ ਹੋ ਗਿਆ? ਮੈਂ ਤੌਰ ਭੌਰ ਹੋ ਗਿਆ। ਡਾਇਰੈਕਟਰ ਤਾਬੜ ਤੋੜ ਮੇਰੇ ਤੇ ਸ਼ਬਦੀ ਹਮਲੇ ਕਰੀ ਜਾਣ, ਜਿਵੇਂ ਮੈਂ ਕੋਈ ਬਜ਼ਰ ਗੁਨਾਹ ਕੀਤਾ ਹੋਵੇ। ਫਿਰ ਉਹ ਕਹਿਣ ਲੱਗੇ ਕਿ ਮੈਂ ਤੈਨੂੰ ਨੌਕਰੀ ਵਿੱਚੋਂ ਬਰਖਾਸਤ ਕਰ ਦੇਵਾਂਗਾ। ਤੂੰ ਸਰਕਾਰੀ ਮੁਲਾਜ਼ਮ ਹੋ ਕੇ ਸਿੱਧਾ ਮੰਤਰੀ ਕੋਲ ਕਿਵੇਂ ਚਲਾ ਗਿਆ? ਬਦਲੀ ਦੀ ਅਰਜੀ ਸਰਕਾਰੀ ਕਾਗਜ਼ ਤੇ ਕਿਉਂ ਲਿਖੀ? ਸ ਬੇਅੰਤ ਸਿੰਘ ਨੂੰ ਤੂੰ ਕਿਵੇਂ ਜਾਣਦਾ ਹੈਂ? ਮੈਂ ਦੱਸਿਆ ਕਿ ਉਹ ਸਾਡੇ ਵਿਧਾਨਕਾਰ ਹਨ ਅਤੇ ਮੇਰੇ ਪਰਿਵਾਰ ਨਾਲ ਉਨ੍ਹਾਂ ਦੇ ਪਰਿਵਾਰਿਕ ਸੰਬੰਧ ਹਨ। ਉਹ ਤਾਂ ਮੈਨੂੰ ਮੁੱਖ ਮੰਤਰੀ ਕੋਲ ਲੈ ਕੇ ਗਏ ਸੀ ਪ੍ਰੰਤੂ ਮੁੱਖ ਮੰਤਰੀ ਦਫ਼ਤਰ ਵਿੱਚ ਨਹੀਂ ਸਨ। ਡਾਇਰੈਕਟਰ ਥੋੜ੍ਹਾ ਢੈਲਾ ਪੈ ਗਿਆ ਪ੍ਰੰਤੂ ਉਨ੍ਹਾਂ ਦਾ ਗੁੱਸਾ ਚਿਹਰੇ ਤੋਂ ਸਾਫ ਦਿਸ ਰਿਹਾ ਸੀ। ਮੈਂ ਸੋਚਿਆ ‘ਭਲਾ ਹੋਇਆ ਮੇਰਾ ਚਰਖਾ ਟੁੱਟਾ ਜ਼ਿੰਦ ਅਜਾਬੋਂ ਛੁਟੀ’ ਕਿਉਂਕਿ ਮੈਂ ਤਾਂ ਐਮ ਏ ਕਰਕੇ ਲੈਕਚਰਾਰ ਲੱਗਣ ਦੇ ਸਪਨੇ ਵੇਖ ਰਿਹਾ ਸੀ। ਮੈਂ ਤਾਂ ਨੌਕਰੀ ਜਾਇਨ ਹੀ ਨਹੀਂ ਕਰ ਰਿਹਾ ਸੀ। ਉਹ ਤਾਂ ਮੇਰੇ ਭਰਾ ਨੇ ਮੈਨੂੰ ਨੌਕਰੀ ਜਾਇਨ ਕਰਨ ਲਈ ਜ਼ੋਰ ਪਾਇਆ ਸੀ। ਵੱਡੇ ਭਰਾ ਨੂੰ ਜਵਾਬ ਨਹੀਂ ਦੇ ਸਕਿਆ। ਮੈਂ ਕਮਰੇ ਵਿੱਚੋਂ ਬਾਹਰ ਆਉਣ ਲੱਗਾ ਤਾਂ ਡਾਇਰੈਕਟਰ ਫਿਰ ਟੁੱਟਕੇ ਪੈ ਗਿਆ ਕਿ ਤੂੰ ਕਿਧਰ ਚੱਲਿਆ ਹੈਂ? ਮੈਂ ਕਿਹਾ ਕਿ ਤੁਸੀਂ ਮੈਨੂੰ ਬਰਖਾਸਤ ਕਰ ਰਹੇ ਹੋ ਤੇ ਫਿਰ ਮੈਂ ਇਥੇ ਕੀ ਕਰਨਾ ਹੈ? ਮੈਂ ਪਟਿਆਲਾ ਜਾ ਕੇ ਆਪਣੀ ਪੜ੍ਹਾਈ ਜ਼ਾਰੀ ਰੱਖਾਂਗਾ। ਉਸ ਸਮੇਂ ਡਾਇਰੈਕਟਰ ਦੇ ਕੋਲ ਉਰਦੂ ਦੇ ਸਰਕਾਰੀ ਰਸਾਲੇ ‘ਪਾਸਵਾਨ’ ਦੇ ਸੰਪਾਦਕ ਸੁਰਿੰਦਰ ਸਿੰਘ ਮਾਹੀ ਬੈਠੇ ਸਨ। ਉਹ ਮੈਨੂੰ ਸਮਝਾਉਣ ਲੱਗੇ ਕਿ ਮੰਤਰੀਆਂ ਕੋਲ ਨਹੀਂ ਜਾਈਦਾ, ਜੇਕਰ ਕੋਈ ਮੁਸ਼ਕਲ ਹੋਵੇ ਤਾਂ ਅਧਿਕਾਰੀਆਂ ਨਾਲ ਗੱਲ ਕਰੀਦੀ ਹੈ। ਤੁਸੀਂ ਦਫ਼ਤਰੀ ਨਿਯਮਾ ਦੀ ਉਲੰਘਣਾ ਕੀਤੀ ਹੈ। ਹਾਲਾਂ ਕਿ ਸੁਰਿੰਦਰ ਸਿੰਘ ਮਾਹੀ ਸਟੂਡੈਂਟ ਕਾਂਗਰਸ ਪੰਜਾਬ ਦਾ ਪ੍ਰਧਾਨ ਰਿਹਾ ਸੀ। ਆਪ ਵੀ ਰਾਜਨੀਤਕ ਸਿਫ਼ਾਰਸ਼ ਨਾਲ ਨੌਕਰੀ ‘ਤੇ ਲੱਗਿਆ ਸੀ ਪ੍ਰੰਤੂ ਮੈਨੂੰ ਮੱਤਾਂ ਦੇਣ ਲੱਗ ਪਿਆ। ਡਾਇਰੈਕਟਰ ਕੁਝ ਨਰਮ ਹੋਇਆ ਤੇ ਮੈਨੂੰ ਸਮਝਾਉਣ ਲੱਗਾ ਕਿ ਤੇਰੀ ਅਸਾਮੀ ਮੁੱਖ ਦਫ਼ਤਰ ਦੀ ਹੈ। ਬਦਲੀ ਨਹੀਂ ਹੋ ਸਕਦੀ। ਮੈਂ ਬਹੁਤ ਨਿਮੋਝੂਣਾ ਹੋਇਆ। ਬਦਲੀ ਦੇ ਹੁਕਮਾ ਦੀ ਥਾਂ ਨੌਕਰੀ ਵਿੱਚੋਂ ਕੱਢਣ ਦੀ ਧਮਕੀ ਲੈ ਕੇ ਡਾਇਰੈਕਟਰ ਦੇ ਕਮਰੇ ਵਿੱਚੋਂ ਬਾਹਰ ਆ ਗਿਆ। ਸ਼ਾਖ਼ਾ ਵਾਲੇ ਬਦਲੀ ਬਾਰੇ ਪੁਛਣ, ਮੈਂ ਉਨ੍ਹਾਂ ਨੂੰ ਕੀ ਦੱਸਾਂ ਕਿ ਮੇਰੇ ਨਾਲ ਤਾਂ ਬੁਰੀ ਹੋਈ ਹੈ? ਸ਼ਾਮ ਨੂੰ ਦਫਤਰੋਂ ਛੁੱਟੀ ਹੋਣ ਤੋਂ ਬਾਅਦ ਮੈਂ ਫਿਰ ਐਮ ਐਲ ਏ ਹੋਸਟਲ ਸ ਬੇਅੰਤ ਸਿੰਘ ਕੋਲ ਚਲਾ ਗਿਆ। ਜਦੋਂ ਮੈਂ ਉਨ੍ਹਾਂ ਨੂੰ ਸਾਰੀ ਗੱਲ ਦੱਸੀ ਤਾਂ ਉਹ ਗੁੱਸੇ ਵਿੱਚ ਅੱਗ ਬਬੂਲਾ ਹੋ ਗਏ ਤੇ ਕਹਿਣ ਲੱਗੇ ਕਿ ਜਗਜੀਤ ਸਿੰਘ ਸਿੱਧੂ ਆਪ ਸਿਆਸੀ ਪਹੁੰਚ ਕਰਕੇ ਆਈ ਏ ਐਸ ਦੀ ਅਸਾਮੀ ਤੇ ਲੱਗਿਆ ਬੈਠਾ ਹੈ ਤੇ ਤੁਹਾਨੂੰ ਸਿਆਸੀ ਪਹੁੰਚ ਕਰਾਉਣ ਕਰਕੇ ਨੌਕਰੀ ਵਿੱਚੋਂ ਕੱਢਣ ਦੀ ਧਮਕੀ ਦੇ ਰਿਹਾ ਹੈ। ਤੁਰੰਤ ਉਨ੍ਹਾਂ ਸੰਸਦੀ ਸਕੱਤਰ ਨੂੰ ਫੋਨ ਕੀਤਾ। ਸੰਸਦੀ ਸਕੱਤਰ ਨੇ ਸ ਬੇਅੰਦ ਸਿੰਘ ਨੂੰ ਅਗਲੇ ਦਿਨ ਬਰੇਕ ਫਾਸਟ ਤੇ ਬੁਲਾ ਲਿਆ। ਡਾਇਰੈਕਟਰ ਨੂੰ ਵੀ ਉਥੇ ਬੁਲਾ ਲਿਆ। ਅਖ਼ੀਰ ਡਾਇਰੈਕਟਰ ਨੇ ਆਪਦੇ ਸ਼ਬਦ ਵਾਪਸ ਲਏ ਤਾਂ ਮਸਲਾ ਹੱਲ ਹੋਇਆ। ਪ੍ਰੰਤੂ ਮੇਰੇ ਵਾਲਾ ਪਰਨਾਲਾ ਉਥੇ ਦਾ ਉਥੇ ਹੀ ਰਿਹਾ। ਮੈਨੂੰ 5 ਸਾਲ ਸਕੱਤਰੇਤ ਵਿੱਚ ਹੀ ਨੌਕਰੀ ਕਰਨੀ ਪਈ। 1979 ਵਿੱਚ ਪਟਿਆਲਾ ਆਉਣ ਦਾ ਇਤਫਾਕ ਬਣਿਆ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>