ਗੁਰਮੁਖੀ ਦੀ ਉਤਪਤੀ ਤੇ ਵਿਕਾਸ : ਗੁਰਮੁਖੀ ਟਕਸਾਲ

ਗੁਰਮੁਖੀ ਸ਼ਬਦ ਦਾ ਭਾਖਾਈ ਮੂਲਕ ਅਰਥ ਹੈ ‘ਗੁਰੂ ਦੇ ਮੁਖ ਵਿਚੋਂ ਨਿਕਲੀ ਹੋਈ; ਅਤੇ ਲਿਪੀਮੂਲਕ ਅਰਥ ਹੈ ‘ਜੋ ਗੁਰੂ ਨੇ ਬਣਾਈ।’ ਗੁਰਮੁਖੀ ਦਾ ਨਿਰਮਾਣ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੇ, ਭਾਈ ਲਹਣੇ ਦੇ ਰੂਪ ਵਿਚ, ਕਰਤਾਰਪੁਰ ਵਿਖੇ ਸਤਿਗੁਰੁ ਸਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਰਹਿਨੁਮਾਈ ਹੇਠ ਕੀਤਾ। ਗੁਰਬਾਣੀ ਨੂੰ ਲਿਖਣ ਲਈ ਉਸ ਸਮੇਂ ਪੰਜਾਬ ਚ ਪ੍ਰਚਲਿਤ ਲਿਪੀਆਂ ਵਿਚੋਂ ਕੋਈ ਵੀ ਢੁਕਵੀਂ ਨਹੀਂ ਸੀ। ਇਸ ਲਈ ਨਵੀਂ ਲਿਪੀ ਦੇ ਨਿਰਮਾਣ ਦੀ ਪਹਿਲੀ ਤੇ ਬੁਨਿਆਦੀ ਲੋੜ, ਗੁਰਬਾਣੀ ਨੂੰ ਲਿਖਤੀ ਰੂਪ ਵਿਚ ਸੁਰਖਿਅਤ ਕਰਨਾ ਸੀ। ਨਵੇਂ ਸੁਤੰਤਰ ਭਾਈਚਾਰਕ, ਪੰਥਕ ਜਾਂ ਕੌਮੀ ਸੰਗਠਨ ਲਈ ਵੀ ਇਹ ਬੁਨਿਆਦੀ ਲੋੜ ਸੀ। ਇਸ ਲੋੜ ਸੰਬੰਧੀ ਗੁਰੂ ਨਾਨਕ ਦੇਵ ਜੀ ਪਹਿਲਾਂ ਹੀ ਇਸ਼ਾਰਾ ਕਰ ਚੁਕੇ ਸਨ: ਲਿਖੇ ਬਾਝਹੁ ਸੁਰਤਿ ਨਾਹੀ ਬੋਲਿ ਬੋਲਿ ਗਵਾਈਐ॥ (ਵਡਹੰਸੁ ਮ: ੧, ੫੬੬)। ਗੁਰੂ ਨਾਨਕ ਦੇਵ ਜੀ ਨੇ ਆਪਣੀ ‘ਪਟੀ’  ਬਾਣੀ (ਰਾਗ ਆਸਾ ਮਹਲਾ ੧ ਪਟੀ ਲਿਖੀ, ੪੩੨-੩੪) ਵਿਚ ਉਸ ਸਮੇਂ ਪ੍ਰਚਲਿਤ ਪਹਿਲੀਆਂ ਪਰੰਪਰਕ ਲਿਪੀਆਂ ਦੀ ਸਮੀਖਿਆ ਕਰਕੇ ਨਵੀਂ (ਗੁਰਮੁਖੀ) ਲਿਪੀ ਦੇ ਨਿਰਮਾਣ ਦਾ ਆਧਾਰ ਖੁਦ ਹੀ ਤਿਆਰ ਕਰ ਦਿਤਾ ਸੀ। ਜੀਵਨ ਦੇ ਆਖਰੀ ਸਮੇਂ, ਜਦੋਂ ਗੁਰੂ ਨਾਨਕ ਦੇਵ ਜੀ ਉਦਾਸੀਆਂ ਉਪਰੰਤ ਕਰਤਾਰਪੁਰ ਵਿਖੇ ਟਿਕ ਗਏ ਤਾਂ ਇਥੇ ਉਨ੍ਹਾਂ ਦੀ ਅਗਵਾਈ ਵਿਚ ਭਾਈ ਲਹਣਾ ਜੀ ਤੇ ਉਨ੍ਹਾਂ ਦੇ ਸਾਥੀ ਗੁਰਮੁਖਾਂ (ਬਾਬਾ ਬੁਢਾ ਜੀ, ਭਾਈ ਮਨਸੁਖ ਜੀ, ਬਾਬਾ ਸ੍ਰੀ ਚੰਦ ਆਦਿ) ਨੇ ਗੁਰਮੁਖੀ ਦੀ ਸਿਰਜਣਾ ਦਾ ਮਹਾਨ ਕਾਰਜ ਕੀਤਾ ਅਤੇ ਗੁਰੂ ਨਾਨਕ ਜੀ ਦੀ ਬਾਣੀ ਅਤੇ ਉਨ੍ਹਾਂ ਦੁਆਰਾ ਸੰਗ੍ਰਹਿਤ ਕੀਤੀ ਭਗਤ ਸਾਹਿਬਾਨ ਦੀ ਬਾਣੀ ਨੂੰ (ਮਹਿਮਾ ਪ੍ਰਕਾਸ਼ ਵਾਰਤਕ ੧੭੭੩ ਈ. ਦੇ ਸ਼ਬਦਾਂ ਅਨੁਸਾਰ) ‘ਮਰਯਾਦਾ’ ਵਿਚ ਕੀਤਾ, ਭਾਵ ਪੋਥੀਆਂ ਤਿਆਰ ਕੀਤੀਆਂ ਗਈਆਂ। ਭਾਈ ਲਹਣਾ ਜੀ ਨੇ ਉਸ ਸਮੇਂ ਪ੍ਰਚਲਿਤ ਲਿਪੀਆਂ, ਜਿਹਾ ਕਿ ਲੰਡੇ, ਸਾਰਦਾ, ਟਾਕਰੀ ਆਦਿ ਤੋਂ ਸਹਾਇਤਾ ਵੀ ਲਈ। ਬੰਸਾਵਲੀਨਾਮੇ (੧੭੯੯) ਦੇ ਕਰਤਾ ਭਾਈ ਕੇਸਰ ਸਿੰਘ ਨੇ ਗੁਰਮੁਖੀ ਨਿਰਮਾਣ ਵਿਚ ਬਾਬਾ ਸ੍ਰੀ ਚੰਦ ਜੀ ਦਾ ਵੀ ਵਿਸ਼ੇਸ਼ ਨਾਂ ਲਿਆ ਹੈ, ਜਿਸ ਦਾ ਸਪਸ਼ਟ ਭਾਵ ਹੈ ਕਿ ਗੁਰਮੁਖੀ ਦੇ ਨਿਰਮਾਣ ਵਿਚ ਬਾਬਾ ਸ੍ਰੀ ਚੰਦ ਜੀ ਦੀ ਵੀ ਇਕ ਟੀਮ ਮੈਂਬਰ ਵਜੋਂ ਭੂਮਿਕਾ ਹੈ।

 

ਗੁਰਮੁਖੀ ਦੀ ਉਤਪਤੀ ਤੇ ਵਿਕਾਸ 

ਗੁਰਮੁਖੀ ਦੀ ਉਤਪਤੀ ਸੰਬੰਧੀ ਸਪਸ਼ਟ ਇਤਿਹਾਸਕ ਤੇ ਸਿਧਾਂਤਕ ਪ੍ਰਮਾਣ ਹੋਣ ਦੇ ਬਾਵਜੂਦ ਸਾਡੇ ਅਕਾਦਮਿਕ ਜਾਂ ਜਨਸਾਧਾਰਨ ਜਗਤ ਵਿਚ ਹੋਰ ਕਈ ਗਲਤਫਹਿਮੀਆਂ ਸਮੇਤ, ਇਕ ਗਲਤਫਹਿਮੀ ਬੜੇ ਸੁਚੇਤ ਪਧਰ ਉਤੇ ਵਿਧੀਵਤ ਢੰਗ ਨਾਲ ਇਹ ਫੈਲਾਈ ਗਈ ਕਿ ਗੁਰਮੁਖੀ ਲਿਪੀ ਦੀ ਸਿਰਜਣਾ ਵਿਚ ਸਿਖ ਗੁਰੂ ਸਾਹਿਬਾਨ ਦਾ ਯੋਗਦਾਨ ਨਹੀਂ ਹੈ। ਇਸ ਤਰਕ ਪਿਛੇ ਕੰਮ ਕਰਦੀ ਰਾਜਨੀਤੀ, ਗਲਤਫਹਿਮੀ ਜਾਂ ਅਗਿਆਨ ਦਾ ਮੁਤਾਲਿਆ ਕਰਨਾ ਹਥਲਾ ਮਨੋਰਥ ਨਹੀਂ; ਸਾਡਾ ਮਨੋਰਥ ਤਾਂ ਗੁਰਮੁਖੀ ਰੂਪੀ ਇਸ ਸ਼ਾਨਦਾਰ ਵਿਰਾਸਤ ਨਾਲ ਰੂਹ ਦੇ ਪਧਰ ਉਤੇ ਅਜ਼ਲਾਂ (ਧੁਰ ਅੰਤ) ਤਕ ਸਾਂਝ ਪਾਉਣੀ ਹੈ। ਗੁਰਮਤਿ ਸਚੁ ਧਰਮ ਸਭਿਅਤਾ ਦੇ ਵਿਗਸਣ ਵਿਚ ਗੁਰਮੁਖੀ ਦਾ ਯੋਗਦਾਨ ਬੁਨਿਆਦੀ ਅਤੇ ਅਨਿਕ ਪ੍ਰਕਾਰੀ ਹੈ। ਗੁਰਮੁਖੀ ਦੇ ਨਿਰਮਾਣ ਤੇ ਇਸ ਦੇ ਵਿਗਾਸ ਬਾਰੇ ਵੀਚਾਰ ਕਰਦਿਆਂ  ਇਹ ਕੁਝ ਜਾਣਨਾ ਜਾਂ ਸਮਝਣਾ ਜਰੂਰੀ ਹੈ :

(੧) ਦੁਨੀਆ ਭਰ ਦੀਆਂ ਲਿਪੀਆਂ ਕਿਸੇ ਵਿਅਕਤੀ, ਵਿਅਕਤੀ-ਸਮੂਹ ਜਾਂ ਸੰਸਥਾ ਨੇ ਹੀ ਤਿਆਰ ਕੀਤੀਆਂ ਹਨ। ਲਿਪੀ, ਭਾਖਾ (ਬੋਲੀ) ਵਰਗਾ ਕੁਦਰਤੀ, ਸੁਤੇ ਸਿਧ, ਵਿਸ਼ਾਲ  ਤੇ ਅੰਤਮ ਵਰਤਾਰਾ ਨਹੀਂ ਹੁੰਦਾ; ਇਹ ਨਿਸ਼ਚਿਤ, ਵਿਧੀਵਤ ਤੇ ਸੰਕੁਚਤ ਵਰਤਾਰਾ ਹੁੰਦਾ ਹੈ। ਵਰਤਮਾਨ ਦੁਨੀਆ ਵਿਚ ਕੋਈ ਵੀ ਐਸਾ ਸਮੂਹ ਨਹੀਂ, ਜਿਸ ਕੋਲ ਭਾਖਾ (ਬੋਲੀ) ਨਹੀਂ, ਪਰ ਸੈਂਕੜੇ ਕਬੀਲੇ, ਸਮੂਹ ਜਾਂ ਭਾਈਚਾਰੇ ਹਨ, ਜਿਨ੍ਹਾਂ ਕੋਲ ਆਪਣੀ ਭਾਖਾ ਲਈ ਲਿਪੀ (ਚਿੰਨ੍ਹ) ਨਹੀਂ। ਪਛਮ ਦੀਆਂ ਕਈ ਅਕਾਦਮਿਕ ਭਾਸ਼ਾ ਵਿਗਿਆਨਕ ਸੰਸਥਾਵਾਂ ਨੇ ਕਬੀਲਿਆਂ ਦੀਆਂ ਭਾਖਾਵਾਂ ਲਈ ਲਿਪੀਆਂ ਵਿਕਸਿਤ ਕੀਤੀਆਂ ਹਨ। ਇਸ ਤਥ ਦੀ ਆਮ ਜਾਣੀ ਜਾਂਦੀ ਪੁਖਤਾ ਉਦਾਹਰਨ ਬਰੇਲ ਲਿਪੀ ਦੀ ਕਾਢ ਹੈ, ਜਿਸ ਨੂੰ ਚਾਰਲਸਬਰ ਬੇਅਰ ਜਾਂ ਲੋਹਿਸ ਬਰੇਲ (ਛਹੳਰਲੲਸਬੳਰ ਭਇਰ /ਲ਼ੋਹਸਿ ਭਰੳਲਿਲੲ) ਆਦਿ ਜਿਹੇ ਵਿਦਵਾਨਾਂ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਨਿਰਮਤ ਕੀਤਾ ਸੀ। ਇਸੇ ਤਰ੍ਹਾਂ ਸ਼ੲਮi ਲ਼ੋਗੋਗਰੳਪਹਚਿ ਛੋਨਸ਼ਚਰਪਿਟ ਦੇ ਰੂਪ ਵਿਚ ਤਿਆਰ ਹੋਈਆਂ ਲਿਪੀਆਂ ਵੇਖੀਆਂ ਜਾ ਸਕਦੀਆਂ ਹਨ। ਇਥੇ ਅਜਿਹੀਆਂ ਹੀ ਹੋਰ ਕਈ ਉਦਾਹਰਣਾਂ ਦਿਤੀਆਂ ਜਾ ਸਕਦੀਆ ਹਨ। ਇਸ ਤਰ੍ਹਾਂ ਇਹ ਤਥ ਤਾਂ ਸਪਸ਼ਟ ਹੈ ਕਿ ਲਿਪੀ ਦੀ ਘਾੜਤ ਹਮੇਸ਼ਾ ਵਿਅਕਤੀਗਤ, ਸੰਸਥਾਗਤ ਜਾਂ ਇਕ ਸੰਗਠਿਤ ਕਾਰਜ ਹੁੰਦਾ ਹੈ। ਇਹ ਕਿਸੇ ਨਿਸ਼ਚਿਤ ਸਥਾਨ ਅਤੇ ਇਤਿਹਾਸਕ ਸਮੇਂ ਦੇ ਬਿੰਦੂ ਉਤੇ ਹੀ ਹੋਂਦ ਗ੍ਰਹਿਣ ਕਰਦੀ ਹੈ। ਇਸ ਹਵਾਲੇ ਨਾਲ ਗੁਰਮੁਖੀ ਕਰਤਾਰਪੁਰ ਦੇ ਸਥਾਨ ਉਤੇ ਹੋਂਦ ਵਿਚ ਆਉਂਦੀ ਹੈ। ਕਰਤਾਰਪੁਰ ਦੇ ਸਥਾਨ ਉਤੇ, ਇਸ ਕਾਰਜ ਵਿਚ ਭਾਈ ਲਹਣੇ/ਗੁਰੂ ਅੰਗਦ  ਦੇਵ ਜੀ ਦੀ, ਪਹਿਲਾਂ ਕੀਤੇ ਇਸ਼ਾਰੇ ਮੁਤਾਬਿਕ, ਕਈ ਗੁਰਮੁਖਾਂ ਨੇ ਸਹਾਇਤਾ ਵੀ ਕੀਤੀ, ਜਿਵੇਂ ਭਾਈ ਮਨਸੁਖ ਨੇ ਗੁਰਮੁਖੀ ਦੇ ਨਿਰਮਾਣ ਸਮੇਤ ਪੋਥੀਆਂ ਲਿਖਣ ਵਿਚ ਵੀ ਮਦਦ ਕੀਤੀ। ਜਨਮਸਾਖੀਆਂ ਅਨੁਸਾਰ “…ਤੀਨ ਬਰਸ ਬਾਬੇ ਕੋਲ ਰਹਿਆ॥ ਗੁਰੂ ਬਾਬੇ ਦੀ ਬਾਣੀ ਬਹੁਤ ਲਿਖੀਆਸੁ ।ਸਿਖੀਆਸੁ॥  ॥ ਪੋਥੀਆ ਲਿਖ ।ਸਿਖ॥ ਲੀਤੀਓਸੁ॥ (ਪੁਰਾਤਨ ਜਨਮਸਾਖੀ, ਸਾਖੀ/ਪੰਨਾ ੪੧/੧੪੪); “ਤੀਨ ਬਰਸ ਜਾ ਰਹਿਆ ਤਾ ਬਾਬੇ ਕੀ ਬਾਣੀ ਬਹੁਤੁ ਲਿਖਿ ਕਰਿ ਪੋਥੀਆ ।ਲਿਖ॥ ਲੀਤੀਆ॥” (ਆਦਿ ਸਾਖੀਆਂ,  ਸਾਖੀ/ਪੰਨਾ ੨੧/੬੧)।

(੨) ਸਾਡੇ ਕਈ ਉਤਸ਼ਾਹੀ ਵਿਦਵਾਨ ਜਦੋਂ ਲਿਪੀਆਂ ਦਾ ਅਧਿਐਨ ਕਰਦੇ ਹਨ ਤਾਂ ਉਨ੍ਹਾਂ ਵਿਚੋਂ ਵਧੇਰੇ ਬਣੀ-ਬਣਾਈ ਧਾਰਨਾ ਅਨੁਸਾਰ ਗੁਰਮੁਖੀ ਨੂੰ ਹੋਰਾਂ ਕਈ ਲਿਪੀਆਂ ਵਾਂਗ, ਬ੍ਰਹਮੀ ਤੋਂ ਉਪਜੀ ਹੋਈ ਸਿਧ ਕਰਨ ਲਈ ਕਈ ਕਿਸਮ ਦੀਆਂ ਕਿਆਸ ਅਰਾਈਆਂ ਲਾਉਂਦੇ ਹਨ। ਇਸ ਤਰਕ ਦਾ ਸੁਚੇਤ ਅਧਾਰ ਰਾਜਨੀਤਿਕ ਵਧੇਰੇ ਤੇ ਅਕਾਦਮਿਕ ਘਟ ਹੈ, ਪਰ ਅਚੇਤ ਪਧਰ ‘ਤੇ ਇਹ ਭਾਸ਼ਾ ਦੇ ਇਤਿਹਾਸਕ ਅਧਿਐਨ ਤੋਂ ਵੀ ਪ੍ਰਭਾਵਿਤ ਹੈ। ਧਿਆਨਯੋਗ ਹੈ ਕਿ ਜਿਵੇਂ ਭਾਸ਼ਾਵਾਂ ਇਕ ਦੂਜੀ ਤੋਂ ਪ੍ਰਭਾਵਿਤ ਜਾਂ ਰੂਪਾਂਤਰਿਤ ਹੁੰਦੀਆਂ ਜਾਂ ਜਨਮਦੀਆਂ/ਵਿਗਸਦੀਆਂ ਹਨ, ਇਉਂ ਲਿਪੀਆਂ ਨਹੀਂ ਹੁੰਦੀਆਂ। ਲਿਪੀ ਦਾ ਅਧਿਐਨ ਹਮੇਸ਼ਾ ‘ਸਮਕਾਲੀ’ (ਇਕਾਲਕ/ ਸੇਨਚਹਰੋਨਚਿ) ਹੁੰਦਾ ਹੈ। ਸੌਖੇ ਸ਼ਬਦਾਂ ਵਿਚ ਜਿਵੇਂ ਇਕ ਭਾਸ਼ਾ, ਦੂਜੀ ਵਿਚੋਂ ਰੂਪਾਂਤਰਿਤ ਹੁੰਦੀ ਹੈ, ਜਿਵੇਂ  ਪੂਰਬੀ ਏਸ਼ੀਆ ਤੇ ਇਸ ਖਿੱਤੇ ਦੀਆਂ ਸਾਡੀਆਂ ਸਾਰੀਆਂ ਭਾਸ਼ਾਵਾਂ; ਸਮੇਤ ਸੰਸਕ੍ਰਿਤ, ਪ੍ਰਾਕ੍ਰਿਤਾਂ (ਲੋਕ ਬੋਲੀਆਂ) ਵਿਚੋਂ ਸੁਤੰਤਰ ਰੂਪ ਗ੍ਰਹਿਣ ਕਰਦੀਆਂ ਹਨ। ਇਉਂ ਇਕ ਲਿਪੀ, ਦੂਜੀ ਵਿਚੋਂ ਪੈਦਾ ਨਹੀਂ ਹੁੰਦੀ। ਹਰੇਕ ਲਿਪੀ ਦੀ ਹੋਂਦ ਸੁਤੰਤਰ ਹੁੰਦੀ ਹੈ। ਇਕ ਲਿਪੀ ਦੀ ਸਿਰਜਣਾ ਲਈ ਦੂਜੀਆਂ ਪੂਰਵਵਰਤੀ ਲਿਪੀਆਂ ਤੋਂ ਸਹਾਇਤਾ ਲੈਣਾ ਬਿਲਕੁਲ ਵਖਰੀ ਕਿਸਮ ਦਾ ਸੁਆਲ ਹੈ, ਜਿਵੇਂ ਗੁਰਮੁਖੀ ਦੇ ਨਿਰਮਾਣ ਸਮੇਂ ਪੂਰਵ ਜਾਂ ਸਮਕਾਲ ਦੀਆਂ ਕਈ ਚਲ ਰਹੀਆਂ (ਲੰਡੇ, ਸਾਰਧਾ, ਟਾਕਰੀ ਆਦਿ) ਲਿਪੀਆਂ ਤੋਂ ਸਹਾਇਤਾ ਲਈ ਗਈ।

(੩) ਲਿਪੀ ਇਕ ਮੁਕੰਮਲ ਪ੍ਰਬੰਧ ਜਾਂ ਵਿਵਸਥਾ ਦਾ ਨਾਂ ਹੈ। ਇਸ ਵਿਚ ਅਖਰ/ਵਰਣਮਾਲਾ, ਮੁਹਾਰਨੀ, ਅੰਕ, ਲਿਖਣ ਦੇ ਢੰਗ, ਤਰਤੀਬ ਆਦਿ ਕਈ ਕੁਝ ਸ਼ਾਮਲ ਹੁੰਦਾ ਹੈ। ਕਈ ਵਿਦਵਾਨ ਗੁਰਮੁਖੀ ਦੇ ਅਖਰਾਂ ਦੇ ਸਰੂਪ ਨੂੰ ਹੋਰਨਾਂ ਲਿਪੀਆਂ ਨਾਲ ਮੇਲ ਕੇ ਇਹ ਤਰਕ ਘੜਦੇ ਹਨ, ਕਿ ਫਲਾਣਾ ਅਖਰ, ਫਲਾਣੇ ਨਾਲ ਮੇਲ ਖਾਂਦਾ ਹੈ। ਜੇਕਰ ਅਸੀਂ ਗੁਰਮੁਖੀ ਤੇ ਹੋਰਨਾਂ ਲਿਪੀਆਂ ਨੂੰ ਇਕ ਸਾਰਣੀ ਵਿਚ ਪੇਸ਼ ਕਰੀਏ ਤਾਂ ਇਹ ਸਿਧ ਕਰਨਾ ਸੰਭਵ ਨਹੀਂ ਕਿ ਕਿਹੜਾ ਅਖਰ, ਕਿਸ ਵਿਚੋਂ ਨਿਕਲਿਆ ਜਾਂ ਅਧਾਰਿਤ ਹੈ। ਜਿਸ ਤਰਕ ਨੂੰ ਅਧਾਰ ਬਣਾ ਕੇ ਗੁਰਮੁਖੀ ਦੇ ਅਖਰ, ਕਿਸੇ ਦੂਜੀ ਲਿਪੀ ਵਿਚੋਂ ‘ਵਿਕਸਿਤ’ ਹੋਏ ਮੰਨੇ ਜਾਂਦੇ ਹਨ, ਉਸੇ ਤਰਕ ਨੂੰ ਅਧਾਰ ਬਣਾ ਕੇ ਇਹ ਸਿਧ ਕਰਨਾ ਵੀ ਕੋਈ ਔਖਾ ਨਹੀਂ, ਕਿ ਸੰਬੰਧਿਤ ਲਿਪੀ ਦੇ ਅਖਰ ਗੁਰਮੁਖੀ ਤੋਂ ‘ਵਿਕਸਿਤ’ ਹੋਏ ਹਨ। ਸਹੀ ਵਸਤੂ-ਸਥਿਤੀ ਤਾਂ ਇਹ ਹੈ ਕਿ ਜਦੋਂ ਵੀ ਕੋਈ ਲਿਪੀ ਹੋਂਦ ਵਿਚ ਆਉਂਦੀ ਹੈ ਤਾਂ ਉਹ ਪੂਰਵਵਰਤੀ ਲਿਪੀਆਂ ਦੀ ਸਹਾਇਤਾ ਤਾਂ ਲੈਂਦੀ ਹੈ, ਪਰ ਅਧਾਰਿਤ ਨਹੀਂ ਹੁੰਦੀ। ਸਾਂਝ ਦੇ ਰੂਪ, ‘ਲਿਖਤ’ ਪਧਰ ਉਤੇ ਵਧੇਰੇ ਹੁੰਦੇ ਹਨ, ਇਨ੍ਹਾਂ ਬਾਰੇ ਅੱਗੇ ਗੱਲ ਕੀਤੀ ਜਾਵੇਗੀ । ਇਸ ਤਰ੍ਹਾਂ ਕੋਈ ਵੀ ਲਿਪੀ ਕਿਸੇ ਹੋਰ ਲਿਪੀ ਵਿਚੋਂ ਪੈਦਾ ਨਹੀਂ ਹੁੰਦੀ। ਇਹ ਇਕ ਸੁਤੰਤਰ ਅਤੇ ਸੁਚੇਤ ਵਰਤਾਰਾ ਹੈ। ਦਿਲਚਸਪ ਪਹਿਲੂ ਇਹ ਹੈ ਕਿ ਸਾਡੇ ‘ਉਤਪਤੀ’ ਦੀ ਇਹ ਧਾਰਨਾ ਹੋਰਾਂ ਲਿਪੀਆਂ ’ਤੇ ਤਾਂ ਲਾਗੂ ਕੀਤੀ ਜਾਂਦੀ ਹੈ, ਖੁਦ ਬ੍ਰਹਮੀ ਉਤੇ ਲਾਗੂ ਨਹੀਂ ਕੀਤੀ ਜਾਂਦੀ, ਭਾਵ ਜੇ ਬ੍ਰਹਮੀ ਵਿਚੋਂ ‘ਸਾਰੀਆਂ’ ਲਿਪੀਆਂ ਨਿਕਲੀਆਂ ਹਨ, ਫਿਰ  ਬ੍ਰਹਮੀ ਕਿਥੋਂ ਨਿਕਲੀ ਹੈ? ਇਸ ਸਵਾਲ ਨੂੰ ਲੈ ਕੇ ‘ਵਿਕਾਸਵਾਦੀ’ ਸਿਧਾਂਤ ਫੇਲ੍ਹ ਕਰ ਦਿਤਾ ਜਾਂਦਾ ਹੈ। ਅਸਲ ਵਿਚ ਬ੍ਰਹਮੀ ਲਿਪੀ ਦਾ ਨਿਰਮਾਣ ਵੀ, ਸਿੰਧੂ ਲਿਪੀ ਦੇ ਅਧਾਰ ਉਤੇ ਮਹਾਨ ਜੈਨ ਮੁਨੀਆਂ ਨੇ ਕੀਤਾ ਸੀ; ਇਸ ਨੂੰ ਜੈਨ ਗ੍ਰੰਥਾਂ ਵਿਚ ਬੰਮ੍ਹੀ (ਬੰਭੀ) ਕਿਹਾ ਗਿਆ ਹੈ। ਪੂਰਬੀ ਏਸ਼ੀਆ ਦੇ ਇਸ ਮਹਾਂਦੀਪ ਦੀਆਂ ਹੋਰ ਵੀ ਅਨੇਕ ਕਲਾਵਾਂ, ਸਿੰਧੂ ਸਭਿਅਤਾ ਦੇ ਲੋਕਾਂ ਨੇ ਨਿਰਮਤ ਕੀਤੀਆਂ ਹਨ ਜਾਂ ਮਹਾਨ ਜੈਨ ਮੁਨੀਆਂ ਨੇ।

(੪) ਕੋਈ ਵੀ ਲਿਪੀ ਆਮ ਹਾਲਤ ਵਿਚ, ਖਾਸ ਕਰਕੇ ਸ਼ੁਰੂ ਵਿਚ ਆਪਣੀਆਂ ਸਮਕਾਲੀ ਲੋੜਾਂ ਦੇ ਸਨਮੁਖ ਹੋਂਦ ਗ੍ਰਹਿਣ ਕਰਦੀ ਹੈ, ਭਾਵੇਂ ਕਿ ਭਵਿਖ ਦੀ ‘ਲੰਮੀ ਨਦਰਿ’ ਵੀ ਇਸ ਵਿਚ ਸ਼ਾਮਿਲ ਹੁੰਦੀ ਹੈ। ਗੁਰਮੁਖੀ ਦਾ ਨਿਰਮਾਣ ਬੁਨਿਆਦੀ ਰੂਪ ਵਿਚ ਗੁਰਬਾਣੀ ਲਈ ਹੋਇਆ ਸੀ । ਇਸ ਲਈ ਗੁਰਮੁਖੀ, ਗੁਰਬਾਣੀ ਵਾਸਤੇ ਸਭ ਤੋਂ ਢੁਕਵੀਂ, ਯੋਗ ਅਤੇ ਨਿਸ਼ਚਿਤ ਹੈ। ਗੁਰਮੁਖੀ, ਖਾਸ ਕਰਕੇ ਉਤਰੀ-ਭਾਰਤ ਦੀਆਂ ਭਾਵੇਂ ਸਾਰੀਆਂ ਭਾਸ਼ਾਵਾਂ ਲਿਖਣ ਦੇ ਸਮਰਥ ਹੈ, ਪਰ ਰਾਜਸੀ ਕਾਰਨਾਂ ਕਰਕੇ ਇਹ ਪੰਜਾਬੀ ਤਕ ਸੀਮਿਤ ਕਰ ਦਿਤੀ ਗਈ, ਹਾਲਾਂਕਿ ਮਧਕਾਲ ਦਾ ਬਹੁਤ ਸਾਰਾ ਬ੍ਰਜ, ਸੰਸਕ੍ਰਿਤ, ਫਾਰਸੀ ਅਤੇ ਖੜੀ ਬੋਲੀ ਦਾ ਸਾਹਿਤ ਵੀ ਇਸ ਵਿਚ ਲਿਖਿਆ ਗਿਆ। ਸਮੇਂ ਨਾਲ ਅਨੇਕ ਕਾਰਨਾਂ ਕਰਕੇ ਪੰਜਾਬੀ ਭਾਸ਼ਾ ਵਿਚ ਕਈ ਪਖਾਂ ਤੋਂ ਕੁਦਰਤੀ/ਗੈਰ-ਕੁਦਰਤੀ ਪਰਿਵਰਤਨ ਵਾਪਰੇ; ਤੇ ਸਮੇਂ ਦੇ ਵਿਕਾਸ ਦੀਆਂ ਲੋੜਾਂ ਕਾਰਨ ਲਿਪੀ ਵਿਚ ਵੀ ਕੁਝ ਪਰਿਵਰਤਨ ਵੀ ਕਰਨੇ ਪਏ, ਜਿਵੇਂ ਕਿ ਮੂਲ ੩੫ ਅਖਰਾਂ ਵਿਚ /ਸ਼, ਖ਼, ਗ਼, ਜ਼/… ਆਦਿ ਕ੍ਰਮਵਾਰ ش/ ਸ਼ੀਨ, خ/ ਖ਼ੇ, غ/ ਗ਼ੈਨ, ض/ ਜ਼ੁਆਦ ਆਦਿ ਧੁਨੀਆਂ ਦੇ ਸ਼ਾਮਿਲ ਹੋਣ ਨਾਲ 18-19ਵੀਂ ਸਦੀ ਵਿਚ  ਨਵੀਂ ਪਾਲ ਸ਼ਾਮਿਲ ਹੋਈ।

(੫) ਵਿਸ਼ੇਸ਼ ਧਿਆਨਯੋਗ ਤਥ ਇਹ ਹੈ ਕਿ ਵਿਕਾਸ ਵਧੇਰੇ ਕਰਕੇ ‘ਲਿਖਤ’ ਵਿਚ ਹੁੰਦਾ ਹੈ, ਲਿਪੀ ਵਿਚ ਨਹੀਂ। ਇਸੇ ਤਰ੍ਹਾਂ ਹੀ ਲਿਪੀਆਂ ਦੀ ‘ਸਾਂਝ’ ਵੀ ਵਧੇਰੇ ਲਿਖਤ ਪਧਰ ਉਤੇ ਹੀ ਹੁੰਦੀ ਹੈ, ਲਿਪੀ-ਚਿੰਨ੍ਹਾਂ ਦੇ ਪਧਰ ਉਤੇ ਨਹੀਂ। ਜਿਵੇਂ ਗੁਰਮੁਖੀ ਤੇ ਨਾਗਰੀ ਦੋਵੇਂ ਖੱਬੇ ਤੋਂ ਸੱਜੇ ਲਿਖੀਆਂ ਜਾਂਦੀਆਂ ਹਨ, ਦੋਵੇਂ ਲਕੀਰ ਦੇ ਹੇਠਾਂ ਲਿਖੀਆਂ ਜਾਂਦੀਆਂ ਹਨ, ਦੋਵਾਂ ਦੇ ਅਖਰ ਨੂੰ ਇਕਾਈ ਬਣਾਉਣ ਵਾਸਤੇ ਸਿਰੋਰੇਖਾ ਦਾ ਇਸਤੇਮਾਲ ਕਰਨਾ ਪੈਂਦਾ ਹੈ, ਆਦਿ। ਇਹ ਸਾਂਝਾਂ ਲੇਖਣੀ ਪਧਰ ਦੀਆਂ ਹਨ। ਅਖਰਾਂ ਦਾ ਰੂਪ-ਭੇਦ ਵੀ ਵਧੇਰੇ ਕਰਕੇ ਸਮੇਂ, ਸਥਾਨ ਜਾਂ ਵਿਅਕਤੀ-ਰੁਚੀ ਕਾਰਨ ਹੁੰਦਾ ਹੈ; ਲਿਪੀਆਸਣ ਦੀ ਸਥਿਤੀ ਵੀ ਅਖਰਾਂ ਦੇ ਰੂਪ-ਭੇਦ ਵਿਚ ਇਕ ਮੁਖ ਕਾਰਨ ਬਣਦੀ ਹੈ, ਜਿਵੇਂ ਕਾਗਜ, ਮਿੱਟੀ ਅਤੇ ਪਧਰੇ ਲਿਪੀਆਸਣ ਉਤੇ ਲਿਖਿਆ ਗੁਰਮੁਖੀ ਦਾ ਇਕ ਅਖਰ (ਮੰਨ ਲਓ) ‘ਸ’ ਇਕ ਵਿਅਕਤੀ ਲਿਖਤ ਹੋਣ ਦੇ ਬਾਵਜੂਦ ਰੂਪ-ਭੇਦ ਧਾਰਨ ਕਰ ਜਾਵੇਗਾ। ਅਖਰਾਂ ਦੇ ਰੂਪ, ਆਧੁਨਿਕ ਛਾਪੇ ਜਾਂ ਕੰਪਿਊਟਰ ਦੀ ਵਜ੍ਹਾ ਕਾਰਨ ਹੀ ਸਥਿਰ ਹੋਏ ਹਨ। ਇਹ ‘ਵਿਕਾਸ’ ਘਟ ਹਨ, ਰੂਪ-ਭੇਦ ਵਧੇਰੇ ਹਨ। ਇਸ ਤਰ੍ਹਾਂ ਲਿਪੀ ਤੋਂ ਲਿਪੀ ਦੀ ਉਤਪਤੀ ਨਹੀਂ ਹੁੰਦੀ, ਤੇ ਨਾ ਹੀਂ ਵਿਕਸਤ ਹੁੰਦੀ ਹੈ; ਸਗੋਂ ਲਿਖਤਾਂ ਇਕ ਦੂਜੀ ਤੋਂ ਪ੍ਰਭਾਵਿਤ ਹੁੰਦੀਆਂ ਹਨ, ਜਿਵੇਂ ਆਧੁਨਿਕ ਭਾਰਤ (ਬਲਕਿ ਵਿਸ਼ਵ) ਦੀਆਂ ਸਾਰੀਆਂ ਲਿਖਤਾਂ ਨੇ (ਗੁਰਮੁਖੀ ਸਮੇਤ) ਵਿਸ਼ਰਾਮ ਚਿੰਨ੍ਹ, ਰੋਮਨ ਲਿਖਤਾਂ ਤੋਂ ਗ੍ਰਹਿਣ ਕੀਤੇ ਹਨ।

(੬) ਗੁਰਮੁਖੀ ਦੀ ਸਿਰਜਣਾ ਦਾ ਇਤਿਹਾਸਕ ਪ੍ਰਮਾਣ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਕਾਲ ਤੋਂ ਪਹਿਲਾਂ ਦੀ ਇਕ ਵੀ ਗੁਰਮੁਖੀ ਲਿਖਤ ਪ੍ਰਾਪਤ ਨਹੀਂ ਹੁੰਦੀ। ‘ਏਕਾਦਸੀ ਮਹਾਤਮ’, ਜਿਸ ਨੂੰ ਪੁਰਾਣਾ ਖਰੜਾ; ਭਾਵ ਗੁਰਮੁਖੀ ਦਾ ਗੁਰੂ ਸਾਹਿਬਾਨ ਤੋਂ ਪਹਿਲਾਂ ਦਾ ਸਿਧ ਕਰਨ ਦੀ ਕਵਾਇਦ ਜਾਂ ਜੋਰ-ਅਜਮਾਈ ਕੀਤੀ ਜਾਂਦੀ ਹੈ, ਉਹ ਭਾਸ਼ਾਈ ਸਥਿਤੀ ਅਨੁਸਾਰ ਅਠਾਰਵੀਂ ਸਦੀ ਦੇ ਤੀਜੇ-ਚੌਥੇ ਦਹਾਕੇ ਦੀ ਰਚਨਾ ਹੈ। ਹੁਣ ਤਕ ਜੋ ਵੀ ਮੁਢਲੀ ਗੁਰਮੁਖੀ ਲਿਖਤ ਪ੍ਰਾਪਤ ਹੋਈ ਹੈ ਉਹ ਗੁਰਬਾਣੀ ਖਰੜਾ ਹੀ ਹੈ। ਦਿਲਚਸਪ ਪਹਿਲੂ ਇਹ ਹੈ ਕਿ ਉਸੇ ਖਰੜੇ ਵਿਚ ਹੀ ਇਹ ਲਿਖਿਆ ਹੈ: “ਗੁਰੂ ਅੰਗਦੁ ਗੁਰਮੁਖੀ ਅਖਰੁ ਬਨਾਏ ਬਾਬੇ ਅਗੇ ਸਬਦੁ ਭੇਟ ਕੀਤਾ” (ਮੋਹਨ ਪੋਥੀਆਂ)। ਇਸ ਤੋਂ ਬਿਨਾ ਆਧੁਨਿਕ ਕਾਲ (ਅੰਗਰੇਜ਼ ਕਾਲ) ਤੋਂ ਪਹਿਲਾਂ ਦੀਆਂ ਸਾਰੀਆਂ ਲਿਖਤਾਂ ਵਿਚ ਗੁਰਮੁਖੀ ਅਖਰਾਂ ਦੇ ਕਰਤਾ ਜਾਂ ਸਿਰਜਕ ਗੁਰੂ ਨਾਨਕ ਦੇਵ ਜੀ ਜਾਂ ਗੁਰੂ ਅੰਗਦ ਦੇਵ ਜੀ ਨੂੰ ਹੀ ਦਰਸਾਇਆ ਗਿਆ ਹੈ। ਗੁਰਮੁਖੀ ਸਿਰਜਣਾ ਪ੍ਰਤੀ ਗੁਰੂ ਸਾਹਿਬਾਨ ਦਾ ਨਾਤਾ ਤੋੜਨ ਦੀ ਅਕਾਦਮਿਕ ਕਵਾਇਦ ਵਧੇਰੇ ਕਰਕੇ ਪੰਜਾਬ ਦੇ ਬਟਵਾਰੇ (’47) ਤੋਂ ਬਾਅਦ ਸ਼ੁਰੂ ਹੋਈ ਹੈ।

(੭) ਲਗਭਗ ਹਰੇਕ ਲਿਪੀ ਦੀ ਉਪਜ/ਸਿਰਜਣਾ ਪਿਛੇ ਧਾਰਮਿਕ ਪ੍ਰੇਰਣਾ ਕੰਮ ਕਰਦੀ ਰਹੀ ਹੈ। ਇਉਂ ਹਰੇਕ ਲਿਪੀ ਦਾ ਮੁਢ ਕਿਸੇ ਧਾਰਮਿਕ ਪਰੰਪਰਾ ਨਾਲ ਜੁੜਿਆ ਹੋਇਆ ਹੈ। ਧਰਮ, ਸੰਬੰਧਿਤ ਭਾਸ਼ਾਵਾਂ ਤੇ ਲਿਪੀਆਂ ਦਾ ਸੁਰਖਿਆ ਕਵਚ ਬਣਦਾ ਆਇਆ ਹੈ। ਸ਼ੁਰੂ ਸ਼ੁਰੂ ਵਿਚ ਲਿਪੀ ਨਿਰਮਾਣ ਦੀ ਪ੍ਰਕਿਰਿਆ ਵੀ ਵਧੇਰੇ ਕਰਕੇ ਧਾਰਮਿਕ ਕਾਰਜਾਂ ਵਾਸਤੇ  ਹੀ ਹੋਈ ਸੀ, ਜਿਵੇਂ ਅਵੇਸਤਾ (ਪਾਰਸੀ ਧਰਮ ਗ੍ਰੰਥ) ਲਈ ਇਕ ਵਿਸ਼ੇਸ਼ ਲਿਪੀ ਦਾ ਨਿਰਮਾਣ ਕੀਤਾ ਗਿਆ, ਜਿਸ ਨੂੰ ‘ਪਾਂਜਦ’ ਕਿਹਾ ਜਾਂਦਾ ਸੀ। ਇਸੇ ਤਰ੍ਹਾਂ ਹੀ ਵੈਦਿਕ ਪਾਠਾਂ ਦੀ ਰਾਖੀ ਲਈ ਜੈਨ ਮੁਨੀਆਂ ਦੀ ਸਿਰਜੀ ਬ੍ਰਹਮੀ (ਬੰਮ੍ਹੀ/ ਬੰਭੀ) ਨੂੰ ਅਪਣਾਇਆ ਗਿਆ। ਹਿਬਰੂ ਦਾ ਸੁਰਖਿਆ ਕਵਚ ਯਹੂਦੀ ਧਰਮ ਗ੍ਰੰਥ ਤੁਰੈਤ (ਤੁਰਹ) ਬਣਿਆ, ਇਉਂ ਹੀ ‘ਅਰਬੀ’ ਧਰਮ-ਨਿਰਪਖੀ ਲਈ ਜੋ ਮਰਜੀ ਹੋਏ, ਮੁਸਲਮਾਨ ਦੀ ਇਮਾਨ-ਜਾਨ ਹੈ, ਕਿਉਂਕਿ ਇਸ ਵਿਚ ਪਵਿਤਰ ਕੁਰਾਨ ਲਿਖਿਆ ਗਿਆ ਹੈ। ਇਹੋ ਸਥਿਤੀ ਗੁਰਮੁਖੀ ਦੀ ਵੀ ਹੈ। ਪੰਜਾਬੀ/ਗੁਰਮੁਖੀ ਦੇ ਸਿਖਾਂ ਨਾਲ ਜੁੜਨ ਪਿਛੇ ਕੇਵਲ ਸੰਪ੍ਰਦਾਇਕ ਕਾਰਨ ਨਹੀਂ, ਜਿਵੇਂ ਕਿ ਪੰਜਾਬੀ ਅਕਾਦਮਿਕਤਾ ਦੇ ਇਕ ਹਿੱਸੇ ਵਲੋਂ ਸੁਚੇਤ ਪਧਰ ਉਤੇ ਪ੍ਰਚਾਰੇ-ਪ੍ਰਸਾਰੇ ਜਾਂਦੇ ਹਨ, ਇਤਿਹਾਸਕ ਵੀ ਹਨ। ਪੰਜਾਬੀ ਗੁਰਮੁਖੀ ਹੋਰਾਂ ਲਈ ਜੋ ਮਰਜੀ ਹੋਵੇ, ਸਿਖਾਂ ਲਈ ਜੀਣ-ਥੀਣ ਤੇ ਰੂਹ ਦੀ ਖੁਰਾਕ ਹੈ ਤੇ ਇਸ ਦੀ ਸੁਰਖਿਆ ਜਾਮਨ ਗੁਰਬਾਣੀ (ਗੁਰਮੁਖੀ) ਹੈ। ਇਉਂ ਗੁਰਮੁਖੀ, ਇਕ ਸਿਖ ਵਾਸਤੇ ਪਵਿਤਰ ਹੈ, ਕਿਉਂਕਿ ਇਹ ਗੁਰੂ ਸਾਹਿਬਾਨ ਦੀ ਸਿਰਜੀ ਹੋਈ ਹੈ ਤੇ ਇਸ ਵਿਚ ਗੁਰਬਾਣੀ ਲਿਖੀ ਹੋਈ ਹੈ। ਇਤਿਹਾਸ ਗਵਾਹ ਹੈ ਕਿ ਗੁਰਮੁਖੀ ਪੰਜਾਬੀ ਦੀ ਸੁਰਖਿਆ ਲਈ ਘਟ-ਗਿਣਤੀ ਸਿਰਫ ਸਿਖ ਹੀ ਸਾਹਮਣੇ ਆਏ ਹਨ।

(੮) ‘ਗੁਰਮੁਖਿ’ ਪਦ ਗੁਰੂ ਕਾਲ ਤੋਂ ਪਹਿਲਾਂ ਦਾ ਮਿਲਦਾ ਵੀ ਦਸਿਆ ਜਾਂਦਾ ਹੈ, ਖਾਸ ਕਰਕੇ ਸਿਧ-ਨਾਥਾਂ ਦੀਆਂ ਲਿਖਤਾਂ ਵਿਚ। ਗੁਰਮੁਖਿ ਪਦ ਜਰੂਰ ਮਿਲਦਾ ਹੈ, ਪਰ ਇਸ ਪਦ ਨਾਲ ਜੋ ਭਾਵ ਤੇ ਬਿਬੇਕ ਗੁਰਮਤਿ ਸਾਹਿਤ ਵਿਚ ਜੁੜਿਆ ਹੋਇਆ ਹੈ, ਉਹ ਹੋਰ ਕਿਤੇ ਨਹੀਂ। ‘ਗੁਰਮੁਖੀ’ ਪਦ ਗੁਰਮਤਿ ਸਾਹਿਤ ਵਿਚ ਹੀ ਹੈ। ਵਰਤਮਾਨ ਸਮੇਂ ਭਾਸ਼ਾ ਵਿਗਿਆਨ ਭਾਵੇਂ ਬਹੁਤ ਤਰੱਕੀ ਕਰ ਗਿਆ ਹੈ, ਪਰ ਸਾਡੇ ਮੁਲਕ ਵਿਚ ਹਾਲੇ ਵੀ ਇਹ ਇਤਿਹਾਸਕ ਭਾਸ਼ਾ ਵਿਗਿਆਨ (ਪਹਲਿੋਲੋਗੇ) ਦੇ ਪ੍ਰਭਾਵ ਤੋਂ ਬਹੁਤਾ ਮੁਕਤ ਨਹੀਂ ਹੋ ਸਕਿਆ। ਇਸੇ ਤਰ੍ਹਾਂ ਹੀ ਇਸ ਨਾਲ ਜਿੰਨੇ ਵੀ ਸਿਧੇ ਜਾਂ ਅਸਿਧੇ ਗਿਆਨ-ਅਨੁਸ਼ਾਸਨ ਸੰਬੰਧਿਤ ਹਨ, ਉਹ ਵੀ ਵਧੇਰੇ ਕਰਕੇ ਇਤਿਹਾਸਕ ਭਾਸ਼ਾ ਵਿਗਿਆਨ ਤੋਂ ਪ੍ਰਭਾਵਿਤ ਹਨ। ਇਹੀ ਕਾਰਨ ਹੈ ਕਿ ‘ਵਿਕਾਸ’ ਦੀ ਧਾਰਨਾ ਤਹਿਤ ਅਸੀਂ ਆਪਣੀ ਹਰੇਕ ਸਿਰਜਣਾ ਨੂੰ ਸੁਤੰਤਰ ਗ੍ਰਹਿਣ ਕਰਨ ਦੀ ਥਾਂ ਕਿਸੇ ਪੂਰਵ-ਉਪਲਭਧੀ ਦੀ ਲਗਾਤਾਰਤਾ ਵਿਚ ਵੇਖਣ ਦੀ ਆਦਤ ਜਾਂ ਫੈਸ਼ਨ ਬਣਾ ਚੁਕੇ ਹਾਂ। ਲਿਪੀਆਂ ਨਾਲ ਵੀ ਇਹੋ ਭਾਣਾ ਵਾਪਰਿਆ ਹੈ। ਜੇਕਰ ਅਸੀਂ ਇਕਾਲਕ (ਸੇਨਚਹਰੋਨਚਿ) ਦ੍ਰਿਸ਼ਟੀ ਰਾਹੀਂ ਵੇਖਾਂਗੇ ਤਾਂ ਹਰ ਉਪਲਬਧੀ ਸੁਤੰਤਰ ਨਜਰ ਆਵੇਗੀ। ਗੁਰਮੁਖੀ ਨੂੰ ਵੀ ਇਵੇਂ ਵੇਖਣ ਦੀ ਲੋੜ ਹੈ। ਦੂਜੀ ਦ੍ਰਿਸ਼ਟੀ ਧਰਮ-ਮੀਮਾਂਸਕ (ਟਹੲੋਲੋਗਚਿੳਲ) ਹੈ। ਜਿਵੇਂ ਕਿ ਪਹਿਲਾਂ ਕਿਹਾ ਗਿਆ ਹੈ ਲਗਭਗ ਹਰੇਕ ਉਪਲਬਧੀ ਜਾਂ ਸਿਰਜਣਾ ਪਿਛੇ ਧਾਰਮਿਕ ਪ੍ਰੇਰਣਾ ਕੰਮ ਕਰਦੀ ਰਹੀ ਹੈ। ਭਾਸ਼ਾਵਾਂ ਤੇ ਲਿਪੀਆਂ ਨਾਲ ਵੀ ਇਸੇ ਤਰ੍ਹਾਂ ਹੀ ਹੋਇਆ ਹੈ। ਅਸੀਂ ਚੇਤਨ ਹੋਈਏ ਕਿ ਗੁਰਮੁਖੀ ਇਕ ਸੰਪੂਰਨ ਤਹਜੀਬ ਹੈ; ਇਕ ਸ਼ਾਨਦਾਰ ਸਭਿਅਤਾ। ਇਸ ਦੇ ਪੈਂਤੀ ਅਖਰ ਆਪਣੇ ਆਪ ਵਿਚ ਵਖ-ਵਖ ਰੰਗਾਂ ਦੀ ਅਨਹਦ ਧੁਨੀ ਅਲਾਪਦੇ ਹਨ, ਭਾਵੇਂ ਧਰਤੀ ਵਾਲਿਆਂ ਨੂੰ ਹਾਲੇ ਇਸ ਦਾ ਬਹੁਤਾ ਇਲਮ ਨਹੀਂ। ਧਰਤੀ ਵਾਲੇ ਗੁਰਮੁਖੀ ਨੂੰ ਇਕ ‘ਲਿਪੀ’ ਮੰਨਦੇ ਹਨ, ਇਹ ਲਿਪੀ ਹੈ ਜਰੂਰ, ਪਰ ਕੇਵਲ ਲਿਪੀ ਨਹੀਂ; ਇਹ ‘ਭਾਖਾ’ ਵੀ ਹੈ; ਇਕ ਸਰੋਦੀ ਨਾਦ ਵੀ, ਜੋ ਪੂਰੀ ਤਰ੍ਹਾਂ ਸੰਗੀਤਕ (ਮੁਸਚਿੳਲ) ਹੈ। ਇਸ ਦੇ ਸਰੋਦੀ ਸੰਗੀਤ ਵਿਚ ਧਰਤੀ ਅਸਮਾਨ ਗੂੰਜਦੇ ਹਨ। ਗੁਰਬਾਣੀ ਦਾ ਪ੍ਰਕਾਸ਼ ਗੁਰੂ ਨਾਨਕ ਪਾਤਸ਼ਾਹ ਦਰਵੇਸ਼ ਦੇ ‘ਧੁਰ’ ਹਿਰਦੇ ਘਰ ਵਿਚ ਹੋਇਆ, ਜਿਸ ਦਾ ਵਾਹਨ ਗੁਰਮੁਖੀ ਬਣੀ; ਇਉਂ ਅਖਰਾਂ ਦੇ ਅਖਰ ਗੁਰੂ ਪਾਤਸ਼ਾਹ ਦੇ ਮਨ-ਮਸਤਕ ਵਿਚ ਫੁਲਝੜੀਆਂ ਬਣ ਕੇ ਗੁਰਬਾਣੀ ਦੀ ਆਰਤੀ ਉਤਾਰਦੇ ਹਨ। ਇਉਂ ਗੁਰਮੁਖੀ ਸੰਗੀਤਮਈ ਜੀਵਨ-ਸ਼ੈਲੀ ਹੈ, ਇਕ ਤਹਜੀਬ।

(੯) ਵਰਤਮਾਨ ਗੁਰਮੁਖੀ ਨਾਲ ਜਿਥੇ ਕਈ ਕਿਸਮ ਦੇ ‘ਟੈਬੂ’ ਜੁੜ ਗਏ ਹਨ, ਓਥੇ ਕਈ ਢੰਗ ਤਰੀਕੇ ਵੀ ਬਦਲ ਗਏ ਹਨ। ਮੁਖ ਫਰਕ ਇਹ ਪਿਆ ਹੈ ਕਿ ਆਮ ਹਾਲਤ ਵਿਚ ਗੁਰਮੁਖੀ ਨੂੰ ਜਾ ਤਾਂ ਭਾਸ਼ਾ, ਬੋਲੀ, ਵਿਆਕਰਨ ਆਦਿ ਨਾਲ ਜੋੜ ਕੇ ਬੋਲ-ਚਾਲ, ਸਿਖਿਆ ਆਦਿ ਸਕੂਲੀ ਲੋੜ ਵਜੋਂ ਪੇਸ਼ ਕੀਤਾ ਜਾਂਦਾ ਹੈ ਜਾਂ ਕਈ ਹਾਲਤਾਂ ਵਿਚ ਵਧੇਰੇ ਕਰਕੇ ਰੁਜਗਾਰ ਨਾਲ ਜੋੜਿਆ ਗਿਆ ਹੈ, ਪਰ ਧਿਆਨ ਰਹੇ ਕਿ ਗੁਰਮੁਖੀ ਸਿਖਣਾ ਕੇਵਲ ਭਾਸ਼ਾ-ਵਿਗਿਆਨਕ; ਬੋਲ-ਚਾਲੀ ਜਾਂ ਰੁਜਗਾਰ ਤਕ ਸੀਮਿਤ ਮਾਮਲਾ ਨਹੀਂ; ਇਹ ਸਾਡੀ ਹੋਂਦ-ਹਸਤੀ ਨਾਲ ਜੁੜਿਆ ਹੋਇਆ ਸਾਡੀ ‘ਮੁਕਤੀ’ ਦਾ ਸੁਆਲ ਹੈ। ਗੁਰਮੁਖੀ ਬਿਨਾਂ ਸਾਡੀ ਕੋਈ ਹੋਂਦ ਨਹੀਂ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>