ਜਾਗੋ ਪਾਰਟੀ ਵੱਲੋਂ ਕਾਂਗਰਸ ਹੈੱਡਕੁਆਰਟਰ ਮੁਹਰੇ ਕੀਤਾ ਗਿਆ ਪ੍ਰਦਰਸ਼ਨ

JTP 2.resizedਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਅਗਵਾਈ ਹੇਠ 1984 ਸਿੱਖ ਕਤਲੇਆਮ ਦੇ ਮੁੱਖ ਆਰੋਪੀ ਜਗਦੀਸ਼ ਟਾਈਟਲਰ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦਾ ਮੈਂਬਰ ਚੁਣੇ ਜਾਣ ਦੇ ਵਿਰੋਧ ਵਿੱਚ ਸਿੱਖਾਂ ਵੱਲੋਂ ਅੱਜ ਕਾਂਗਰਸ ਪਾਰਟੀ ਦੇ ਹੈਡਕੁਆਰਟਰ ਮੂਹਰੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕਪੂਰਥਲਾ ਹਾਊਸ ਤੋਂ ਕਾਂਗਰਸ ਹੈੱਡਕੁਆਰਟਰ ਵੱਲ ਰੋਸ ਮਾਰਚ ਕਰਦੇ ਹੋਏ ਜਗਦੀਸ਼ ਟਾਈਟਲਰ ਨੂੰ ਕਾਂਗਰਸ ਤੋਂ ਬਾਹਰ ਕੱਢਣ ਦੀ ਮੰਗ ਕਰਨ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਇਸ ਮੌਕੇ ਜਗਦੀਸ਼ ਟਾਈਟਲਰ ਦਾ ਪੁਤਲਾ ਵੀ ਫੂਕਿਆ ਗਿਆ। ਬਾਅਦ ‘ਚ ਦਿੱਲੀ ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ‘ਚ ਲੈ ਕੇ ਮੰਦਰ ਮਾਰਗ ਥਾਣੇ ਲੈ ਗਈ। ਇਸ ਮੌਕੇ ਬੋਲਦਿਆਂ ਜਾਗੋ ਪਾਰਟੀ ਦੇ  ਮੋਢੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਜਗਦੀਸ਼ ਟਾਈਟਲਰ ਨੂੰ ਲੈ ਕੇ ਗਾਂਧੀ ਪਰਿਵਾਰ ਦੇ ਨਾਲ-ਨਾਲ ਸੀਬੀਆਈ ਅਤੇ ਕੇਂਦਰ ਸਰਕਾਰ ‘ਤੇ ਵੀ ਨਿਸ਼ਾਨਾ ਸਾਧਿਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਲੇ “ਸੰਯੁਕਤ ਪੰਜਾਬ” ਦਾ ਜ਼ਿਕਰ ਕਰਦਿਆਂ ਜੀਕੇ ਨੇ ਚੇਤਾਵਨੀ ਦਿੱਤੀ ਕਿ ਅੱਜ ਕੁਝ ਲੋਕ “ਅਖੰਡ ਭਾਰਤ” ਦੀ ਗੱਲ ਕਰਦੇ ਹਨ। ਜੇਕਰ ਸਿੱਖਾਂ ਨਾਲ ਚੰਗਾ ਨਾ ਕੀਤਾ ਤਾਂ ਨਤੀਜੇ ਮਾੜੇ ਹੋਣਗੇ। ਜੇਕਰ ਕੱਲ੍ਹ ਨੂੰ ਕੋਈ “ਅਖੰਡ ਪੰਜਾਬ” ਦੀ ਗੱਲ ਕਰੇ ਤਾਂ ਹੈਰਾਨੀ ਨਹੀਂ ਹੋਣੀ ਚਾਹੀਦੀ। ਕਿਉਂਕਿ ਸੀਬੀਆਈ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ, ਜਿਸ ਕਾਰਨ ਸਿੱਖਾਂ ਵਿੱਚ ਬੇਇਨਸਾਫ਼ੀ ਅਤੇ ਬੇਗਾਨਗੀ ਦੀ ਭਾਵਨਾ ਵਧ ਰਹੀ ਹੈ। ਸੀਬੀਆਈ ਜਾਣਦੀ ਹੈ ਕਿ ਜਗਦੀਸ਼ ਟਾਈਟਲਰ ਨੇ ਕੈਨੇਡਾ ‘ਚ ਗਵਾਹਾਂ ਨੂੰ ਖਰੀਦਣ ਲਈ 5 ਕਰੋੜ ਰੁਪਏ ਭੇਜੇ, ਭਾਰਤ ‘ਚ 50 ਲੱਖ ਦਿੱਤੇ, 100 ਸਿੱਖਾਂ ਨੂੰ ਮਾਰਨ ਦਾ ਟਾਈਟਲਰ ਦਾ ਆਪਣਾ ਵੀਡੀਓ ਕਬੂਲਨਾਮਾ ਵੀ ਹੈ। ਮੈਂ ਇਸ ਸਬੰਧੀ ਸੀਬੀਆਈ ਨੂੰ ਸ਼ਿਕਾਇਤ ਵੀ ਦਿੱਤੀ ਹੋਈ ਹੈ। ਪਰ ਸੀਬੀਆਈ ਮੋਦੀ ਜੀ ਦੇ “ਸਬਕਾ ਸਾਥ-ਸਬਕਾ ਵਿਕਾਸ” ਦੇ ਬਿਆਨ ‘ਤੇ ਖੜੀ ਨਹੀਂ ਹੋ ਰਹੀ ਹੈ। ਸਰਕਾਰ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਿੱਖ ਕੌਮ ਆਪਣੇ ਦੁਸ਼ਮਣ ਨੂੰ ਕਦੇ ਨਹੀਂ ਭੁੱਲਦੀ। ਇਸ ਲਈ 1984 ਦੇ ਕਾਤਲਾਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।

ਜੀਕੇ ਨੇ ਕਿਹਾ ਕਿ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਹਾਲ ਹੀ ਵਿੱਚ ਤਿਲਕ ਵਿਹਾਰ ਤੋਂ ਦੋ ਲੜਕਿਆਂ ਨੂੰ ਖਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਜਿਨ੍ਹਾਂ ਨੂੰ ਵਿਦੇਸ਼ਾਂ ਵਿੱਚ ਬੈਠੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਦੇ ਕਾਰਕੁਨਾਂ ਵੱਲੋਂ ਅਜਿਹਾ ਕਰਨ ਲਈ ਉਕਸਾਇਆ ਗਿਆ ਸੀ। ਪਰ ਸਵਾਲ ਇਹ ਹੈ ਕਿ 1984 ਦੇ ਪੀੜਤ ਪਰਿਵਾਰਾਂ ਦੇ ਬੱਚੇ ਵੱਖਵਾਦ ਵੱਲ ਕਿਉਂ ਖਿੱਚ ਮਹਿਸੂਸ ਕਰ ਰਹੇ ਹਨ ? ਜੇਕਰ ਸਰਕਾਰ ਨੇ ਸਿੱਖ ਕਤਲੇਆਮ ਲਈ ਸਮੇਂ ਸਿਰ ਇਨਸਾਫ਼ ਦਿਵਾਇਆ ਹੁੰਦਾ ਤਾਂ ਸ਼ਾਇਦ ਅਜਿਹੀਆਂ ਘਟਨਾਵਾਂ ਨਾ ਵਾਪਰਦੀਆਂ ਅਤੇ ਮਾਸੂਮ ਬੱਚੇ ਆਈਐਸਆਈ ਦੇ ਕਾਰਕੁਨਾਂ ਦੇ ਚੁੰਗਲ ਵਿੱਚ ਨਾ ਫਸਦੇ। ਜੀਕੇ ਨੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ‘ਤੇ ਜਗਦੀਸ਼ ਟਾਈਟਲਰ ਨੂੰ ਸਿਆਸੀ ਸੁਰੱਖਿਆ ਦੇਣ ਦਾ ਦੋਸ਼ ਲਗਾਇਆ ਹੈ। ਜੀਕੇ ਨੇ ਕਿਹਾ ਕਿ ਸਿੱਖਾਂ ਦੇ ਕਾਤਲਾਂ ਨੂੰ ਸਿਆਸੀ ਤੌਰ ‘ਤੇ ਜਿਉਂਦਾ ਰੱਖਣ ਦੀ ਕਾਂਗਰਸ ਦੀ ਮਨਸ਼ਾ ਸਿੱਖਾਂ ਨੂੰ ਦੂਜੇ ਦਰਜੇ ਦਾ ਸ਼ਹਿਰੀ ਸਮਝਣ ਵਰਗੀ ਹੈ। ਪਹਿਲਾਂ ਕਾਂਗਰਸ ਨੇ ਸਿੱਖਾਂ ਦਾ ਕਤਲ ਕੀਤਾ, ਫਿਰ ਇਨਸਾਫ਼ ਦਾ ਕਤਲ ਕੀਤਾ ਅਤੇ ਹੁਣ ਕਾਤਲਾਂ ਦੀ ਰਾਜਨੀਤੀ ਨੂੰ ਜਿਉਂਦਾ ਰੱਖਣ ਲਈ ਸਿੱਖਾਂ ਨੂੰ ਵਾਰ-ਵਾਰ ਚਿੜਾਇਆ ਜਾ ਰਿਹਾ ਹੈ। ਕਦੇ ਟਾਈਟਲਰ ਨੂੰ ਦਿੱਲੀ ਨਗਰ ਨਿਗਮ ਚੋਣ ਪ੍ਰਚਾਰ ਕਮੇਟੀ ‘ਚ ਸ਼ਾਮਲ ਕੀਤਾ ਜਾਂਦਾ ਹੈ, ਕਦੇ ਟਾਈਟਲਰ ਨੂੰ ਭਾਰਤ ਜੋੜੋ ਯਾਤਰਾ ਦਾ ਦਿੱਲੀ ‘ਚ ਸਵਾਗਤ ਕਰਨ ਵਾਲੀ ਰਿਸੈਪਸ਼ਨ ਕਮੇਟੀ ‘ਚ ਸ਼ਾਮਲ ਕੀਤਾ ਜਾਂਦਾ ਹੈ ਅਤੇ ਹੁਣ ਰਾਸ਼ਟਰੀ ਸੰਮੇਲਨ ‘ਚ ਰਾਸ਼ਟਰੀ ਮੈਂਬਰ ਵਜੋਂ ਬੁਲਾਇਆ ਜਾ ਰਿਹਾ ਹੈ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਸਤਨਾਮ ਸਿੰਘ, ਮਹਿੰਦਰ ਸਿੰਘ, ਜਾਗੋ ਪਾਰਟੀ ਦੀ ਕੌਰ ਬ੍ਰਿਗੇਡ ਦੀ ਪ੍ਰਧਾਨ ਮਨਦੀਪ ਕੌਰ ਬਖਸ਼ੀ ਅਤੇ 1984 ਦੇ ਪੀੜਤ ਤੇ ਜਾਗੋ ਪਾਰਟੀ ਦੇ ਆਗੂ ਬਾਬੂ ਸਿੰਘ ਦੁਖੀਆ ਨੇ ਆਪਣੇ ਵਿਚਾਰ ਰੱਖੇ, ਜਦੋਂ ਕਿ ਜਾਗੋ ਪਾਰਟੀ ਦੇ ਸਕੱਤਰ ਜਨਰਲ ਡਾ: ਪਰਮਿੰਦਰ ਪਾਲ ਸਿੰਘ ਨੇ ਸਟੇਜ ਦਾ ਸੰਚਾਲਨ ਕੀਤਾ ਙ ਇਸ ਮੌਕੇ ਜਾਗੋ ਪਾਰਟੀ ਦੇ ਆਗੂ ਹਰਪ੍ਰੀਤ ਕੌਰ, ਬਖਸ਼ੀਸ਼ ਸਿੰਘ, ਸੁਖਦੇਵ ਸਿੰਘ ਰਾਮਨਗਰ, ਵਿਕਰਮ ਸਿੰਘ, ਜਤਿੰਦਰ ਸਿੰਘ ਬੌਬੀ, ਦੌਲਤ ਸਿੰਘ, ਹਰਜੀਤ ਸਿੰਘ ਬਾਉਂਸ, ਚਰਨਪ੍ਰੀਤ ਸਿੰਘ ਭਾਟੀਆ, ਮਨਜੀਤ ਸਿੰਘ ਕੰਦਰਾ ਸਮੇਤ ਕਈ ਆਗੂ ਹਾਜ਼ਰ ਸਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>