ਸੁਨੀਤਾ ਸੱਭਰਵਾਲ ਦਾ ‘ਕੁਝ ਹੋਰ ਸੁਣਾ ਸਨੀਤਾ’ ਕਾਵਿ ਸੰਗ੍ਰਹਿ ਭਾਵਨਾਵਾਂ ਦੀ ਅਦਾਕਾਰੀ : ਉਜਾਗਰ ਸਿੰਘ

IMG_0569.resizedਕਿਸੇ ਇਨਸਾਨ ਵਿੱਚ ਅਦਾਕਾਰੀ ਅਤੇ ਸਾਹਿਤਕ ਮਸ ਦਾ ਇਕੱਠਿਆਂ ਹੋ ਜਾਣਾ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ। ਸੁਨੀਤਾ ਸੱਭਰਵਾਲ ਅਦਾਕਾਰੀ ਦਾ ਮੁਜੱਸਮਾ ਹੈ। ਸਾਰੀ ਉਮਰ ਉਸ ਨੇ ਆਪਣੇ ਪਤੀ ਰੰਗਕਰਮੀ ਪ੍ਰਾਣ ਸੱਭਰਵਾਲ ਨਾਲ ਮੋਢੇ ਨਾਲ ਮੋਢਾ ਲਾ ਕੇ ਅਦਾਕਾਰੀ ਕੀਤੀ ਹੈ। ਆਮ ਤੌਰ ‘ਤੇ ਇਕ ਅਦਾਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਸਟੇਜਾਂ ‘ਤੇ ਕਰਦਾ ਹੈ। ਉਸ ਦੀ ਅਦਾਕਾਰੀ ਨੂੰ ਚਾਰ ਚੰਨ ਉਦੋਂ ਲੱਗ ਜਾਂਦੇ ਹਨ, ਜਦੋਂ ਉਸ ਦਾ ਸਾਹਿਤਕ ਮਸ ਕਵਿਤਾ ਦੇ ਰੂਪ ਵਿੱਚ ਪ੍ਰਗਟ ਹੋ ਜਾਵੇ। ਫਿਰ ਉਸ ਦੇ ਡਾਇਲਾਗ ਕਾਵਿਕ ਹੋ ਕੇ ਅਦਾਕਾਰੀ ਵਿੱਚ ਨਿਖ਼ਾਰ ਲਿਆ ਦਿੰਦੇ ਹਨ। ਸੁਨੀਤਾ ਸੱਭਰਵਾਲ ਨਾਲ ਵੀ ਇਸੇ ਤਰ੍ਹਾਂ ਹੋਇਆ। ਸੁਨੀਤਾ ਸੱਭਰਵਾਲ ਨੇ ਆਪਣੀ ਜ਼ਿੰਦਗੀ ਦੇ ਤਜ਼ਰਬੇ ‘ਤੇ ਅਧਾਰਤ ਉਮਰ ਦੇ ਸੱਤਰਵੇਂ ਦਹਾਕੇ ਵਿੱਚ ਆਪਣੇ ਅਹਿਸਾਸਾਂ ਦਾ ਪੁਲੰਦਾ ਇਕ ਕਾਵਿ ਸੰਗ੍ਰਹਿ ਦੇ ਰੂਪ ਵਿੱਚ ਪ੍ਰਕਾਸ਼ਤ ਕੀਤਾ ਹੈ। ਅਦਾਕਾਰੀ ਭਾਵੇਂ ਉਹ 1962 ਤੋਂ ਕਰਦੀ ਆ ਰਹੀ ਹੈ ਪ੍ਰੰਤੂ ਉਸ ਨੇ ਆਪਣੇ ਅਹਿਸਾਸਾਂ ਨੂੰ ਕਵਿਤਾ ਦੇ ਰੂਪ ਵਿੱਚ ਪਹਿਲੀ ਵਾਰੀ 1990 ਵਿੱਚ ਕੈਨੇਡਾ ਵਿਖੇ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਦੌਰਾਨ ਪ੍ਰਗਟਾਵਾ ਕੀਤਾ। ਉਹ ਕਵਿਤਾ ‘ਆਓ ਨੀ ਅੱਜ ਮਾਹੀ ਨੇ ਆਣਾ’ ਉਸ ਦਾ ਇੱਕ ਫ਼ੌਜੀ ਦੀ ਇਸਤਰੀ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਸੀ। ਕਵਿਤਾ ਬਾਰੇ ਆਮ ਤੌਰ ‘ਤੇ ਕਿਹਾ ਜਾਂਦਾ ਹੈ ਕਿ ਇਸ਼ਕ ਮੁਸ਼ਕ ਦਾ ਪ੍ਰਗਟਾਵਾ ਹੁੰਦਾ ਹੈ। ਹਰ ਇਸਤਰੀ ਕਵਿਤਰੀ ਸਭ ਤੋਂ ਪਹਿਲੀ ਕਵਿਤਾ ਪਿਆਰ ਮੁਹੱਬਤ ਬਾਰੇ ਲਿਖਦੀ ਹੈ ਕਿਉਂਕਿ ਉਹ ਔਰਤ ਦੇ ਮਨ ਦੀਆਂ ਤਰੰਗਾਂ ਨੂੰ ਸਮਝਦੀ ਹੁੰਦੀ ਹੈ। ਸੁਨੀਤਾ ਨੇ ਵੀ ਇਸਤਰੀ   ਹੋਣ ਦੇੇੇੇੇ ਨਾਤੇ ਇਸ ਪ੍ਰਕਾਰ ਹੀ ਕੀਤਾ। ਉਸ ਤੋਂ ਬਾਅਦ ਸੁਨੀਤਾ ਸੱਭਰਵਾਲ ਦੀਆਂ ਬਹੁਤੀਆਂ ਕਵਿਤਾਵਾਂ ਧਾਰਮਿਕ ਅਤੇ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਹਨ ਕਿਉਂਕਿ ਉਸ ਨੇ ਜਿਤਨੇ ਵੀ ਨਾਟਕਾਂ ਵਿੱਚ ਅਦਾਕਾਰੀ ਕੀਤੀ ਲਗਪਗ ਉਹ ਸਾਰੇ ਹੀ ਸਮਾਜਿਕ ਬੁਰਾਈਆਂ ਦਾ ਪਰਦਾਫਾਸ਼ ਕਰਦੇ ਸਨ। ਫਿਰ ਉਸ ਨੇ ਆਪਣੀਆਂ ਕਵਿਤਾਵਾਂ ਵਿੱਚ ਲੋਕ ਹਿੱਤਾਂ ‘ਤੇ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ। ਲੋਕਾਈ ਦੇ ਦੁੱਖ ਦਰਦ ਨੂੰ ਆਪਣੀਆਂ ਕਵਿਤਾਵਾਂ ਦੇ ਵਿਸ਼ੇ ਬਣਾਇਆ। ਇਹ ਠੀਕ ਹੈ ਕਿ ਉਸ ਦੇ ਵਿਸ਼ੇ ਸਮਾਜਿਕ ਵਿਸੰਗਤੀਆਂ ਨਾਲ ਸੰਬੰਧਤ ਹਨ, ਜਿਸ ਕਰਕੇ ਉਸ ਦੀ ਕਵਿਤਾ ਵਿੱਚ ਖਿਆਲਾਂ ਦੀ ਪ੍ਰਪੱਕਤਾ ਤਾਂ ਹੈ ਪ੍ਰੰਤੂ ਸਾਹਿਤਕ ਪ੍ਰਪੱਕਤਾ ਦੀ ਘਾਟ ਮਹਿਸੂਸ ਹੋ ਰਹੀ ਹੈ। ਉਸ ਦੀਆਂ ਇਸ ਕਾਵਿ ਸੰਗ੍ਰਹਿ ਵਿੱਚ 40 ਕਵਿਤਾਵਾਂ ਹਨ, ਜਿਨ੍ਹਾਂ ਦੇ ਵਿਸ਼ੇ ਭਰਿਸ਼ਟਾਚਾਰ, ਲੋਭ ਲਾਲਚ, ਵੋਟਾਂ ਦੀ ਰਾਜਨੀਤੀ, ਨਸ਼ੇ, ਝੂਠ ਦਾ ਬੋਲਬਾਲਾ, ਬੁਢਾਪਾ, ਦਹਿਸ਼ਤਗਰਦੀ, ਵਿਰਾਸਤ, ਸਭਿਅਚਾਰ ਅਤੇ ਸਿਆਸਤਦਾਨਾ ਦੀਆਂ ਚਾਲਾਂ ਸ਼ਾਮਲ ਹਨ। ‘ਦਹਿਸ਼ਤਗਰਦ’ ਕਵਿਤਾ ਵਿੱਚ ਸੁਨੀਤਾ ਸੱਭਰਵਾਲ ਲਿਖਦੀ ਹੈ-

ਮਰਨ ਮਾਰਨ ਦਾ ਇਹਨਾਂ ਨੂੰ, ਨਹੀਂ ਕੋਈ ਦਰਦ।
ਨਾ ਕੋਈ ਦਿਲ ਵਿੱਚ ਪਿਆਰ ਮੁਹੱਬਤ, ਨਾ ਕਿਸੇ ਦਾ ਸਮਝਣ ਦਰਦ।
ਇਹ ਕਰਦੇ ਨੇ ਬਸ ਆਪਣੇ ਮਨ ਦੀ ਮਰਜ਼ੀ,
ਮਰ ਜਾਓ ਜਾਂ ਮਾਰ ਦਿਓ ਏਹੋ ਸਮਝਦੇ ਆਪਣਾ ਫ਼ਰਜ਼।

ਇਹ ਕਵਿਤਾ ਇਕ ਇਸਤਰੀ ਦੇ ਕੋਮਲ ਮਨ ਦੀ ਪ੍ਰਤੀਕਿ੍ਰਆ ਹੈ। ਮਜ਼ਦੂਰ ਕਵਿਤਾ ਵਿੱਚ ਮਜ਼ਦੂਰਾਂ ਦੀ ਮਿਹਨਤ ਦਾ ਪ੍ਰਗਟਾਵਾ ਕਰਦੀ ਲਿਖਦੀ ਹੈ ਕਿ ਉਹ ਸੱਚੇ ਦੇਸ਼ ਭਗਤ ਹੁੰਦੇ ਹਨ, ਜਿਹੜੇ  ਰੁੱਖੀ ਮਿਸੀ ਖਾ ਕੇ ਖ਼ੁਸ਼ ਰਹਿੰਦੇ ਹਨ। ‘ਪੈਸਾ ਹਾਏ ਪੈਸਾ’ ਕਵਿਤਾ ਵਿੱਚ ਲੋਕ ਸਿਰਫ ਪੈਸੇ ਪਿਛੇ ਮਰਦੇ ਹਨ। ਇਨਸਾਨੀ ਸੰਬੰਧ ਵੀ ਪੈਸੇ ਵਾਲਿਆਂ ਨਾਲ ਹੀ ਬਣਦੇ ਹਨ। ਗ਼ਰੀਬ ਦਾ ਕੋਈ ਸਾਥੀ ਨਹੀਂ ਹੁੰਦਾ। ਪੈਸੇ ਦੀ ਖ਼ਾਤਰ ਧੋਖਾ ਫਰੇਬ ਆਮ ਜਿਹੀ ਗੱਲ ਹੈ। ਇਨਸਾਨੀਅਤ ਖ਼ਤਮ ਹੋਈ ਪਈ ਹੈ। ਅੱਜ ਕਲ੍ਹ ਦੋਸਤੀ ਦੇ ਵੀ ਅਰਥ ਬਦਲ ਗਏ ਹਨ। ਸੁਨੀਤਾ ਸੱਚੇ ਦੋਸਤ ਬਣਾਉਣ ਦੀ ਪ੍ਰੋੜ੍ਹਤਾ ਕਰਦੀ ਹੈ। ‘ ਅੱਜ ਦਾ ਸਰਵਣ ਪੁੱਤਰ’ ‘ਕਿਥੇ ਹੈ ਮਾਂ’? ਅਤੇ ‘ਮਾਂ’ ਬਹੁਤ ਹੀ ਭਾਵਨਾਤਮਿਕ ਕਵਿਤਾਵਾਂ ਹਨ, ਜਿਨ੍ਹਾਂ ਵਿੱਚ ਦਰਸਾਇਆ ਹੈ ਕਿ ਅਜੋਕੇ ਜ਼ਮਾਨੇ ਵਿੱਚ ਮਾਪਿਆਂ ਦੀ ਅਣਵੇਖੀ, ਉਨ੍ਹਾਂ ਦੀ ਔਲਾਦ ਹੀ ਕਰਦੀ ਹੈ। ਮਾਪਿਆਂ ਨੂੰ ਬਿਰਧ ਆਸ਼ਰਮ ਵਿੱਚ ਛੱਡ ਦਿੱਤਾ ਜਾਂਦਾ ਹੈ। ਮਾਂ ਬੱਚੇ ਦੇ ਹਰ ਸੁੱਖ ਲਈ ਸ਼ਗਨ ਮਨਾਉਂਦੀ ਹੈ। ਬੱਚਿਆਂ ਨੂੰ ਨਸ਼ਿਆਂ ਅਤੇ ਹੋਰ ਬੁਰੀਆਂ ਅਲਾਮਤਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ‘ਇਛਾਵਾਂ’ ਕਵਿਤਾ ਵਿੱਚ ਸੁਨੀਤਾ ਨੇ ਦੱਸਿਆ ਹੈ ਕਿ ਕਦੀਂ ਪੂਰੀਆਂ ਨਹੀਂ ਹੋ ਸਕਦੀਆਂ ਪ੍ਰੰਤੂ ਇਨਸਾਨ ਨੂੰ ਇਨ੍ਹਾਂ ‘ਤੇ ਕਾਬੂ ਪਾ ਕੇ ਸੰਤੁਸ਼ਟ ਹੋਣਾ ਚਾਹੀਦਾ ਹੈ। ‘ਦੁਨੀਆਂ ਖੇਲ ਤਮਾਸ਼ਾ’ ਆਰਥਿਕ ਨਾ ਬਰਾਬਰੀ ਦਾ ਪ੍ਰਗਟਾਵਾ ਹੈ। ਇਨਸਾਨ ਰੱਬ ਨੂੰ ਵੀ ਰਿਸ਼ਵਤ ਦੇਣ ਤੋਂ ਗੁਰੇਜ ਨਹੀਂ ਕਰਦਾ। ‘ਰੇਲ ਗੱਡੀ ਚੱਲੀ’ ਕਵਿਤਾ ਤੋਂ ਰਲਮਿਲ ਬੈਠਣ ਦੀ ਪ੍ਰੇਰਨਾ ਲੈਣੀ ਚਾਹੀਦੀ ਹੈ। ‘ਸ਼ਬਦਾਂ ਦਾ ਹੇਰ ਫੇਰ’ ਕਵਿਤਾ ਵਿੱਚ ਪ੍ਰੇਰਨਾ ਦਿੱਤੀ ਗਈ ਹੈ ਕਿ ਸ਼ਬਦ ਦੁੱਖ ਅਤੇ ਸੁੱਖ ਦੋਵੇਂ ਦਿੰਦੇ ਹਨ ਪ੍ਰੰਤੂ ਇਨਸਾਨ ਨੂੰ ਮੁਹੱਬਤੀ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ।  ‘ਬੁਢਾਪਾ’ ਅਤੇ ਨਵੀਂ ਸਵੇਰ’ ਕਵਿਤਾਵਾਂ ਵਿੱਚ ਸੁਨੀਤਾ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਬੁਢਾਪਾ ਸਰਾਪ ਨਹੀਂ ਸਗੋਂ ਸੰਤੁਸ਼ਟੀ ਦਾ ਦੂਜਾ ਨਾਮ ਹੈ। ਇਨਸਾਨ ਨੂੰ ਆਪਣੀ ਸੋਚ ਉਸਾਰੂ ਰੱਖਣੀ ਚਾਹੀਦੀ ਹੈ। ਦੁੱਖ ਅਤੇ ਸੁੱਖ ਇਕ ਸਿੱਕੇ ਭਾਵ ਜ਼ਿੰਦਗੀ ਦੇ ਦੋ ਪਾਸੇ ਹਨ। ‘ਨਵੀਂ ਰੌਸ਼ਨੀ’ ਕਵਿਤਾ ਅਨੁਸਾਰ ਇਨਸਾਨ ਦੇ ਅੰਦਰ ਰੌਸ਼ਨੀ ਹੋਣੀ ਚਾਹੀਦੀ ਹੈ, ਫਿਰ ਸਾਰਾ ਸੰਸਾਰ ਮੁਹੱਬਤੀ ਤੇ ਖ਼ੁਸ਼ਹਾਲ ਦਿਸੇਗਾ। ‘ਬਰਸਾਤ’ ਕਵਿਤਾ ਕਮਾਲ ਦੀ ਹੈ, ਜਿਸ ਵਿੱਚ ਇਨਸਾਨ ਨੂੰ ਬਰਸਾਤ ਦੀਆਂ ਬੂੰਦਾ ਦਾ ਆਨੰਦ ਮਾਣਦਿਆਂ ਫਖ਼ਰ ਮਹਿਸੂਸ ਕਰਨਾ ਚਾਹੀਦਾ ਹੈ। ‘ਨਵਾਂ ਦੌਰ’ ਕਵਿਤਾ ਆਧੁਨਿਕ ਯੁਗ ਦੀਆਂ ਚੰਗਿਆਈਆਂ ਅਤੇ ਬੁਰਾਈਆਂ ਦਾ ਪ੍ਰਤੀਕ ਹੈ। ਨਵੇਂ ਦੌਰ ਵਿੱਚ ਰਿਸ਼ਤੇ ਫਿੱਕੇ ਪੈ ਗਏ ਹਨ। ਖੁਦਗਰਜੀ ਭਾਰੂ ਹੋ ਗਈ ਹੈ। ‘ਝੂਠ ਦਾ ਬੋਲਬਾਲਾ’ ਕਵਿਤਾ ਵਿੱਚ ਦਰਸਾਇਆ ਹੈ ਕਿ ਸਮਾਜ ਵਿੱਚ ਲਾਲਚ, ਫਰੇਬ, ਧੋਖਾ, ਪੈਸਾ ਕਮਾਉਣਾ ਰਿਸ਼ਵਤ ਲੈਣੀ ਅਤੇ ਫਿਰ ਤੀਰਥ ਅਸਥਾਨਾ ਤੇ ਜਾ ਕੇ ਗ਼ਲਤੀਆਂ ਸੁਧਾਰਨ ਵਰਗੇ ਕੰਮ ਲੋਕਾਈ ਕਰ ਰਹੀ ਹੈ। ਇਨ੍ਹਾਂ ਗੱਲਾਂ ਦੀ ਥਾਂ ਸਚਾਈ ਦੇ ਮਾਰਗ ‘ਤੇ ਚਲਣਾ ਚਾਹੀਦਾ ਹੈ। ‘ਲੇਖ ਮੱਥੇ ਦੇ’ ਵਿੱਚ ਵੀ ਦੱਸਿਆ ਹੈ ਕਿ ਚੰਗੇ ਕੰਮ ਕਰਨੇ ਚਾਹੀਦੇ ਹਨ, ਬੁਰੇ ਕੰਮ ਕਰਕੇ ਇਬਾਦਤ ਕਰਨ ਨਾਲ ਲਾਭ ਨਹੀਂ ਮਿਲਣਾ। ‘ਚੋਰ ਚੋਰ’ ਕਵਿਤਾ ਵੀ ਦੱਸਦੀ ਹੈ ਕਿ ਹਰ ਇਨਸਾਨ ਗ਼ਲਤ ਢੰਗ ਵਰਤਕੇ ਪੈਸੇ ਕਮਾ ਰਿਹਾ ਹੈ। ਸਮਾਜ ਸਾਰਾ ਹੀ ਚੋਰ ਹੈ, ਵਿਖਾਵਾ ਹੋਰ ਕਰਦਾ ਹੈ ਪ੍ਰੰਤੂ ਉਸ ਦੇ ਅੰਦਰ ਚੋਰ ਹੈ। ਇਨਸਾਨ ਨੂੰ ਆਪਣੇ ਅੰਦਰਲੇ ਚੋਰ ਦੀ ਪਛਾਣ ਕਰਨੀ ਚਾਹੀਦੀ ਹੈ। ‘ਗੁੰਮ ਗਿਆ ਬੰਦਾ’  ‘ਮੇਰਾ ਭਾਰਤ ਮਹਾਨ’ ਅਤੇ ‘ਮੇਲੇ ‘ਚ ਇਕੱਲਾ’ ਤਿੰਨ ਕਵਿਤਾਵਾ ਬਹੁਤ ਮਹੱਤਵਪੂਰਨ ਹਨ, ਜਿਨ੍ਹਾਂ ਰਾਹੀਂ ਕਵਿਤਰੀ ਨੇ ਦੱਸਿਆ ਹੈ ਕਿ ਪਰਮਾਤਮਾ ਸਾਡੇ ਅੰਦਰ ਹੀ ਬਿਰਾਜਮਾਨ ਹੈ ਪ੍ਰੰਤੂ ਇਨਸਾਨ ਉਸਨੂੰ ਲੱਭਦਾ ਭਟਕਦਾ ਫਿਰਦਾ ਹੈ। ਭਾਰਤ ਵਿੱਚ ਹਰ ਤਰ੍ਹਾਂ ਦੀ ਵਸਤੂ ਹੈ ਪ੍ਰੰਤੂ ਮਨੁੱਖ ਉਸਦਾ ਆਨੰਦ ਮਾਨਣ ਦੀ ਥਾਂ ਹੋਰ ਉਤੇਜਨਾ ਵਧਾਈ ਜਾਂਦਾ ਹੈ। ‘ਸੱਚ’ ਕਵਿਤਾ ਵਿੱਚ ਵੀ ਪਰਮਾਤਮਾ ਦੀ ਸਚਾਈ ਦਾ ਵਰਣਨ ਕੀਤਾ ਹੈ। ਸੱਚਾ ਇਨਸਾਨ ਹਮੇਸ਼ਾ ਸਫਲ ਹੁੰਦਾ ਹੈ। ‘ਕਿਤਾਬ’ ਕਵਿਤਾ ਵਿੱਚ ਕਿਤਾਬ ਬਾਰੇ ਕਿਹਾ ਗਿਆਹੈ ਕਿ ਇਹ ਹਰ ਮਰਜ ਦੀ ਦੁਵਾ ਹੈ। ਹਰ ਇਨਸਾਨ ਨੂੰ ਆਪਣੇ ਆਪ ਨੂੰ ਪੜ੍ਹਾ ਦਿੰਦੀ ਹੈ। ‘ਨਸ਼ਾ’ ਨਾਸ਼ ਦੀ ਨਿਸ਼ਾਨੀ ਹੈ, ਇਨਸਾਨ ਨੂੰ ਇਸ ਤੋਂ ਬਚਕੇ ਰਹਿਣਾ ਚਾਹੀਦਾ ਹੈ। ਨਸ਼ੇੜੀ ਨੂੰ ਪੈਸੇ ਨਹੀਂ ਦੇਣੇ ਚਾਹੀਦੇ ਸਗੋਂ ਨਸ਼ਾ ਛਡਵਾਉਣ ਲਈ ਉਪਰਾਲੇ ਕਰੋ। ਪੰਜਾਬ ਨੂੰ ਨਸ਼ਿਆਂ ਨੇ ਤਬਾਹ ਕਰ ਦਿੱਤਾ ਹੈ। ‘ਪਿਆਰ’ ਅਤੇ ‘ਮੇਰੀ ਜੀਭ ਮੇਰੀ ਸਹੇਲੀ’ ਦੋਵੇਂ ਕਵਿਤਾਵਾਂ ਇਨਸਾਨ ਦੀ ਜ਼ਿੰਦਗੀ ਵਿੱਚ ਬਦਲਾਅ ਲਿਆ ਸਕਦੀਆਂ ਹਨ। ਜਿਹੋ ਜਿਹੀ ਜ਼ੁਬਾਨ ਨਾਲ ਇਨਸਾਨ ਦੂਜਿਆਂ ਨਾਲ ਵਿਵਹਾਰ ਕਰੇਗਾ, ਉਹੋ ਜਿਹਾ ਹੀ ਦੂਜੇ ਵਿਵਹਾਰ ਕਰਨਗੇ। ਇਸ ਲਈ ਪਿਆਰ ਮੁਹੱਬਤ ਦਾ ਸੰਦੇਸ਼ ਦੇਣਾ ਚਾਹੀਦਾ ਹੈ। ਸੁਨੀਤਾ ਸੱਭਰਵਾਲ ਦਾ ਤੋਂ ਹੋਰ ;ਾਰਥਿਕ ਕਵਿਤਾਂ ਲਿਖਣ ਦੀ ਆਸ ਕੀਤੀ ਜਾ ਸਕਦੀ ਹੈ।

90 ਪੰਨਿਆਂ, 280 ਰੁਪਏ ਕੀਮਤ, ਸਚਿਤਰ ਮੁੱਖ ਕਵਰ ਵਾਲਾ ਇਹ ਕਾਵਿ ਸੰਗ੍ਰਹਿ  ਜ਼ੌਹਰਾ ਪਬਲੀਕੇਸ਼ਨ ਪਟਿਆਲਾ (ਪੰਜਾਬ) ਨੇ ਪ੍ਰਕਾਸ਼ਤ ਕੀਤਾ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>