ਸਿੱਖ ਏਡ ਸਕਾਟਲੈਂਡ ਵੱਲੋਂ ਸਿਕਲੀਗਰ ਵਣਜਾਰੇ ਸਿੱਖਾਂ ਦੀ ਮਦਦ ਲਈ ਵਿਸ਼ਾਲ ਫੰਡ ਰੇਜਿੰਗ ਸਮਾਗਮ

Polish_20230313_212049657.resizedਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਕਹਿੰਦੇ ਹਨ ਕਿਸੇ ਨੂੰ ਪੈਸਾ ਦਾਨ ਦੇਣ ਦੀ ਬਜਾਏ ਉੱਤਮ ਦਾਨ ਵਿੱਦਿਆ ਦਾ ਦਾਨ ਦੇ ਦਿਉ। ਜਿਸ ਨੂੰ ਹਾਸਲ ਕਰਕੇ ਵਿੱਦਿਆ ਦਾਨ ਲੈਣ ਵਾਲਾ ਕਮਾਊ ਹੱਥ ਬਣ ਕੇ ਆਪਣੀਆਂ ਪੀੜ੍ਹੀਆਂ ਦੀ ਤਕਦੀਰ ਬਦਲ ਦੇਵੇਗਾ। ਇਸੇ ਕਥਨ ਨੂੰ ਅਸਲੀਅਤ ਵਿੱਚ ਬਦਲਣ ਲਈ ਸਕਾਟਲੈਂਡ ਦੀ ਵੱਕਾਰੀ ਸੰਸਥਾ ਸਿੱਖ ਏਡ ਸਕਾਟਲੈਂਡ 21 ਸਾਲਾਂ ਤੋਂ ਸਰਗਰਮੀ ਨਾਲ ਕਾਰਜ ਕਰਦੀ ਆ ਰਹੀ ਹੈ। ਸਮਾਜ ਸੇਵਾ ਦੇ 21 ਵਰ੍ਹਿਆਂ ਨੂੰ ਸਮਰਪਿਤ ਇੱਕ ਵਿਸ਼ਾਲ ਸਮਾਗਮ ਸਿੱਖ ਏਡ ਸਕਾਟਲੈਂਡ ਵੱਲੋਂ ਨਾਰਮੰਡੀ ਹੋਟਲ ਵਿਖੇ ਕਰਵਾਇਆ ਗਿਆ। ਜਿਸ ਵਿੱਚ ਡਿਨਰ ਬਹਾਨੇ ਰਲ ਮਿਲ ਬੈਠਣ, ਰੰਗਾਰੰਗ ਪ੍ਰੋਗਰਾਮ ਦਾ ਆਨੰਦ ਮਾਨਣ ਅਤੇ ਫੰਡ ਰੇਜਿੰਗ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਸਮਾਗਮ ਦਾ ਮੁੱਖ ਉਦੇਸ਼ ਮੱਧ ਪ੍ਰਦੇਸ਼ ਵਿਚ ਵਸਦੇ ਸਿਕਲੀਗਰ ਵਣਜਾਰੇ ਸਿੱਖ ਪਰਿਵਾਰਾਂ ਦਾ ਜੀਵਨ ਪੱਧਰ ਸੁਧਾਰਨ, ਉਹਨਾਂ ਦੇ ਬੱਚਿਆਂ ਲਈ 1000 ਬੱਚੇ ਦੀ ਸਮਰੱਥਾ ਵਾਲੇ ਸਕੂਲ ਦਾ ਨਿਰਮਾਣ ਕਰਨਾ ਸੀ। ਸਮਾਗਮ ਦੀ ਸ਼ੁਰੂਆਤ ਪੰਜਾਬੀਆਂ ਦੇ ਸਾਜ ਢੋਲ ਅਤੇ ਸਕਾਟਿਸ਼ ਰਵਾਇਤੀ ਸਾਜ ਬੈਗਪਾਈਪਰ ਦੇ ਸੁਮੇਲ ਨਾਲ ਹੋਈ। ਮੰਚ ਸੰਚਾਲਕ ਵਜੋਂ ਜਿੰਮੇਵਾਰੀ ਸਾਂਭਦਿਆਂ ਮਨਦੀਪ ਖੁਰਮੀ ਹਿੰਮਤਪੁਰਾ ਅਤੇ ਰੂਪਾ ਮੁੱਕਰ ਵੱਲੋਂ ਸਿੱਖ ਏਡ ਸਕਾਟਲੈਂਡ ਦੇ ਮੁੱਖ ਸੇਵਾਦਾਰ ਸੁਲੱਖਣ ਸਿੰਘ ਸਮਰਾ ਨੂੰ ਸੱਦਾ ਦਿੱਤਾ ਤਾਂ ਕਿ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ ਜਾ ਸਕੇ।Polish_20230313_212339838.resized ਇਸ ਉਪਰੰਤ ਡਾ. ਸਤਬੀਰ ਕੌਰ ਗਿੱਲ ਵੱਲੋਂ ਪ੍ਰੈਜੈਂਟੇਸ਼ਨ ਰਾਹੀਂ ਸੰਸਥਾ ਵੱਲੋਂ ਕੀਤੇ ਕੰਮਾਂ ਬਾਰੇ ਦੱਸਿਆ ਗਿਆ। ਸਮਾਗਮ ਵਿੱਚ ਸਾਹਿਤਕ ਅਤੇ ਸੱਭਿਆਚਾਰਿਕ ਰੰਗ ਭਰਦਿਆਂ ਸ਼ਾਇਰ ਲਾਭ ਗਿੱਲ ਦੋਦਾ ਵੱਲੋਂ ਆਪਣੀ ਨਜ਼ਮ “ਸਿੰਘੋ ਵਣਜਾਰਿਓ” ਰਾਹੀਂ ਹਾਜ਼ਰੀ ਭਰੀ ਗਈ ਉੱਥੇ ਸਕਾਟਲੈਂਡ ਦੇ ਪ੍ਰਸਿੱਧ ਗਿੱਧਾ ਗਰੁੱਪ “ਮਹਿਕ ਪੰਜਾਬ ਦੀ” ਵੱਲੋਂ ਗਿੱਧੇ ਦੀ ਬਿਹਤਰੀਨ ਪੇਸ਼ਕਾਰੀ ਰਾਹੀਂ ਖ਼ੂਬ ਤਾੜੀਆਂ ਬਟੋਰੀਆਂ ਗਈਆਂ। ਇਸ ਉਪਰੰਤ ਸੰਸਥਾ ਲਈ ਦਾਨ ਰਾਸ਼ੀ ਇਕੱਤਰ ਕਰਨ ਲਈ ਜ਼ਰੂਰੀ ਅਤੇ ਵਰਤੋਂ ਯੋਗ ਵਸਤਾਂ ਦੀ ਨਿਲਾਮੀ ਕੀਤੀ ਗਈ। ਜਿਸ ਦੌਰਾਨ ਭਾਈਚਾਰੇ ਦੇ ਲੋਕਾਂ ਵੱਲੋਂ ਉਤਸ਼ਾਹ ਪੂਰਵਕ ਹਿੱਸਾ ਲੈਂਦਿਆਂ ਬੋਲੀ ਲਗਾ ਕੇ ਦਾਨ ਰਾਸ਼ੀ ਇਕੱਤਰ ਕੀਤੀ। ਯੂਕੇ ਦੇ ਜੰਮਪਲ ਬਾਲ ਗਾਇਕ ਹਿੰਮਤ ਖੁਰਮੀ ਵੱਲੋਂ ਆਪਣਾ ਗੀਤ “ਮੇਰੀ ਮਾਂ ਬੋਲੀ” ਗਾ ਕੇ ਬੱਚਿਆਂ ਨੂੰ ਮਾਂ ਬੋਲੀ ਦੇ ਲੜ ਲਾਉਣ ਦਾ ਸੁਨੇਹਾ ਦਿੱਤਾ। ਜਿੰਨੀ ਦੇਰ ਗੀਤ ਚੱਲਦਾ ਰਿਹਾ, ਪੂਰੇ ਹਾਲ ਵਿੱਚ ਤਾੜੀਆਂ ਦੀ ਗੜਗੜਾਹਟ ਤੋਂ ਬਿਨਾਂ ਹੋਰ ਕੁਝ ਵੀ ਸੁਣਾਈ ਨਹੀਂ ਦੇ ਰਿਹਾ ਸੀ। ਇਸ ਸਮੇਂ ਗੁਰਦੀਪ ਸਿੰਘ ਸਮਰਾ ਵੱਲੋਂ ਲਿਖੀ ਦੋ ਪਾਤਰੀ ਦਸਤਾਵੇਜ਼ੀ ਫਿਲਮ ਨੂੰ ਬੱਲੀ ਬਲਜੀਤ ਅਤੇ ਮਨਦੀਪ ਖੁਰਮੀ ਦੇ ਨਿਰਦੇਸ਼ਨ ਹੇਠ ਤਿਆਰ ਕਰਕੇ ਦਿਖਾਇਆ ਗਿਆ। ਹਾਜ਼ਰੀਨ ਵੱਲੋਂ ਕੇਵਲ ਕਰਾਂਤੀ ਅਤੇ ਜੀਵਨ ਰਾਹੀ ਦੀ ਅਦਾਕਾਰੀ ਨੂੰ ਖ਼ੂਬ ਸਰਾਹਿਆ ਗਿਆ। ਬਹੁਤ ਹੀ ਭਾਵੁਕ ਤਕਰੀਰ ਕਰਦਿਆਂ ਗੁਰਦੀਪ ਸਿੰਘ ਸਮਰਾ ਨੇ ਸਿਕਲੀਗਰ ਵਣਜਾਰੇ ਸਿੱਖਾਂ ਦੀ ਗਰੀਬੀ, ਉਹਨਾਂ ਦੇ ਰਹਿਣ ਸਹਿਣ ਅਤੇ ਬੱਚਿਆਂ ਦੇ ਪੜ੍ਹਾਈ ਤੋਂ ਵਾਂਝੇ ਰਹਿਣ ਦੀ ਦਰਦਮਈ ਗਾਥਾ ਨੂੰ ਆਪਣਾ ਸ਼ਬਦਾਂ ਰਾਹੀਂ ਬਿਆਨ ਕੀਤਾ ਤਾਂ ਸੰਗਤਾਂ ਵੱਲੋਂ ਖੁੱਲ੍ਹੇ ਦਿਲ ਨਾਲ ਦਸਵੰਧ ਭੇਂਟ ਕਰਨ ਦੀ ਹੱਦ ਤੋੜ ਦਿੱਤੀ ਤੇ ਲਗਭਗ 50 ਹਜ਼ਾਰ ਪੌਂਡ ਦੀ ਰਾਸ਼ੀ ਸਿਕਲੀਗਰ ਸਿੱਖ ਬੱਚਿਆਂ ਲਈ ਬਣਾਏ ਜਾਣ ਵਾਲੇ ਸਕੂਲ ਲਈ ਇਕੱਠੀ ਹੋ ਗਈ। ਇਸ ਸਮੇਂ ਹਰਸਿਮਰ ਕੌਰ ਹਾਰਾ ਨੇ ਅੰਗਰੇਜ਼ੀ ਵਿੱਚ ਭਾਸ਼ਣ ਦੇ ਕੇ ਆਪਣੇ ਹਾਣੀ ਮੁੰਡੇ ਕੁੜੀਆਂ ਨੂੰ ਚੰਗੇ ਕੰਮਾਂ ਨਾਲ ਜੁੜਨ ਲਈ ਬੇਨਤੀ ਕੀਤੀ।

ਸਮਾਗਮ ਦੇ ਸਮਾਪਤੀ ਵੱਲ ਜਾਣ ਤੋਂ ਪਹਿਲਾਂ ਪ੍ਰਸਿੱਧ ਹਾਸ-ਰਸ ਕਲਾਕਾਰ ਰੇਅ ਆਫ ਸਨਸ਼ਾਈਨ ਅਤੇ ਟੀਜੇ ਸਿੰਘ ਵੱਲੋਂ ਹਾਜ਼ਰੀਨ ਦੇ ਬੁੱਲਾਂ ‘ਤੇ ਮੁਸਕਰਾਹਟ ਲਿਆਉਣ ਦੀ ਸਫਲ ਕੋਸ਼ਿਸ਼ ਕੀਤੀ। ਰੈਫਲ ਪ੍ਰਾਈਜਜ਼ ਦੇ ਦੌਰ ਉਪਰੰਤ ਸੰਸਥਾ ਦੇ ਜ਼ਿੰਮੇਵਾਰ ਆਗੂ ਡਾ. ਇੰਦਰਜੀਤ ਸਿੰਘ ਵੱਲੋਂ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ ਹਰ ਸਖਸ਼ ਦਾ ਧੰਨਵਾਦ ਕਰਨ ਦੇ ਨਾਲ ਦਾਨੀ ਸੱਜਣਾਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>