ਡਾ.ਸ਼ਿਆਮ ਸੁੰਦਰ ਦੀਪਤੀ ਦੀ ਪੁਸਤਕ ‘ਇਕ ਭਰਿਆ-ਪੂਰਾ ਦਿਨ’ ਪ੍ਰੇਰਨਾਦਾਇਕ ਸਵੈ- ਜੀਵਨੀ – ਉਜਾਗਰ ਸਿੰਘ

IMG_0413.resizedਡਾ.ਸ਼ਿਆਮ ਸੁੰਦਰ ਦੀਪਤੀ ਸਿਹਤ ਸੰਬੰਧੀ ਲਿਖਣ ਵਾਲਾ ਸਰਵੋਤਮ ਲੇਖਕ ਹੈ। ਉਨ੍ਹਾਂ ਦੇ ਇਨਸਾਨੀ ਸਿਹਤ ਨਾਲ ਸੰਬੰਧਤ ਬੀਮਾਰੀਆਂ ਬਾਰੇ ਲੇਖ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਹੁੰਦੇ ਰਹਿੰਦੇ ਹਨ। ਇਸ ਪੁਸਤਕ ਵਿੱਚ ਉਸ ਦੇ 18 ਲੇਖ ਹਨ। ਇਹ ਪੁਸਤਕ ਡਾ.ਸ਼ਿਆਮ ਸੁੰਦਰ ਦੀਪਤੀ ਦੀ ਸਵੈਜੀਵਨੀ ਹੈ ਪ੍ਰੰਤੂ ਉਸ ਨੇ ਆਪਣੀ ਇਸ ਸਵੈਜੀਵਨੀ ਨੂੰ ਲੋਕਾਈ ਲਈ ਪ੍ਰੇਰਨਾਦਾਇਕ ਬਣਾ ਦਿੱਤਾ ਹੈ। ਸਵੇਰ ਤੋਂ ਸ਼ਾਮ ਤੱਕ ਜ਼ਿੰਦਗੀ ਜਿਓਣ ਦਾ ਢੰਗ ਦੱਸਿਆ ਹੈ। ਉਸ ਨੇ ਇਨਸਾਨਾ ਨੂੰ ਲੱਗਣ ਵਾਲੀਆਂ ਬਿਮਾਰੀਆਂ ਨਾਲ ਕਿਸ ਪ੍ਰਕਾਰ ਨਿਪਟਣਾ ਚਾਹੀਦਾ ਹੈ, ਕੀ ਪ੍ਰਹੇਜ ਕਰਨਾ ਚਾਹੀਦਾ ਹੈ, ਉਸ ਦੀ ਜਾਣਕਾਰੀ ਦਿੱਤੀ ਹੈ। ਉਹ ਇਲਾਜ਼ ਨਾਲੋਂ ਪ੍ਰਹੇਜ਼ ਜ਼ਰੂਰੀ ਸਮਝਦਾ ਹੈ। ਉਨ੍ਹਾਂ ਨੇ ਸਮਾਜਿਕ ਤਾਣੇ ਬਾਣੇ ਵਿੱਚ ਵਿਚਰਦਿਆਂ ਇਨ੍ਹਾਂ ਬਿਮਾਰੀਆਂ ਬਾਰੇ ਦਿੱਤੇ ਨੁਸਖਿਆਂ ਜਿਵੇਂ ਯੋਗਾ, ਐਕੂਪ੍ਰੇਸ਼ਰ, ਵਹਿਮ ਭਰਮ ਆਦਿ ਅਤੇ ਲੋਕਾਂ ਵੱਲੋਂ ਦਿੱਤੇ ਜਾਂਦੇ ਸੁਝਾਵਾਂ ਨੂੰ ਵਿਗਿਆਨਕ ਦਿ੍ਰਸ਼ਟੀ ਨਾਲ ਦੱਸਿਆ ਹੈ ਕਿ ਉਹ ਕਿਸ ਵਜ੍ਹਾ ਕਰਕੇ ਲਾਭਦਾਇਕ ਹੁੰਦੇ ਹਨ। ਸਰੀਰ ਨੂੰ 10 ਮਿੰਟ ਢਿੱਲਾ ਰੱਖਣ ਨਾਲ ਬਹੁਤ ਬਿਮਾਰੀਆਂ ਤੋਂ ਖਹਿੜਾ ਛੁਟ ਸਕਦਾ ਹੈ। ਇਸ ਆਸਣ ਨੂੰ ਉਨ੍ਹਾਂ ‘ਸਮਾਈÇਲੰਗ ਆਸਣ’ ਕਿਹਾ ਹੈ। ਡਾ. ਸ਼ਿਆਮ ਸੁੰਦਰ ਦੀਪਤੀ ਦੀ ਜ਼ਿੰਦਗੀ ਦਾ ਆਮ ਲੋਕਾਂ ਲਈ ਪ੍ਰੇਰਣਾਦਾਇਕ ਹੋਣ ਦੇ ਮੁੱਖ ਕਾਰਨ ਉਨ੍ਹਾਂ ਦੀ ਜ਼ਿੰਦਗੀ ਦੀਆਂ ਸੁਖਾਵੀਆਂ ਅਤੇ ਅਣਸੁਖਾਵੀਆਂ ਘਟਨਾਵਾਂ ਹਨ, ਜਿਨ੍ਹਾਂ ਨੂੰ ਪੜ੍ਹਕੇ ਪਾਠਕ ਆਪਣੇ ਜੀਵਨ ਵਿੱਚ ਲਾਗੂ ਕਰ ਸਕਦਾ ਹੈ। ਕਹਿਣ ਤੋਂ ਭਾਵ ਉਨ੍ਹਾਂ ਦੀ ਸਮੁੱਚੀ ਜ਼ਿੰਦਗੀ ਜਦੋਜਹਿਦ ਵਾਲੀ ਹੈ। ਉਨ੍ਹਾਂ ਨੇ ਕਿਸੇ ਵੀ ਮੁਸੀਬਤ ਨੂੰ ਬੜੀ ਦਲੇਰੀ ਨਾਲ ਨਜਿਠਿਆ ਹੈ। ਕਿਸੇ ਵੀ ਉਲਝਣ ਨੂੰ ਚਿੰਤਾ ਦਾ ਵਿਸ਼ਾ ਨਹੀਂ ਬਣਨ ਦਿੱਤਾ। ਸ਼ੂਗਰ ਦੀ ਬਿਮਾਰੀ ਨੇ ਜਵਾਨੀ ਵਿੱਚ ਹੀ ਦਸਤਕ ਦੇ ਦਿੱਤੀ ਸੀ ਪ੍ਰੰਤੂ ਉਨ੍ਹਾਂ ਸਹਿਜਤਾ ਨਾਲ ਇਸ ਨੂੰ ਲੈਂਦੇ ਹੋਏ ਆਪਣੀਆਂ ਸ਼ਰਤਾਂ ‘ਤੇ ਜੀਵਨ ਬਸਰ ਕੀਤਾ ਹੈ। ਪਹਿਲਾਂ ਪੈਰ ਦੀਆਂ ਦੋ ਉਂਗਲਾਂ ਕੱਟਣੀਆਂ ਪਈਆਂ, ਫਿਰ ਪੈਰ ਹੀ ਕਟਣਾ ਪਿਆ। ਇਕ ਐਕਸੀਡੈਂਟ ਤੋਂ ਬਾਅਦ ਲੱਤ ਹੀ ਕੱਟਣੀ ਪੈ ਗਈ ਪ੍ਰੰਤੂ ਹੁਣ ਤੱਕ ਦੀ ਸਾਰੀ ਉਮਰ ਉਹ ਸਮਾਜਿਕ ਅਤੇ ਸਾਹਿਤਕ ਤੌਰ ‘ਤੇ ਪੂਰੀ ਤਰ੍ਹਾ ਸਰਗਰਮ ਹਨ। ਆਪਣੇ ਆਪ ਨੂੰ ਅੰਗਹੀਣ ਕਦੀ ਵੀ ਨਹੀਂ ਸਮਝਿਆ ਅਤੇ ਨਾ ਹੀ ਆਪਣੀ ਬਿਮਾਰੀ ਦੇ ਗੋਗੇ ਗਾਏ ਹਨ। ਆਪਣੀਆਂ ਸ਼ਰਤਾਂ ‘ਤੇ ਜੀਵਨ ਬਸਰ ਕੀਤਾ ਹੈ। ਆਮ ਇਨਸਾਨ ਲਈ ਇਹ ਸਾਰੀਆਂ ਗੱਲਾਂ ਪੱਲੇ ਬੰਨ੍ਹਣ ਵਾਲੀਆਂ ਹਨ। ਉਨ੍ਹਾਂ ਦੀ ਪੁਸਤਕ ਦਾ ਪਹਿਲਾ ਹੀ ਲੇਖ ‘ਗੁਲਾਬੀ ਫੁੱਲਾਂ ਵਾਲੇ ਕੱਪਾਂ ਵਿੱਚ ਫਿਕੀ ਚਾਹ’ ਵਿੱਚ ਸ਼ੂਗਰ ਦੀ ਬਿਮਾਰੀ ਤੋਂ ਕਿਸ ਪ੍ਰਕਾਰ ਬਚਿਆ ਜਾ ਸਕਦਾ ਹੈ, ਬਾਰੇ ਜਾਣਕਾਰੀ ਦਿੱਤੀ ਹੈ। ਵੈਸੇ ਉਹ ਇਸ ਬਿਮਾਰੀ ਬਾਰੇ ਜਾਣਕਾਰੀ ਲਗਾਤਾਰ ਲੇਖਾਂ ਵਿੱਚ ਦਿੰਦੇ ਰਹਿੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਆਪਣੇ ਪ੍ਰੇਮ ਵਿਆਹ ਬਾਰੇ ਬਾਖ਼ੂਬੀ ਨਾਲ ਲਿਖਦਿਆਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਪਿਆਰ ਬਿਨ ਦੱਸਿਆਂ ਹੀ ਹੋ ਜਾਂਦਾ ਹੈ। ਪਿਆਰ ਵਿਆਹ ਦੀ ਸਫਲਤਾ ਦੇ ਗੁਰ ਵੀ ਸਾਧਾਰਨ ਸ਼ਬਦਾਵਲੀ ਵਿੱਚ ਦੱਸੇ ਹਨ। ਦੂਜੇ ਲੇਖ ‘ਥਰਕਣਾ (ਵਾਇਬ੍ਰੇਟ) ਜ਼ਿੰਦਗੀ ਦਾ ਦੂਜਾ ਨਾਂ ਹੈ’ ਵਿੱਚ ਦੱਸਿਆ ਹੈ ਕਿ ਬਿਮਾਰੀਆਂ ਇਨਸਾਨ ਨੂੰ ਹੁੰਦੀਆਂ ਰਹਿੰਦੀਆਂ ਹਨ ਪ੍ਰੰਤੂ ਉਨ੍ਹਾਂ ਦਾ ਮੁਕਾਬਲਾ ਦਲੇਰੀ ਅਤੇ ਇਤਿਹਾਤ ਨਾਲ ਕਰਨਾ ਚਾਹੀਦਾ ਹੈ। ਉਨ੍ਹਾਂ ਆਪਣੀ ਗੈਂਰੀਨ ਵਰਗੀ ਘਾਤਕ ਬਿਮਾਰੀ ਦਾ ਮੁਕਾਬਲਾ ਕੀਤਾ ਹੈ। ਤੀਜਾ ਲੇਖ ‘ਜਨਮ ਦਿਨ ਜ਼ਿੰਦਗੀ ਦੇ ਅਹਿਸਾਸ ਜਗਾਵੇ’ ਵਿੱਚ ਲਿਖਿਆ ਹੈ ਕਿ ਜ਼ਿੰਦਗੀ ਦਾ ਰੋਟੀਨ ਤੋੜਨਾ ਨਹੀਂ ਚਾਹੀਦਾ, ਇਸ ਨਾਲ ਜ਼ਿੰਦਗੀ ਵਿੱਚ ਰਵਾਨਗੀ ਬਣੀ ਰਹਿੰਦੀ ਹੈ ਪ੍ਰੰਤੂ ਸਮੇਂ ਦੀ ਤਬਦੀਲੀ ਨਾਲ ਕੁਝ ਬਦਲਣਾ ਪੈ ਜਾਂਦਾ ਹੈ। ਦੋਸਤਾਂ-ਮਿੱਤਰਾਂ ਨੂੰ ਮਿਲਣ ਗਿਲਣ ਨਾਲ ਖ਼ੁਸ਼ੀ ਮਿਲਦੀ ਹੈ। ਵਹਿਮਾ ਭਰਮਾ ਵਿੱਚ ਨਹੀਂ ਪੈਣਾ ਚਾਹੀਦਾ। ਖੱਬੇ ਪੱਖੀ ਵਿਚਾਰਧਾਰਾ ਨੂੰ ਉਹ ਸਾਰਥਿਕ ਮੰਨਦੇ ਹਨ। ਉਲੂ ਰਾਹੀਂ ਸੰਕੇਤਕ ਤੌਰ ‘ਤੇ ਸਮਾਜ ਵਿੱਚ ਵਾਪਰ ਰਹੀਆਂ ਮਾੜੀਆਂ ਘਟਨਾਵਾਂ ਦੀ ਨਿੰਦਿਆ ਕਰਦੇ ਹਨ। ‘ਜੀਵਨ ਦੇ ਮਕਸਦ ਨੂੰ ਸ਼ਪਸ਼ਟ ਕਰਦਾ ਹੈ-ਲਿਖਣਾ’ ਵਿੱਚ ਲੇਖਕ ਦਸਦੇ ਹਨ ਕਿ ਉਨ੍ਹਾਂ ਕਵਿਤਾ, ਕਹਾਣੀ, ਨਾਟਕ ਅਤੇ ਵਾਰਤਕ ਲਿਖੀ ਹੈ। ਲਿਖਣ ਨਾਲ ਮਾਨਸਿਕ ਸੰਤੁਸ਼ਟੀ ਮਿਲਦੀ ਹੈ। ਕਰੋਨਾ ਸਮੇਂ ਦੀ ਉਦਾਹਰਨ ਲਿਖ ਕੇ ਦੱਸਿਆ ਹੈ ਕਿ ਲੋਕਾਂ ਨੂੰ ਵੀ ਲਿਖਣ ਦਾ ਲਾਭ ਹੁੰਦਾ ਹੈ। ਉਨ੍ਹਾਂ ਆਪਣੀਆਂ ਪੁਸਤਕਾਂ ਲਿਖਣ ਦੇ ਕਾਰਨ ਵੀ ਦੱਸੇ ਹਨ। ‘ਬਿਮਾਰੀ ਨੂੰ ਨਹੀਂ, ਸਿਹਤ ਨੂੰ ਚੁਣਨਾ’ ਲੇਖ ਵਿੱਚ ਡਾ.ਦੀਪਤੀ ਨੇ ਦੱਸਿਆ ਹੈ ਕਿ ਬਿਮਾਰੀ ਨਾਲੋਂ ਸਿਹਤ ਦਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਬਿਮਾਰੀ ਠੀਕ ਹੋ ਜਾਂਦੀ ਹੈ। ਬੀਮਾਰ ਆਪਣੇ ਆਪ ਨੂੰ ਤਰਸ ਦਾ ਪਾਤਰ ਨਾ ਬਣਾਵੇ। ਦੋਸਤ ਰੂਹ ਦੀ ਖ਼ੁਰਾਕ ਹੁੰਦੇ ਹਨ। ‘ਦਰਦ ਨੂੰ ਚੇਤੇ ਰੱਖਣਾ, ਸਿਆਣਪ ਨਹੀਂ’ ਇਸ ਲੇਖ ਵਿੱਚ ਉਨ੍ਹਾਂ ਨਤੀਜਾ ਕੱਢਿਆ ਹੈ ਕਿ ਦਰਦ ਨੂੰ ਯਾਦ ਰੱਖਣ ਦੀ ਥਾਂ ਸਿਖਿਆ ਹੈ ਕਿ ‘ਪੀਸ ਵਿਧ ਸੈਲਫ’। ਉਨ੍ਹਾਂ ਜ਼ਿੰਦਗੀ ਵਿੱਚ ਅਨੇਕਾਂ ਸਿਹਤ ਸੰਬੰਧੀ ਸਮੱਸਿਆਵਾਂ ਝੇਲੀਆਂ ਹਨ ਪ੍ਰੰਤੂ ਬਿਮਾਰੀਆਂ ਦਾ ਮੁਕਾਬਲਾ ਕਰਨ ਲਈ ਹੌਸਲਾ ਅਤੇ ਸ਼ਾਂਤੀ ਬਹੁਤ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਹੈ ਇਸ ਕਿੱਤੇ ਵਿੱਚ ਭਰਿਸ਼ਟਾਚਾਰ ਭਾਰੂ ਹੋ ਗਿਆ ਹੈ। ‘ਸਿਹਤ-ਸਮਾਜ ਦੀ ਸਮਝ ਤੋਂ ਬਿਨਾ ਅਧੂਰੀ’ ਸਮਾਜ ਤੁਹਾਡੇ ਬਾਰੇ ਕੀ ਸੋਚਦਾ ਤੇ ਕਹਿੰਦਾ ਹੈ, ਇਸ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਪ੍ਰੰਤੂ ਉਨ੍ਹਾਂ ਦਾ ਪ੍ਰਤੀਕਰਮ ਦੇਣਾ ਵੀ ਠੀਕ ਨਹੀਂ। ਇਸ ਚੈਪਟਰ ਵਿੱਚ ਲੇਖਕ ਦੀ ਮੈਡੀਕਲ ਅਤੇ ਹੋਰ ਪੜ੍ਹਾਈ ਅਤੇ ਉਸ ਦੇ ਰਾਹ ਵਿੱਚ ਆਉਣ ਵਾਲੀਆਂ ਔਕੜਾਂ ਦਾ ਜ਼ਿਕਰ ਵੀ ਕੀਤਾ ਹੈ। ‘ਸਾਹਾਂ ਵਿੱਚ ਭਰੋਸਾ ਨਹੀਂ, ਭਰੋਸੇ ਵਿੱਚ ਸਾਹ’ ਚੈਪਟਰ ਵਿੱਚ ਲੇਖਕ ਨੇ ਦੱਸਿਆ ਹੈ ਕਿ ਬਿਮਾਰੀ ਤੋਂ ਡਰਨਾ ਨਹੀਂ ਚਾਹੀਦਾ, ਕੋਈ ਨਿਸ਼ਾਨਾ ਨਿਸਚਤ ਕਰ ਲਓ, ਫਿਰ ਜ਼ਿੰਦਗੀ ਜਿਓਣ ਵਿੱਚ ਮੁਸ਼ਕਲ ਨਹੀਂ ਆਵੇਗੀ, ਦਿਮਾਗ ਤੇ ਬੋਝ ਪਾਉਣਾ ਬਿਮਾਰੀ ਨੂੰ ਵਧਾਉਣਾ ਹੁੰਦਾ ਹੈ। ਕਿਸੇ ਨਾਲ ਬਿਮਾਰੀ ਸਾਂਝੀ ਕਰਨ ਦੀ ਲੋੜ ਨਹੀਂ ਲੋਕ ਗ਼ੈਰ ਵਿਗਿਆਨਕ ਸਲਾਹਾਂ ਦਿੰਦੇ ਹਨ। ਡਰ ਅਤੇ ਗਿਆਨ ਇਕੱਠੇ ਨਹੀਂ ਰਹਿ ਸਕਦੇ। ‘ਸਾਥ, ਵਿਸਵਾਸ਼, ਅਹਿਸਾਸ-ਤੁਰਦੇ ਰਹਿਣ ਦੇ ਸਬੱਬ’ ਲੇਖ ਵਿੱਚ ਡਾ. ਦੀਪਤੀ ਨੇ ਦੱਸਿਆ ਹੈ ਕਿ ਸੁਹਾਵਣੀ ਜ਼ਿੰਦਗੀ ਜਿਉਣ ਲਈ  ਸੰਤੁਸ਼ਟੀ ਬਹੁਤ ਜ਼ਰੂਰੀ ਹੈ। ਜੋ ਮਿਲ ਗਿਆ ਉਸ ‘ਤੇ ਸਬਰ ਕਰੋ। ਫਿਰ ਤੁਸੀਂ ਆਪਣੀ ਮਰਜ਼ੀ ਨਾਲ ਸਾਹਿਤਕ ਸਰਗਰਮੀ ਕਰ ਸਕਦੇ ਹੋ। ਮੈਡੀਕਲ ਕਿੱਤੇ ਵਿੱਚ ਲਾਲਚ ਭਾਰੂ ਹੋ ਗਿਆ ਹੈ। ‘ਦੂਸਰਿਆਂ ਪ੍ਰਤੀ ਫ਼ਿਕਰਮੰਦੀ, ਖ਼ੁਸ਼ੀ ਦੇ ਸੋਮੇ’ ਲੇਖ ਐਤਵਾਰ ਦੀਆਂ ਸਰਗਰਮੀਆਂ ਬਾਰੇ ਹੈ, ਜਿਸ ਵਿੱਚ ਸਕਾਊਟ, ਐਨ.ਐਸ.ਐਸ., ਭਾਰਤ ਗਿਆਨ ਵਿਗਿਆਨ ਸੰਮਤੀ, ਅੰਮਿ੍ਰਤਸਰ ਸਾਇੰਟਿਫਿਕ ਅਵੇਅਰਨੈਸ ਗਰੁਪ, ਸਾਥੀ ਸੰਸਥਾ, ਤਰਕਸ਼ੀਲ ਸੋਸਾਇਟੀ ਅਤੇ ਮਿੰਨੀ ਕਹਾਣੀ ਮੰਚ ਆਦਿ ਸ਼ਾਮਲ ਹਨ। ਉਨ੍ਹਾਂ ਇਹ ਵੀ ਲਿਖਿਆ ਹੈ ਕਿ ਇਨਸਾਨ ਨੂੰ ਉਸਾਰੂ ਸੋਚ ਵਾਲਾ ਰਹਿਣਾ ਚਾਹੀਦਾ ਹੈ। ਉਸ ਨੂੰ ਜ਼ਿੰਦਗੀ ਵਿੱਚ ਕਈ ਹਾਦਸੇ ਹੋਏ। ਹਰ ਹਾਲਾਤ ਵਿੱਚ ਅਡਜਸਟ ਕਰਨਾ ਚਾਹੀਦਾ ਹੈ। ‘ਜਿੰਦਗੀ ਛੁੱਟੀ ਤੇ ਨਹੀਂ ਜਾਂਦੀ’ ਵਿੱਚ ਦੱਸਿਆ ਹੈ ਕਿ ਸਮਾਂ ਬਤੀਤ ਕਰਨ ਦੀ ਵਿਉਂਤਬੰਦੀ ਕਰਨੀ ਚਾਹੀਦੀ ਹੈ।  ਟਿਕ ਕੇ ਨਾ ਬੈਠੋ ਕੋਈ ਸਰਗਰਮੀ ਕਰਦੇ ਰਹੋ ਜਿਵੇਂ, ਨਸ਼ਿਆਂ ਸੰਬੰਧੀ ਅਧਿਆਪਕਾਂ ਨੂੰ ਸਿਖਿਆ ਦਿੱਤੀ, ਪਿੰਗਲਵਾੜੇ ਨਾਲ ਜੁੜੇ, ਸਮਾਜਿਕ ਸਰੋਕਾਰਾਂ ‘ਤੇ ਪੁਸਤਕਾਂ ਪ੍ਰਕਾਸ਼ਤ ਕਰਵਾਈਆਂ ਆਦਿ। ‘ਜ਼ਿੰਦਗੀ ਦੀ ਰਵਾਨਗੀ ਲਈ, ਖਾਣ-ਪੀਣ ਦੀ ਚੋਣ’ ਵਿਸ਼ੇ ਵਾਲੇ ਲੇਖ ਵਿੱਚ ਦੱਸਿਆ ਕਿ  ਸ਼ੂਗਰ ਰੋਗ ਹੋਣ ਕਰਕੇ ਖਾਣ-ਪੀਣ ਦੀ ਤਰਤੀਬ ਬਣਾਉਣੀ ਜ਼ਰੂਰੀ ਹੁੰਦੀ ਹੈ, ਇਸ ਲਈ ਉਹ ਦੁਪਹਿਰ ਦੀ ਰੋਟੀ ਨਹੀਂ ਖਾਂਦੇ ਪ੍ਰੰਤੂ ਸਲਾਦ, ਦਹੀਂ ਅਤੇ ਸਬਜ਼ੀ ਖਾਂਦਾ ਹਾਂ, ਮਰੀਜ਼ਾਂ ਨੂੰ ਵੀ ਇੰਜ ਹੀ ਕਰਨਾ ਚਾਹੀਦਾ। ਭਾਰ ਵੀ ਘੱਟ ਰੱਖਣਾ ਚਾਹੀਦਾ। ‘ ਸਾਹਿਤ ਵਿੱਚ ਮੌਤ ਨੂੰ ਪਛਾੜਨ ਦੀ ਤਾਕਤ’ ਵਿੱਚ ਸਾਹਿਤ ਨੂੰ ਇਨਸਾਨ ਦੀ ਜਿੰਦ ਜਾਨ ਸਮਝਦਾ ਹੈ, ਜਿਸ ਕਰਕੇ ਇਨਸਾਨ ਰੁਝਿਆ ਰਹਿੰਦਾ ਹੈ। ਉਦਾਸੀ ਦੂਰ ਕਰਨ ਲਈ ਸਾਹਿਤ ਪੜ੍ਹੋ। ਸਾਹਿਤ ਦਾ ਰਿਸ਼ਤਾ ਮਨੁੱਖੀ ਤਰੰਗਾਂ ਨਾਲ ਹੈ। ਜੇਕਰ ਇਨਸਾਨ ਸੰਤੁਸ਼ਟ ਹੈ ਤਾਂ ਬਿਮਾਰੀ ਦਾ ਮੁਕਾਬਲਾ ਕਰਨਾ ਅਸਾਨ ਹੈ। ਸਾਹਿਤ ਜ਼ਿੰਦਗੀ ਦਾ ਰਾਹ ਦਸੇਰਾ ਹੁੰਦਾ ਹੈ।  ‘ਜ਼ਿੰਦਗੀ ਦਾ ਸਲੀਕਾ-ਵਿਗਿਆਨ ਦਾ ਪੱਲਾ ਫੜਣਾ’ ਵਿੱਚ ਦੱਸਿਆ ਹੈ ਕਿ ਬਿਮਾਰੀ ਦਾ ਡਰ ਰੋਗ ਵਧਾਉਂਦਾ ਹੈ। ਲਾਪ੍ਰਵਾਹ ਨਹੀਂ ਹੋਣਾ, ਕੇਅਰ ਫ੍ਰੀ ਹੋਵੋ, ਬੇਪ੍ਰਵਾਹ। ਕਿਸੇ ਦੀ ਮਦਦ ਕਰਕੇ ਖ਼ੁਸ਼ੀ ਪ੍ਰਾਪਤ ਕਰੋ। ਲੋਕਾਂ ਨੂੰ ਮੈਡੀਕਲ ਮਾਹੌਲ ਵਿੱਚ ਡਾਕਟਰਾਂ ‘ਤੇ ਵਿਸ਼ਵਾਸ਼ ਨਹੀਂ ਰਿਹਾ। ‘ਜ਼ਿੰਦਗੀ ਲਈ ਅੜਿਕਾ-ਅੰਧ ਵਿਸ਼ਵਾਸ਼’ ਲੇਖ ਵਿੱਚ ਦੱਸਿਆ ਹੈ ਕਿ ਇਹ ਇਕ ਸਮਾਜਿਕ ਬੀਮਾਰੀ ਹੈ। ਜ਼ਿੰਦਗੀ ਨੂੰ ਸਫ਼ਲ ਹੋਣ ਨਹੀਂ ਦਿੰਦਾ।  ‘ਡਰ ਅਤੇ ਗਿਆਨ ਇਕੱਠੇ ਨਹੀਂ ਰਹਿ ਸਕਦੇ’ ਲੇਖ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਡਰ ਦਾ ਗਿਆਨ ਨਾਲ ਕੋਈ ਸੰਬੰਧ ਨਹੀਂ। ਡਾ. ਦੀਪਤੀ ਅਨੁਸਾਰ 50 ਸਾਲ ਦੀ ਉਮਰ ਤੋਂ ਬਾਅਦ ਰੋਟੀ ਦੀ ਮਾਤਰਾ ਘਟਾ ਕੇ ਸਬਜੀਆਂ ਅਤੇ ਫਲ ਫਰੂਟ ਦੀ ਮਿਕਦਾਰ ਵਧਾਉਣੀ ਜ਼ਰੂਰੀ ਹੈ। ਬੱਚਿਆਂ ਨੂੰ ਕੈਰੀਅਰ ਚੁਣਨ ਦੀ ਆਜ਼ਾਦੀ ਦਿਓ ਪ੍ਰੰਤੂ ਮਨੋਰੰਜਨ ਲਈ ਹੱਦ ਮਿਥ ਦਿਓ। ਕਿਸੇ ਵੀ ਸਮੱਸਿਆ ਦਾ ਹਲ ਆਪ ਲੱਭੋ, ਕਿਸੇ ‘ਤੇ ਨਿਰਭਰ ਨਾ ਹੋਵੋ। ਵਿਆਹ ਸ਼ਾਦੀਆਂ ਵਿੱਚ ਸਾਦਗੀ ਅਤੇ ਜਾਤ ਪਾਤ ਤੋਂ ਖਹਿੜਾ ਛੁਡਾਓ। ਡਾ.ਦੀਪਤੀ ਨਾਸਤਕ ਹੈ, ਉਹ ਸਮਝਦਾ ਹੈ ਕਿ ਧਰਮ ਇਨਸਾਨ ਦਾ ਅਕੀਦਾ ਹੈ ਪ੍ਰੰਤੂ ਧਰਮ ਇਨਸਾਨ ਦੀ ਮਦਦ ਕਰਨ ਦੇ ਸਮਰੱਥ ਨਹੀਂ ਹੁੰਦਾ। ਇਨਸਾਨ ਕਿਸੇ ਵੀ ਉਮਰ ਵਿੱਚ ਕੋਈ ਕੰਮ ਕਰ ਸਕਦਾ ਹੈ, ਬਸ਼ਰਤੇ ਬਚਨਵੱਧਤਾ ਹੋਵੇ। ‘ਨੀਂਦ ਨਾਲ ਰਿਸ਼ਤਾ-ਜਦੋਂ ਦਿਨ ਤੋਂ ਪਛਤਾਵਾ ਨਾ ਹੋਵੇ’ ਵਿੱਚ ਲੇਖਕ ਦੱਸ ਰਿਹਾ ਹੈ ਕਿ ਨੀਂਦ ਦੀ ਮਨੁੱਖੀ ਜ਼ਿੰਦਗੀ ਵਿੱਚ ਮਹੱਤਤਾ ਹੈ, ਕੁਦਰਤੀ ਨੀਂਦ ਆਉਂਦੀ ਹੈ ਪ੍ਰੰਤੂ ਜੇਕਰ ਦਿਨ ਵਿੱਚ ਤੁਹਾਡੇ ਮਨ ਤੇ ਕੋਈ ਬੋਝ ਨਾ ਹੋਵੇ। ਆਖਰੀ ਚੈਪਟਰ ‘ਮੇਰਾ ਬਲੱਡ ਗਰੁੱਪ ਬੀ-ਪਾਜ਼ਿਟਿਵ ਹੈ’ ਇਸ ਲੇਖ ਵਿੱਚ ਕਿਸੇ ਪੁਸਤਕ ਦੇ ਹਵਾਲੇ ਨਾਲ ਲੇਖਕ ਦਸਦਾ ਹੈ ਕਿ ਬੀ-ਪਾਜ਼ਿਟਿਵ ਘੁਮੱਕੜ ਕਿਸਮ ਦੇ ਲੋਕਾਂ ਦਾ ਹੁੰਦਾ ਹੈ। ਡਾ.ਦੀਪਤੀ ਵੀ ਘੁੰਮਣ ਫਿਰਨ ਵਾਲਾ ਇਨਸਾਨ ਹੈ। ਇਸ ਕਰਕੇ ਉਸਦਾ ਬਲੱਡ ਗਰੁਪ ਬੀ-ਪਾਜਿਟਿਵ ਹੈ।

176 ਪੰਨਿਆਂ, 100 ਰੁਪਏ ਕੀਮਤ ਵਾਲੀ ਇਹ ਪੁਸਤਕ ਪ੍ਰੇਰਣਾ ਪ੍ਰਕਾਸ਼ਨ ਅੰਮਿ੍ਰਤਸਰ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>